ਅਜੋਕੇ ਸਮੇਂ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ, ਕ੍ਰਿਸ਼ੀ ਵਿਗਿਆਨ ਕੇਂਦਰ (KVK), ਐਸ.ਐਸ
ਅਜੋਕੇ ਸਮੇਂ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ, ਕ੍ਰਿਸ਼ੀ ਵਿਗਿਆਨ ਕੇਂਦਰ (KVK), ਐਸ.ਐਸ. ਨਗਰ ਮੋਹਾਲੀ ਵੱਲੋਂ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ‘ਮਸ਼ਰੂਮ ਫਾਰਮਿੰਗ’ (ਖੁੰਭਾਂ ਦੀ ਖੇਤੀ) ਉੱਤੇ ਵਿਸ਼ੇਸ਼ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

KVK ਮੋਹਾਲੀ ਦੇ ਡਿਪਟੀ ਡਾਇਰੈਕਟਰ ਡਾ. ਬਲਵੀਰ ਸਿੰਘ ਖੱਡਾ ਅਨੁਸਾਰ, ਇਹ ਸਿਖਲਾਈ ਪ੍ਰੋਗਰਾਮ 12 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸਦਾ ਉਦੇਸ਼ ਕਿਸਾਨ ਵੀਰਾਂ ਅਤੇ ਮਾਵਾਂ-ਭੈਣਾਂ ਨੂੰ ਖੁੰਭਾਂ ਦੀ ਖੇਤੀ ਰਾਹੀਂ ਆਤਮ-ਨਿਰਭਰ ਬਣਾਉਣਾ ਹੈ।
ਸਿਖਲਾਈ ਦੇ ਮੁੱਖ ਪਹਿਲੂ ਅਤੇ ਕਿਸਮਾਂ

ਇਸ ਇੱਕ ਹਫ਼ਤੇ ਦੇ ਸਿਖਲਾਈ ਕੋਰਸ ਦੌਰਾਨ, ਵੱਖ-ਵੱਖ ਕਿਸਮਾਂ ਦੀਆਂ ਖੁੰਭਾਂ ਜਿਵੇਂ ਕਿ ਬਟਨ ਮਸ਼ਰੂਮ, ਸਟਾਕੇ ਮਸ਼ਰੂਮ, ਓਸਟਰ ਮਸ਼ਰੂਮ, ਮਿਲਕੀ ਮਸ਼ਰੂਮ ਅਤੇ ਕੀਮਤੀ ਕੋਡੀਸੈਪਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਸਿਖਲਾਈ ਵਿੱਚ ਨਾ ਸਿਰਫ਼ ਇਨ੍ਹਾਂ ਨੂੰ ਉਗਾਉਣ ਦੀ ਤਕਨੀਕ ਦੱਸੀ ਜਾਂਦੀ ਹੈ, ਸਗੋਂ ਇਨ੍ਹਾਂ ਦੀ ਪੌਸ਼ਟਿਕ ਅਤੇ ਔਸ਼ਧੀ ਮਹੱਤਵ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਹੈ।
ਸਿਧਾਂਤਕ ਅਤੇ ਵਿਵਹਾਰਕ ਗਿਆਨ ਦਾ ਸੁਮੇਲ

KVK ਵੱਲੋਂ ਕਰਵਾਈ ਜਾ ਰਹੀ ਇਸ ਸਿਖਲਾਈ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਪ੍ਰੈਕਟੀਕਲੀ ਸਿਖਲਾਈ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਡਾ. ਖੱਡਾ ਨੇ ਦੱਸਿਆ ਕਿ ਕਿਸਾਨਾਂ ਨੂੰ ਅਜਿਹੇ ਹਾਈ-ਟੈਕ ਮਸ਼ਰੂਮ ਫਾਰਮਾਂ ਦਾ ਦੌਰਾ ਕਰਵਾਇਆ ਜਾਂਦਾ ਹੈ ਜਿੱਥੇ ਕਰੋੜਾਂ ਰੁਪਏ ਦਾ ਸਾਲਾਨਾ ਟਰਨਓਵਰ ਹੈ। ਜਦੋਂ ਕਿਸਾਨ ਆਪਣੀ ਅੱਖੀਂ ਵੱਡੇ ਪੱਧਰ ‘ਤੇ ਹੋ ਰਹੀ ਖੇਤੀ ਦੇਖਦੇ ਹਨ ਅਤੇ ਖ਼ੁਦ ਹੱਥੀਂ ਕੰਮ ਕਰਦੇ ਹਨ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਵੱਖ-ਵੱਖ ਵਿਭਾਗਾਂ ਦੇ ਮਾਹਿਰ ਵਿਗਿਆਨੀ ਇੱਥੇ ਆ ਕੇ ਮਾਰਕੀਟਿੰਗ ਅਤੇ ਇਸ ਖੇਤਰ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵੀ ਸੁਝਾਅ ਸਾਂਝੇ ਕਰਦੇ ਹਨ।
ਮਾਹਿਰ ਅਨੁਭਵ: ਸੁਖਜੀਵਨ ਕੌਰ

ਮਾਹਿਰ ਟ੍ਰੇਨਰ ਸੁਖਜੀਵਨ ਕੌਰ ਜੋ 2012 ਤੋਂ ਮਸ਼ਰੂਮ ਦੇ ਖੇਤਰ ਵਿੱਚ ਸਰਗਰਮ ਹਨ। ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2005 ਵਿੱਚ ਸੋਲਨ ਤੋਂ ਸਿਖਲਾਈ ਲਈ ਅਤੇ ਭੋਪਾਲ ਵਿੱਚ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਸਿਖਲਾਈ ਦਿੱਤੀ। ਉਹ ਖ਼ਾਸ ਕਰਕੇ ਸਪੋਨ (ਬੀਜ) ਤਿਆਰ ਕਰਨ ਦੀ ਵਿਧੀ ਸਿਖਾਉਂਦੇ ਹਨ। ਜ਼ਿਕਰਯੋਗ ਉਨ੍ਹਾਂ ਨੇ ਕਿਹਾ ਕਿ, ਜੇਕਰ ਕਿਸੇ ਕਿਸਾਨ ਨੂੰ ਖੁੰਭਾਂ ਉਗਾਉਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਉਹ KVK ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਹ ਬੀਜ ਤਿਆਰ ਕਰਨ ਤੋਂ ਲੈ ਕੇ ਫ਼ਸਲ ਦੇ ਵਾਧੇ ਤੱਕ ਹਰ ਕਦਮ ‘ਤੇ ਮਦਦ ਕਰਦੇ ਹਨ।
ਆਰਥਿਕਤਾ ਅਤੇ ਮਾਰਕੀਟਿੰਗ
ਕਿਸਾਨਾਂ ਦੇ ਮਨਾਂ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਕਿ ‘ਸਾਨੂੰ ਕੀ ਮਿਲੇਗਾ?’। ਇਸ ਸਿਖਲਾਈ ਵਿੱਚ, ਖੁੰਭਾਂ ਦੀ ਖੇਤੀ ਦੀ ਇਕਨੋਮਿਕਸ (ਆਰਥਿਕ ਪੱਖ) ਨੂੰ ਬਹੁਤ ਵਿਸਥਾਰ ਨਾਲ ਸਮਝਾਇਆ ਜਾਂਦਾ ਹੈ। ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਵੇਂ ਘੱਟ ਖ਼ਰਚੇ ਅਤੇ ਘੱਟ ਜਗ੍ਹਾ ਵਿੱਚ ਇਸ ਨੂੰ ਸ਼ੁਰੂ ਕਰਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਮਾਰਕੀਟਿੰਗ ਦੇ ਗੁਣ ਸਿਖਾ ਕੇ ਸਿੱਧਾ ਖਪਤਕਾਰਾਂ ਜਾਂ ਵੱਡੀਆਂ ਮੰਡੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕਿਸਾਨਾਂ ਨੂੰ ਅਪੀਲ

ਡਾ. ਖੱਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਦੇ ਖਾਲੀ ਸਮੇਂ ਦੌਰਾਨ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਬਣਾਈ ਰੱਖਣ। ਭਾਵੇਂ ਉਹ ਮਧੂ-ਮੱਖੀ ਪਾਲਣ, ਡੇਰੀ ਫਾਰਮਿੰਗ ਜਾਂ ਮਸ਼ਰੂਮ ਫਾਰਮਿੰਗ ਹੋਵੇ, ਕਿਸਾਨ ਨਵੀਂ ਤਕਨਾਲੋਜੀ ਨਾਲ ਜੁੜ ਕੇ ਆਪਣੀ ਆਰਥਿਕ ਹਾਲਤ ਸੁਧਾਰ ਸਕਦੇ ਹਨ। ਇਹ ਸਿਖਲਾਈ ਕੈਂਪ ਨਾ ਸਿਰਫ਼ ਗਿਆਨ ਵਧਾਉਂਦੇ ਹਨ, ਸਗੋਂ ਪੇਂਡੂ ਨੌਜਵਾਨਾਂ ਅਤੇ ਔਰਤਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹਦੇ ਹਨ।
COMMENTS