ਪੰਜਾਬ ਵਿੱਚ ਪਾਣੀ ਦੇ ਡੂੰਘੇ ਹੁੰਦੇ ਸੰਕਟ ਅਤੇ ਖੇਤੀਬਾੜੀ 'ਤੇ ਦਬਾਅ ਦੇ ਕਾਰਨ, ਹੁਣ ਝੋਨੇ-ਕਣਕ ਦੇ ਵਿਕਲਪ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸੂਬਾ ਸਰਕਾਰ ਵਲੋਂ
ਪੰਜਾਬ ਵਿੱਚ ਪਾਣੀ ਦੇ ਡੂੰਘੇ ਹੁੰਦੇ ਸੰਕਟ ਅਤੇ ਖੇਤੀਬਾੜੀ ‘ਤੇ ਦਬਾਅ ਦੇ ਕਾਰਨ, ਹੁਣ ਝੋਨੇ-ਕਣਕ ਦੇ ਵਿਕਲਪ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਚੱਕਰ ਵਿੱਚੋਂ ਬਾਹਰ ਨਿਕਲ ਕੇ ਦੂਜੀਆਂ ਫ਼ਸਲਾਂ ਅਪਣਾਉਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਇਸ ਸਮੱਸਿਆ ਦਾ ਇੱਕ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹੋਏ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਮਾਹਿਰਾਂ ਨੇ Soybean ਨੂੰ ‘Golden bean’ ਵਜੋਂ ਪੇਸ਼ ਕੀਤਾ ਹੈ ਜੋ ਪਾਣੀ ਦੀ ਸੰਭਾਲ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਫ਼ਸਲੀ ਪ੍ਰਣਾਲੀਆਂ ਨੂੰ ਵਿਭਿੰਨ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
ਆਰਥਿਕ ਅਤੇ ਵਾਤਾਵਰਣਕ ਪੱਖੋਂ ਲਾਹੇਵੰਦ
ਯੂਨੀਵਰਸਿਟੀ ਦੇ ਖੇਤੀਬਾੜੀ ਮਾਹਿਰਾਂ ਦੇ ਅਨੁਸਾਰ Soybean ਵਿੱਚ ਲਗਭਗ 40% ਪ੍ਰੋਟੀਨ ਅਤੇ 20% ਤੇਲ ਹੁੰਦਾ ਹੈ, ਜੋ ਇਸ ਨੂੰ ਪੌਸ਼ਟਿਕ ਅਤੇ ਵਪਾਰਕ ਪੱਖੋਂ ਇੱਕ ਮਜ਼ਬੂਤ ਵਿਕਲਪ ਬਣਾਉਂਦਾ ਹੈ। ਇਸ ਦੀ ਉਪਜ ਸਮਰੱਥਾ 6.1 ਤੋਂ 7.3 ਕੁਇੰਟਲ ਪ੍ਰਤੀ ਏਕੜ ਤੱਕ ਹੁੰਦੀ ਹੈ। ਪੀਏਯੂ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਸੀਨੀਅਰ ਐਗਰੋਨੋਮਿਸਟ ਹਰਪ੍ਰੀਤ ਕੌਰ ਵਿਰਕ ਦਾ ਕਹਿਣਾ ਹੈ ਕਿ Soybean ਸਿਰਫ਼ ਇੱਕ ਤੇਲ ਬੀਜ ਨਹੀਂ ਹੈ, ਸਗੋਂ ਇਹ ਝੋਨੇ ਦੀ ਥਾਂ ਲੈ ਕੇ ਕਿਸਾਨਾਂ ਨੂੰ ਆਰਥਿਕ ਅਤੇ ਵਾਤਾਵਰਣਕ ਲਾਭ ਦੇ ਸਕਦੀ ਹੈ। ਇਹ ਝੋਨੇ ਦੇ ਮੁਕਾਬਲੇ ਬਹੁਤ ਘੱਟ ਪਾਣੀ ਲੈਂਦੀ ਹੈ, ਜਿਸ ਨਾਲ ਪੰਜਾਬ ਦੇ ਡੁੱਬਦੇ ਭੂਮੀਗਤ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਇੱਕ ਫਲ਼ੀਦਾਰ ਫ਼ਸਲ ਹੋਣ ਕਰਕੇ ਇਹ ਹਵਾ ਤੋਂ ਨਾਈਟ੍ਰੋਜਨ ਲੈ ਕੇ ਮਿੱਟੀ ਦੀ ਸਿਹਤ ਨੂੰ ਵੀ ਸੁਧਾਰਦੀ ਹੈ।
ਯੂਨੀਵਰਸਿਟੀ ਵੱਲੋਂ ਸਿਫਾਰਸ਼ ਉੱਨਤ ਕਿਸਮਾਂ
ਐਗਰੋਨੋਮਿਸਟ ਵਜਿੰਦਰ ਪਾਲ ਕਾਲੜਾ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਹਨ ਜਿੰਨ੍ਹਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ। ਮੁੱਖ ਕਿਸਮਾਂ ਇਸ ਪ੍ਰਕਾਰ ਹਨ:
- SL 958: ਇਸ ਦੇ ਦਾਣੇ ਚਮਕਦਾਰ ਹਲਕੇ ਪੀਲੇ ਹੁੰਦੇ ਹਨ। ਇਹ ਪੀਲੇ ਮੋਜ਼ੇਕ ਵਾਇਰਸ ਪ੍ਰਤੀ ਪੂਰੀ ਤਰ੍ਹਾਂ ਰੋਧਕ ਹੈ ਅਤੇ 7.3 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
- SL 744: ਵੱਡੇ ਅਤੇ ਹਲਕੇ ਭੂਰੇ ਦਾਣਿਆਂ ਵਾਲੀ ਇਹ ਕਿਸਮ ਵੀ ਵਾਇਰਸ ਪ੍ਰਤੀ ਰੋਧਕ ਹੈ ਅਤੇ ਇਸਦੀ ਪੈਦਾਵਾਰ ਵੀ 7.3 ਕੁਇੰਟਲ ਪ੍ਰਤੀ ਏਕੜ ਹੈ।
- SL 525: ਹਲਕੇ ਭੂਰੇ ਦਾਣਿਆਂ ਵਾਲੀ ਇਹ ਕਿਸਮ ਤਣਾ ਮੱਖੀ (ਸਟੈੱਮ ਫਲਾਈ) ਅਤੇ ਜੜ੍ਹ ਦੇ ਕੀੜਿਆਂ ਤੋਂ ਸੁਰੱਖਿਅਤ ਹੈ। ਇਹ 6.1 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
ਕਾਸ਼ਤ ਦੇ ਮੁੱਖ ਨੁਕਤੇ ਅਤੇ ਸਾਵਧਾਨੀਆਂ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਢੰਗ ਨਾਲ ਖੇਤੀ ਕੀਤੀ ਜਾਵੇ ਤਾਂ ਇਸ ਫ਼ਸਲ ਤੋਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਦੇ ਲਈ ਖੇਤ ਨੂੰ 2-3 ਵਾਰ ਵਾਹ ਕੇ ਸੁਹਾਗਾ ਫੇਰਨਾ ਚਾਹੀਦਾ ਹੈ। ਬਿਜਾਈ ਲਈ ਪ੍ਰਤੀ ਏਕੜ 30 ਤੋਂ 35 ਕਿੱਲੋ ਬੀਜ ਦੀ ਵਰਤੋਂ ਕਰੋ ਅਤੇ ਕਤਾਰਾਂ ਵਿਚਕਾਰ 45 ਸੈਂਟੀਮੀਟਰ ਦੀ ਦੂਰੀ ਬਣਾ ਕੇ ਰੱਖੋ। ਨਾਲ ਹੀ, ਨਦੀਨਾਂ ਦੀ ਰੋਕਥਾਮ ਲਈ 20 ਅਤੇ 40 ਦਿਨਾਂ ‘ਤੇ ਗੋਡੀ ਕਰੋ ਜਾਂ ਸਿਫਾਰਸ਼ ਕੀਤੀਆਂ ਦਵਾਈਆਂ (ਜਿਵੇਂ ਪੈਂਡੀਮੈਥਾਲਿਨ/ ਇਮਾਜ਼ੇਥਾਪਾਇਰ) ਦਾ ਛਿੜਕਾਅ ਕਰੋ।
ਜ਼ਿਕਰਯੋਗ, ਫ਼ਸਲ ਨੂੰ 3 ਤੋਂ 4 ਵਾਰ ਪਾਣੀ ਦੇਣ ਦੀ ਲੋੜ ਹੁੰਦੀ ਹੈ, ਖ਼ਾਸ ਕਰਕੇ ਫ਼ਲੀਆਂ ਵਿੱਚ ਦਾਣਾ ਭਰਨ ਦਾ ਸਮਾਂ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਫ਼ਸਲ ਦੀ ਕਟਾਈ ਉਦੋਂ ਕਰੋ ਜਦੋਂ ਫ਼ਲੀਆਂ ਰੰਗ ਬਦਲਦੀਆਂ ਹਨ ਤਾਂ ਜੋ ਝੜਨ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ, Soybean ਅਪਣਾ ਕੇ ਪੰਜਾਬ ਦੇ ਕਿਸਾਨ ਕੁਦਰਤੀ ਸਰੋਤ ਬਚਾ ਸਕਦੇ ਹਨ ਅਤੇ ਮਾਰਕੀਟ ਵਿੱਚ ਨਵੇਂ ਮੌਕੇ ਲੱਭ ਕੇ ਆਪਣੀ ਆਮਦਨ ਵੀ ਸੁਰੱਖਿਅਤ ਕਰ ਸਕਦੇ ਹਨ।
COMMENTS