ਅੱਜ ਦੇ ਸਮੇਂ ਵਿੱਚ, ਖੇਤੀਬਾੜੀ ਕਰਨ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਪਹਿਲਾਂ ਖੇਤੀ ਦਾ ਮਤਲਬ ਸਿਰਫ਼ ਦਿਨ-ਰਾਤ ਦੀ ਸਖ਼ਤ ਮਿਹਨਤ ਕਰਨਾ ਅਤੇ ਕੜਕਦੀ ਧੁੱਪ ਵਿੱਚ ਪਸੀਨਾ ਵ
ਅੱਜ ਦੇ ਸਮੇਂ ਵਿੱਚ, ਖੇਤੀਬਾੜੀ ਕਰਨ ਦਾ ਤਰੀਕਾ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਪਹਿਲਾਂ ਖੇਤੀ ਦਾ ਮਤਲਬ ਸਿਰਫ਼ ਦਿਨ-ਰਾਤ ਦੀ ਸਖ਼ਤ ਮਿਹਨਤ ਕਰਨਾ ਅਤੇ ਕੜਕਦੀ ਧੁੱਪ ਵਿੱਚ ਪਸੀਨਾ ਵਹਾਉਣਾ ਹੁੰਦਾ ਸੀ, ਉੱਥੇ ਹੀ ਹੁਣ ਵਿਗਿਆਨੀਆਂ ਨੇ ਇਸ ਕੰਮ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਇਸ ਬਦਲਾਅ ਦਾ ਸਭ ਤੋਂ ਵੱਡਾ ਕਾਰਨ ‘ਐਗਰੀਬੋਟਸ’ (Agribots) ਹਨ। ਇਹ ਐਗਰੀਬੋਟਸ ਨਾ ਸਿਰਫ਼ ਖੇਤੀ ਦੇ ਕੰਮਾਂ ਨੂੰ ਸੌਖਾ ਬਣਾ ਰਹੇ ਹਨ, ਸਗੋਂ ਇਹ ਕਿਸਾਨਾਂ ਦੇ ਇੱਕ ਅਜਿਹੇ ‘ਡਿਜੀਟਲ ਮਿੱਤਰ’ ਵਜੋਂ ਉੱਭਰੇ ਹਨ ਜੋ ਬਿਨਾਂ ਥੱਕੇ ਅਤੇ ਬਿਨਾਂ ਰੁਕੇ ਖੇਤਾਂ ਦੀ ਨਿਗਰਾਨੀ ਅਤੇ ਸੇਵਾ ਕਰ ਸਕਦੇ ਹਨ। ਜ਼ਿਕਰਯੋਗ ਇਹ ਮਸ਼ੀਨਾਂ ਘੱਟ ਸਮੇਂ ਵਿੱਚ ਵਧੇਰੇ ਸ਼ੁੱਧਤਾ ਨਾਲ ਕੰਮ ਕਰਨ ਦੀ ਸਮਰੱਥਾ ਵੀ ਰੱਖਦੀਆਂ ਹਨ।
ਐਗਰੀਬੋਟਸ ਕੀ ਹਨ?
ਐਗਰੀਬੋਟਸ ਅਸਲ ਵਿੱਚ ਅਜਿਹੇ ਰੋਬੋਟ ਹਨ ਜੋ ਖੇਤੀਬਾੜੀ ਲਈ ਬਣਾਏ ਗਏ ਹਨ ਅਤੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਚੱਲਦੇ ਹਨ। ਇਹ ਰੋਬੋਟ ਵੱਖ-ਵੱਖ ਖੇਤੀਬਾੜੀ ਕੰਮਾਂ ਨੂੰ ਆਪਣੇ-ਆਪ ਕਰਨ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਕਿਸਾਨਾਂ ਦੀ ਸਰੀਰਕ ਮਿਹਨਤ ਨੂੰ ਘਟਾਉਣਾ, ਸਮੇਂ ਦੀ ਬਚਤ ਕਰਨਾ ਅਤੇ ਫ਼ਸਲ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਹੈ। ਐਗਰੀਬੋਟਸ ਰਾਹੀਂ, ਖੇਤੀਬਾੜੀ ਹੁਣ ਸਿਰਫ਼ ਰਵਾਇਤੀ ਕਿੱਤਾ ਨਹੀਂ ਰਹੀ, ਸਗੋਂ ਇੱਕ ਉੱਚ-ਤਕਨੀਕੀ ਕਾਰੋਬਾਰ ਬਣ ਗਈ ਹੈ ਜਿੱਥੇ ਘੱਟ ਮਿਹਨਤ ਨਾਲ ਵੱਧ ਮੁਨਾਫ਼ਾ ਅਤੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ।
ਐਗਰੀਬੋਟਸ ਦੇ ਵੱਖ-ਵੱਖ ਰੂਪ ਅਤੇ ਕਾਰਜ
ਐਗਰੀਬੋਟਸ ਕਿਸੇ ਇੱਕ ਮਸ਼ੀਨ ਦਾ ਨਾਂ ਨਹੀਂ ਹੈ, ਸਗੋਂ ਇਸ ਵਿੱਚ ਕਈ ਤਰ੍ਹਾਂ ਦੇ ਰੋਬੋਟ ਸ਼ਾਮਲ ਹਨ ਜੋ ਖੇਤਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਹਨ:
1. ਫਲਾਇੰਗ ਐਗਰੀਬੋਟਸ
ਇਹ ਅਸਲ ਵਿੱਚ ਡਰੋਨ ਹਨ ਜੋ ਖੇਤਾਂ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ ਉੱਪਰ ਉੱਡ ਕੇ ਨਿਗਰਾਨੀ ਕਰਦੇ ਹਨ। ਇਹ ਉੱਚੀ ਅਤੇ ਨੀਵੀਂ ਉਡਾਣ ਭਰ ਕੇ ਕੀਟਨਾਸ਼ਕਾਂ ਅਤੇ ਖਾਦਾਂ ਦਾ ਛਿੜਕਾਅ ਬਹੁਤ ਹੀ ਸਹੀ ਢੰਗ ਨਾਲ ਕਰ ਸਕਦੇ ਹਨ। ਇਨ੍ਹਾਂ ਦੀ ਮਦਦ ਨਾਲ ਖੇਤ ਦੇ ਉਸ ਹਿੱਸੇ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਜਿੱਥੇ ਮਨੁੱਖ ਦਾ ਜਾਣਾ ਮੁਸ਼ਕਲ ਹੁੰਦਾ ਹੈ।
2. ਫੀਲਡ ਐਗਰੀਬੋਟਸ
ਇਹ ਰੋਬੋਟ ਜ਼ਮੀਨ ‘ਤੇ ਚੱਲਦੇ ਹਨ ਅਤੇ ਹਰ ਇੱਕ ਪੌਦੇ ਤੱਕ ਪਹੁੰਚ ਕੇ ਕੰਮ ਕਰਦੇ ਹਨ। ਇਹ ਪੌਦਿਆਂ ਨੂੰ ਪਾਣੀ ਦੇਣ, ਗੋਡੀ ਕਰਨ, ਬੀਜ ਬੀਜਣ ਅਤੇ ਫ਼ਸਲ ਦੀ ਕਟਾਈ ਵਰਗੇ ਕੰਮਾਂ ਵਿੱਚ ਮਦਦ ਕਰਦੇ ਹਨ। ਇਹ ਆਪਣੀਆਂ ਜ਼ਰੂਰਤਾਂ ਅਨੁਸਾਰ ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਵਿੱਚ ਉਪਲਬਧ ਹਨ।
ਐਗਰੀਬੋਟਸ ਕਿਸਾਨਾਂ ਦੀ ਮਦਦ ਕਿਵੇਂ ਕਰਦੇ ਹਨ?
ਐਗਰੀਬੋਟ ਆਪਣੀ ਕਾਰਜਸ਼ੀਲਤਾ ਵਿੱਚ ਬਹੁਤ ਉੱਨਤ ਹਨ। ਉਹ ਹੇਠ ਲਿਖੇ ਤਰੀਕਿਆਂ ਨਾਲ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਂਦੇ ਹਨ:
- ਸਹੀ ਬਿਜਾਈ ਅਤੇ ਕਟਾਈ: ਟਰੈਕਟਰਾਂ ‘ਤੇ ਲੱਗੇ ਐਗਰੀਬੋਟ ਖੇਤਾਂ ਵਿੱਚ ਨੈਵੀਗੇਟ ਕਰਕੇ, ਇਹ ਫੈਸਲਾ ਕਰ ਸਕਦੇ ਹਨ ਕਿ ਬੀਜ ਕਿੱਥੇ ਬੀਜਣਾ, ਕਟਾਈ ਕਦੋਂ ਕਰਨੀ ਅਤੇ ਖੇਤ ਵਿੱਚੋਂ ਲੰਘਣ ਲਈ ਸਭ ਤੋਂ ਵਧੀਆ ਰਸਤਾ ਕਿਹੜਾ ਚੁਣਨਾ ਹੈ।
- ਪਾਣੀ ਦੀ ਬੱਚਤ: ਰਵਾਇਤੀ ਸਿੰਚਾਈ ਵਿੱਚ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ। ਫੀਲਡ ਐਗਰੀਬੋਟਸ ਸਿਰਫ਼ ਉਨ੍ਹਾਂ ਪੌਦਿਆਂ ਨੂੰ ਪਾਣੀ ਦੇਣਗੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਘੱਟ ਜਾਂਦੀ ਹੈ।
- ਖਾਦ ਦੀ ਸਹੀ ਵਰਤੋਂ: ਮੱਕੀ ਵਰਗੀਆਂ ਫ਼ਸਲਾਂ ਵਿੱਚ ਜਦੋਂ ਪੌਦੇ ਤੇਜ਼ੀ ਨਾਲ ਵੱਧਦੇ ਹਨ, ਤਾਂ ਉਨ੍ਹਾਂ ਦੀਆਂ ਜੜ੍ਹਾਂ ਤੱਕ ਨਾਈਟ੍ਰੋਜਨ ਪਹੁੰਚਾਉਣਾ ਔਖਾ ਹੋ ਜਾਂਦਾ ਹੈ। ਫਲਾਇੰਗ ਰੋਬੋਟ ਹਰ ਪੌਦੇ ਦੀ ਜੜ੍ਹ ਤੱਕ ਸਹੀ ਮਾਤਰਾ ਵਿੱਚ ਖਾਦ ਪਹੁੰਚਾ ਸਕਦੇ ਹਨ।
- ਨਦੀਨ ਨਾਸ਼ਕ ਅਤੇ ਕੀਟਨਾਸ਼ਕ: ਐਗਰੀਬੋਟ ਕੰਪਿਊਟਰ ਵਿਜ਼ਨ ਡਿਟੈਕਸ਼ਨ ਦੀ ਮਦਦ ਨਾਲ ਨੁਕਸਾਨਦੇਹ ਨਦੀਨਾਂ ਦੀ ਪਛਾਣ ਕਰਦੇ ਹਨ ਅਤੇ ਸਿਰਫ਼ ਉਨ੍ਹਾਂ ‘ਤੇ ਹੀ ਦਵਾਈ ਦਾ ਛਿੜਕਾਅ ਕਰਦੇ ਹਨ ਜਾਂ ਉਨ੍ਹਾਂ ਨੂੰ ਜੜ੍ਹੋਂ ਪੁੱਟ ਦਿੰਦੇ ਹਨ। ਇਸ ਨਾਲ ਕੀਟਨਾਸ਼ਕਾਂ ਦਾ ਖ਼ਰਚਾ ਘਟਦਾ ਹੈ ਅਤੇ ਫ਼ਸਲ ਵੀ ਜ਼ਹਿਰ-ਮੁਕਤ ਰਹਿੰਦੀ ਹੈ।
ਐਗਰੀਬੋਟਸ ਦੇ ਮੁੱਖ ਹਿੱਸੇ: ਇਹ ਕੰਮ ਕਿਵੇਂ ਕਰਦਾ ਹੈ?
ਕਿਸੇ ਵੀ ਐਗਰੀਬੋਟ ਵਿੱਚ ਮੁੱਖ ਤੌਰ ‘ਤੇ ਪੰਜ ਹਿੱਸੇ ਹੁੰਦੇ ਹਨ ਜੋ ਇਕੱਠੇ ਕੰਮ ਕਰਦੇ ਹਨ:
ਸੈਂਸਰ: ਇਹ ਰੋਬੋਟ ਦੀਆਂ ‘ਇੰਦਰੀਆਂ’ ਹਨ। ਜੋ ਇਸਨੂੰ ਆਪਣੇ ਆਲੇ ਦੁਆਲੇ ਨੂੰ ਸਮਝਣ ਦੀ ਆਗਿਆ ਦਿੰਦੀਆਂ ਹਨ। ਸੈਂਸਰ ਇਲੈਕਟ੍ਰਾਨਿਕ ਸਿਗਨਲਾਂ ਦੇ ਰੂਪ ਵਿੱਚ ਕੰਟਰੋਲਰ ਨੂੰ ਜਾਣਕਾਰੀ ਸੰਚਾਰਿਤ ਕਰਦੇ ਹਨ।
ਕੰਟਰੋਲਰ: ਇਹ ਰੋਬੋਟ ਦਾ ‘ਦਿਮਾਗ’ ਹੈ। ਇਹ ਆਲੇ ਦੁਆਲੇ ਦੇ ਵਾਤਾਵਰਣ ਬਾਰੇ ਸੈਂਸਰਾਂ ਤੋਂ ਮਿਲੀ ਜਾਣਕਾਰੀ ਨੂੰ ਸਮਝਦਾ ਹੈ ਅਤੇ ਰੋਬੋਟ ਨੂੰ ਅਗਲਾ ਕੰਮ ਕਰਨ ਦਾ ਹੁਕਮ ਦਿੰਦਾ ਹੈ।
ਡਰਾਈਵਰ/ਐਕਚੁਏਟਰ: ਇਹ ਰੋਬੋਟ ਦਾ ‘ਇੰਜਣ’ ਹੈ ਜੋ ਮਸ਼ੀਨ ਨੂੰ ਹਿੱਲਣ-ਜੁੱਲਣ ਵਿੱਚ ਮਦਦ ਕਰਦਾ ਹੈ।
ਬਾਹਾਂ: ਇਹ ਰੋਬੋਟ ਦੇ ‘ਹੱਥ’ ਹਨ ਜੋ ਹੁਕਮਾਂ ਅਨੁਸਾਰ ਕੰਮ ਕਰਦੇ ਹਨ (ਜਿਵੇਂ ਪੌਦੇ ਨੂੰ ਫੜਨਾ ਜਾਂ ਬੀਜ ਪਾਉਣਾ)।
ਇਫੈਕਟਰਜ਼: ਇਹ ਰੋਬੋਟ ਦਾ ਉਹ ਹਿੱਸਾ ਹੈ ਜੋ ਪੌਦੇ ਜਾਂ ਮਿੱਟੀ ਨਾਲ ਸਿੱਧਾ ਸੰਪਰਕ ਕਰਕੇ ਕੰਮ ਨੂੰ ਪੂਰਾ ਕਰਦਾ ਹੈ।
ਐਗਰੀਬੋਟ ਦੇ ਫ਼ਾਇਦੇ
- ਸ਼ੁੱਧਤਾ: ਇਹ ਰੋਬੋਟ ਬਿਨਾਂ ਕਿਸੇ ਗਲਤੀ ਦੇ ਕੰਮ ਕਰਦੇ ਹਨ, ਜਿਸ ਨਾਲ ਮਨੁੱਖੀ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।
- ਤੇਜ਼ ਕੰਮ: ਖੇਤੀ ਦੇ ਔਖੇ ਕੰਮ ਹੁਣ ਘੱਟ ਸਮੇਂ ਅਤੇ ਬਿਨਾਂ ਮੁਸ਼ਕਲ ਦੇ ਪੂਰੇ ਕੀਤੇ ਜਾ ਸਕਦੇ ਹਨ।
- ਪੌਦਿਆਂ ਦੀ ਦੇਖਭਾਲ: ਇਹ ਤਕਨੀਕ ਹਰੇਕ ਪੌਦੇ ਦੀ ਲੋੜ ਅਨੁਸਾਰ ਵੱਖ-ਵੱਖ ਦੇਖਭਾਲ ਕਰਨ ਵਿੱਚ ਮਦਦਗਾਰ ਹੈ।
- ਬੱਚਤ: ਰੋਬੋਟ ਦੀ ਸੂਝ-ਬੂਝ ਕੀਟਨਾਸ਼ਕ, ਖਾਦ ਅਤੇ ਪਾਣੀ ਦੀ ਸਹੀ ਵਰਤੋਂ ਕਰਕੇ ਬਰਬਾਦੀ ਨੂੰ ਰੋਕਦੀ ਹੈ।
- ਵਾਧਾ: ਇਸ ਨਾਲ ਫ਼ਸਲ ਦਾ ਉਤਪਾਦਨ ਅਤੇ ਗੁਣਵੱਤਾ ਵਧਦੀ ਹੈ।
- ਘੱਟ ਲਾਗਤ: ਲੇਬਰ ਅਤੇ ਖਾਦ-ਦਵਾਈਆਂ ਦੀ ਬੱਚਤ ਨਾਲ ਖੇਤੀ ਦੀ ਲਾਗਤ ਘਟਦੀ ਹੈ।
- ਸਿਹਤ: ਕਿਸਾਨ ਖ਼ਤਰਨਾਕ ਰਸਾਇਣਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੇ ਸਿੱਧੇ ਸੰਪਰਕ ਤੋਂ ਸੁਰੱਖਿਅਤ ਰਹਿੰਦੇ ਹਨ।
- ਨੌਜਵਾਨਾਂ ਲਈ ਖਿੱਚ: ਖੇਤੀਬਾੜੀ ਵਿੱਚ ਡਿਜੀਟਲ ਤਕਨੀਕ ਅਤੇ ਰੋਬੋਟਿਕਸ ਦੇ ਆਉਣ ਨਾਲ, ਪੜ੍ਹੇ-ਲਿਖੇ ਨੌਜਵਾਨ ਇਸ ਨੂੰ ਕਿੱਤੇ ਵਜੋਂ ਅਪਣਾ ਰਹੇ ਹਨ।
- ਖਾਲੀ ਸਮਾਂ: ਕਿਸਾਨ ਰੋਬੋਟ ਕਾਰਨ ਬਚੇ ਸਮੇਂ ਦੀ ਵਰਤੋਂ ਡੇਅਰੀ ਫਾਰਮਿੰਗ ਜਾਂ ਹੋਰ ਸਹਾਇਕ ਧੰਦਿਆਂ ਲਈ ਕਰ ਸਕਦਾ ਹੈ।
- ਨਿਰੰਤਰ ਕੰਮ: ਇਹ ਮਸ਼ੀਨਾਂ ਦਿਨ-ਰਾਤ ਅਤੇ ਬਹੁਤ ਖ਼ਰਾਬ ਮੌਸਮ ਵਿੱਚ ਵੀ ਬਿਨਾਂ ਥੱਕੇ ਆਪਣਾ ਕੰਮ ਕਰ ਸਕਦਾ।
ਐਗਰੀਬੋਟ ਦੀਆਂ ਕਮੀਆਂ ਅਤੇ ਚੁਣੌਤੀਆਂ
ਜਿੱਥੇ ਐਗਰੀਬੋਟ ਦੇ ਬਹੁਤ ਫ਼ਾਇਦੇ ਹਨ, ਉੱਥੇ ਕੁਝ ਚੁਣੌਤੀਆਂ ਵੀ ਹਨ:
- ਮਹਿੰਗਾ ਨਿਵੇਸ਼: ਸ਼ੁਰੂਆਤੀ ਤੌਰ ‘ਤੇ ਇਹ ਰੋਬੋਟ ਖਰੀਦਣੇ ਮਹਿੰਗੇ ਹੋ ਸਕਦੇ ਹਨ।
- ਰੱਖ-ਰਖਾਅ: ਇਨ੍ਹਾਂ ਨੂੰ ਚਲਾਉਣ ਅਤੇ ਮੁਰੰਮਤ ਕਰਨ ਲਈ ਤਕਨੀਕੀ ਗਿਆਨ ਦੀ ਲੋੜ ਹੁੰਦੀ ਹੈ।
- ਬਿਜਲੀ ਅਤੇ ਨੈੱਟਵਰਕ: ਪੇਂਡੂ ਖੇਤਰਾਂ ਵਿੱਚ, ਬਿਜਲੀ ਦੀ ਘਾਟ ਜਾਂ ਇੰਟਰਨੈੱਟ ਦੀਆਂ ਸਮੱਸਿਆਵਾਂ ਇਨ੍ਹਾਂ ਦੀ ਵਰਤੋਂ ਵਿੱਚ ਰੁਕਾਵਟ ਪਾ ਸਕਦੀਆਂ ਹਨ।
- ਸੋਚਣ ਦੀ ਸ਼ਕਤੀ: ਇਹ ਰੋਬੋਟ ਸਿਰਫ਼ ਪ੍ਰੋਗਰਾਮ ਕੀਤੇ ਕੰਮ ਹੀ ਕਰ ਸਕਦੇ ਹਨ, ਇਨ੍ਹਾਂ ਕੋਲ ਇਨਸਾਨਾਂ ਵਾਂਗ ਮੌਕੇ ‘ਤੇ ਫ਼ੈਸਲੇ ਲੈਣ ਦੀ ਸ਼ਕਤੀ ਨਹੀਂ ਹੈ।
ਐਗਰੀਬੋਟ ਖੇਤੀਬਾੜੀ ਦਾ ਭਵਿੱਖ ਹਨ। ਹਾਲਾਂਕਿ, ਅੱਜ ਇਹ ਤਕਨੀਕ ਮਹਿੰਗੀ ਲੱਗ ਸਕਦੀ ਹੈ, ਪਰ ਮਾਹਿਰਾਂ ਅਨੁਸਾਰ ਇਹ ਇੱਕ ਵਾਰ ਦਾ ਨਿਵੇਸ਼ ਹੈ ਜੋ ਲੰਬੇ ਸਮੇਂ ਤੱਕ ਕਿਸਾਨਾਂ ਨੂੰ ਮੁਨਾਫ਼ਾ ਦੇ ਸਕਦਾ ਹੈ। ਇਸ ਦੇ ਨਾਲ ਹੀ, ਜੇਕਰ ਪੰਜਾਬ ਦੇ ਕਿਸਾਨ ਇਨ੍ਹਾਂ ਡਿਜੀਟਲ ਮਿੱਤਰਾਂ ਨੂੰ ਅਪਣਾ ਲੈਂਦੇ ਹਨ, ਤਾਂ ਉਹ ਨਾ ਸਿਰਫ਼ ਆਪਣੀ ਆਰਥਿਕ ਹਾਲਤ ਸੁਧਾਰ ਸਕਦੇ ਹਨ, ਸਗੋਂ ਭਵਿੱਖ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਨ ਵਿੱਚ ਵੀ ਵੱਡਾ ਯੋਗਦਾਨ ਪਾ ਸਕਦੇ ਹਨ।
COMMENTS