Gurdaspur ਵਿੱਚ ਕਿਸਾਨਾਂ ਨੇ ਲਗਾਇਆ Gobar Gas Plant, ਗੈਸ ਵੀ ਅਤੇ ਜੈਵਿਕ ਖਾਦ ਵੀ

Gurdaspur ਵਿੱਚ ਕਿਸਾਨਾਂ ਨੇ ਲਗਾਇਆ Gobar Gas Plant, ਗੈਸ ਵੀ ਅਤੇ ਜੈਵਿਕ ਖਾਦ ਵੀPic Credit: PB-SHABD

ਅੱਜ ਦੇ ਸਮੇਂ ਵਿੱਚ, ਜਿੱਥੇ ਰਸੋਈ ਗੈਸ (LPG) ਦੀਆਂ ਵਧਦੀਆਂ ਕੀਮਤਾਂ ਅਤੇ ਸਿਲੰਡਰਾਂ ਦੀ ਕਿੱਲਤ ਨੇ ਆਮ ਆਦਮੀ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਗੁਰਦਾਸਪੁਰ ਦੇ ਪਿੰਡ ਚੱ

ਖੇਤੀ ‘ਚ ਖ਼ਰਚਾ ਘੱਟ ਤੇ ਕਮਾਈ ਵੱਧ: ਜਾਣੋ ਜਸਕਰਨ ਸਿੰਘ ਤੋਂ ਇੰਟਰ-ਕਰੋਪਿੰਗ ਰਾਹੀਂ ਵੱਧ ਮੁਨਾਫ਼ਾ ਕਮਾਉਣ ਦੇ ਗੁਰ
ਫ਼ਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਸੁਖਚੈਨ ਸਿੰਘ ਨੇ ਫੁੱਲਾਂ ਦੀ ਖੇਤੀ ਨਾਲ ਬਦਲੀ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਕਿਸਮਤ
ਝੋਨੇ ਦੀਆਂ ਕਿਸਮਾਂ PR-131 ਅਤੇ PR-132 ‘ਤੇ ਕੋਈ ਪਾਬੰਦੀ ਨਹੀਂ, PAU ਨੇ ਅਫ਼ਵਾਹਾਂ ਦਾ ਕੀਤਾ ਖੰਡਨ

ਅੱਜ ਦੇ ਸਮੇਂ ਵਿੱਚ, ਜਿੱਥੇ ਰਸੋਈ ਗੈਸ (LPG) ਦੀਆਂ ਵਧਦੀਆਂ ਕੀਮਤਾਂ ਅਤੇ ਸਿਲੰਡਰਾਂ ਦੀ ਕਿੱਲਤ ਨੇ ਆਮ ਆਦਮੀ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਗੁਰਦਾਸਪੁਰ ਦੇ ਪਿੰਡ ਚੱਕ ਰਾਈਆਂ ਦੇ ਕਿਸਾਨਾਂ ਨੇ ਇੱਕ ਬਿਹਤਰ ਅਤੇ ਸਸਤਾ ਵਿਕਲਪ ਲੱਭਿਆ ਹੈ। ਆਪਣੇ ਘਰਾਂ ਵਿੱਚ ਗੋਬਰ ਗੈਸ ਪਲਾਂਟ ਲਗਾ ਕੇ, ਇੱਥੋਂ ਦੇ ਅਗਾਂਹਵਧੂ ਕਿਸਾਨਾਂ ਨੇ ਨਾ ਸਿਰਫ਼ ਮੁਫ਼ਤ ਬਾਲਣ ਪ੍ਰਾਪਤ ਕੀਤਾ ਹੈ, ਸਗੋਂ ਖੇਤੀਬਾੜੀ ਲਈ ਉੱਚ-ਗੁਣਵੱਤਾ ਵਾਲੀ ਜੈਵਿਕ ਖਾਦ ਵੀ ਤਿਆਰ ਕਰ ਰਹੇ ਹਨ।

ਗੋਬਰ ਗੈਸ ਪਲਾਂਟ

ਬਾਇਓਗੈਸ ਜਾਂ ਗੋਬਰ ਗੈਸ ਪਲਾਂਟ ਇੱਕ ਸਰਲ ਅਤੇ ਪ੍ਰਭਾਵਸ਼ਾਲੀ ਤਕਨੀਕ ਹੈ ਜਿਸ ਵਿੱਚ ਪਸ਼ੂਆਂ ਦੇ ਗੋਹੇ ਨੂੰ ਇੱਕ ਨਿਸ਼ਚਿਤ ਮਾਤਰਾ ਵਿੱਚ ਪਾਣੀ ਨਾਲ ਘੋਲ ਕੇ ਇੱਕ ਭੂਮੀਗਤ ਪਲਾਂਟ (ਡਾਇਜੈਸਟਰ) ਵਿੱਚ ਪਾਇਆ ਜਾਂਦਾ ਹੈ। ਇੱਥੇ ਗੋਹੇ ਦੇ ਗਲਣ-ਸੜਨ ਨਾਲ ਮਿਥੇਨ ਗੈਸ ਪੈਦਾ ਹੁੰਦੀ ਹੈ, ਜੋ ਪਾਈਪਾਂ ਰਾਹੀਂ ਸਿੱਧੀ ਰਸੋਈ ਤੱਕ ਪਹੁੰਚਦੀ ਹੈ। ਇਹ ਗੈਸ ਪੂਰੀ ਤਰ੍ਹਾਂ ਪ੍ਰਦੂਸ਼ਣ-ਮੁਕਤ ਅਤੇ ਧੂੰਆਂ ਰਹਿਤ ਹੈ।

gobar gas plant 3
Pic Credit: PB-SHABD

ਕਿਸਾਨ ਪਲਵਿੰਦਰ ਸਿੰਘ ਦਾ ਤਜ਼ਰਬਾ 

ਪਿੰਡ ਚੱਕ ਰਾਈਆਂ ਦੇ ਕਿਸਾਨ ਪਲਵਿੰਦਰ ਸਿੰਘ ਪਿਛਲੇ 16 ਸਾਲਾਂ ਤੋਂ ਇਸ ਤਕਨੀਕ ਦਾ ਲਾਭ ਲੈ ਰਹੇ ਹਨ। ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਲ 2010 ਵਿੱਚ ਇਹ ਪਲਾਂਟ ਲਗਵਾਇਆ ਸੀ। ਉਸ ਸਮੇਂ ਖ਼ਰਚਾ 15 ਹਜ਼ਾਰ ਰੁਪਏ ਆਇਆ ਸੀ ਅਤੇ ਸਰਕਾਰ ਵੱਲੋਂ 50% ਸਬਸਿਡੀ ਵੀ ਮਿਲੀ ਸੀ। ਅੱਜ ਇੰਨੇ ਸਾਲਾਂ ਬਾਅਦ ਵੀ ਇਹ ਪਲਾਂਟ ਬਿਨਾਂ ਕਿਸੇ ਦਿੱਕਤ ਦੇ ਚੱਲ ਰਿਹਾ ਹੈ। ਸਾਨੂੰ ਕਦੇ ਗੈਸ ਦੀ ਕਿੱਲਤ ਮਹਿਸੂਸ ਨਹੀਂ ਹੋਈ। ਗੋਬਰ ਘੋਲਣ ‘ਤੇ ਰੋਜ਼ਾਨਾ ਸਿਰਫ਼ 10 ਮਿੰਟ ਲੱਗਦੇ ਹਨ। ਸਰਦੀਆਂ ਵਿੱਚ ਇੱਕ-ਦੋ ਸਿਲੰਡਰ ਲੈਣੇ ਪੈਂਦੇ, ਨਹੀਂ ਤਾਂ ਸਾਰਾ ਕੰਮ ਇੱਥੋਂ ਹੀ ਚੱਲਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਖੇਤੀਬਾੜੀ ਵਿੱਚ ਹੁੰਦਾ ਹੈ। ਪਲਾਂਟ ਵਿੱਚੋਂ ਨਿਕਲਣ ਵਾਲਾ ਵੇਸਟ ਆਮ ਰੂੜੀ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ। ਜਿੱਥੇ ਖੇਤ ਵਿੱਚ 8 ਟਰਾਲੀਆਂ ਰੂੜੀ ਪਾਉਣੀ ਪੈਂਦੀ ਹੈ, ਉੱਥੇ ਇਸ ਦੀਆਂ ਸਿਰਫ਼ 2 ਟਰਾਲੀਆਂ ਹੀ ਫ਼ਸਲ ਦਾ ਝਾੜ ਵਧਾਉਣ ਲਈ ਕਾਫ਼ੀ ਹਨ।

gobar gas plant 5
Pic Credit: PB-SHABD

ਸਰਕਾਰ ਵੱਲੋਂ ਵੱਡੀ ਸਬਸਿਡੀ

ਸਰਕਾਰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (PEDA) ਰਾਹੀਂ ਇਨ੍ਹਾਂ ਪਲਾਂਟਾਂ ਨੂੰ ਉਤਸ਼ਾਹਿਤ ਕਰ ਰਹੀ ਹੈ। PEDA ਦੇ ਜ਼ਿਲ੍ਹਾ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਬਾਇਓਗੈਸ ਪਲਾਂਟ ਖੇਤੀਬਾੜੀ ਅਤੇ ਘਰੇਲੂ ਅਰਥਵਿਵਸਥਾ ਲਈ ਵਰਦਾਨ ਹਨ। ਇਸ ਗੈਸ ਵਿੱਚ 55 ਤੋਂ 70% ਤੱਕ ਮਿਥੇਨ ਗੈਸ ਹੁੰਦੀ ਹੈ। ਪੰਜਾਬ ਵਿੱਚ ਹੁਣ ਤੱਕ 1,85,000 ਤੋਂ ਵੱਧ ਪਲਾਂਟ ਲਗਾਏ ਜਾ ਚੁੱਕੇ ਹਨ। ਇਸ ਉੱਪਰ ਖ਼ਰਚਾ 50-60 ਹਜ਼ਾਰ ਆਉਂਦਾ ਹੈ। ਇਸ ਸਮੇਂ, ਭਾਰਤ ਸਰਕਾਰ 4 ਘਣ ਮੀਟਰ ‘ਤੇ 14,350 ਰੁਪਏ ਅਤੇ 6 ਘਣ ਮੀਟਰ ‘ਤੇ 22,750 ਰੁਪਏ ਦੀ ਸਬਸਿਡੀ ਦੇ ਰਹੀ ਹੈ। ਜ਼ਿਕਰਯੋਗ, ਜਿਨ੍ਹਾਂ ਕਿਸਾਨਾਂ ਕੋਲ 7 ਤੋਂ 12 ਪਸ਼ੂ ਹਨ, ਉਹ ਵੱਡਾ ਪਲਾਂਟ ਲਗਾ ਕੇ ਹਰ ਮਹੀਨੇ ਦੋ ਸਿਲੰਡਰਾਂ ਜਿੰਨੀ ਗੈਸ ਪੈਦਾ ਕਰ ਸਕਦੇ ਹਨ, ਜੋ ਇੱਕ ਆਮ ਪਰਿਵਾਰ ਲਈ ਕਾਫ਼ੀ ਹੈ।

gobar gas plant 4
Pic Credit: PB-SHABD

ਬਾਇਓਗੈਸ ਦੇ ਫ਼ਾਇਦੇ 

ਬਾਇਓਗੈਸ ਦਾ ਸਭ ਤੋਂ ਅਹਿਮ ਫ਼ਾਇਦਾ ਆਰਥਿਕ ਬੱਚਤ ਹੈ, ਇਹ ਮਹਿੰਗੇ ਰਸੋਈ ਗੈਸ ਸਿਲੰਡਰਾਂ ਦੀ ਜ਼ਰੂਰਤ ਨੂੰ ਖ਼ਤਮ ਕਰਦਾ ਹੈ ਅਤੇ ਸੁਰੱਖਿਆ ਦੇ ਪੱਖੋਂ ਵੀ ਇਹ ਐਲਪੀਜੀ ਦੇ ਮੁਕਾਬਲੇ ਗੋਬਰ ਗੈਸ ਲੀਕ ਹੋਣ ‘ਤੇ ਧਮਾਕੇ ਜਾਂ ਨੁਕਸਾਨ ਦਾ ਕੋਈ ਖ਼ਤਰਾ ਨਹੀਂ ਹੁੰਦਾ। ਨਾਲ ਹੀ, ਪਲਾਂਟ ਵਿੱਚੋਂ ਨਿਕਲਣ ਵਾਲੀ ਜੈਵਿਕ ਖਾਦ ਰਸਾਇਣਕ ਖਾਦਾਂ ‘ਤੇ ਨਿਰਭਰਤਾ ਨੂੰ ਘਟਾਉਂਦੀ ਹੈ ਅਤੇ ਗੋਬਰ ਦੇ ਸਹੀ ਨਿਪਟਾਰੇ ਕਾਰਨ ਘਰਾਂ ਅਤੇ ਪਿੰਡਾਂ ਵਿੱਚ ਸਫਾਈ ਬਣੀ ਰਹਿੰਦੀ ਹੈ ਅਤੇ ਗੰਦਗੀ ਨਹੀਂ ਫੈਲਦੀ।

COMMENTS

WORDPRESS: 0