Khet Bachao Abhiyan: ਮਿੱਟੀ ਦੀ ਸਿਹਤ ਸੰਭਾਲ ਲਈ ਪਿੰਡ ਧਰਮਕੋਟ ਵਿਖੇ ਲੱਗਿਆ ਕੈਂਪ 

Khet Bachao Abhiyan: ਮਿੱਟੀ ਦੀ ਸਿਹਤ ਸੰਭਾਲ ਲਈ ਪਿੰਡ ਧਰਮਕੋਟ ਵਿਖੇ ਲੱਗਿਆ ਕੈਂਪ Pic Credit: PAU

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ (ICAR-ATARI), ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ  PAU-KVK, ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ)

PM ਮੋਦੀ ਨੂੰ ਮਿਲਿਆ UN ਦਾ ‘FAO Agricola Medal’, ਕੀਤਾ ਭਾਰਤ ਦੇ ਅੰਨਦਾਤਿਆਂ ਨੂੰ ਸਮਰਪਿਤ
ਰਸਾਇਣ-ਮੁਕਤ ਖੇਤੀ ਦਾ ਨਵਾਂ ਮਾਡਲ:ਬਰਨਾਲਾ ਦੇ ਅੰਮ੍ਰਿਤ ਸਿੰਘ ਨੇ ‘Zero-Budget Natural Farming’ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ
8 ਬੈੱਡਾਂ ਤੋਂ 168 ਤੱਕ ਦਾ ਸਫ਼ਰ: Vermicompost ਕਾਰੋਬਾਰ ਦੀ ਸਫ਼ਲਤਾ ਦਾ ਰਾਜ਼ 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ (ICAR-ATARI), ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ  PAU-KVK, ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਦੇਸ਼ ਵਿਆਪੀ ਪੱਧਰ ‘ਤੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ, ਕੇਵੀਕੇ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਧਰਮਕੋਟ ਵਿਖੇ ‘Khet Bachao Abhiyan’ ਤਹਿਤ ਇੱਕ ਵਿਆਪਕ ਨਰਸਰੀ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ। ਇਸ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦਾ ਮੁੱਖ ਉਦੇਸ਼ ਖੇਤੀ ਉਤਪਾਦਕਤਾ ਨੂੰ ਬਚਾਉਣਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘੱਟਣ ਤੋਂ ਰੋਕਣਾ ਹੈ। ਜ਼ਿਕਰਯੋਗ, ਇਸ ਕੈਂਪ ਵਿੱਚ ਇਲਾਕੇ ਦੇ ਕਿਸਾਨਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।

ਰਸਾਇਣਕ ਅਤੇ ਹਰੀ ਖਾਦਾਂ ਦੀ ਵਰਤੋਂ ‘ਤੇ ਜ਼ੋਰ

ਇਹ ਪ੍ਰੋਗਰਾਮ PAU-KVK ਲੰਗੜੋਆ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਪਰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਗਰੋਨੋਮੀ ਦੇ ਸਹਾਇਕ ਪ੍ਰੋਫੈਸਰ ਡਾ. ਜਸਵਿੰਦਰ ਕੁਮਾਰ ਨੇ ਕਿਸਾਨਾਂ ਨੂੰ ਅੰਨ੍ਹੇਵਾਹ ਅਤੇ ਗ਼ੈਰ-ਵਿਗਿਆਨਕ ਤਰੀਕੇ ਨਾਲ ਰਸਾਇਣਕ ਖਾਦਾਂ, ਖ਼ਾਸ ਕਰਕੇ ਯੂਰੀਆ ਦੀ ਵਰਤੋਂ ਨੂੰ ਰੋਕਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਰੀਆ ਦੀ ਜ਼ਿਆਦਾ ਵਰਤੋਂ ਕਾਰਨ ਮਿੱਟੀ ਵਿੱਚ ਮੌਜੂਦ ਜੈਵਿਕ ਮਾਦਾ ਤੇਜ਼ੀ ਨਾਲ ਘੱਟ ਰਿਹਾ ਹੈ। 

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਮਿੱਟੀ ਦੀ ਪਰਖ ਦੇ ਅਧਾਰ ‘ਤੇ ਖਾਦਾਂ ਦੀ ਵਰਤੋਂ ਕਰਨ, ਤਾਂ ਉਹ ਖੇਤੀ ਦੀ ਲਾਗਤ ਨੂੰ ਬਹੁਤ ਹੱਦ ਤੱਕ ਘੱਟਾ ਸਕਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਿੱਟੀ ਵਿੱਚ ਵਾਤਾਵਰਣ ਦੀ ਨਾਈਟ੍ਰੋਜਨ ਨੂੰ ਸਥਿਰ ਕਰਨ ਅਤੇ ਜ਼ਮੀਨ ਦੀ ਬਣਤਰ ਨੂੰ ਕੁਦਰਤੀ ਤੌਰ ‘ਤੇ ਸੁਧਾਰਨ ਲਈ ਜੰਤਰ ਅਤੇ ਸਣ ਵਰਗੀਆਂ ਹਰੀਆਂ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਵੀ ਅਪੀਲ ਕੀਤੀ।

ਪ੍ਰਮਾਣਿਤ ਕਿਸਮਾਂ ਦੀ ਚੋਣ ਅਤੇ ਪਸ਼ੂਧਨ ਪ੍ਰਬੰਧਨ

ਇਸ ਕੈਂਪ ਦੌਰਾਨ ਪਸ਼ੂ ਵਿਗਿਆਨ ਦੇ ਸਹਾਇਕ ਪ੍ਰੋਫ਼ੈਸਰ ਡਾ. ਤੇਜਬੀਰ ਸਿੰਘ ਨੇ ਕਿਸਾਨਾਂ ਨੂੰ ਪੀਏਯੂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਪ੍ਰਮਾਣਿਤ ਕਿਸਮਾਂ ਦੇ ਬੀਜ ਅਪਣਾਉਣ ਅਤੇ ਬਾਇਓ-ਐਨਜ਼ਾਈਮ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ ਤਾਂ ਜੋ ਸਿਹਤਮੰਦ ਫ਼ਸਲਾਂ ਪੈਦਾ ਕੀਤੀਆਂ ਜਾ ਸਕਣ। ਕਿਸਾਨਾਂ ਨੂੰ ਬਾਜ਼ਾਰ ਵਿੱਚ ਮਿਲਣ ਵਾਲੇ ਨਕਲੀ ਬਾਜ਼ਾਰੀ ਉਤਪਾਦਾਂ ਤੋਂ ਬਚਣ ਲਈ ਅਸਲੀ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਦੀ ਪਛਾਣ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇੱਕ ਪਸ਼ੂ ਵਿਗਿਆਨੀ ਹੋਣ ਦੇ ਨਾਤੇ, ਉਨ੍ਹਾਂ ਨੇ ਗਰਮੀਆਂ ਦੇ ਮੌਸਮ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਦੁੱਧ ਉਤਪਾਦਨ ਨੂੰ ਬਰਕਰਾਰ ਰੱਖਣ ਦੇ ਨੁਕਤਿਆਂ ਨੂੰ ਵੀ ਵਿਸਥਾਰ ਵਿੱਚ ਸਾਂਝਾ ਕੀਤਾ।

ਸਰਕਾਰੀ ਸਕੀਮਾਂ ਦੀ ਜਾਣਕਾਰੀ 

ਇਸ ਇੱਕ ਰੋਜ਼ਾ ਪ੍ਰੋਗਰਾਮ ਦਾ ਮੁੱਖ ਮਕਸਦ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨੂੰ ਵਿਗਿਆਨਕ ਤਕਨੀਕਾਂ ਨਾਲ ਮਜ਼ਬੂਤ ਕਰਨਾ ਸੀ। ਇਸ ਮੌਕੇ ਬਲਾਕ ਨਵਾਂਸ਼ਹਿਰ ਦੇ ਖੇਤੀਬਾੜੀ ਵਿਕਾਸ ਅਫ਼ਸਰ (ADO) ਵਿਸ਼ਾਲ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਘੱਟ ਲਾਗਤ ਵਾਲੀ ਖੇਤੀ ਪ੍ਰਣਾਲੀ ਵੱਲ ਵਧਣ ਦੇ ਚਾਹਵਾਨ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਅਤੇ ਵਿੱਤੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਉਹ ਆਰਥਿਕ ਤੌਰ ‘ਤੇ ਮਜ਼ਬੂਤ ਹੋ ਸਕਣ। ਪ੍ਰੋਗਰਾਮ ਦੇ ਅੰਤ ਵਿੱਚ, ਕਿਸਾਨਾਂ ਨੇ ਮਿੱਟੀ ਦੀ ਸਿਹਤ ਨੂੰ ਕੁਦਰਤੀ ਤੌਰ ‘ਤੇ ਸੰਤੁਲਿਤ ਬਣਾਉਣ ਦੇ ਗੁਰ ਸਿਖਾਉਣ ਲਈ ਕੇ.ਵੀ.ਕੇ. ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।

COMMENTS

WORDPRESS: 0