ਅੱਜ ਦੇ ਦੌਰ ਵਿੱਚ, ਜਿੱਥੇ ਪੰਜਾਬ ਦਾ ਹਰ ਦੂਜਾ ਨੌਜਵਾਨ ਵਿਦੇਸ਼ ਜਾਣ ਲਈ ਕਾਹਲਾ ਹੈ, ਉੱਥੇ ਹੀ ਲੁਧਿਆਣਾ ਦੇ ਸਾਹਨੇਵਾਲ ਦੇ ਵਸਨੀਕ ਹਰਬੀਰ ਸਿੰਘ ਨੇ ਰਿਵਰਸ ਮਾਈਗ੍ਰੇਸ਼ਨ ਦੀ ਮਿਸਾਲ ਪ
ਅੱਜ ਦੇ ਦੌਰ ਵਿੱਚ, ਜਿੱਥੇ ਪੰਜਾਬ ਦਾ ਹਰ ਦੂਜਾ ਨੌਜਵਾਨ ਵਿਦੇਸ਼ ਜਾਣ ਲਈ ਕਾਹਲਾ ਹੈ, ਉੱਥੇ ਹੀ ਲੁਧਿਆਣਾ ਦੇ ਸਾਹਨੇਵਾਲ ਦੇ ਵਸਨੀਕ ਹਰਬੀਰ ਸਿੰਘ ਨੇ ਰਿਵਰਸ ਮਾਈਗ੍ਰੇਸ਼ਨ ਦੀ ਮਿਸਾਲ ਪੈਦਾ ਕੀਤੀ ਹੈ। ਹਰਬੀਰ ਨੇ ਵਿਦੇਸ਼ੀ ਸੁੱਖ-ਸਹੂਲਤਾਂ ਅਤੇ ਆਸਟ੍ਰੇਲੀਆ ਵਰਗੇ ਦੇਸ਼ ਦੀ ਜੀਵਨ ਸ਼ੈਲੀ ਨੂੰ ਤਿਆਗ ਕੇ ਵਾਪਸ ਆਪਣੀ ਮਿੱਟੀ ਵਿੱਚ ਆ ਕੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ। ਅੱਜ, ਉਹ ਨਾ ਸਿਰਫ਼ ਇੱਕ ਸਫਲ ਕਿਸਾਨ ਹਨ, ਸਗੋਂ ਇੱਕ ਉੱਦਮੀ ਵਜੋਂ ਵੀ ਉੱਭਰ ਰਹੇ ਹਨ।
ਵਿਦੇਸ਼ ਤੋਂ ਵਾਪਸੀ ਦਾ ਸਫ਼ਰ

ਹਰਬੀਰ ਸਾਲ 2015 ਵਿੱਚ ਸੁਨੇਹਰੀ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਗਏ ਸਨ। ਉੱਥੇ ਪੜ੍ਹਾਈ ਅਤੇ ਕੰਮ ਵਿੱਚ ਸਫ਼ਲ ਹੋਣ ਦੇ ਬਾਵਜੂਦ, ਉਹ ਪਰਿਵਾਰਕ ਸਾਂਝ ਦੀ ਘਾਟ ਨੂੰ ਮਹਿਸੂਸ ਕਰਦੇ ਸਨ। ਹਰਬੀਰ ਦੱਸਦੇ ਹਨ ਕਿ ਵਿਦੇਸ਼ ਵਿੱਚ ਜ਼ਿੰਦਗੀ ਇੰਨੀ ਵਿਅਸਤ ਸੀ ਕਿ ਪਰਿਵਾਰ ਅਤੇ ਬੱਚਿਆਂ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਸੀ। ਆਪਣੇ ਪਿਤਾ ਦੀ ਪ੍ਰੇਰਨਾ ਅਤੇ ਪਰਿਵਾਰ ਦੇ ਸਾਥ ਸਦਕਾ, ਉਨ੍ਹਾਂ ਨੇ 5 ਸਾਲ ਬਾਅਦ ਪੰਜਾਬ ਪਰਤਣ ਦਾ ਫੈਸਲਾ ਲਿਆ। ਇਹ ਫੈਸਲਾ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਹੈ ਜੋ ਸੋਚਦੇ ਹਨ ਕਿ ਪੰਜਾਬ ਵਿੱਚ ਤਰੱਕੀ ਦੇ ਰਾਹ ਬੰਦ ਹੋ ਚੁੱਕੇ ਹਨ।
ਬਾਗਬਾਨੀ ਅਤੇ ਖੇਤੀਬਾੜੀ ‘ਚ ਨਵਾਂ ਪ੍ਰਯੋਗ

ਪੰਜਾਬ ਪਰਤਣ ਤੋਂ ਬਾਅਦ, ਹਰਬੀਰ ਨੇ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਦੀ ਬਜਾਏ ਬਾਗਬਾਨੀ ਨੂੰ ਚੁਣਿਆ। ਉਨ੍ਹਾਂ ਨੇ ਆਪਣੀ 12 ਏਕੜ ਜ਼ਮੀਨ ਵਿੱਚ ਨਿੰਬੂ, ਅੰਬ, ਦੇਸੀ ਅਤੇ ਯਾਮਾ ਲਗਾਈ। ਬਾਗਬਾਨੀ ਦੇ ਨਾਲ-ਨਾਲ ਉਨ੍ਹਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਡੇਅਰੀ ਫਾਰਮਿੰਗ ਅਤੇ ਪੋਲਟਰੀ ਦੇ ਸਹਾਇਕ ਧੰਦੇ ਵੀ ਸ਼ੁਰੂ ਕੀਤੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਖੇਤੀ ਨੂੰ ਵਿਗਿਆਨਕ ਅਤੇ ਆਧੁਨਿਕ ਤਰੀਕਿਆਂ ਨਾਲ ਕੀਤਾ ਜਾਵੇ, ਤਾਂ ਇਹ ਕਿਸੇ ਵੀ ਨੌਕਰੀ ਨਾਲੋਂ ਬਿਹਤਰ ਕਮਾਈ ਦੇ ਸਕਦੀ ਹੈ।
“Veernaj” ਬ੍ਰਾਂਡ: ਕੁਦਰਤੀ ਤੇਲਾਂ ਦੀ ਵਿਸ਼ਾਲ ਰੇਂਜ

ਹਰਬੀਰ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਉਨ੍ਹਾਂ ਦਾ ਆਪਣਾ ਬ੍ਰਾਂਡ “Veernaj” ਹੈ। ਆਪਣੇ ਬੱਚਿਆਂ (ਅਵੀਰ ਅਤੇ ਹਰਨਾਜ) ਦੇ ਨਾਮ ‘ਤੇ ਸ਼ੁਰੂ ਕੀਤੇ ਇਸ ਉੱਦਮ ਰਾਹੀਂ, ਉਹ ਲੱਕੜ ਦੇ ਕੋਲੂ ਦੀ ਮਦਦ ਨਾਲ ਰਵਾਇਤੀ ਤਰੀਕੇ ਨਾਲ ਸ਼ੁੱਧ ਤੇਲ ਕੱਢਦੇ ਹਨ। ਉਨ੍ਹਾਂ ਦੇ ਪਲਾਂਟ ਵਿੱਚ ਸਿਹਤ ਨੂੰ ਮੁੱਖ ਰੱਖਦਿਆਂ ਕਈ ਤਰ੍ਹਾਂ ਦੇ ਤੇਲ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਸਰ੍ਹੋਂ, ਨਾਰੀਅਲ, ਬਦਾਮ, ਮੂੰਗਫਲੀ ਅਤੇ ਤਿਲ ਦਾ ਤੇਲ।

ਹਰਬੀਰ ਨੇ ਦੱਸਿਆ ਕਿ ਬਾਜ਼ਾਰੀ ਤੇਲ ਮਸ਼ੀਨਾਂ ਵਿੱਚ ਗਰਮ ਹੋ ਕੇ ਨਿਕਲਣ ਕਾਰਨ ਆਪਣੇ ਗੁਣ ਗੁਆ ਦਿੰਦੇ ਹਨ, ਜਦਕਿ ਉਨ੍ਹਾਂ ਦੇ ਕੋਲੂ ਵਿੱਚ ਤੇਲ ਰੂਮ ਟੈਂਪਰੇਚਰ ‘ਤੇ ਨਿਕਲਦਾ ਹੈ, ਜੋ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੈ। ਉਹ ਆਮ ਲੋਕਾਂ ਨੂੰ ਪਾਮ ਆਇਲ ਦੀ ਮਿਲਾਵਟ ਬਾਰੇ ਵੀ ਜਾਗਰੂਕ ਕਰਦੇ ਹਨ।
ਮਾਰਕੀਟਿੰਗ ਅਤੇ ਭਵਿੱਖ ਦੀ ਰਣਨੀਤੀ

ਇਸ ਕਾਰੋਬਾਰ ਵਿੱਚ ਹਰਬੀਰ ਦੀ ਪਤਨੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਉਨ੍ਹਾਂ ਨੇ ਮਿਲ ਕੇ ਲੋਗੋ ਅਤੇ ਵੈਬਸਾਈਟ ਤਿਆਰ ਕੀਤੀ ਹੈ। ਅੱਜ, ਉਨ੍ਹਾਂ ਦਾ ਤੇਲ ਨਾ ਸਿਰਫ਼ ਲੁਧਿਆਣਾ, ਸਗੋਂ ਜਲੰਧਰ, ਚੰਡੀਗੜ੍ਹ ਅਤੇ ਪੰਜਾਬ ਤੋਂ ਬਾਹਰ ਵੀ ਸਪਲਾਈ ਹੋ ਰਿਹਾ ਹੈ।
ਗੁਣਵੱਤਾ ਬਰਕਰਾਰ ਰੱਖਣ ਲਈ, ਇਹ ਦੋਵੇਂ ਤੇਲ ਕੱਢਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ। ਜੇਕਰ ਤੁਹਾਡੇ ਕੋਲ ਮਿਹਨਤ ਕਰਨ ਦਾ ਜਜ਼ਬਾ ਅਤੇ ਕੁਝ ਨਵਾਂ ਕਰਨ ਦੀ ਸੋਚ ਹੈ, ਤਾਂ ਤੁਸੀਂ ਆਪਣੀ ਮਿੱਟੀ ਵਿੱਚ ਰਹਿ ਕੇ ਵੀ ਅਸਮਾਨ ਨੂੰ ਛੂਹ ਸਕਦੇ ਹੋ। ਹਰਬੀਰ ਦਾ ਅਗਲਾ ਟੀਚਾ ਆਪਣੇ ਬ੍ਰਾਂਡ ਨੂੰ ਵੱਡਾ ਬਣਾਉਣਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕੁਦਰਤੀ ਖ਼ੁਰਾਕ ਨਾਲ ਜੋੜਨਾ ਹੈ।
COMMENTS