Dairy farming: ਲੋਕਾਂ ਨੇ ਮਾਰੇ ‘Backward’ ਹੋਣ ਦੇ ਤਾਅਨੇ, ਦੋ ਭੈਣਾਂ ਨੇ ਖੜ੍ਹਾ ਕਰ ਦਿੱਤਾ ਲੱਖਾਂ ਦਾ ਡੇਅਰੀ ਕਾਰੋਬਾਰ

Dairy farming: ਲੋਕਾਂ ਨੇ ਮਾਰੇ ‘Backward’ ਹੋਣ ਦੇ ਤਾਅਨੇ, ਦੋ ਭੈਣਾਂ ਨੇ ਖੜ੍ਹਾ ਕਰ ਦਿੱਤਾ ਲੱਖਾਂ ਦਾ ਡੇਅਰੀ ਕਾਰੋਬਾਰ

ਅਜੋਕੇ ਦੌਰ ਵਿੱਚ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ, ਉੱਥੇ ਹੀ ਕੁਝ ਅਜਿਹੀਆਂ ਮਿਸਾਲਾਂ ਵੀ ਮੌਜੂਦ ਹਨ ਜੋ ਸਖ਼ਤ ਮਿਹਨਤ ਸਦਕਾ ਆਪਣੀ

ਬਠਿੰਡਾ ਦੇ Dairy farmers ਦਾ ਵੱਡਾ ਐਲਾਨ: ਤੈਅ ਭਾਅ ਤੋਂ ਸਸਤਾ ਦੁੱਧ ਵੇਚਣ ‘ਤੇ 5,100 ਰੁਪਏ ਜੁਰਮਾਨਾ
ਡੇਅਰੀ ਪਸ਼ੂਆਂ ‘ਤੇ ਫਿਰ ਮੰਡਰਾਇਆ Lumpy Skin Disease ਦਾ ਖ਼ਤਰਾ: GADVASU ਵੱਲੋਂ ਸਾਵਧਾਨੀਆਂ ਜਾਰੀ
GADVASU ਵੱਲੋਂ 18 ਸਤੰਬਰ ਨੂੰ ਲੱਗੇਗਾ Pashu Palan Mela, ਉੱਤਮ ਨਸਲਾਂ ਦੀ ਹੋਵੇਗੀ ਪ੍ਰਦਰਸ਼ਨੀ

ਅਜੋਕੇ ਦੌਰ ਵਿੱਚ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ, ਉੱਥੇ ਹੀ ਕੁਝ ਅਜਿਹੀਆਂ ਮਿਸਾਲਾਂ ਵੀ ਮੌਜੂਦ ਹਨ ਜੋ ਸਖ਼ਤ ਮਿਹਨਤ ਸਦਕਾ ਆਪਣੀ ਹੀ ਧਰਤੀ ‘ਤੇ ਸਫ਼ਲਤਾ ਦੀਆਂ ਕਹਾਣੀਆਂ ਲਿਖ ਰਹੀਆਂ ਹਨ। ਅਜਿਹੀ ਹੀ ਇੱਕ ਪ੍ਰੇਰਨਾਦਾਇਕ ਕਹਾਣੀ ਫਾਜ਼ਿਲਕਾ ਜ਼ਿਲ੍ਹੇ ਦੀਆਂ ਦੋ ਸਕੀਆਂ ਭੈਣਾਂ, ਜਸ਼ਨਪ੍ਰੀਤ ਕੌਰ ਅਤੇ ਸੁਪਨਦੀਪ ਕੌਰ ਦੀ ਹੈ। ਇਹ ਦੋਵੇਂ ਭੈਣਾਂ ਆਪਣੀ ਉੱਚੇਰੀ ਪੜ੍ਹਾਈ ਦੇ ਨਾਲ-ਨਾਲ, ਪਸ਼ੂ ਪਾਲਣ ਅਤੇ Dairy farming ਦੇ ਕਿੱਤੇ ਨੂੰ ਸਫ਼ਲਤਾਪੂਰਵਕ ਚਲਾ ਕੇ ਆਪਣੇ ਪਰਿਵਾਰ ਦਾ ਵੱਡਾ ਆਰਥਿਕ ਸਹਾਰਾ ਵੀ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਅਤੇ ਯੂਟਿਊਬ ‘ਤੇ ‘ਮਿਹਨਤੀ ਕੁੜੀਆਂ’ ਨਾਮ ਦੇ ਪੇਜ ਰਾਹੀਂ, ਇਹ ਭੈਣਾਂ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਚੁੱਕੀਆਂ ਹਨ।

ਮਜ਼ਬੂਰੀ ਤੋਂ ਸ਼ੌਂਕ ਤੱਕ ਦਾ ਸਫ਼ਰ

A Journey from Necessity to Passion

ਜਸ਼ਨਪ੍ਰੀਤ ਅਤੇ ਸੁਪਨਦੀਪ ਦਾ ਪਰਿਵਾਰ ਇੱਕ ਬਹੁਤ ਹੀ ਸਾਧਾਰਨ ਪਿਛੋਕੜ ਨਾਲ ਸੰਬੰਧ ਰੱਖਦਾ ਹੈ। ਜਸ਼ਨਪ੍ਰੀਤ ਕੌਰ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਬਚਪਨ ਤੋਂ ਹੀ ਦਿਨ-ਰਾਤ ਮਿਹਨਤ ਕਰਦਿਆਂ ਦੇਖਿਆ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਦੋਵਾਂ ਭੈਣਾਂ ਨੇ ਪਰਿਵਾਰ ਦਾ ਹੱਥ ਵਟਾਉਣ ਦਾ ਫ਼ੈਸਲਾ ਕੀਤਾ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਇਹ ਕੰਮ ਮਜ਼ਬੂਰੀ ਵਜੋਂ ਸ਼ੁਰੂ ਕੀਤਾ ਸੀ, ਪਰ ਸਮੇਂ ਦੇ ਨਾਲ-ਨਾਲ ਇਹ ਉਨ੍ਹਾਂ ਦਾ ਸ਼ੌਂਕ ਅਤੇ ਆਮਦਨ ਦਾ ਇੱਕ ਸਥਿਰ ਸਾਧਨ ਬਣ ਗਿਆ। ਸ਼ੁਰੂਆਤੀ ਦੌਰ ਵਿੱਚ, ਉਹਨਾਂ ਕੋਲ ਸਿਰਫ਼ ਇੱਕ ਵੱਛੀ ਅਤੇ ਇੱਕ ਮੱਝ ਸੀ, ਜੋ ਉਨ੍ਹਾਂ ਨੂੰ ਨਾਨਕੇ ਪਰਿਵਾਰ ਵੱਲੋਂ ਮਿਲੀ ਸੀ।

ਉਹਨਾਂ ਨੇ ਨਾਨਕੇ ਪਰਿਵਾਰ ਵੱਲੋਂ ਮਿਲੀ ਮੱਝ ਨੂੰ ਵੇਚ ਕੇ ਦੋ ਗਾਵਾਂ ਖ਼ਰੀਦੀਆਂ। ਹਾਲਾਂਕਿ, ਇਹ ਸਫ਼ਰ ਆਸਾਨ ਨਹੀਂ ਸੀ, ਇੱਕ ਵਾਰ ਸੂਣ ਤੋਂ ਬਾਅਦ, ਬਿਮਾਰੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਦੋਵੇਂ ਗਾਵਾਂ ਅਚਾਨਕ ਮਰ ਗਈਆਂ ਅਤੇ ਪਸ਼ੂਆਂ ਦੇ ਵਾੜੇ ਵਿੱਚ ਸਿਰਫ਼ ਇੱਕ ਵੱਛੀ ਹੀ ਬਚੀ। ਪਰਿਵਾਰ ਲਈ ਇਹ ਇੱਕ ਵੱਡਾ ਆਰਥਿਕ ਸੰਕਟ ਸੀ, ਪਰ ਫਿਰ ਵੀ ਦੋਵੇਂ ਭੈਣਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ, ਉਨ੍ਹਾਂ ਦੇ ਪਿਤਾ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਇੱਕ ਗਾਂ ਤੋਹਫ਼ੇ ਵਜੋਂ ਦਿੱਤੀ ਅਤੇ ਉਨ੍ਹਾਂ ਦੇ ਨਾਨਕੇ ਪਰਿਵਾਰ ਨੇ ਵੀ ਇੱਕ ਹੋਰ ਪਸ਼ੂ ਦੇ ਕੇ ਮਦਦ ਕੀਤੀ। ਇਸ ਤਰ੍ਹਾਂ ਡਿੱਗ ਕੇ ਮੁੜ ਸੰਭਲਦਿਆਂ ਅੱਜ ਉਨ੍ਹਾਂ ਦੇ ਫਾਰਮ ਵਿੱਚ ਕੁੱਲ 22 ਪਸ਼ੂ ਮੌਜੂਦ ਹਨ, ਜਿਨ੍ਹਾਂ ਵਿੱਚ ਵੱਛਿਆਂ ਤੋਂ ਲੈ ਕੇ ਬਾਲਗ ਪਸ਼ੂ ਸ਼ਾਮਲ ਹਨ ਅਤੇ ਇਨ੍ਹਾਂ ਵਿੱਚ HF ਅਤੇ ਅਮਰੀਕੀ ਨਸਲਾਂ ਵੀ ਸ਼ਾਮਲ ਹਨ।

ਪੜ੍ਹਾਈ, ਕੰਮ ਅਤੇ ਸਮੇਂ ਦੀ ਸੰਭਾਲ

Education Work and Time Management

ਦੋਵਾਂ ਭੈਣਾਂ ਦੀ ਰੋਜ਼ਾਨਾ ਜ਼ਿੰਦਗੀ ਸਖ਼ਤ ਮਿਹਨਤ ਅਤੇ ਸਮੇਂ ਦੀ ਪਾਬੰਦੀ ਨਾਲ ਭਰੀ ਹੋਈ ਹੈ। ਉਹ ਸਵੇਰੇ 4 ਵਜੇ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੀਆਂ ਹਨ। ਘਰ ਦੇ ਕੰਮ-ਕਾਜ ਨਿਬੇੜਨ ਤੋਂ ਬਾਅਦ, ਉਹ ਸਵੇਰੇ 4:30 ਵਜੇ ਤੱਕ ਪਸ਼ੂਆਂ ਦੇ ਵਾੜੇ ਪਹੁੰਚ ਜਾਂਦੀਆਂ ਹਨ ਅਤੇ ਸਵੇਰੇ 7:00 ਵਜੇ ਤੋਂ ਪਹਿਲਾਂ ਗੋਹਾ-ਕੂੜਾ ਚੁੱਕਣਾ, ਫ਼ਰਸ਼ਾਂ ਧੋਣੀਆਂ, ਪਸ਼ੂਆਂ ਨੂੰ ਨਹਾਉਣਾ, ਧਾਰਾਂ ਕੱਢਣੀਆਂ ਅਤੇ ਪਾਣੀ ਪਿਆਉਣ ਵਰਗੇ ਸਾਰੇ ਕੰਮ ਮੁਕੰਮਲ ਕਰ ਲੈਂਦੀਆਂ ਹਨ।

B.A. ਦੀ ਪੜ੍ਹਾਈ ਕਰ ਰਹੀ ਸੁਪਨਦੀਪ ਕੌਰ ਦੱਸਦੀ ਹੈ ਕਿ ਉਸਨੇ ਅੱਠ ਸਾਲ ਦੀ ਉਮਰ ਤੋਂ ਹੀ ਆਪਣੀ ਮਾਂ ਦੇ ਨਾਲ ਪਸ਼ੂਆਂ ਦਾ ਦੁੱਧ ਚੋਣਾ ਸ਼ੁਰੂ ਕਰ ਦਿੱਤਾ ਸੀ, ਹੁਣ ਉਸ ਕੋਲ ਲਗਭਗ ਨੌਂ ਸਾਲਾਂ ਦਾ ਤਜ਼ਰਬਾ ਹੈ। ਉਹ ਇੰਨੀ ਮਾਹਰ ਹੋ ਚੁੱਕੀ ਹੈ ਕਿ ਪਸ਼ੂ ਦੇ ਖੜ੍ਹਨ, ਮੂੰਹ ਚੁੱਕਣ ਜਾਂ ਪੱਠੇ ਖਾਣ ਦੇ ਢੰਗ ਤੋਂ ਹੀ ਉਸ ਦੀ ਬਿਮਾਰੀ ਜਾਂ ਬੁਖ਼ਾਰ ਦਾ ਅੰਦਾਜ਼ਾ ਲਗਾ ਲੈਂਦੀ ਹੈ। ਕਾਲਜ ਜਾਣ ਵਿੱਚ ਦੇਰੀ ਤੋਂ ਬਚਣ ਲਈ, ਦੋਵੇਂ ਭੈਣਾਂ ਪੱਠੇ ਸ਼ਾਮ ਨੂੰ ਹੀ ਵੱਢ ਕੇ ਰੱਖ ਲੈਂਦੀਆਂ ਹਨ। ਕਾਲਜ ਤੋਂ ਵਾਪਸ ਆਉਣ ਤੋਂ ਬਾਅਦ ਸੁਪਨਦੀਪ ਮਾਤਾ-ਪਿਤਾ ਨਾਲ ਬਾਕੀ ਕੰਮ ਸੰਭਾਲਦੀ ਹੈ।

ਦੂਜੇ ਪਾਸੇ, ਵੱਡੀ ਭੈਣ ਜਸ਼ਨਪ੍ਰੀਤ ਕੌਰ BSC ਫ਼ੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ ਹੈ। ਉਹ ਸਵੇਰੇ ਕਾਲਜ ਜਾਂਦੀ ਹੈ ਅਤੇ ਬਾਅਦ ਵਿੱਚ ਬੁਟੀਕ ਦਾ ਕੰਮ ਸੰਭਾਲ ਕੇ ਸ਼ਾਮ ਨੂੰ 6:30 ਵਜੇ ਘਰ ਪਰਤਦੀ ਹੈ। ਘਰ ਪਹੁੰਚਦਿਆਂ ਹੀ ਉਹ ਡੇਅਰੀ ਦੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਅਤੇ ਪਸ਼ੂਆਂ ਦੀਆਂ ਧਾਰਾਂ ਕਢਵਾਉਂਦੀ ਹੈ। ਸੁਪਨਦੀਪ ਨੇ ਨਾ ਸਿਰਫ਼ Dairy farming ਦੇ ਕੰਮਾਂ ਵਿੱਚ, ਸਗੋਂ ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਵਿੱਚ ਵੱਟਾਂ ਲੇਪਣ, ਚੋਪੜਨ ਅਤੇ ਖ਼ਾਦ ਪਾਉਣ ਵਰਗੇ ਕੰਮਾਂ ਵਿੱਚ ਵੀ ਆਪਣੇ ਪਿਤਾ ਦਾ ਪੂਰਾ ਸਾਥ ਦਿੱਤਾ ਹੈ। ਹਾਲਾਂਕਿ, ਇਸ ਵਾਰ ਪ੍ਰੀਖਿਆਵਾਂ ਅਤੇ ਪੜ੍ਹਾਈ ਦੇ ਦਬਾਅ ਕਾਰਨ ਉਸਦੇ ਪਿਤਾ ਨੇ ਮਦਦ ਲਈ ਮਜ਼ਦੂਰ ਰੱਖੇ ਹਨ।

ਸਮਾਜਿਕ ਤਾਅਨੇ ਅਤੇ ਵਿਦੇਸ਼ ਨਾ ਜਾਣਾ 

Social Taunts and Not Going Abroad

ਜਸ਼ਨਪ੍ਰੀਤ ਦੱਸਦੀ ਹੈ ਕਿ ਸਮਾਜ ਵਿੱਚ ਕਈ ਲੋਕ ਕੁੜੀਆਂ ਨੂੰ ਅਜਿਹਾ ਕੰਮ ਕਰਦਿਆਂ ਦੇਖ ਕੇ ਬੈਕਵਰਡ ਕਹਿ ਕੇ ਤਾਅਨੇ ਮਾਰਦੇ ਹਨ। ਹਾਲਾਂਕਿ, ਦੋਵੇਂ ਭੈਣਾਂ ਸਪੱਸ਼ਟ ਤੌਰ ‘ਤੇ ਕਹਿੰਦੀਆਂ ਹਨ ਕਿ ਉਹ ਕਿਸੇ ਦਬਾਅ ਹੇਠ ਨਹੀਂ, ਸਗੋਂ ਪੂਰੇ ਸ਼ੌਂਕ ਅਤੇ ਆਤਮ-ਵਿਸ਼ਵਾਸ ਨਾਲ ਇਹ ਕੰਮ ਕਰਦੀਆਂ ਹਨ। ਉਹ ਆਪਣੇ ਕਾਲਜ ਅਤੇ ਸਹੇਲੀਆਂ ਦੇ ਸਰਕਲ ਵਿੱਚ ਵੀ ਹਰੇਕ ਕੁੜੀ ਨੂੰ ਇਹੀ ਪ੍ਰੇਰਨਾ ਦਿੰਦੀਆਂ ਹਨ ਕਿ ਹੱਥੀਂ ਕਿਰਤ ਕਰਨੀ ਆਉਣੀ ਚਾਹੀਦੀ ਹੈ, ਕਿਉਂਕਿ ਜਦੋਂ ਕੋਈ ਸਹਾਰਾ ਨਾ ਰਹੇ ਤਾਂ ਇਹ ਹੁਨਰ ਹੀ ਜ਼ਿੰਦਗੀ ਨੂੰ ਸਹਾਰਾ ਦਿੰਦਾ ਹੈ।

ਇਸ ਤੋਂ ਇਲਾਵਾ, ਜਸ਼ਨਪ੍ਰੀਤ IELTS ਪਾਸ ਕਰਕੇ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸੀ, ਪਰ ਇੱਕ ਪਾਸੇ ਪਰਿਵਾਰਕ ਹਾਲਾਤਾਂ ਅਤੇ ਦੂਜੇ ਪਾਸੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਹੋਣ ਕਾਰਨ ਉਸ ਦੀ ਫ਼ਾਈਲ ਰੁਕ ਗਈ। ਅੱਜ, ਉਹ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ਉਹ ਵਿਦੇਸ਼ ਨਹੀਂ ਗਈ। ਉਸਦਾ ਮੰਨਣਾ ਹੈ ਕਿ ਵਿਦੇਸ਼ ਵਿੱਚ ਦਿਨ-ਰਾਤ ਇਕੱਲਿਆਂ ਸ਼ਿਫਟਾਂ ਵਿੱਚ ਕੰਮ ਕਰਨ ਨਾਲੋਂ ਆਪਣੇ ਮਾਪਿਆਂ ਨਾਲ ਰਹਿੰਦਿਆਂ ਆਪਣਾ Dairy farming ਕਾਰੋਬਾਰ ਚਲਾਉਣਾ ਸੌ ਗੁਣਾ ਬਿਹਤਰ ਹੈ। ਪੰਜ ਜੀਆਂ ਵਾਲੇ ਇਸ ਪਰਿਵਾਰ ਵਿੱਚ, ਦੋਵਾਂ ਭੈਣਾਂ ਨੇ ਆਪਣੇ ਮਾਤਾ-ਪਿਤਾ ਨੂੰ ਕੰਮ ਦੇ ਬੋਝ ਅਤੇ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਹੈ।

ਦੁੱਧ ਦੀ ਵਿਕਰੀ ਤੋਂ ਮੁਨਾਫ਼ਾ

Profit from Milk Sales

ਅੱਜ ਉਹਨਾਂ ਦੇ ਡੇਅਰੀ ਫਾਰਮ ਤੋਂ ਰੋਜ਼ਾਨਾ ਲਗਭਗ ਇੱਕ ਕੁਇੰਟਲ ਦੁੱਧ ਸਿੱਧਾ ਡੇਅਰੀਆਂ ਨੂੰ ਭੇਜਿਆ ਜਾਂਦਾ ਹੈ। ਪਹਿਲਾਂ, ਉਹ ਘਰਾਂ ਵਿੱਚ ਦੁੱਧ ਵੇਚਦੇ ਸਨ ਪਰ ਉਨ੍ਹਾਂ ਨੂੰ ਇਸਦਾ ਵਾਜਬ ਮੁੱਲ ਨਹੀਂ ਮਿਲਦਾ ਸੀ। ਹਾਲਾਂਕਿ, Dairy farming ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਪਸ਼ੂਆਂ ਦੀ ਖ਼ੁਰਾਕ ਅਤੇ ਚਾਰੇ ਦਾ ਖ਼ਰਚਾ ਕੱਢਣ ਤੋਂ ਬਾਅਦ, ਪਰਿਵਾਰ ਦਾ ਗੁਜ਼ਾਰਾ ਅਤੇ ਦੋਵਾਂ ਭੈਣਾਂ ਦੀ ਪੜ੍ਹਾਈ ਦਾ ਖ਼ਰਚਾ ਇਸੇ ਕੰਮ ਤੋਂ ਨਿਕਲਦਾ ਹੈ। ਸਾਰੇ ਖ਼ਰਚੇ ਕੱਢਣ ਤੋਂ ਬਾਅਦ ਵੀ ਉਹਨਾਂ ਨੂੰ ਮਹੀਨੇ ਦੇ 20 ਤੋਂ 30 ਹਜ਼ਾਰ ਰੁਪਏ ਦੀ ਸ਼ੁੱਧ ਬੱਚਤ ਹੋ ਜਾਂਦੀ ਹੈ।

ਨਵੇਂ ਉੱਦਮੀਆਂ ਲਈ ਸਲਾਹ 

Advice for New Entrepreneurs

ਜਸ਼ਨਪ੍ਰੀਤ ਅਤੇ ਸੁਪਨਦੀਪ ਨਵੇਂ Dairy farming ਦਾ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਇਹੀ ਸਲਾਹ ਦਿੰਦੀਆਂ ਹਨ ਕਿ ਕਦੇ ਵੀ ਸ਼ੁਰੂਆਤ ਵਿੱਚ ਲੱਖਾਂ ਰੁਪਏ ਦਾ ਨਿਵੇਸ਼ ਨਾ ਕਰੋ। ਪਹਿਲਾਂ ਇੱਕ ਹੀ ਪਸ਼ੂ ਰੱਖ ਕੇ ਮਹੀਨਾ-ਡੇਢ ਮਹੀਨਾ ਕੰਮ ਨੂੰ ਸਮਝੋ। ਜੇਕਰ ਮੁਨਾਫ਼ਾ ਅਤੇ ਸਾਂਭ-ਸੰਭਾਲ ਸਮਝ ਆਵੇ, ਤਾਂ ਹੌਲੀ-ਹੌਲੀ ਗਿਣਤੀ ਵਧਾਓ। ਉਹਨਾਂ ਦਾ ਮੰਨਣਾ ਹੈ ਕਿ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਅਤੇ ਹਰ ਕੁੜੀ ਨੂੰ ਹੱਥੀਂ ਕੰਮ ਕਰਨਾ ਆਉਣਾ ਚਾਹੀਦਾ ਹੈ, ਕਿਉਂਕਿ ਮਿਹਨਤ ਨਾਲ ਕੀਤਾ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ।

COMMENTS

WORDPRESS: 0