ਅੱਜ ਦੇ ਦੌਰ ਵਿੱਚ ਜਿੱਥੇ ਸ਼ਹਿਰੀਕਰਨ ਕਾਰਨ ਜ਼ਮੀਨਾਂ ਘੱਟ ਰਹੀਆਂ ਹਨ ਅਤੇ ਬਾਜ਼ਾਰੂ ਸਬਜ਼ੀਆਂ ਕੀਟਨਾਸ਼ਕਾਂ ਨਾਲ ਭਰੀਆਂ ਹੋਈਆਂ ਹਨ, ਉੱਥੇ ਲੁਧਿਆਣਾ ਦੀ ਰਾਜਵਿੰਦਰ ਕੌਰ ਨੇ ਇੱਕ ਮਿਸਾ
ਅੱਜ ਦੇ ਦੌਰ ਵਿੱਚ ਜਿੱਥੇ ਸ਼ਹਿਰੀਕਰਨ ਕਾਰਨ ਜ਼ਮੀਨਾਂ ਘੱਟ ਰਹੀਆਂ ਹਨ ਅਤੇ ਬਾਜ਼ਾਰੂ ਸਬਜ਼ੀਆਂ ਕੀਟਨਾਸ਼ਕਾਂ ਨਾਲ ਭਰੀਆਂ ਹੋਈਆਂ ਹਨ, ਉੱਥੇ ਲੁਧਿਆਣਾ ਦੀ ਰਾਜਵਿੰਦਰ ਕੌਰ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਆਪਣੀ ਘਰ ਦੀ ਛੱਤ (ਟੈਰਸ) ਨੂੰ ਇੱਕ ਅਜਿਹੇ ਮਿੰਨੀ ਫਾਰਮ ਵਿੱਚ ਬਦਲ ਦਿੱਤਾ ਹੈ, ਜਿੱਥੇ ਸਿਰਫ਼ ਫੁੱਲ ਹੀ ਨਹੀਂ, ਸਗੋਂ ਤਾਜ਼ੀਆਂ ਸਬਜ਼ੀਆਂ ਅਤੇ ਫ਼ਲ ਵੀ ਉੱਗ ਰਹੇ ਹਨ। 400 ਤੋਂ 500 ਪੌਦਿਆਂ ਦੀ ਸੰਭਾਲ ਕਰ ਰਹੀ ਰਾਜਵਿੰਦਰ ਦਾ ਇਹ ਸਫ਼ਰ ਹਰ ਉਸ ਇਨਸਾਨ ਲਈ ਪ੍ਰੇਰਨਾ ਹੈ ਜੋ ਕੁਦਰਤ ਨਾਲ ਜੁੜਨਾ ਚਾਹੁੰਦਾ ਹਨ। ਉਨ੍ਹਾਂ ਦੀ ਇਹ ਮਿਹਨਤ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਇਰਾਦਾ ਨੇਕ ਹੋਵੇ, ਤਾਂ ਸੀਮਤ ਜਗ੍ਹਾ ਵਿੱਚ ਵੀ ਹਰਿਆਲੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਆਪਣੇ ਪਰਿਵਾਰ ਨੂੰ ਸ਼ੁੱਧ ਤੇ ਜੈਵਿਕ ਖ਼ੁਰਾਕ ਦਿੱਤੀ ਜਾ ਸਕਦੀ ਹੈ।
ਸ਼ੌਂਕ ਤੋਂ ਸਵੈ-ਨਿਰਭਰਤਾ ਤੱਕ ਦਾ ਸਫ਼ਰ

ਰਾਜਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਜਾਵਟੀ ਅਤੇ ਫੁੱਲਾਂ ਵਾਲੇ ਪੌਦਿਆਂ ਦਾ ਸ਼ੌਂਕ ਰਿਹਾ ਹੈ। ਪਰ ਕੁਝ ਸਾਲ ਪਹਿਲਾਂ, ਉਨ੍ਹਾਂ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਜੇਕਰ ਉਹ ਫੁੱਲਾਂ ਦਾ ਇਨ੍ਹਾਂ ਚੰਗਾ ਪਾਲਣ-ਪੋਸ਼ਣ ਕਰ ਸਕਦੇ ਹਨ, ਤਾਂ ਖਾਣ ਵਾਲੀਆਂ ਸਬਜ਼ੀਆਂ ਅਤੇ ਫ਼ਲ ਕਿਉਂ ਨਹੀਂ ਉਗਾ ਸਕਦੇ?

ਇਸੇ ਸੋਚ ਨਾਲ, ਉਨ੍ਹਾਂ ਨੇ ਕਰੀਬ ਤਿੰਨ-ਚਾਰ ਸਾਲ ਪਹਿਲਾਂ ਸਬਜ਼ੀਆਂ ਉਗਾਉਣ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ। ਸ਼ੁਰੂਆਤ ਵਿੱਚ ਚੁਣੌਤੀਆਂ ਆਈਆਂ, ਪਰ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਇਸ ਕੰਮ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਅੱਜ, ਉਹ ਆਪਣੇ ਘਰ ਦੀਆਂ ਲੋੜਾਂ ਲਈ ਬਾਜ਼ਾਰ ‘ਤੇ ਨਿਰਭਰ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੁਣ ਉਨ੍ਹਾਂ ਦੀ ਛੱਤ ‘ਤੇ ਹੀ ਸਾਲ ਭਰ ਤਾਜ਼ੀਆਂ, ਸ਼ੁੱਧ ਅਤੇ ਸਿਹਤਮੰਦ ਸਬਜ਼ੀਆਂ ਦਾ ਭੰਡਾਰ ਲੱਗਿਆ ਰਹਿੰਦਾ ਹੈ।
ਗਮਲਿਆਂ ਤੋਂ ਡਰੱਮਾਂ ਅਤੇ ਗਰੋ-ਬੈਗਸ ਤੱਕ

ਗਾਰਡਨਿੰਗ ਦੇ ਸਫ਼ਰ ਵਿੱਚ ਰਾਜਵਿੰਦਰ ਨੇ ਕਈ ਅਹਿਮ ਤਬਦੀਲੀਆਂ ਕੀਤੀਆਂ। ਪਹਿਲਾਂ ਉਹ ਸਬਜ਼ੀਆਂ ਗਮਲਿਆਂ ਵਿੱਚ ਬੀਜਦੇ ਸਨ, ਪਰ ਜਲਦੀ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸੀਮਿੰਟ ਦੇ ਗਮਲੇ ਗਰਮੀਆਂ ਵਿੱਚ ਬਹੁਤ ਜ਼ਿਆਦਾ ਤਪ ਜਾਂਦੇ ਹਨ, ਜੋ ਪੌਦਿਆਂ ਦੀਆਂ ਜੜ੍ਹਾਂ ਲਈ ਨੁਕਸਾਨਦੇਹ ਹੈ।

ਇਸ ਦਾ ਹੱਲ ਉਨ੍ਹਾਂ ਨੇ ਨੀਲੇ ਪਲਾਸਟਿਕ ਦੇ ਡਰੱਮਾਂ ਅਤੇ ਹਾਈ-ਕੁਆਲਿਟੀ ਗਰੋ-ਬੈਗਸ ਵਿੱਚ ਲੱਭਿਆ। ਉਹ ਡਰੱਮਾਂ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਉਨ੍ਹਾਂ ਨੂੰ ਵੱਡੇ ਪਲਾਂਟਰਾਂ ਵਜੋਂ ਵਰਤਦੇ ਹਨ, ਜੋ ਕਿ ਫਲਦਾਰ ਬੂਟਿਆਂ ਲਈ ਬਹੁਤ ਵਧੀਆ ਸਾਬਤ ਹੁੰਦੇ ਹਨ। ਗਰੋ-ਬੈਗਸ ਦੀ ਵਰਤੋਂ ਬਾਰੇ ਉਹ ਦੱਸਦੇ ਹਨ ਕਿ ਇਹ 5-6 ਸਾਲ ਆਸਾਨੀ ਨਾਲ ਕੱਢ ਜਾਂਦੇ ਹਨ ਅਤੇ ਛੱਤ ‘ਤੇ ਭਾਰ ਵੀ ਘੱਟ ਪਾਉਂਦੇ ਹਨ।
ਮਿੱਟੀ ਦੀ ਤਿਆਰੀ ਅਤੇ ਕੁਦਰਤੀ ਖਾਦ

ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਗਾਰਡਨਿੰਗ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਮਿੱਟੀ ਦੀ ਗੁਣਵੱਤਾ ਵਿੱਚ ਹੈ। ਉਹ ਬਾਜ਼ਾਰੂ ਖਾਦਾਂ ਦੀ ਬਜਾਏ ਰਸੋਈ ਦੀ ਰਹਿੰਦ-ਖੂੰਹਦ ਤੋਂ ਖੁਦ ਕੰਪੋਸਟ ਤਿਆਰ ਕਰਦੇ ਹਨ। ਉਹ ਪੁਰਾਣੇ ਪੌਦਿਆਂ ਦੇ ਸੁੱਕੇ ਪੱਤੇ ਅਤੇ ਜੜ੍ਹਾਂ ਨੂੰ ਸੁੱਟਣ ਦੀ ਬਜਾਏ, ਨਵੇਂ ਪੌਦੇ ਲਗਾਉਣ ਵੇਲੇ ਡਰੱਮ ਦੇ ਹੇਠਲੇ ਹਿੱਸੇ ਵਿੱਚ ਦਬਾ ਦਿੰਦੇ ਹਨ। ਇਹ ਸਮੇਂ ਦੇ ਨਾਲ ਖਾਦ ਬਣ ਜਾਂਦੀ ਹੈ ਅਤੇ ਗਮਲੇ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਉਹ ਖੇਤ ਦੀ ਮਿੱਟੀ ਵਿੱਚ ਸੁੱਕੇ ਪੱਤੇ ਅਤੇ ਘਰ ਦੀ ਬਣੀ ਜੈਵਿਕ ਖਾਦ ਮਿਲਾ ਕੇ ਇੱਕ ਉਪਜਾਊ ਮਿਸ਼ਰਣ ਤਿਆਰ ਕਰਦੇ ਹਨ।
ਜ਼ਹਿਰ-ਮੁਕਤ ਖੇਤੀ: ਸਿਹਤ ਦਾ ਖਜ਼ਾਨਾ

ਰਾਜਵਿੰਦਰ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਦੇ ਗਾਰਡਨ ਦੀ ਹਰ ਸਬਜ਼ੀ ਸ਼ੁੱਧ ਅਤੇ ਜ਼ਹਿਰ ਮੁਕਤ ਹੈ। ਉਹ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਕੈਮੀਕਲ ਕੀਟਨਾਸ਼ਕ ਦੀ ਵਰਤੋਂ ਨਹੀਂ ਕਰਦੇ। ਜੇਕਰ ਕਦੇ ਪੌਦਿਆਂ ਨੂੰ ਕੋਈ ਬਿਮਾਰੀ ਜਾਂ ਸੁੰਡੀ ਲੱਗ ਜਾਂਦੀ ਹੈ, ਤਾਂ ਉਹ ਉਨ੍ਹਾਂ ‘ਤੇ ਪੁਰਾਣੀ ਖੱਟੀ ਲੱਸੀ ਦਾ ਸਪਰੇਅ ਕਰਦੇ ਹਨ। ਇਹ ਦੇਸੀ ਨੁਸਖਾ ਕੀੜਿਆਂ ਨੂੰ ਦੂਰ ਰੱਖਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ।

ਅਕਤੂਬਰ-ਨਵੰਬਰ ਤੋਂ ਮਾਰਚ ਤੱਕ, ਉਹ ਸਿਰਫ਼ ਘਰ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਦੀ ਹੀ ਵਰਤੋਂ ਕਰਦੇ ਹਨ। ਸਿਰਫ਼ ਮੌਸਮ ਬਦਲਣ ਵੇਲੇ (ਜਿਵੇਂ ਫਰਵਰੀ-ਮਾਰਚ ਦੇ 15-20 ਦਿਨ) ਜਦੋਂ ਨਵੇਂ ਬੂਟੇ ਤਿਆਰ ਹੋ ਰਹੇ ਹੁੰਦੇ ਹਨ, ਉਦੋਂ ਹੀ ਉਨ੍ਹਾਂ ਨੂੰ ਬਾਜ਼ਾਰ ਜਾਣਾ ਪੈਂਦਾ ਹੈ, ਨਹੀਂ ਤਾਂ ਉਹ ਸਾਰਾ ਸਾਲ ਆਪਣੀ ਤਾਜ਼ੀਆਂ ਸਬਜ਼ੀਆਂ ਦਾ ਹੀ ਆਨੰਦ ਮਾਣਦੇ ਹਨ।
ਮੌਸਮੀ ਸਬਜ਼ੀਆਂ ਅਤੇ ਬੀਜਾਂ ਦੀ ਚੋਣ

ਰਾਜਵਿੰਦਰ ਕੌਰ ਦੇ ਬਗੀਚੇ ਵਿੱਚ ਮੌਸਮੀ ਸਬਜ਼ੀਆਂ ਅਤੇ ਬੀਜਾਂ ਦੀ ਚੋਣ ਬਹੁਤ ਹੀ ਸੂਝ-ਬੂਝ ਨਾਲ ਕੀਤੀ ਜਾਂਦੀ ਹੈ, ਜਿਸ ਕਾਰਨ ਅੱਜ ਉਨ੍ਹਾਂ ਕੋਲ ਗਰਮੀਆਂ ਦੀਆਂ ਲਗਭਗ ਸਾਰੀਆਂ ਮੁੱਖ ਸਬਜ਼ੀਆਂ ਜਿਵੇਂ ਭਿੰਡੀ, ਰਾਮਤੋਰੀ, ਬੈਂਗਣ, ਸ਼ਿਮਲਾ ਮਿਰਚ, ਟਮਾਟਰ, ਹਰੀਆਂ ਮਿਰਚਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਮਸਾਲੇ ਵਾਲੇ ਬੂਟੇ ਅਤੇ ਫਲਦਾਰ ਪੌਦੇ ਵੀ ਹਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਬਾਜ਼ਾਰੀ ਬੀਜਾਂ ਦੀ ਬਜਾਏ ਪਿਛਲੇ ਦੋ ਸਾਲਾਂ ਤੋਂ ਟਮਾਟਰ, ਬੈਂਗਣ ਅਤੇ ਰਾਮਤੋਰੀ ਦੇ ਬੀਜ ਖੁਦ ਤਿਆਰ ਕਰਕੇ ਸਾਂਭਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਉਹ ਅਗਲੇ ਸੀਜ਼ਨ ਦੀ ਬਿਜਾਈ ਲਈ ਕਰਦੇ ਹਨ। ਪਨੀਰੀ ਲਈ ਉਹ ਅਕਸਰ PAU ਦੀ ਮਦਦ ਵੀ ਲੈਂਦੇ ਹਨ।
ਪੌਦਿਆਂ ਦੀ ਸੰਭਾਲ: ਬੱਚਿਆਂ ਵਾਂਗ ਪਿਆਰ

ਰਾਜਵਿੰਦਰ ਲਈ ਪੌਦੇ ਸਿਰਫ਼ ਵਸਤੂਆਂ ਨਹੀਂ, ਸਗੋਂ ਜੀਵਤ ਜੀਵ ਹਨ। ਉਹ ਕਹਿੰਦੇ ਹਨ, “ਜਿਵੇਂ ਸਾਨੂੰ ਬੱਚਿਆਂ ਦੀ ਭੁੱਖ-ਪਿਆਸ ਦਾ ਪਤਾ ਲੱਗ ਜਾਂਦਾ ਹੈ, ਉਸੇ ਤਰ੍ਹਾਂ ਹੀ ਮੈਨੂੰ ਆਪਣੇ ਬੂਟਿਆਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਕਦੋਂ ਪਾਣੀ ਜਾਂ ਖਾਦ ਦੀ ਲੋੜ ਹੈ”। ਉਹ ਆਪਣੀ ਸਵੇਰੇ ਅਤੇ ਸ਼ਾਮ ਆਪਣੇ 400-500 ਪੌਦਿਆਂ ਵਿਚਕਾਰ ਗੁਜ਼ਾਰਦੇ ਹਨ। ਖ਼ਾਸਕਰ ਗਰਮੀਆਂ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਉਹ ਬੜੇ ਚਾਅ ਨਾਲ ਨਿਭਾਉਂਦੇ ਹਨ।
ਪਰਿਵਾਰ ਦਾ ਸਹਿਯੋਗ
ਇਸ ਵੱਡੇ ਪੱਧਰ ਦੀ ਗਾਰਡਨਿੰਗ ਵਿੱਚ ਰਾਜਵਿੰਦਰ ਦੇ ਪਰਿਵਾਰ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਗਰੋ-ਬੈਗਸ, ਡਰੱਮ ਅਤੇ ਹੋਰ ਜ਼ਰੂਰੀ ਸਮਾਨ ਲਿਆ ਕੇ ਦਿੰਦੇ ਹਨ। ਜਦੋਂ ਕਦੇ ਰਾਜਵਿੰਦਰ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ, ਤਾਂ ਪਰਿਵਾਰ ਪਿੱਛੋਂ ਪੌਦਿਆਂ ਨੂੰ ਪਾਣੀ ਦੇਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ।
ਨਵੇਂ ਗਾਰਡਨਰਜ਼ ਲਈ ਸਲਾਹ

ਜਿਹੜੇ ਲੋਕ ਟੈਰਸ ਗਾਰਡਨਿੰਗ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਰਾਜਵਿੰਦਰ ਕੌਰ ਦੇ ਕੁਝ ਸੁਝਾਅ ਹਨ ਕਿ ਪਹਿਲਾਂ ਪਾਲਕ, ਧਨੀਆ ਅਤੇ ਮੇਥੀ ਵਰਗੀਆਂ ਆਸਾਨ ਸਬਜ਼ੀਆਂ ਤੋਂ ਸ਼ੁਰੂਆਤ ਕਰੋ। ਗਰਮੀਆਂ ਵਿੱਚ ਬੈਂਗਣ, ਮਿਰਚ ਅਤੇ ਟਮਾਟਰ ਵਰਗੇ ਮਜ਼ਬੂਤ ਬੂਟੇ ਲਗਾਉਣਾ ਫਾਇਦੇਮੰਦ ਰਹਿੰਦਾ ਹੈ।
ਸੀਮਿੰਟ ਦੇ ਗਮਲਿਆਂ ਦੀ ਬਜਾਏ ਹਲਕੇ ਗਰੋ-ਬੈਗਸ ਜਾਂ ਪਲਾਸਟਿਕ ਡਰੱਮਾਂ ਦੀ ਵਰਤੋਂ ਕਰੋ। ਯਾਦ ਰੱਖੋ, ਬਾਗਬਾਨੀ ਇੱਕ ਸਿੱਖਣ ਦੀ ਪ੍ਰਕਿਰਿਆ ਹੈ, ਇਸ ਲਈ ਤੁਸੀਂ ਲਗਾਤਾਰ ਐਕਸਪੈਰੀਮੈਂਟ ਕਰਦੇ ਰਹੋ। ਜਿਵੇਂ-ਜਿਵੇਂ ਤੁਹਾਡਾ ਅਨੁਭਵ ਵਧੇਗਾ, ਤੁਸੀਂ ਇਸ ਦੀਆਂ ਬਾਰੀਕੀਆਂ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਜਾਓਗੇ।
ਰਾਜਵਿੰਦਰ ਕੌਰ ਦੀ ਇਹ ਹਰੀ-ਭਰੀ ਛੱਤ ਸਾਨੂੰ ਦੱਸਦੀ ਹੈ ਕਿ ਜੇਕਰ ਮਨ ਵਿੱਚ ਜਨੂੰਨ ਹੋਵੇ, ਤਾਂ ਸੀਮਤ ਸਾਧਨਾਂ ਦੇ ਨਾਲ ਵੀ, ਕੁਦਰਤ ਨੂੰ ਆਪਣੇ ਘਰ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦਾ ਕੰਮ ਨਾ ਸਿਰਫ਼ ਉਨ੍ਹਾਂ ਨੂੰ ਮਾਨਸਿਕ ਸਕੂਨ ਦਿੰਦਾ ਹੈ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਤਾਜ਼ਾ ਅਤੇ ਸ਼ੁੱਧ ਖ਼ੁਰਾਕ ਵੀ ਪ੍ਰਦਾਨ ਕਰਦਾ ਹੈ। ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਅਜਿਹੇ ਯਤਨ ਸਮੇਂ ਦੀ ਮੁੱਖ ਲੋੜ ਹਨ।
COMMENTS