ਕਣਕ ਅਤੇ ਝੋਨੇ ਦੀ ਬੇਲੋੜੀ ਕਾਸ਼ਤ, ਜ਼ਹਿਰੀਲੇ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੇ ਪੰਜਾਬ ਦੇ ਸੀਮਾਂਤ ਕਿਸਾਨ ਨੂੰ ਆਰਥਿਕ ਸੰਕਟ ਵਿ
ਕਣਕ ਅਤੇ ਝੋਨੇ ਦੀ ਬੇਲੋੜੀ ਕਾਸ਼ਤ, ਜ਼ਹਿਰੀਲੇ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੇ ਪੰਜਾਬ ਦੇ ਸੀਮਾਂਤ ਕਿਸਾਨ ਨੂੰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਇਸ ਦਾ ਇੱਕ ਪ੍ਰਭਾਵਸ਼ਾਲੀ ਬਦਲ ਪੇਸ਼ ਕਰਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੇ 35 ਸਾਲਾ ਕਿਸਾਨ ਅਤੇ ਨਰਸਰੀ ਉਤਪਾਦਕ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੇ ਪਿੰਡ ਪੋਹੀੜ ਦੇ ਵਸਨੀਕ 62 ਸਾਲਾ ਇੰਜੀਨੀਅਰ ਜਗਦੇਵ ਸਿੰਘ ਨੇ ‘ਘਰੇਲੂ ਬਗੀਚੀ’ ਦਾ ਇੱਕ Farming Model ਤਿਆਰ ਕੀਤਾ ਹੈ। ਇਹ ਸਿਰਫ਼ ਘਰ ਦੇ ਆਲੇ-ਦੁਆਲੇ ਦੋ-ਚਾਰ ਬੂਟੇ ਲਗਾਉਣ ਦਾ ਸ਼ੌਕ ਨਹੀਂ, ਸਗੋਂ ਇਹ ਵਿਗਿਆਨਕ ਸੋਚ, ਬੂਟਿਆਂ ਦੀ ਸਹੀ ਚੋਣ ਅਤੇ ਜ਼ਮੀਨ ਦੀ ਯੋਜਨਾਬੰਦੀ ‘ਤੇ ਅਧਾਰਿਤ ਖੇਤੀਬਾੜੀ ਦਾ ਇੱਕ ਵਿਆਪਕ Model ਹੈ।
ਸਿਰਫ਼ ਰੁੱਖ ਲਾਉਣਾ ਨਹੀਂ, ਯੋਜਨਾਬੱਧ ਬਾਗ਼ਬਾਨੀ
ਪੇਸ਼ੇ ਵਜੋਂ ਇੰਜੀਨੀਅਰ ਜਗਦੇਵ ਸਿੰਘ ਨੇ ਸਾਲ 2005 ਵਿੱਚ ਆਪਣੇ ਘਰ ਦੀ ਇੱਕ ਕਨਾਲ ਜ਼ਮੀਨ ਤੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਬਾਗ਼ਬਾਨੀ ਦਾ ਮਤਲਬ ਬਿਨਾਂ ਸੋਚੇ-ਸਮਝੇ ਬੂਟੇ ਲਗਾਉਣਾ ਨਹੀਂ, ਸਗੋਂ ਪੂਰੀ ਜ਼ਮੀਨ ਦੀ ਬਾਰੀਕੀ ਨਾਲ ਸੁਚੱਜੀ ਯੋਜਨਾਬੰਦੀ ਕਰਨਾ ਹੈ। ਉਨ੍ਹਾਂ ਨੇ ਤਕਰੀਬਨ ਚਾਰ ਸਾਲ ਫਲਾਂ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੇ ਪੱਕਣ ਦੇ ਸਮੇਂ, ਝਾੜ ਅਤੇ ਸਵਾਦ ਦਾ ਬਾਰੀਕੀ ਨਾਲ ਅਧਿਐਨ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਅਤੇ ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਤਕਨੀਕੀ ਜਾਣਕਾਰੀ ਨੂੰ ਉਨ੍ਹਾਂ ਨੇ ਆਪਣੇ ਖੇਤ ਦੇ ਵਿਹਾਰਕ ਤਜ਼ਰਬਿਆਂ ਨਾਲ ਜੋੜਿਆ।
ਜਗਦੇਵ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜ਼ਮੀਨ ਦੀ ਦਿਸ਼ਾ ਅਤੇ ਆਕਾਰ ਦੇਖ ਕੇ ਵੱਡੇ, ਦਰਮਿਆਨੇ ਅਤੇ ਛੋਟੇ ਬੂਟਿਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਜ਼ਮੀਨ ਦੇ ਇੱਕ-ਇੱਕ ਇੰਚ ਦੀ ਸਹੀ ਵਰਤੋਂ ਕਰਨਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪੌਦੇ ਨੂੰ ਲੋੜੀਂਦੀ ਧੁੱਪ ਮਿਲੇ ਅਤੇ ਫਲਾਂ ਦਾ ਉਤਪਾਦਨ ਨਿਰੰਤਰ ਜਾਰੀ ਰਹੇ।
ਸਾਰਾ ਸਾਲ ਚੱਲਣ ਵਾਲਾ ‘ਫਰੂਟ ਕੈਲੰਡਰ’
ਇਸ Farming Model ਦੀ ਸਭ ਤੋਂ ਵੱਡੀ ਖ਼ਾਸੀਅਤ ਇਸਦਾ ‘ਫਰੂਟ ਕੈਲੰਡਰ’ ਹੈ। ਸਾਰਾ ਸਾਲ ਫਲ ਪ੍ਰਾਪਤ ਕਰਨ ਲਈ ਕਿਸੇ ਇੱਕ ਰੁੱਖ ‘ਤੇ ਨਿਰਭਰ ਰਹਿਣ ਦੀ ਬਜਾਏ, ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾਏ ਜਾਂਦੇ ਹਨ ਤਾਂ ਜੋ ਉਹ ਮਹੀਨਾ-ਦਰ-ਮਹੀਨਾ ਲੜੀਵਾਰ ਪੱਕਦੇ ਰਹਿਣ।
- ਮਾਰਚ ਤੋਂ ਅਪ੍ਰੈਲ: ਸਭ ਤੋਂ ਪਹਿਲਾਂ, ਬੇਰ ਦੀਆਂ ਕਿਸਮਾਂ, ਸ਼ਹਿਤੂਤ ਅਤੇ ਲੁਕਾਠ ਨਾਲ ਇਸ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ।
- ਮਈ ਤੋਂ ਜੂਨ: ਇਸ ਤੋਂ ਤੁਰੰਤ ਬਾਅਦ ਆੜੂ, ਆਲੂਬੁਖਾਰਾ (ਸਤਲੁਜ ਜਾਮਨੀ, ਕਾਲਾ ਅੰਮ੍ਰਿਤਸਰੀ), ਸੇਬ ਦੀਆਂ ਕਿਸਮਾਂ, ਅੰਜੀਰ ਅਤੇ ਫਾਲਸੇ ਦੀ ਭਰਪੂਰ ਆਮਦ ਸ਼ੁਰੂ ਹੋ ਜਾਂਦੀ ਹੈ।
- ਜੁਲਾਈ ਤੋਂ ਅਕਤੂਬਰ: ਇਹ ਚੀਕੂ, ਅੰਗੂਰ ਅਤੇ ਅੰਬ ਦੀਆਂ ਮਸ਼ਹੂਰ ਕਿਸਮਾਂ ਜਿਵੇਂ ਦੁਸਹਿਰੀ, ਲੰਗੜਾ, ਚੌਸਾ, ਆਮਰਪਾਲੀ ਅਤੇ ਰਾਮਕੇਲਾ ਦਾ ਮੌਸਮ ਹੁੰਦਾ ਹੈ।
ਇਸ ਸੁਚੱਜੀ ਯੋਜਨਾਬੰਦੀ ਨਾਲ ਪਰਿਵਾਰ ਨੂੰ ਕੁਝ ਮਹੀਨਿਆਂ ਵਿੱਚ ਇੱਕੋ ਸਮੇਂ ਤਿੰਨ ਤੋਂ ਚਾਰ ਕਿਸਮਾਂ ਦੇ ਤਾਜ਼ੇ ਫਲ ਖਾਣ ਨੂੰ ਮਿਲਦੇ ਹਨ।
ਮਿਹਨਤ ਤੋਂ ਕਾਰੋਬਾਰ ਤੱਕ: ਗੁਰਪ੍ਰੀਤ ਸਿੰਘ ਦਾ ਸਫ਼ਰ
ਗੁਰਪ੍ਰੀਤ ਸਿੰਘ ਨੇ ਸਿਰਫ਼ 12-13 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੇ ਨਾਲ ਮਿਲ ਕੇ ਠੇਕੇ ‘ਤੇ ਲਈ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ, ਉਸ ਸਮੇਂ ਪਰਿਵਾਰ ਕੋਲ ਸਿਰਫ਼ ਪੰਜ ਕਨਾਲ ਜ਼ਮੀਨ ਸੀ। ਇਸ ਤੋਂ ਬਾਅਦ, ਸਾਲ 2014-15 ਵਿੱਚ, ਜਗਦੇਵ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੇ ਰੂਟਸਟਾਕ ਤਿਆਰ ਕਰਨ, ਕਲਮਾਂ (Grafting) ਸਿੱਖਣਾ ਅਤੇ ਬੂਟਿਆਂ ਦੀ ਦੇਖਭਾਲ ਕਰਨ ਬਾਰੇ ਸਿਖਲਾਈ ਪ੍ਰਾਪਤ ਕੀਤੀ।
ਸਮੇਂ ਦੇ ਨਾਲ-ਨਾਲ, ਇਹ ਸਿਖਲਾਈ ਹੀ ਉਨ੍ਹਾਂ ਦਾ ਮੁੱਖ ਕਿੱਤਾ ਅਤੇ ਕਾਰੋਬਾਰ ਬਣ ਗਈ। ਗੁਰਪ੍ਰੀਤ ਨੇ ਆਪਣੀ ਜ਼ਮੀਨ ਵਧਾ ਕੇ ਦੋ ਏਕੜ ਕੀਤੀ ਅਤੇ ਢਾਈ ਏਕੜ ਰਕਬੇ ਵਿੱਚ ਇੱਕ ਅਧੁਨਿਕ ਨਰਸਰੀ ਸਥਾਪਤ ਕੀਤੀ। ਹਾਲਾਂਕਿ, ਕਿਸੇ ਸਮੇਂ ਉਹ 25-30 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦੇ ਸੀ, ਪਰ ਬਾਅਦ ਵਿੱਚ ਨਰਸਰੀ ਦੇ ਰੁਝੇਵੇਂ ਵਧਣ ਕਾਰਨ ਉਨ੍ਹਾਂ ਨੇ 2022 ਵਿੱਚ ਇਸ ਰਕਬੇ ਨੂੰ ਘਟਾ ਕੇ 15 ਏਕੜ ਕਰ ਦਿੱਤਾ, ਜਿੱਥੇ ਹੁਣ ਉਹ ਬਾਸਮਤੀ, ਆਲੂ, ਸਰ੍ਹੋਂ ਅਤੇ ਗਰਮ ਰੁੱਤ ਦੀ ਮੂੰਗੀ ਵਰਗੀਆਂ ਫ਼ਸਲਾਂ ਉਗਾ ਰਹੇ ਹਨ।
ਇਸ ਦੇ ਨਾਲ ਹੀ, ਅੱਜ ਗੁਰਪ੍ਰੀਤ ਸਿੰਘ ਆਪਣੀ ਨਰਸਰੀ ਵਿੱਚ ਦੇਸੀ ਅਤੇ ਮਜ਼ਬੂਤ ਬੀਜਾਂ ਤੋਂ ਰੂਟਸਟਾਕ ਤਿਆਰ ਕਰਦੇ ਹਨ ਅਤੇ ਉਨ੍ਹਾਂ ਉੱਤੇ ਉੱਚ ਕੁਆਲਿਟੀ ਦੀਆਂ ਕਲਮਾਂ ਚੜ੍ਹਾਉਂਦੇ ਹਨ। ਸਿਰਫ਼ ਇੰਨਾ ਹੀ ਨਹੀਂ, ਬਲਕਿ ਉਹ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ, ਉੱਲੀ ਅਤੇ ਜੜ੍ਹਾਂ ਦੇ ਕੀੜਿਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਤਾਂ ਜੋ ਕਿਸਾਨਾਂ ਨੂੰ ਤੰਦਰੁਸਤ ਅਤੇ ਬਿਮਾਰੀ-ਰਹਿਤ ਬੂਟੇ ਮਿਲ ਸਕਣ।
ਰਵਾਇਤੀ ਖੇਤੀ ਨਾਲੋਂ ਕਿਤੇ ਵੱਧ ਮੁਨਾਫ਼ਾ
ਨਰਸਰੀ ਦੀ ਖੇਤੀ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ, ਪਰ ਇਸ ਤੋਂ ਹੋਣ ਵਾਲੀ ਆਰਥਿਕ ਕਮਾਈ ਰਵਾਇਤੀ ਖੇਤੀ ਦੇ ਮੁਕਾਬਲੇ ਕਿਤੇ ਵੱਧ ਹੁੰਦੀ ਹੈ।
- ਕਣਕ-ਝੋਨੇ ਦੀ ਆਮਦਨ: ਪੰਜਾਬ ਵਿੱਚ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਇੱਕ ਸਾਲ ਦੌਰਾਨ ਪ੍ਰਤੀ ਏਕੜ ਲਗਭਗ 90,000 ਤੋਂ 1 ਲੱਖ ਰੁਪਏ ਦਾ ਸ਼ੁੱਧ ਮੁਨਾਫ਼ਾ ਹੁੰਦਾ ਹੈ।
- ਨਰਸਰੀ ਦਾ ਮੁਨਾਫ਼ਾ: ਗੁਰਪ੍ਰੀਤ ਸਿੰਘ ਦੇ ਅਨੁਸਾਰ, ਨਰਸਰੀ ਦੀ ਇੱਕ ਫ਼ਸਲ/ਚੱਕਰ ਵਿੱਚੋਂ ਪ੍ਰਤੀ ਏਕੜ 3 ਤੋਂ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ। ਇੱਕ ਏਕੜ ਜ਼ਮੀਨ ਵਿੱਚੋਂ ਸਾਲ ਦੌਰਾਨ ਆਸਾਨੀ ਨਾਲ ਤਿੰਨ ਵਾਰ ਬੂਟਿਆਂ ਦੀ ਵਿਕਰੀ ਕੀਤੀ ਜਾ ਸਕਦੀ ਹੈ।
ਆਪਣੀ ਆਮਦਨ ਨਾਲ ਗੁਰਪ੍ਰੀਤ ਸਿੰਘ ਨੇ ਜ਼ਮੀਨ ਪੰਜ ਕਨਾਲ ਤੋਂ ਵਧਾ ਕੇ ਦੋ ਏਕੜ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਨਰਸਰੀ ਲਈ ਰੋਜ਼ਾਨਾ ਦੇਖ-ਰੇਖ ਦੀ ਲੋੜ ਹੁੰਦੀ ਹੈ ਜਿਵੇਂ ਪਾਣੀ ਲਾਉਣਾ, ਕਲਮਾਂ ਤਿਆਰ ਕਰਨੀਆਂ, ਗਰੇਡਿੰਗ ਅਤੇ ਬਿਮਾਰੀਆਂ ਦੀ ਰੋਕਥਾਮ। ਇਸ ਤੋਂ ਇਲਾਵਾ, ਬੂਟਿਆਂ ਦੇ ਵਿਕਾਸ ਦਾ ਸਮਾਂ ਵੱਖ-ਵੱਖ ਹੁੰਦਾ ਹੈ, ਜਿੱਥੇ ਕੁਝ ਪਨੀਰੀਆਂ ਸਿਰਫ਼ 20 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ, ਉੱਥੇ ਕਈ ਬੂਟੇ ਤਿਆਰ ਹੋਣ ਵਿੱਚ 40 ਤੋਂ 60 ਦਿਨ ਲੈਂਦੇ ਹਨ। ਇੱਕ ਵਾਰ ਜਦੋਂ ਇੱਕ ਬੈਚ ਵਿਕ ਜਾਂਦਾ ਹੈ, ਤਾਂ ਜ਼ਮੀਨ ਤੁਰੰਤ ਅਗਲੀ ਫ਼ਸਲ ਲਈ ਤਿਆਰ ਕਰ ਲਈ ਜਾਂਦੀ ਹੈ।
ਸਿਹਤ ਸੁਰੱਖਿਆ ਅਤੇ ਖ਼ੁਰਾਕੀ ਤੰਦਰੁਸਤੀ
ਜਗਦੇਵ ਸਿੰਘ ਦਾ ਕਹਿਣਾ ਹੈ ਕਿ ਇਹ Farming Model ਸਿਰਫ਼ ਵੱਡੇ ਜ਼ਿਮੀਂਦਾਰਾਂ ਤੱਕ ਹੀ ਸੀਮਤ ਨਹੀਂ ਹੈ। ਇੱਕ ਛੋਟਾ ਕਿਸਾਨ ਸਿਰਫ਼ ਇੱਕ ਕਨਾਲ ਵਿੱਚ ਵੀ ਆਪਣੀ ਘਰੇਲੂ ਬਗੀਚੀ ਲਗਾ ਸਕਦਾ ਹੈ, ਜਦਕਿ ਵੱਡੇ ਕਿਸਾਨ ਇਸ ਨੂੰ ਦੋ ਤੋਂ ਚਾਰ ਕਨਾਲ ਤੱਕ ਵਧਾ ਸਕਦੇ ਹਨ। ਇੱਥੋਂ ਤੱਕ ਕਿ ਜ਼ਮੀਨ ਦੀ ਘਾਟ ਦਾ ਸਾਹਮਣਾ ਕਰ ਰਹੇ ਸ਼ਹਿਰੀ ਵਾਸੀ ਵੀ ਗਮਲਿਆਂ ਜਾਂ ਛੱਤਾਂ ‘ਤੇ ਛੋਟੇ ਪੌਦੇ ਉਗਾ ਕੇ ਇਸ ਦਾ ਲਾਭ ਉਠਾ ਸਕਦੇ ਹਨ।
ਅੱਜ ਦੇ ਦੌਰ ਵਿੱਚ ਖ਼ੁਸ਼ਹਾਲ ਪਰਿਵਾਰਾਂ ਵਿੱਚ ਵੀ ਕੁਪੋਸ਼ਣ ਅਤੇ ਗੰਭੀਰ ਬਿਮਾਰੀਆਂ ਵਧ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਬਾਜ਼ਾਰ ਵਿੱਚ ਵਿਕਣ ਵਾਲੇ ਉਹ ਫਲ ਅਤੇ ਸਬਜ਼ੀਆਂ ਹਨ ਜੋ ਰਸਾਇਣਾਂ ਦੀ ਵਰਤੋਂ ਕਰਕੇ ਪਕਾਏ ਜਾਂਦੇ ਹਨ। ਅਜਿਹੇ ਸਮੇਂ ਵਿੱਚ, ਘਰੇਲੂ ਬਗੀਚੀ ਪਰਿਵਾਰ ਨੂੰ ਜ਼ਹਿਰ-ਮੁਕਤ, ਤਾਜ਼ੇ ਅਤੇ ਪੌਸ਼ਟਿਕ ਫਲ ਮੁਹੱਈਆ ਦਾ ਸਭ ਤੋਂ ਉੱਤਮ ਜ਼ਰੀਆ ਬਣਦੀ ਹੈ। ਜਗਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਇਹ ਸਾਂਝੀ ਪਹਿਲ ਨਾ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੰਗੀ ਵਿੱਚੋਂ ਕੱਢਣ ਦਾ ਰਾਹ ਦਿਖਾਉਂਦੀ ਹੈ, ਸਗੋਂ ਹਰ ਪਰਿਵਾਰ ਦੀ ਖ਼ੁਰਾਕੀ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਵੀ ਇੱਕ ਪ੍ਰਭਾਵਸ਼ਾਲੀ ਹੱਲ ਸਾਬਤ ਹੋ ਰਹੀ ਹੈ।
COMMENTS