ਰਵਾਇਤੀ ਖੇਤੀ ਛੱਡ ਇਸ ਕਿਸਾਨ ਨੇ ਅਪਣਾਈ Multi-Crop Farming, ਮਟਰ ਦੀ ਤੋੜਾਈ ਕਰਦੇ ਹੀ ਲਾ ਦਿੱਤਾ ਕੱਦੂ

ਰਵਾਇਤੀ ਖੇਤੀ ਛੱਡ ਇਸ ਕਿਸਾਨ ਨੇ ਅਪਣਾਈ Multi-Crop Farming, ਮਟਰ ਦੀ ਤੋੜਾਈ ਕਰਦੇ ਹੀ ਲਾ ਦਿੱਤਾ ਕੱਦੂ

ਪੰਜਾਬ ਵਿੱਚ ਖੇਤੀਬਾੜੀ ਨੂੰ ਰਵਾਇਤੀ ਕਣਕ-ਝੋਨੇ ਦੇ ਚੱਕਰ ਵਿੱਚੋਂ ਕੱਢ ਕੇ ਲਾਹੇਵੰਦ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨਿਰੰਤਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਡਾ.

ਕਪੂਰਥਲਾ ‘ਚ ਬਸੰਤ ਰੁੱਤ ਦੀ ਮੂੰਗਫਲੀ ਦੀ ਮੁੜ ਵਾਪਸੀ, PAU-KVK ਦੀ ਮੁਹਿੰਮ ਨੇ ਖੇਤੀਬਾੜੀ ‘ਚ ਲਿਆਂਦਾ ਨਵਾਂ ਮੋੜ
ਖੇਤੀ ਹੁਣ ਸਿਰਫ਼ ਕਿੱਤਾ ਨਹੀਂ, ਵਿਗਿਆਨ ਹੈ: ਦਰਸ਼ਨ ਸਿੰਘ ਸਿੱਧੂ ਦੀ ਸਫਲਤਾ ਦਾ ਰਾਜ਼
ਹੁਸ਼ਿਆਰਪੁਰ ਦੇ ਅਰਵਿੰਦਰ ਸਿੰਘ ਦੀ Seedless Cucumber ਦੀ ਸਫ਼ਲਤਾ ਦੀ ਕਹਾਣੀ, ਨਾਕਾਮ ਕਾਰੋਬਾਰ ਤੋਂ ਲੱਖਾਂ ਦੇ ਮੁਨਾਫ਼ੇ ਤੱਕ

ਪੰਜਾਬ ਵਿੱਚ ਖੇਤੀਬਾੜੀ ਨੂੰ ਰਵਾਇਤੀ ਕਣਕ-ਝੋਨੇ ਦੇ ਚੱਕਰ ਵਿੱਚੋਂ ਕੱਢ ਕੇ ਲਾਹੇਵੰਦ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਨਿਰੰਤਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਨੇ ਹਾਲ ਹੀ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ (FASC) ਸੰਗਰੂਰ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਮਕਸਦ ਜ਼ਮੀਨੀ ਪੱਧਰ ‘ਤੇ ਚੱਲ ਰਹੀਆਂ ਪਸਾਰ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਅਤੇ ਅਗਾਂਹਵਧੂ ਕਿਸਾਨਾਂ ਦੇ ਤਜ਼ਰਬਿਆਂ ਨੂੰ ਹੋਰਨਾਂ ਤੱਕ ਪਹੁੰਚਾਉਣਾ ਸੀ।

ਸਾਉਣੀ ਦੀਆਂ ਫ਼ਸਲਾਂ ਲਈ ਵਿਸ਼ੇਸ਼ ਰਣਨੀਤੀ

ਇਸ ਦੌਰੇ ਦੌਰਾਨ ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ-ਕਮ-ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਆਉਣ ਵਾਲੀ ਸਾਉਣੀ ਦੀ ਰੁੱਤ ਲਈ ਉਲੀਕੀਆਂ ਗਈਆਂ ਮੁੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਖ਼ੁਰਾਕੀ ਤੱਤ ਪ੍ਰਬੰਧਨ, ਮਿੱਟੀ-ਪਾਣੀ ਦੀ ਪਰਖ਼ ਅਤੇ ਕੀਟ-ਰੋਗ ਪ੍ਰਬੰਧਨ ‘ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਖ਼ਾਸ ਕਰਕੇ ਝੋਨੇ ਵਿੱਚ ‘ਬੌਣੇ ਰੋਗ’ ਦੇ ਪ੍ਰਬੰਧਨ, ਪਰਾਲੀ ਦੀ ਸਾਂਭ-ਸੰਭਾਲ ਅਤੇ ਪੀਏਯੂ ਦੁਆਰਾ ਸਿਫ਼ਾਰਸ਼ ਕੀਤੇ ਬੀਜਾਂ ਦੇ ਪ੍ਰਚਾਰ ਲਈ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਅਗਾਂਹਵਧੂ ਕਿਸਾਨ ਦੇ ਸਬਜ਼ੀ ਫਾਰਮ ਦਾ ਨਿਰੀਖਣ

ਡਾ. ਢਿੱਲੋਂ ਨੇ ਪਿੰਡ ਭੂੰਦੜ ਭੈਣੀ ਵਿਖੇ ਮੁੱਖ ਮੰਤਰੀ ਅਵਾਰਡੀ ਕਿਸਾਨ ਸ. ਜਸਵੰਤ ਸਿੰਘ ਦੇ ਸਬਜ਼ੀ ਫਾਰਮ ਦਾ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਕਿਸਾਨ ਵੱਲੋਂ ਮਿਰਚ, ਸ਼ਿਮਲਾ ਮਿਰਚ, ਲਸਣ, ਕੱਦੂ, ਖੀਰਾ ਆਦਿ ਵਰਗੀਆਂ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਪੂਰੀ ਤਰ੍ਹਾਂ ਪੀਏਯੂ ਸਿਫਾਰਸ਼ੀ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ। ਡਾ. ਢਿੱਲੋਂ ਨੇ ਕਿਸਾਨ ਦੀ ਮਿਹਨਤ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਨਿਰੰਤਰ ਰਹਿਨੁਮਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮਾਡਲ ਹੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਹਨ। ਉਨ੍ਹਾਂ ਨੇ ਕਿਸਾਨ ਨੂੰ ਸਲਾਹ ਦਿੱਤੀ ਕਿ ਉਹ ਵਿਚੋਲਿਆਂ ‘ਤੇ ਨਿਰਭਰ ਰਹਿਣ ਦੀ ਬਜਾਏ ਸੜਕ ਕਿਨਾਰੇ ਆਪਣੇ ਸਟਾਲ ਲਗਾਉਣ ਅਤੇ ਸਿੱਧੀ ਮਾਰਕੀਟਿੰਗ ਕਰਨ, ਤਾਂ ਜੋ ਉਤਪਾਦਾਂ ਦਾ ਵਧੀਆ ਭਾਅ ਮਿਲ ਸਕੇ।

ਫ਼ਸਲੀ ਚੱਕਰ ‘ਚ ਨਵੀਨਤਾ ਅਤੇ ਅਗੇਤੀ ਬਿਜਾਈ

ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨ ਦੇ ਨਵੀਨਤਾਕਾਰੀ ਪ੍ਰਬੰਧ ਦੀ ਵੀ ਸ਼ਲਾਘਾ ਕੀਤੀ, ਜਿੱਥੇ ਮਟਰ ਦੀ ਕਿਸਮ ‘ਪੀਬੀ-90’ ਦੀ ਕਟਾਈ ਤੋਂ ਤੁਰੰਤ ਬਾਅਦ ਕੱਦੂ ਦੀ ਸਫ਼ਲਤਾਪੂਰਵਕ ਖੇਤੀ ਕੀਤੀ ਗਈ। ਇਸ ਦੇ ਨਾਲ ਹੀ, ਡਾ. ਢਿੱਲੋਂ ਨੇ ਧਨੀਆ ਅਤੇ ਸ਼ਿਮਲਾ ਮਿਰਚ ਵਰਗੀਆਂ ਫ਼ਸਲਾਂ ਦੀ ਅਗੇਤੀ ਬਿਜਾਈ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਵਧੀਆ ਕੀਮਤਾਂ ਪ੍ਰਾਪਤ ਕੀਤੀਆਂ ਜਾ ਸਕਣ। ਉਨ੍ਹਾਂ ਨੇ ਫਾਰਮ ‘ਤੇ ਮੌਜੂਦ ਖਰਬੂਜ਼ੇ ਅਤੇ ਕਰੇਲੇ ਦੀ ਫ਼ਸਲ ਦੇਖ ਕੇ ਵੀ ਸੰਤੁਸ਼ਟੀ ਪ੍ਰਗਟ ਕੀਤੀ।

ਇਕ੍ਰਿਤ ਖੇਤੀ ਪ੍ਰਣਾਲੀ ਅਤੇ ਡਿਜੀਟਲ ਪਸਾਰ

ਸਿਰਫ਼ ਫ਼ਸਲਾਂ ਹੀ ਨਹੀਂ, ਸਗੋਂ ਕਿਸਾਨ ਦੇ ਡੇਅਰੀ ਯੂਨਿਟ ਦਾ ਜਾਇਜ਼ਾ ਲੈਂਦਿਆਂ ਡਾ. ਢਿੱਲੋਂ ਨੇ ‘ਇਕ੍ਰਿਤ ਖੇਤੀ ਪ੍ਰਣਾਲੀ’ ਨੂੰ ਅਪਣਾਉਣ ‘ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੁਆਰਾ ਸਮੇਂ-ਸਮੇਂ ‘ਤੇ ਵਟਸਐਪ ਗਰੁੱਪਾਂ ਰਾਹੀਂ ਪੀਏਯੂ ਸਲਾਹ ਅਤੇ ਤਕਨੀਕੀ ਜਾਣਕਾਰੀ ਦੇ ਪ੍ਰਸਾਰ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਅੰਤ ਵਿੱਚ, ਡਾ. ਢਿੱਲੋਂ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਰਵਾਇਤੀ ਕਣਕ-ਝੋਨੇ ਦੇ ਚੱਕਰ ਨੂੰ ਛੱਡ ਕੇ ਸਬਜ਼ੀ ਆਧਾਰਿਤ ਖੇਤੀ ਵੱਲ ਮੁੜਨ ਲਈ ਉਤਸ਼ਾਹਿਤ ਕੀਤਾ। ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਆਮ ਲੋਕ ਵੀ ਆਪਣੇ ਪਿੰਡਾਂ ਦੇ ਨੇੜੇ ਵਾਜਬ ਕੀਮਤਾਂ ‘ਤੇ ਤਾਜ਼ੀਆਂ ਅਤੇ ਗੁਣਵੱਤਾ ਵਾਲੀਆਂ ਸਬਜ਼ੀਆਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਫੀਲਡ ਪੱਧਰ ‘ਤੇ ਕਿਸਾਨਾਂ ਨਾਲ ਰਾਬਤਾ ਹੋਰ ਮਜ਼ਬੂਤ ਕਰਨ ਤਾਂ ਜੋ ਫ਼ਸਲੀ ਵਿਭਿੰਨਤਾ ਦੇ ਇਸ ਮਾਡਲ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।

COMMENTS

WORDPRESS: 0