Pathankot ਦੀ ਇਸ ਦਾਦੀ ਨੇ ਬਣਾਇਆ ਮਹਿਲਾਵਾਂ ਦਾ Self Help Group, ਘਰ ਦੇ ਬਗੀਚੇ ਤੋਂ ਸ਼ੁਰੂ ਕੀਤਾ ਕੰਮ

Pathankot ਦੀ ਇਸ ਦਾਦੀ ਨੇ ਬਣਾਇਆ ਮਹਿਲਾਵਾਂ ਦਾ Self Help Group, ਘਰ ਦੇ ਬਗੀਚੇ ਤੋਂ ਸ਼ੁਰੂ ਕੀਤਾ ਕੰਮ

ਸੁਦਰਸ਼ਨਾ ਦੇਵੀ ਨੇ ਇੱਕ ਸੈਲਫ-ਹੈਲਪ ਗਰੁੱਪ ਬਣਾਇਆ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਹੋਰ 10 ਔਰਤਾਂ ਨੂੰ ਵੀ ਸ਼ਾਮਲ ਕੀਤਾ। ਗਰੁੱਪ ਬਣਾਉਣ ਤੋਂ ਬਾਅਦ ਸੁਦਰਸ਼ਨਾ ਦੇਵੀ ਨੇ ਆਪਣੇ ਘਰ ਦੇ ਬਗੀਚੇ ਵਿੱਚ ਉੱਗੇ ਅੰਬ, ਆਂਵਲੇ ਅਤੇ ਬਾਂਸ ਤੋਂ ਬਣੇ ਉਤਪਾਦ ਤਿਆਰ ਕਰਕੇ ਉਹਨਾਂ ਨੂੰ ਲੱਖਾਂ ਰੁਪਏ ਵਿੱਚ ਵੇਚਿਆ ਅਤੇ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ ਕਾਇਮ ਕੀਤੀ।

ਲੰਡਨ ਰਿਟਰਨ ਅਭਿਨਵ ਬੰਸਲ ਨੇ ਫੁੱਲਾਂ ਅਤੇ ਆਧੁਨਿਕ ਖੇਤੀ ਰਾਹੀਂ ਪਛਾਣੀ ਪੰਜਾਬ ਦੀ ਮਿੱਟੀ ਦੀ ਅਸਲ ਤਾਕਤ
ਪੁਲਿਸ ਦੀ ਨੌਕਰੀ ਛੱਡ, ਜਗਦੀਪ ਸਿੰਘ ਨੇ ਡੇਅਰੀ ‘ਚ ਬਣਾਈ ਵੱਖਰੀ ਪਛਾਣ
ਬੰਜਰ ਜ਼ਮੀਨ ਦਾ ਕਮਾਲ: ਮੁਕਤਸਰ ਦੇ ਕਿਸਾਨ ਗੁਰਮੀਤ ਸਿੰਘ ਨੇ ਸੀਡ ਪ੍ਰੋਡਕਸ਼ਨ ਰਾਹੀਂ ਕਮਾਇਆ ਦੁੱਗਣਾ ਮੁਨਾਫ਼ਾ 

ਹਿੰਮਤ, ਦ੍ਰਿੜਤਾ ਅਤੇ ਕੁਝ ਕਰਨ ਦਾ ਜਜ਼ਬਾ ਕਿਸੇ ਵੀ ਇਨਸਾਨ ਨੂੰ ਅਰਸ਼ਾਂ ਤੱਕ ਪਹੁੰਚਾ ਸਕਦਾ ਹੈ। ਇਹ ਕਹਾਣੀ ਪਠਾਨਕੋਟ ਦੇ ਪਿੰਡ ਹਾੜਾ (ਟਿਕਾ ਕੋਟਪੂਹੀ) ਦੀ ਵਸਨੀਕ ਸੁਦਰਸ਼ਨਾ ਦੇਵੀ ਦੀ ਹੈ। ਸੁਦਰਸ਼ਨਾ ਦੇਵੀ ਸਿਰਫ਼ ਇੱਕ ਘਰੇਲੂ ਔਰਤ ਨਹੀਂ, ਸਗੋਂ ਉਹ ਇੱਕ ਅਜਿਹੀ ਮਿਸਾਲ ਹੈ ਜਿਸਨੇ ਸਮਾਜਿਕ ਤਾਅਨਿਆਂ ਅਤੇ ਪਰਿਵਾਰਕ ਵਿਰੋਧ ਦੇ ਬਾਵਜੂਦ ਨਾ ਸਿਰਫ਼ ਆਪਣੀ ਪਛਾਣ ਬਣਾਈ, ਸਗੋਂ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਆਤਮ-ਨਿਰਭਰ ਬਣਨ ਦਾ ਰਾਹ ਵੀ ਦਿਖਾਇਆ। ਉਨ੍ਹਾਂ ਦਾ ਇਹ ਸਫ਼ਰ ਅੱਜ ਦੀਆਂ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ, ਜੋ ਸਾਬਤ ਕਰਦਾ ਹੈ ਕਿ ਸਖ਼ਤ ਮਿਹਨਤ ਅਤੇ ਸਵੈ-ਵਿਸ਼ਵਾਸ ਨਾਲ ਕਿਸੇ ਵੀ ਰੁਕਾਵਟ ਨੂੰ ਪਾਰ ਕੀਤਾ ਜਾ ਸਕਦਾ ਹੈ।

ਸਵੈ-ਸਹਾਇਤਾ ਸਮੂਹ ਦੀ ਸ਼ੁਰੂਆਤ

ਸੁਦਰਸ਼ਨਾ ਦੇਵੀ ਦਾ ਸਫ਼ਰ ਸਾਲ 2002 ਵਿੱਚ ਸ਼ੁਰੂ ਹੋਇਆ ਸੀ। ਉਸ ਸਮੇਂ, ਵਰਲਡ ਬੈਂਕ ਦਾ ਇੱਕ ਪ੍ਰੋਜੈਕਟ ਇਲਾਕੇ ਵਿੱਚ ਆਇਆ ਸੀ। ਪ੍ਰੋਜੈਕਟ ਦੇ ਅਧਿਕਾਰੀਆਂ ਅਤੇ ਮੈਡਮਾਂ ਨੇ ਪਿੰਡ ਦੀਆਂ ਔਰਤਾਂ ਨੂੰ ਇਕੱਠੇ ਹੋ ਕੇ ਇੱਕ ਗਰੁੱਪ (ਸਵੈ-ਸਹਾਇਤਾ ਸਮੂਹ) ਬਣਾਉਣ ਲਈ ਪ੍ਰੇਰਿਤ ਕੀਤਾ। ਸੁਦਰਸ਼ਨਾ ਜੀ ਨੇ ਪਹਿਲ ਕਰਦਿਆਂ 20 ਔਰਤਾਂ ਨੂੰ ਆਪਣੇ ਨਾਲ ਜੋੜਿਆ।

ਉਸ ਸਮੇਂ ਸਭ ਤੋਂ ਵੱਡੀ ਚੁਣੌਤੀ ਬੱਚਤ ਦੀ ਆਦਤ ਪਾਉਣੀ ਸੀ। ਹਰ ਮਹੀਨੇ ਸਿਰਫ਼ 20 ਰੁਪਏ ਜਮ੍ਹਾਂ ਕਰਨੇ ਹੁੰਦੇ ਸਨ। ਸੁਦਰਸ਼ਨਾ ਜੀ ਦੱਸਦੇ ਹਨ ਕਿ ਉਹ ਘਰ-ਘਰ ਜਾ ਕੇ ਔਰਤਾਂ ਕੋਲੋਂ 20-20 ਰੁਪਏ ਇਕੱਠੇ ਕਰਦੇ ਸਨ। ਕਈ ਵਾਰ ਔਰਤਾਂ ਪੈਸੇ ਦੇਣ ਵਿੱਚ ਆਨਾ-ਕਾਨੀ ਕਰਦੀਆਂ ਸਨ, ਪਰ ਉਹ ਹਾਰ ਨਹੀਂ ਮੰਨਦੇ ਸਨ। ਉਨ੍ਹਾਂ ਨੇ ਕੋਪਰੇਟਿਵ ਬੈਂਕ ਵਿੱਚ ਖਾਤਾ ਖੁਲਵਾਇਆ ਅਤੇ ਪ੍ਰਧਾਨ, ਸੈਕਟਰੀ ਤੇ ਖਜ਼ਾਨਚੀ ਦੇ ਅਹੁਦੇ ਤੈਅ ਕਰਕੇ ਸਿਸਟਮ ਨੂੰ ਰਸਮੀ ਰੂਪ ਦਿੱਤਾ।

Sudarshana Devi Pathankot SHG 2

ਪਰਿਵਾਰਕ ਅਤੇ ਸਮਾਜਿਕ ਚੁਣੌਤੀਆਂ

ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਸਮੇਂ, ਪਹਿਲਾ ਵਿਰੋਧ ਘਰ ਤੋਂ ਹੁੰਦਾ ਹੈ। ਸੁਦਰਸ਼ਨਾ ਜੀ ਦੇ ਪਤੀ ਵੀ ਇਸ ਕੰਮ ਦੇ ਖਿਲਾਫ਼ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਘਰ-ਘਰ ਜਾ ਕੇ 20-20 ਰੁਪਏ ਇਕੱਠੇ ਕਰਨਾ ਸਮੇਂ ਦੀ ਬਰਬਾਦੀ ਹੈ। ਉਹ ਅਕਸਰ ਗੁੱਸੇ ਵਿੱਚ ਆ ਜਾਂਦੇ ਅਤੇ ਕਹਿੰਦੇ ਸਨ ਕਿ ਜੇਕਰ ਇੰਨਾ ਹੀ ਸ਼ੌਕ ਹੈ ਤਾਂ ਆਪਣੇ ਪੱਲਿਓਂ ਪੈਸੇ ਜਮ੍ਹਾਂ ਕਰਵਾ ਦਿਆ ਕਰੇ। ਪਰ ਸੁਦਰਸ਼ਨਾ ਜੀ ਦੇ ਮਨ ਵਿੱਚ ਕੁਝ ਹੋਰ ਚੱਲ ਰਿਹਾ ਸੀ, ਉਹ ਚਾਹੁੰਦੇ ਸਨ ਕਿ ਪਿੰਡ ਦੀਆਂ ਔਰਤਾਂ ਵਿੱਚ ਬੱਚਤ ਦੀ ਭਾਵਨਾ ਪੈਦਾ ਹੋਵੇ।

ਜ਼ਿਕਰਯੋਗ, ਸਮਾਜ ਵੀ ਪਿੱਛੇ ਨਹੀਂ ਸੀ। ਜਦੋਂ ਉਹ ਝੋਲਾ ਚੁੱਕ ਕੇ ਦਫ਼ਤਰਾਂ ਜਾਂ ਬੈਂਕਾਂ ਵਿੱਚ ਜਾਂਦੇ ਸਨ, ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਅਧਿਕਾਰੀ ਵੀ ਕਈ ਵਾਰ ਕਹਿ ਦਿੰਦੇ ਸਨ, “ਇਹ ਬੁੱਢੀ ਰੋਜ਼ ਹੀ ਝੋਲਾ ਚੁੱਕੀ ਆ ਜਾਂਦੀ ਹੈ”, ਪਰ ਸੁਦਰਸ਼ਨਾ ਜੀ ਨੇ ਇਨ੍ਹਾਂ ਗੱਲਾਂ ਨੂੰ ਕਦੇ ਵੀ ਦਿਲ ‘ਤੇ ਨਹੀਂ ਲਾਇਆ। ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਕੰਮ ਕਰਨਾ ਅਤੇ ਵਿਹਲੇ ਨਾ ਬੈਠਣਾ ਸੀ।

Sudarshana Devi Pathankot SHG 4

ਵਪਾਰ ਵੱਲ ਵਧਦੇ ਕਦਮ: ਅੰਬ ਪਾਪੜ ਅਤੇ ਘਰੇਲੂ ਉਤਪਾਦ

ਸੁਦਰਸ਼ਨਾ ਜੀ ਦੇ ਇਲਾਕੇ ਵਿੱਚ ਅੰਬਾਂ ਦੀ ਪੈਦਾਵਾਰ ਕਾਫ਼ੀ ਜ਼ਿਆਦਾ ਸੀ। ਉਨ੍ਹਾਂ ਨੇ ਇਸ ਕੁਦਰਤੀ ਸਰੋਤ ਨੂੰ ਰੁਜ਼ਗਾਰ ਵਿੱਚ ਬਦਲਣ ਦਾ ਫੈਸਲਾ ਕੀਤਾ। ਉਹ ਅਤੇ ਉਨ੍ਹਾਂ ਦੇ ਗਰੁੱਪ ਦੀਆਂ ਔਰਤਾਂ ਨੇ ਮਿਲ ਕੇ ਅੰਬਚੂਰਾ, ਅੰਬ ਪਾਪੜ, ਫੁੱਲ-ਵੜੀਆਂ, ਮਾਂਹ ਦੀਆਂ ਵੜੀਆਂ ਅਤੇ ਕਈ ਤਰ੍ਹਾਂ ਦੇ ਅਚਾਰ (ਨਿੰਬੂ, ਗਲਗਲ, ਅੰਬ, ਲਸੂੜਾ, ਕਚਨਾਰ ਅਤੇ ਮਾਨੂ) ਬਣਾਉਣੇ ਸ਼ੁਰੂ ਕਰ ਦਿੱਤੇ।

ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਸੀ। ਪਿੰਡ ਦੀਆਂ ਬਾਕੀ ਔਰਤਾਂ ਸਮਾਨ ਤਾਂ ਬਣਾਉਂਦੀਆਂ ਸਨ, ਪਰ ਉਹ ਬਾਹਰ ਜਾ ਕੇ ਵੇਚਣ ਤੋਂ ਸ਼ਰਮਾਉਂਦੀਆਂ ਸਨ। ਸੁਦਰਸ਼ਨਾ ਜੀ ਨੇ ਇਸਦੀ ਜ਼ਿੰਮੇਵਾਰੀ ਖ਼ੁਦ ਚੁੱਕੀ। ਉਹ ਔਰਤਾਂ ਕੋਲੋਂ ਸਮਾਨ ਵਾਜਬ ਰੇਟ (ਜਿਵੇਂ 100 ਰੁਪਏ ਕਿਲੋ ਅੰਬ ਪਾਪੜ) ‘ਤੇ ਖਰੀਦ ਲੈਂਦੇ ਅਤੇ ਫਿਰ ਉਸਨੂੰ ਅੱਗੇ ਸ਼ਹਿਰਾਂ ਵਿੱਚ ਵੇਚਦੇ। ਅੱਜ, ਉਨ੍ਹਾਂ ਦਾ ਗਰੁੱਪ ਹਰ ਮਹੀਨੇ 200 ਰੁਪਏ ਪ੍ਰਤੀ ਮੈਂਬਰ ਜਮ੍ਹਾਂ ਕਰਦਾ ਹੈ ਅਤੇ ਹਰ ਮਹੀਨੇ 2000 ਰੁਪਏ ਦੀ ਬਚਤ ਹੁੰਦੀ ਹੈ। ਪੰਜਾਂ ਸਾਲਾਂ ਬਾਅਦ, ਉਹ ਇਕੱਠੇ ਕੀਤੇ ਪੈਸੇ ਆਪਸ ਵਿੱਚ ਵੰਡ ਲੈਂਦੇ ਹਨ, ਜੋ ਉਨ੍ਹਾਂ ਦੇ ਔਖੇ ਸਮੇਂ ਵਿੱਚ ਕੰਮ ਆਉਂਦੇ ਹਨ।

ਸਰਕਾਰੀ ਸਹਾਇਤਾ ਅਤੇ ਪ੍ਰਾਪਤੀਆਂ

ਸੁਦਰਸ਼ਨਾ ਦੇਵੀ ਦੇ ਸੰਘਰਸ਼ ਨੂੰ ਦੇਖਦਿਆਂ ਜੰਗਲਾਤ ਵਿਭਾਗ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਕੀਤੀ। ਤਿਵਾੜੀ ਸਾਹਿਬ ਵਰਗੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਨ ਬਣਾਉਣ ਲਈ ਵੱਡੇ ਪਤੀਲੇ, ਤਰਪਾਲਾਂ, ਮਸ਼ੀਨਾਂ ਅਤੇ ਸਟੀਲ ਦੀਆਂ ਟਰੇਆਂ ਮੁਹੱਈਆ ਕਰਵਾਈਆਂ। ਇਸ ਨਾਲ ਉਨ੍ਹਾਂ ਦੇ ਕੰਮ ਵਿੱਚ ਸਫ਼ਾਈ ਅਤੇ ਤੇਜ਼ੀ ਆਈ।

ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਉਹ ਵੱਡੇ-ਵੱਡੇ ਪ੍ਰੋਗਰਾਮਾਂ ਵਿੱਚ ਸਟਾਲ ਲਗਾਉਂਦੇ ਹਨ। ਪੰਅੱਜ, ਬੈਂਕਾਂ ਦੇ ਅਧਿਕਾਰੀ ਅਤੇ ਡੀਐਫਓ ਦਫ਼ਤਰ ਦੇ ਕਰਮਚਾਰੀ ਉਨ੍ਹਾਂ ਦੇ ਉਤਪਾਦਾਂ ਦੇ ਮੁੱਖ ਗਾਹਕ ਹਨ।

ਪਰਿਵਾਰਕ ਸਥਿਤੀ ਅਤੇ ਮੌਜੂਦਾ ਜੀਵਨ

ਅੱਜ ਸੁਦਰਸ਼ਨਾ ਜੀ ਦਾ ਪਰਿਵਾਰ ਖੁਸ਼ਹਾਲ ਹੈ। ਉਨ੍ਹਾਂ ਦਾ ਬੇਟਾ ਜੋ ਕਿ ਫੌਜ ਤੋਂ ਸੇਵਾਮੁਕਤ ਕੈਪਟਨ ਹੈ, ਹੁਣ ਮਾਰੂਤੀ ਏਜੰਸੀ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਪੋਤਰੇ ਅਤੇ ਨੂੰਹਾਂ ਵੀ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਪਤੀ ਪਹਿਲਾਂ ਵਿਰੋਧ ਕਰਦੇ ਸਨ, ਸੁਦਰਸ਼ਨਾ ਜੀ ਦੇ ਦਿੱਲੀ ਵਿਖੇ ਹੋਏ ਸਨਮਾਨ ਅਤੇ ਕੰਮ ਦੀ ਪ੍ਰਸਿੱਧੀ ਤੋਂ ਬਾਅਦ, ਉਹ ਹੁਣ ਖ਼ੁਦ ਕੰਮ ਵਿੱਚ ਹੱਥ ਵਟਾਉਂਦੇ ਹਨ।

Sudarshana Devi Pathankot SHG 5

ਔਰਤਾਂ ਲਈ ਆਰਥਿਕ ਆਜ਼ਾਦੀ ਦਾ ਪ੍ਰਤੀਕ

ਸੁਦਰਸ਼ਨਾ ਦੇਵੀ ਦਾ ਸਫ਼ਰ ਸਿਰਫ਼ ਪੈਸੇ ਕਮਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਔਰਤਾਂ ਦੇ ਸਵੈ-ਮਾਣ ਦੀ ਲੜਾਈ ਹੈ। ਉਨ੍ਹਾਂ ਨੇ ਪਿੰਡ ਦੀਆਂ ਉਨ੍ਹਾਂ ਔਰਤਾਂ ਨੂੰ ਇਕੱਠਾ ਕੀਤਾ ਜੋ ਪਹਿਲਾਂ ਸਿਰਫ਼ ਚਾਰ ਦੀਵਾਰੀ ਤੱਕ ਸੀਮਤ ਸਨ। ਜਦੋਂ ਇਹ ਔਰਤਾਂ ਆਪਣੀ ਮਿਹਨਤ ਨਾਲ ਬਣਾਇਆ ਸਮਾਨ ਸੁਦਰਸ਼ਨਾ ਜੀ ਨੂੰ ਦਿੰਦੀਆਂ ਹਨ ਅਤੇ ਉਸਦੇ ਬਦਲੇ ਉਨ੍ਹਾਂ ਨੂੰ ਨਕਦ ਪੈਸੇ ਮਿਲਦੇ ਹਨ, ਤਾਂ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ। ਇਹ ਛੋਟੀ ਜਿਹੀ ਆਮਦਨ ਉਨ੍ਹਾਂ ਨੂੰ ਆਪਣੇ ਘਰੇਲੂ ਫੈਸਲਿਆਂ ਵਿੱਚ ਹਿੱਸੇਦਾਰ ਬਣਾਉਂਦੀ ਹੈ। ਸੁਦਰਸ਼ਨਾ ਜੀ ਅੱਜ ਵੀ ਔਰਤਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਸਿਰਫ਼ ਸਮਾਨ ਬਣਾਉਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਪੈਕਿੰਗ ਅਤੇ ਮਾਰਕੀਟਿੰਗ ਵਿੱਚ ਵੀ ਅੱਗੇ ਆਉਣ।

ਸੁਦਰਸ਼ਨਾ ਦੇਵੀ ਦੇ ਇਸ ਕੰਮ ਨੂੰ ਦੇਖ ਕੇ ਪਿੰਡ ਦੀਆਂ ਹੋਰ ਔਰਤਾਂ ਵੀ ਇਸ ਕੰਮ ਵਿੱਚ ਸ਼ਾਮਲ ਹੋਣ ਲੱਗ ਪਈਆਂ ਹਨ ਅਤੇ ਇਨ੍ਹਾਂ ਔਰਤਾਂ ਵੱਲੋਂ ਬਣਾਈਆਂ ਆਂਵਲਾ ਕੈਂਡੀ, ਅਚਾਰ, ਅੰਬ ਦੇ ਪਾਪੜ ਨੇ ਹਰ ਪਾਸੇ ਧੂਮ ਮਚਾ ਰੱਖੀ ਹੈ। ਸੁਦਰਸ਼ਨਾ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਪਿੰਡ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਸੀ ਜਿੱਥੇ ਉਹ ਇਹ ਸਾਮਾਨ ਵੇਚਦੀ ਸੀ ਅਤੇ ਉਸ ਸਮੇਂ ਪਿੰਡ ਦੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਕੰਮ ਦਾ ਜਨੂੰਨ ਹੈ ਅਤੇ ਇਸ ਉਮਰ ਵਿੱਚ ਵੀ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰ ਰਿਹਾ ਹੈ।

Sudarshana Devi Pathankot SHG 6

ਇੱਕ ਨਵਾਂ ਸੁਨੇਹਾ

ਸੁਦਰਸ਼ਨਾ ਦੇਵੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਇਨਸਾਨ ਨੂੰ ਕਦੇ ਵਿਹਲੇ ਨਹੀਂ ਬੈਠਣਾ ਚਾਹੀਦਾ ਅਤੇ ਨਾ ਹੀ ਦੂਜਿਆਂ ਦੀ ਚੁਗਲੀ-ਨਿੰਦਿਆ ਵਿੱਚ ਸਮਾਂ ਗੁਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸਾਬਤ ਕੀਤਾ ਕਿ ਜੇਕਰ ਮਨ ਵਿੱਚ ਸ਼ੌਕ ਅਤੇ ਹਿੰਮਤ ਹੋਵੇ, ਤਾਂ ਇੱਕ ਸਾਧਾਰਨ ਪੇਂਡੂ ਔਰਤ ਵੀ ਇੱਕ ਸਫ਼ਲ ਉਦਮੀ ਬਣ ਸਕਦੀ ਹੈ। ਉਨ੍ਹਾਂ ਦਾ ਜੀਵਨ ਪੇਂਡੂ ਔਰਤਾਂ ਲਈ ਇੱਕ ਵੱਡਾ ਸੁਨੇਹਾ ਹੈ ਕਿ ਸਰਕਾਰੀ ਸਹਾਇਤਾ ਅਤੇ ਆਪਣੀ ਮਿਹਨਤ ਨਾਲ, ਅਸੀਂ ਆਪਣੀ ਕਿਸਮਤ ਖ਼ੁਦ ਬਦਲ ਸਕਦੇ ਹਾਂ। 

ਇਸ ਦੇ ਨਾਲ ਹੀ ਸੁਦਰਸ਼ਨਾ ਦੇਵੀ ਅੱਜ ਨਾ ਸਿਰਫ਼ ਪਠਾਨਕੋਟ ਦੀਆਂ ਔਰਤਾਂ ਲਈ ਸਗੋਂ ਪੂਰੇ ਪੰਜਾਬ ਦੀਆਂ ਔਰਤਾਂ ਲਈ ਇੱਕ ਮਾਰਗਦਰਸ਼ਕ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੀ ਸਫਲਤਾ ਇਹ ਵੀ ਦਰਸਾਉਂਦੀ ਹੈ ਕਿ ਸਬਰ ਅਤੇ ਨਿਰੰਤਰ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਅੱਜ ਉਹ ਹਰ ਉਸ ਔਰਤ ਲਈ ਉਮੀਦ ਦੀ ਕਿਰਨ ਹਨ ਜੋ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦਾ ਸੁਪਨਾ ਦੇਖਦਿਆਂ ਹਨ।

COMMENTS

WORDPRESS: 0