ਰਜਨੀਗੰਧਾ (Tuberose) ਦੀ ਖੇਤੀ: ਫੁੱਲਾਂ ਦੀ ਖੁਸ਼ਬੂ ਨਾਲ ਬਦਲੋ ਆਪਣੀ ਕਿਸਮਤ

ਰਜਨੀਗੰਧਾ (Tuberose) ਦੀ ਖੇਤੀ: ਫੁੱਲਾਂ ਦੀ ਖੁਸ਼ਬੂ ਨਾਲ ਬਦਲੋ ਆਪਣੀ ਕਿਸਮਤPic Credit: ICAR & TNAU

ਰਜਨੀਗੰਧਾ (Tuberose) ਆਪਣੇ ਮਨਮੋਹਕ ਰੰਗ ਅਤੇ ਵਿਭਿੰਨ ਖੁਸ਼ਬੂ ਲਈ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੈ। ਇਹ ਇੱਕ ਕੰਦਦਾਰ ਫੁੱਲਾਂ ਵਾਲਾ ਪੌਦਾ ਹੈ ਜੋ ਮੁੱਖ ਤੌਰ 'ਤੇ ਆਪਣੀ ਖੁਸ਼ਬੂ

ਪਾਣੀ ਬਚਾਉਣ ਵਾਲੀਆਂ ਝੋਨੇ ਦੀਆਂ ਕਿਸਮਾਂ ‘ਤੇ ਜ਼ੋਰ, ਕਿਸਾਨਾਂ ਨੂੰ ਜਾਗਰੂਕ ਕਰ ਰਿਹਾ PAU
ਪਟਿਆਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ ਕਾਮਯਾਬੀ: ਖੇਤੀਬਾੜੀ ਤੋਂ ਬਾਗਬਾਨੀ ਦੇ ‘King’ ਬਣਨ ਦੀ ਕਹਾਣੀ 
ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ: ਪਿੰਡ ਭੜ੍ਹੋ ਵਿਖੇ ਖੇਤ ਦਿਵਸ ਰਾਹੀਂ ਕਿਸਾਨਾਂ ਨੂੰ ਦਿੱਤੀ ਜਾਗਰੂਕਤਾ

ਰਜਨੀਗੰਧਾ (Tuberose) ਆਪਣੇ ਮਨਮੋਹਕ ਰੰਗ ਅਤੇ ਵਿਭਿੰਨ ਖੁਸ਼ਬੂ ਲਈ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੈ। ਇਹ ਇੱਕ ਕੰਦਦਾਰ ਫੁੱਲਾਂ ਵਾਲਾ ਪੌਦਾ ਹੈ ਜੋ ਮੁੱਖ ਤੌਰ ‘ਤੇ ਆਪਣੀ ਖੁਸ਼ਬੂ ਅਤੇ ਸੁੰਦਰਤਾ ਲਈ ਉਗਾਇਆ ਜਾਂਦਾ ਹੈ। ਇਸ ਲਈ, ਇਸ ਦੀ ਵਰਤੋਂ ਵਪਾਰਕ ਤੌਰ ‘ਤੇ ਹਾਰ ਬਣਾਉਣ, ਗਜਰੇ, ਫੁੱਲਾਂ ਦੇ ਗਹਿਣੇ, ਗੁਲਦਸਤੇ ਅਤੇ ਸਜਾਵਟ ਲਈ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਸ਼ਿੰਗਾਰ ਅਤੇ ਅਤਰ ਉਦਯੋਗ ਵਿੱਚ ਜ਼ਰੂਰੀ ਤੇਲ ਕੱਢਣ ਲਈ ਵੀ ਇਸ ਦੀ ਭਾਰੀ ਮੰਗ ਰਹਿੰਦੀ ਹੈ। ਇਸ ਦੀ ਖੇਤੀ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਇਸ ਦੇ ਫੁੱਲ ਲੰਬੇ ਸਮੇਂ ਤੱਕ ਤਾਜ਼ਾ ਰਹਿੰਦੇ ਹਨ ਅਤੇ ਚੰਗਾ ਮੁਨਾਫ਼ਾ ਦਿੰਦੇ ਹਨ। 

ਫੁੱਲਾਂ ਦੀਆਂ ਕਿਸਮਾਂ ਅਤੇ ਵਿਸ਼ੇਸ਼ਤਾਵਾਂ

ਰਜਨੀਗੰਧਾ ਦੇ ਫੁੱਲ ਮੁੱਖ ਤੌਰ ‘ਤੇ ਦੋ ਕਿਸਮਾਂ ਦੇ ਹੁੰਦੇ ਹਨ:

  • ਸਿੰਗਲ ਕਿਸਮ: ਇਸ ਵਿੱਚ ਪੰਖੜੀਆਂ ਦੀ ਸਿਰਫ਼ ਇੱਕ ਹੀ ਕਤਾਰ ਹੁੰਦੀ ਹੈ। ਨਾਲ ਹੀ, ਇਹ ਕਿਸਮਾਂ ਵਧੇਰੇ ਖੁਸ਼ਬੂਦਾਰ ਅਤੇ ਸ਼ੁੱਧ ਚਿੱਟੇ ਰੰਗ ਦੀਆਂ ਹੁੰਦੀਆਂ ਹਨ।
  • ਡਬਲ ਕਿਸਮ: ਇਹਨਾਂ ਫੁੱਲਾਂ ਵਿੱਚ ਪੰਖੜੀਆਂ ਦੀਆਂ ਤਿੰਨ ਤੋਂ ਵੱਧ ਕਤਾਰਾਂ ਹੁੰਦੀਆਂ ਹਨ। ਇਹ ਚਿੱਟੇ ਰੰਗ ਦੇ ਹੁੰਦੇ ਹਨ ਪਰ ਇਹਨਾਂ ‘ਤੇ ਗੁਲਾਬੀ ਰੰਗ ਦੀ ਹਲਕੀ ਝਲਕ ਦਿਖਾਈ ਦਿੰਦੀ ਹੈ। ਹਾਲਾਂਕਿ, ਇਨ੍ਹਾਂ ਦੀ ਖੁਸ਼ਬੂ ਸਿੰਗਲ ਕਿਸਮਾਂ ਨਾਲੋਂ ਹਲਕੀ ਹੁੰਦੀ ਹੈ।

ਜਲਵਾਯੂ ਅਤੇ ਮਿੱਟੀ ਦੀ ਚੋਣ

ਰਜਨੀਗੰਧਾ ਦੀ ਵਧੀਆ ਪੈਦਾਵਾਰ ਲਈ ਖੁੱਲ੍ਹੀ ਧੁੱਪ ਵਾਲੀ ਜਗ੍ਹਾ ਦੇ ਨਾਲ-ਨਾਲ ਗਰਮ ਗਰਮ ਅਤੇ ਨਮੀ ਵਾਲਾ ਜਲਵਾਯੂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

  • ਤਾਪਮਾਨ: ਇਸ ਦੇ ਵਾਧੇ ਲਈ ਆਦਰਸ਼ ਤਾਪਮਾਨ 20°C ਤੋਂ 30°C ਹੈ। ਜੇਕਰ ਤਾਪਮਾਨ 40°C ਤੋਂ ਉੱਪਰ ਜਾਂਦਾ ਹੈ, ਤਾਂ ਫੁੱਲਾਂ ਦੀ ਗੁਣਵੱਤਾ ਅਤੇ ਲੜੀ ਦੀ ਲੰਬਾਈ ‘ਤੇ ਮਾੜਾ ਅਸਰ ਪੈਂਦਾ ਹੈ।
  • ਮਿੱਟੀ: ਰਜਨੀਗੰਧਾ ਕਈ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉੱਗ ਸਕਦਾ ਹੈ, ਪਰ ਜੈਵਿਕ ਪਦਾਰਥਾਂ ਨਾਲ ਭਰਪੂਰ, ਚੰਗੀ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ਸਭ ਤੋਂ ਵਧੀਆ ਹੈ। ਮਿੱਟੀ ਦਾ pH ਮੁੱਲ 6.5 ਅਤੇ 7.0 ਦੇ ਵਿਚਕਾਰ ਹੋਣਾ ਚਾਹੀਦਾ ਹੈ।

ਰਜਨੀਗੰਧਾ ਦੀਆਂ ਸੁਧਰੀਆਂ ਕਿਸਮਾਂ

ਖੇਤੀਬਾੜੀ ਮਾਹਿਰਾਂ ਵੱਲੋਂ ਰਜਨੀਗੰਧਾ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਈ ਸੁਧਰੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ:

  • ਅਰਕਾ ਪ੍ਰਜਵਲ: ਇਹ ਸਿੰਗਲ ਕਿਸਮ ਦਾ ਫੁੱਲ ਹੈ ਜਿਸ ਵਿੱਚ ਪੰਖੜੀਆਂ ਦੀ ਸਿਰਫ਼ ਇੱਕ ਪਰਤ ਹੁੰਦੀ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਬਹੁਤ ਜ਼ਿਆਦਾ ਖੁਸ਼ਬੂਦਾਰ ਹੁੰਦੀ ਹੈ ਅਤੇ ਇਸ ਨੂੰ ਖੁੱਲ੍ਹੇ ਫੁੱਲਾਂ, ਕੱਟੇ ਹੋਏ ਫੁੱਲਾਂ ਅਤੇ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਕਲੀਆਂ ਹਲਕੀਆਂ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ ਪਰ ਖਿੜਨ ਤੋਂ ਬਾਅਦ ਫੁੱਲ ਚਿੱਟਾ ਹੋ ਜਾਂਦਾ ਹੈ।
  • ਸੁਵਾਸਿਨੀ: ਇਹ ਇੱਕ ਡਬਲ ਕਿਸਮ ਦਾ ਫੁੱਲ ਹੈ ਜਿਸ ਵਿੱਚ ਪੰਖੜੀਆਂ ਦੀਆਂ 2-3 ਪਰਤਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਇਹ ਮੁੱਖ ਤੌਰ ‘ਤੇ ਕੱਟੇ ਹੋਏ ਫੁੱਲ ਵਜੋਂ ਵਰਤਿਆ ਜਾਂਦਾ ਹੈ ਅਤੇ ਇਸ ਦੀਆਂ ਕਲੀਆਂ ਸ਼ੁੱਧ ਚਿੱਟੀਆਂ ਹੁੰਦੀਆਂ ਹਨ।

ਖੇਤ ਦੀ ਤਿਆਰੀ ਅਤੇ ਬਿਜਾਈ

ਕਾਮਯਾਬ ਖੇਤੀ ਲਈ ਖੇਤ ਦੀ ਸਹੀ ਤਿਆਰੀ ਬਹੁਤ ਜ਼ਰੂਰੀ ਹੈ,

  • ਤਿਆਰੀ: ਬਿਜਾਈ ਤੋਂ ਪਹਿਲਾਂ, ਮਿੱਟੀ ਨੂੰ ਦੋ-ਤਿੰਨ ਵਾਰ ਵਾਹ ਕੇ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ। ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਪ੍ਰਤੀ ਏਕੜ ਲਗਭਗ 20 ਟਨ ਖਾਦ ਪਾਉਣੀ ਚਾਹੀਦੀ ਹੈ।
  • ਬਿਜਾਈ ਦਾ ਸਮਾਂ: ਪੰਜਾਬ ਦੀਆਂ ਸਥਿਤੀਆਂ ਦੇ ਅਨੁਸਾਰ, ਮਾਰਚ-ਅਪ੍ਰੈਲ ਦਾ ਮਹੀਨਾ ਬਿਜਾਈ ਲਈ ਸਭ ਤੋਂ ਢੁਕਵਾਂ ਸਮਾਂ ਹੈ।
  • ਤਰੀਕਾ: ਰਜਨੀਗੰਧਾ ਦਾ ਪ੍ਰਸਾਰ ਬੱਲਬਾਂ ਰਾਹੀਂ ਹੁੰਦਾ ਹੈ। ਬਿਜਾਈ ਭਾਰੀ ਮਿੱਟੀ ਵਿੱਚ ਉੱਚੇ ਬੈੱਡਾਂ ‘ਤੇ ਅਤੇ ਰੇਤਲੀ ਮਿੱਟੀ ਵਿੱਚ ਪੱਧਰੇ ਬੈੱਡਾਂ ‘ਤੇ ਕਰਨੀ ਚਾਹੀਦੀ ਹੈ।
  • ਫਾਸਲਾ: ਪੌਦੇ ਤੋਂ ਪੌਦੇ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 x 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ ਅਤੇ ਬਲਬਾ ਨੂੰ 5-7 ਸੈਂਟੀਮੀਟਰ ਦੀ ਡੂੰਘਾਈ ‘ਤੇ ਲਗਾਉਣਾ ਚਾਹੀਦਾ ਹੈ।

ਸਿੰਚਾਈ ਅਤੇ ਖਾਦ ਪ੍ਰਬੰਧ

ਰਜਨੀਗੰਧਾ ਨੂੰ ਵਾਧੇ ਅਤੇ ਫੁੱਲ ਆਉਣ ਲਈ ਲਗਾਤਾਰ ਨਮੀ ਦੀ ਲੋੜ ਹੁੰਦੀ ਹੈ।

  • ਸਿੰਚਾਈ: ਮਿੱਟੀ ਨੂੰ ਹਮੇਸ਼ਾ ਨਮ ਰੱਖੋ, ਪਰ ਧਿਆਨ ਰੱਖੋ ਕਿ ਪਾਣੀ ਖੜ੍ਹਾ ਨਾ ਹੋਵੇ, ਕਿਉਂਕਿ ਪਾਣੀ ਇਕੱਠਾ ਹੋਣ ਨਾਲ ਪੌਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
  • ਖਾਦਾਂ: ਬਿਜਾਈ ਸਮੇਂ 60 ਕਿੱਲੋ ਫਾਸਫੋਰਸ ਅਤੇ 80 ਕਿੱਲੋ ਪੋਟਾਸ਼ (MOP) ਪ੍ਰਤੀ ਏਕੜ ਬਤੌਰ ਬੇਸਲ ਡੋਜ਼ ਪਾਓ। ਪੌਦੇ ਦੇ ਮੁੱਢਲੇ ਵਾਧੇ ਸਮੇਂ, ਪ੍ਰਤੀ ਏਕੜ 60 ਕਿੱਲੋ ਨਾਈਟ੍ਰੋਜਨ ਇੱਕ ਮਹੀਨੇ ਦੇ ਅੰਤਰਾਲ ‘ਤੇ ਦੋ ਬਰਾਬਰ ਹਿੱਸਿਆਂ ਵਿੱਚ ਪਾਉਣਾ ਚਾਹੀਦਾ ਹੈ।

ਗੋਡੀ ਅਤੇ ਸਾਂਭ-ਸੰਭਾਲ

ਫੁੱਲਾਂ ਦੀ ਚੰਗੀ ਗੁਣਵੱਤਾ ਲਈ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਫ਼ਸਲ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ ਤਿੰਨ ਤੋਂ ਚਾਰ ਵਾਰ ਹੱਥੀਂ ਗੋਡੀ ਕਰਨੀ ਚਾਹੀਦੀ ਹੈ।

ਕਟਾਈ ਅਤੇ ਉਪਜ

ਰਜਨੀਗੰਧਾ ਦੇ ਫੁੱਲ ਜੂਨ ਤੋਂ ਅਕਤੂਬਰ ਤੱਕ ਕਟਾਈ ਲਈ ਤਿਆਰ ਹੁੰਦੇ ਹਨ।

  • ਕਟਾਈ ਦਾ ਤਰੀਕਾ: ਜੇਕਰ ਫੁੱਲ ਸਜਾਵਟ ਲਈ ਚਾਹੀਦੇ ਹਨ, ਤਾਂ ਹੇਠਲੇ ਫੁੱਲ ਖਿੜਨ ‘ਤੇ ਸਪਾਈਕ ਨੂੰ ਕੱਟੋ। ਪਰ ਜੇਕਰ ਫੁੱਲ ਤੇਲ ਕੱਢਣ ਜਾਂ ਹਾਰਾਂ ਲਈ ਚਾਹੀਦੇ ਹਨ, ਤਾਂ ਸਿਰਫ਼ ਪੂਰੀ ਤਰ੍ਹਾਂ ਖਿੜੇ ਹੋਏ ਫੁੱਲਾਂ ਨੂੰ ਹੀ ਤੋੜੋ।
  • ਉਪਜ: ਇੱਕ ਹੈਕਟੇਅਰ ਵਿੱਚੋਂ ਲਗਭਗ 10-20 ਟਨ ਖੁੱਲ੍ਹੇ ਫੁੱਲ ਅਤੇ 1 ਤੋਂ 1.5 ਲੱਖ ਫੁੱਲਾਂ ਦੀਆਂ ਲੜੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

ਰੈਟੂਨ ਦੀ ਫ਼ਸਲ

ਮੁੱਖ ਫ਼ਸਲ ਦੀ ਕਟਾਈ ਤੋਂ ਬਾਅਦ, ਇੱਕ ਹੀ ਬਿਜਾਈ ਤੋਂ ਲਗਭਗ 2-3 ਰੱਤੂਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਜ਼ਿਕਰਯੋਗ ਰੈਟੂਨ ਦੀ ਫ਼ਸਲ ਵਿੱਚ ਸਪਾਈਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਪਰ ਫੁੱਲਾਂ ਦਾ ਭਾਰ ਅਤੇ ਲੜੀ ਦੀ ਲੰਬਾਈ ਥੋੜ੍ਹੀ ਘਟ ਸਕਦੀ ਹੈ। ਇਸ ਲਈ ਲਗਾਤਾਰ ਖਾਦਾਂ ਅਤੇ ਗੋਡੀ ਦਾ ਧਿਆਨ ਰੱਖਣਾ ਚਾਹੀਦਾ ਹੈ।

ਬੱਲਬਾਂ ਦੀ ਕਟਾਈ ਅਤੇ ਸਟੋਰੇਜ

ਬਲਬਾਂ ਦੀ ਕਟਾਈ 40-45 ਦਿਨਾਂ ਬਾਅਦ ਕੀਤੀ ਜਾਂਦੀ ਹੈ, ਜਦੋਂ ਫੁੱਲ ਆਉਣੇ ਬੰਦ ਹੋ ਜਾਣ ਅਤੇ ਪੱਤੇ ਸੁੱਕ ਕੇ ਪੀਲੇ ਪੈ ਜਾਣ। ਇਸ ਪੜਾਅ ‘ਤੇ, ਸਿੰਚਾਈ ਰੋਕ ਦਿੱਤੀ ਜਾਂਦੀ ਹੈ ਤਾਂ ਜੋ ਮਿੱਟੀ ਸੁੱਕ ਜਾਵੇ। ਪੱਤੇ ਜ਼ਮੀਨੀ ਪੱਧਰ ‘ਤੇ ਕੱਟ ਦਿੱਤੇ ਜਾਂਦੇ ਹਨ ਅਤੇ ਬੱਲਬਾਂ ਨੂੰ ਚੁੱਕਿਆ ਜਾਂਦਾ ਹੈ। ਬੱਲਬਾਂ ਨੂੰ ਵੱਖ ਕੀਤਾ ਜਾਂਦਾ ਹੈ ਅਤੇ ਸੁਕਾਉਣ ਲਈ 4-5 ਦਿਨਾਂ ਲਈ ਛਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਲਾਉਣ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਸਾਫ਼ ਕੀਤੇ ਬੱਲਬਾਂ ਨੂੰ 4-6 ਹਫ਼ਤਿਆਂ ਬਾਅਦ ਵੀ ਲਾਇਆ ਜਾ ਸਕਦਾ ਹੈ ਜਾਂ ਅਗਲੇ ਸੀਜ਼ਨ ਦੀ ਬਿਜਾਈ ਲਈ ਸਟਾਕ ਸਮੱਗਰੀ ਵਜੋਂ ਰੱਖਿਆ ਜਾ ਸਕਦਾ ਹੈ।

ਪੌਦਿਆਂ ਦੀ ਸੁਰੱਖਿਆ: ਬਿਮਾਰੀਆਂ ਅਤੇ ਰੋਕਥਾਮ

ਰਜਨੀਗੰਧਾ ਨੂੰ ਮੁੱਖ ਤੌਰ ‘ਤੇ ਦੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ:

  1. ਪੱਤਿਆਂ ਦਾ ਝੁਲਸ ਰੋਗ:
    • ਲੱਛਣ: ਪੱਤਿਆਂ ਦੀ ਵਿਚਕਾਰਲੀ ਨਾੜੀ ‘ਤੇ ਭੂਰੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ ਅਤੇ ਪੱਤਿਆਂ ਦੇ ਕਿਨਾਰੇ ਖੁਰਦਰੇ ਅਤੇ ਸੁੱਕੇ ਹੋ ਜਾਂਦੇ ਹਨ।
    • ਰੋਕਥਾਮ: ਬਿਮਾਰੀ ਵਾਲੇ ਪੱਤਿਆਂ ਨੂੰ ਤੋੜੋ ਅਤੇ ਨਸ਼ਟ ਕਰੋ ਅਤੇ ਪੌਦਿਆਂ ਵਿਚਕਾਰ ਸਹੀ ਦੂਰੀ ਬਣਾਈ ਰੱਖੋ।
  2. ਜੜ੍ਹ-ਗੰਢ ਨੀਮਾਟੋਡ:
    • ਲੱਛਣ: ਪ੍ਰਭਾਵਿਤ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਬਣ ਜਾਂਦੀਆਂ ਹਨ। ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਫੁੱਲਾਂ ਦੀਆਂ ਡੰਡੀਆਂ ਟੇਢੀਆਂ ਹੋ ਜਾਂਦੀਆਂ ਹਨ।
    • ਰੋਕਥਾਮ: ਫ਼ਸਲ ਦੀ ਕਟਾਈ ਸਮੇਂ, ਜੜ੍ਹਾਂ ਨੂੰ ਪੂਰੀ ਤਰ੍ਹਾਂ ਪੁੱਟ ਕੇ ਨਸ਼ਟ ਕਰ ਦਿਓ। ਜੇਕਰ ਹਮਲਾ ਜ਼ਿਆਦਾ ਹੋਵੇ, ਤਾਂ ਰੈਟੂਨ ਫ਼ਸਲ ਲੈਣ ਤੋਂ ਗੁਰੇਜ਼ ਕਰੋ।

ਇਹਨਾਂ ਆਧੁਨਿਕ ਤਰੀਕਿਆਂ ਨੂੰ ਅਪਣਾ ਕੇ ਕਿਸਾਨ ਰਜਨੀਗੰਧਾ ਦੀ ਖੇਤੀ ਤੋਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ। 

COMMENTS

WORDPRESS: 0