ਪੰਜਾਬ ਦੇ ਕਿਸਾਨਾਂ ਨੇ ਖ਼ਰੀਦੀਆਂ 16,000 ਤੋਂ ਵੱਧ CRM ਮਸ਼ੀਨਾਂ, ਸਰਕਾਰ ਵੱਲੋਂ 183 ਕਰੋੜ ਦੀ ਸਬਸਿਡੀ ਜਾਰੀ

ਪੰਜਾਬ ਦੇ ਕਿਸਾਨਾਂ ਨੇ ਖ਼ਰੀਦੀਆਂ 16,000 ਤੋਂ ਵੱਧ CRM ਮਸ਼ੀਨਾਂ, ਸਰਕਾਰ ਵੱਲੋਂ 183 ਕਰੋੜ ਦੀ ਸਬਸਿਡੀ ਜਾਰੀ

ਪੰਜਾਬ ਵਿੱਚ ਸਾਉਣੀ ਦੇ ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੇ ਵੱਡੇ ਪੱਧਰ ‘ਤੇ ਆਧੁਨਿਕ ਖੇਤੀ ਮਸ਼ੀਨਰੀ ਨੂੰ ਅਪਣਾਇਆ

Paddy Straw Management: ਝੋਨੇ ਦੀ ਪਰਾਲੀ ਨਾ ਸਾੜੋ, PAU ਨੇ ਦੱਸੇ ਬਿਜਾਈ ਦੇ ਅਹਿਮ ਤਰੀਕੇ
ਪਰਾਲੀ ਪ੍ਰਬੰਧਨ ਤੋਂ ਲੈ ਕੇ ਕੁਦਰਤੀ ਖੇਤੀ ਤੱਕ, ਜਾਣੋ ਕਿਸ ਖੇਤਰ ‘ਤੇ ਕਿੰਨੇ ਕਰੋੜ ਖ਼ਰਚੇਗੀ ਸਰਕਾਰ?
KVK ਦਾ ਉਪਰਾਲਾ: ‘ਵਾਢੀ ਦਿਵਸ’ ਰਾਹੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੀਆਂ ਨਵੀਂਆਂ ਤਕਨੀਕਾਂ ਨਾਲ ਜੋੜਿਆ 

ਪੰਜਾਬ ਵਿੱਚ ਸਾਉਣੀ ਦੇ ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੇ ਵੱਡੇ ਪੱਧਰ ‘ਤੇ ਆਧੁਨਿਕ ਖੇਤੀ ਮਸ਼ੀਨਰੀ ਨੂੰ ਅਪਣਾਇਆ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਇਸ ਸੀਜ਼ਨ ਦੌਰਾਨ 16,227 ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (CRM) ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਸੂਬਾ ਸਰਕਾਰ ਨੇ ਕਿਸਾਨਾਂ ਨੂੰ ਇਨ੍ਹਾਂ ਵਿੱਚੋਂ 10,000 ਤੋਂ ਵੱਧ ਮਸ਼ੀਨਾਂ ਦੀ ਖ਼ਰੀਦ ਉੱਤੇ ਵਿੱਤੀ ਰਾਹਤ ਦਿੰਦਿਆਂ 183 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ।

ਸਰਕਾਰ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਾਂ ਦੀ ਖ਼ਰੀਦ ‘ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕਸਟਮ ਹਾਇਰਿੰਗ ਸੈਂਟਰਾਂ (CHCs), ਕਿਸਾਨ ਉਤਪਾਦਕ ਸੰਗਠਨਾਂ (FPOs), ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80 ਫ਼ੀਸਦੀ ਤੱਕ ਦੀ ਭਾਰੀ ਸਬਸਿਡੀ ਦਿੱਤੀ ਜਾ ਰਹੀ ਹੈ।

ਪਰਾਲੀ ਸਾੜਨ ‘ਚ 90% ਦੀ ਗਿਰਾਵਟ

ਸਰਕਾਰ ਵੱਲੋਂ 2026-27 ਲਈ ਉਲੀਕੇ ਗਏ 576 ਕਰੋੜ ਰੁਪਏ ਦੇ ਵਿਸ਼ੇਸ਼ ਐਕਸ਼ਨ ਪਲਾਨ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਅਵਾ ਕੀਤਾ ਕਿ ਸਾਂਝੇ ਯਤਨਾਂ ਸਦਕਾ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 90 ਫ਼ੀਸਦੀ ਤੱਕ ਦੀ ਕਮੀ ਦਰਜ ਕੀਤੀ ਗਈ ਹੈ। ਜਿੱਥੇ ਸਾਲ 2022 ਵਿੱਚ ਪਰਾਲੀ ਸਾੜਨ ਦੇ 49,922 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਸਾਲ 2025 ਤੱਕ ਇਹ ਅੰਕੜਾ ਘੱਟ ਕੇ ਸਿਰਫ਼ 5,114 ਰਹਿ ਗਿਆ।

ਪਰਾਲੀ ਪ੍ਰਬੰਧਨ ਦੀ ਇਸ ਕਾਰਗਰ ਰਣਨੀਤੀ ਸਦਕਾ ਪੰਜਾਬ ਨੂੰ ਕੌਮੀ ਪੱਧਰ ‘ਤੇ ਵੀ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ ਹੈ। ਖੇਤੀਬਾੜੀ ਮੰਤਰੀ ਖੁਡੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ CRM ਮਸ਼ੀਨਾਂ ਦੀ ਵਰਤੋਂ ਕਰਕੇ ਵਿਗਿਆਨਕ ਢੰਗ ਨਾਲ ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ, ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਰੱਖਿਆ ਜਾ ਸਕੇ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਖੇਤੀਬਾੜੀ ਨੂੰ ਲੰਮੇ ਸਮੇਂ ਲਈ ਲਾਹੇਵੰਦ ਬਣਾਇਆ ਜਾ ਸਕੇ।

ਖਾਦਾਂ ਦੀ ਟੈਗਿੰਗ ‘ਤੇ ਸਖ਼ਤੀ

ਰਬੀ ਦੇ ਆਗਾਮੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੇ ਪੰਜਾਬ ਵਿੱਚ ਖਾਦਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਖਾਦਾਂ ਦੇ ਨਾਲ ਬੇਲੋੜੀਆਂ ਦਵਾਈਆਂ ਜਾਂ ਹੋਰ ਉਤਪਾਦ ਜ਼ਬਰਦਸਤੀ ਵੇਚਣ (ਟੈਗਿੰਗ) ਦੇ ਰੁਝਾਨ ਨੂੰ ਸਖ਼ਤੀ ਨਾਲ ਰੋਕਣ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਆਰੀ ਖੇਤੀਬਾੜੀ ਸਮੱਗਰੀ ਮਿਲਣੀ ਚਾਹੀਦੀ ਹੈ ਅਤੇ ਜੇਕਰ ਕੋਈ ਵੀ ਵਿਕਰੇਤਾ ਗ਼ੈਰ-ਕਾਨੂੰਨੀ ਟੈਗਿੰਗ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖਾਦਾਂ ਦਾ ਸਟਾਕ ਅਤੇ ਸੰਤੁਲਿਤ ਵਰਤੋਂ 

ਕਿਸਾਨਾਂ ਨੂੰ DAP ‘ਤੇ ਬੇਲੋੜੀ ਨਿਰਭਰਤਾ ਘਟਾਉਣ ਦੀ ਸਲਾਹ ਦਿੰਦਿਆਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੂੰ TSP, NPK ਅਤੇ ਸਿੰਗਲ ਸੁਪਰ ਫਾਸਫੇਟ (SSP) ਵਰਗੀਆਂ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਜੋ ਮਿੱਟੀ ਨੂੰ ਪੌਸ਼ਟਿਕ ਤੱਤਾਂ ਦੀ ਸੰਤੁਲਿਤ ਸਪਲਾਈ ਮਿਲ ਸਕੇ। ਸੂਬੇ ਵਿੱਚ ਖਾਦਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕੋਲ ਇਸ ਸਮੇਂ 3.9 ਲੱਖ ਮੀਟ੍ਰਿਕ ਟਨ ਯੂਰੀਆ ਅਤੇ 5 ਲੱਖ ਮੀਟ੍ਰਿਕ ਟਨ ਡੀਏਪੀ ਦਾ ਢੁਕਵਾਂ ਸਟਾਕ ਮੌਜੂਦ ਹੈ। ਇਸ ਦੇ ਨਾਲ ਹੀ, ਖੇਤੀਬਾੜੀ ਵਿਭਾਗ ਰਬੀ ਦੇ ਸੀਜ਼ਨ ਦੌਰਾਨ ਖਾਦਾਂ ਦੀ ਨਿਰੰਤਰ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਰਿਹਾ ਹੈ।

COMMENTS

WORDPRESS: 0