ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਵਾਰ ਮੰਡੀਆਂ ਵਿੱਚ ਫ਼ਸਲ ਆਉਣ ਤੋਂ ਪਹਿਲਾਂ ਹੀ ਸੂਬਾ ਇੱਕ ਗੰਭੀਰ Storage ਸੰਕਟ ਦਾ ਸਾਹਮ
ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਵਾਰ ਮੰਡੀਆਂ ਵਿੱਚ ਫ਼ਸਲ ਆਉਣ ਤੋਂ ਪਹਿਲਾਂ ਹੀ ਸੂਬਾ ਇੱਕ ਗੰਭੀਰ Storage ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਚੌਲ ਉਦਯੋਗ ਅਤੇ ਆੜ੍ਹਤੀਆਂ ਵਿੱਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਹੈ ਕਿ ਜੇਕਰ ਗੁਦਾਮਾਂ ਵਿੱਚ ਨਵੇਂ ਅਨਾਜ ਲਈ ਜਗ੍ਹਾ ਨਾ ਬਚੀ, ਤਾਂ ਖ਼ਰੀਦ ਪ੍ਰਕਿਰਿਆ ਠੱਪ ਹੋ ਸਕਦੀ ਹੈ। ਮੌਜੂਦਾ ਅੰਕੜਿਆਂ ਦੇ ਮੁਤਾਬਕ ਪੰਜਾਬ ਦੀ ਕੁੱਲ Storage ਸਮਰੱਥਾ ਲਗਭਗ 182 ਲੱਖ ਟਨ ਹੈ, ਜਦਕਿ ਇਸ ਦੇ ਮੁਕਾਬਲੇ ਗੁਦਾਮਾਂ ਵਿੱਚ ਮੌਜੂਦਾ ਅਨਾਜ ਦਾ ਭੰਡਾਰ 270 ਲੱਖ ਟਨ ਤੋਂ ਵੱਧ ਹੈ।
ਪੁਰਾਣੇ ਸਟਾਕ ਦਾ ਭਾਰੀ ਸੰਕਟ
ਇਸ ਸਮੇਂ ਸੂਬੇ ਦੇ ਗੁਦਾਮ ਪਿਛਲੇ ਸਾਲਾਂ ਦੇ ਅਨਾਜ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ। ਮੌਜੂਦਾ Storage ਵਿੱਚ 150 ਲੱਖ ਟਨ ਚੌਲ ਸ਼ਾਮਲ ਹਨ, ਜਿਸ ਵਿੱਚ ਸਾਲ 2023-24 ਦੇ ਲਗਭਗ 9 ਲੱਖ ਟਨ, 2024-25 ਦੇ 58 ਲੱਖ ਟਨ ਅਤੇ 2025-26 ਦੇ 83 ਲੱਖ ਟਨ ਚੌਲ ਸ਼ਾਮਲ ਹਨ। ਇਸ ਤੋਂ ਇਲਾਵਾ, ਲਗਭਗ 118 ਲੱਖ ਟਨ ਕਣਕ ਵੀ ਸਟੋਰ ਕੀਤੀ ਗਈ ਹੈ। ਸੂਬੇ ਦੇ ਢੱਕੇ ਹੋਏ ਗੁਦਾਮਾਂ ਦੇ ਨਾਲ-ਨਾਲ 60 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਖੁੱਲ੍ਹੇ ਪਲਿੰਥ (CAP) Storage ਵੀ ਪੂਰੀ ਤਰ੍ਹਾਂ ਭਰੇ ਹੋਏ ਹਨ। ਪਿਛਲੇ ਤਿੰਨ ਖ਼ਰੀਦ ਸੀਜ਼ਨਾਂ ਦਾ ਅਨਾਜ ਸਮੇਂ ਸਿਰ ਬਾਹਰ ਨਾ ਭੇਜੇ ਜਾਣ ਕਾਰਨ ਹੁਣ ਨਵੇਂ ਸੀਜ਼ਨ ਲਈ ਜਗ੍ਹਾ ਦੀ ਘਾਟ ਕਾਰਨ ਇੱਕ ਵੱਡਾ ਸੰਕਟ ਪੈਦਾ ਹੋ ਗਿਆ ਹੈ।
ਰਾਈਸ ਮਿੱਲਰਾਂ ਦੀ ਚਿੰਤਾ
ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਨਾਜ ਦੇ ਪੁਰਾਣੇ ਭੰਡਾਰਾਂ ਨੂੰ ਤੁਰੰਤ ਖ਼ਾਲੀ ਨਾ ਕੀਤਾ ਗਿਆ, ਤਾਂ ਭਾਰੀ ਰੁਕਾਵਟਾਂ ਕਾਰਨ ਮੰਡੀਆਂ ਅਤੇ ਰਾਈਸ ਮਿੱਲਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਮਿੱਲਰ ਸਰਕਾਰ ਨਾਲ ਪੂਰਾ ਸਹਿਯੋਗ ਕਰਦੇ ਹੋਏ ਲਗਭਗ 180 ਲੱਖ ਟਨ ਨਵੇਂ ਝੋਨੇ ਨੂੰ ਸੰਭਾਲਣ ਲਈ ਤਿਆਰ ਹਨ। ਹਾਲਾਂਕਿ, ਉਨ੍ਹਾਂ ਦੀ ਮੁੱਖ ਚਿੰਤਾ ਇਹ ਹੈ ਕਿ ਤਿਆਰ ਹੋਣ ਵਾਲੇ ਚੌਲਾਂ ਨੂੰ ਸਟੋਰ ਕਰਨ ਅਤੇ ਉਸ ਨੂੰ ਭਾਰਤੀ ਖ਼ੁਰਾਕ ਨਿਗਮ (FCI) ਤੱਕ ਪਹੁੰਚਾਉਣ ਲਈ ਜਗ੍ਹਾ ਕਿੱਥੋਂ ਮਿਲੇਗੀ। ਜੇਕਰ FCI ਚੌਲ ਚੁੱਕਣ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਮਿੱਲਰਾਂ ਕੋਲ ਨਵੇਂ ਝੋਨੇ ਨੂੰ ਸੰਭਾਲਣ ਦਾ ਕੋਈ ਰਾਹ ਨਹੀਂ ਬਚੇਗਾ।
ਅਨਾਜ ਦੀ ਹੌਲੀ ਨਿਕਾਸੀ
ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਹਰ ਸਾਲ ਲਗਭਗ 245 ਲੱਖ ਟਨ ਅਨਾਜ (120 ਲੱਖ ਟਨ ਕਣਕ ਦੀ ਖ਼ਰੀਦ ਅਤੇ 125 ਲੱਖ ਟਨ ਚੌਲਾਂ ਦੀ ਸਪਲਾਈ) ਬਾਹਰਲੇ ਸੂਬਿਆਂ ਵਿੱਚ ਭੇਜਣ ਦੀ ਲੋੜ ਹੁੰਦੀ ਹੈ। ਪਰ ਮੌਜੂਦਾ ਸਮੇਂ ਵਿੱਚ ਅਨਾਜ ਬਾਹਰ ਭੇਜਣ ਦੀ ਰਫ਼ਤਾਰ ਬਹੁਤ ਸੁਸਤ ਹੈ, ਜੋ ਕਿ ਸਿਰਫ਼ 11 ਤੋਂ 13 ਲੱਖ ਟਨ ਪ੍ਰਤੀ ਮਹੀਨਾ ਚੱਲ ਰਹੀ ਹੈ। ਮਾਹਿਰਾਂ ਦੇ ਮੁਤਾਬਕ ਮੰਡੀਆਂ ਨੂੰ ਠੱਪ ਹੋਣ ਤੋਂ ਬਚਾਉਣਾ ਲਈ, ਇਸ ਰਫ਼ਤਾਰ ਨੂੰ ਦੁੱਗਣੀ ਕਰਕੇ 20 ਲੱਖ ਟਨ ਪ੍ਰਤੀ ਮਹੀਨਾ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਚੌਲ ਉਦਯੋਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 31 ਦਸੰਬਰ ਤੱਕ ਘੱਟੋ-ਘੱਟ 50 ਲੱਖ ਟਨ ਵਾਧੂ Storage ਸਮਰੱਥਾ ਖ਼ਾਲੀ ਕਰਵਾਈ ਜਾਵੇ ਤਾਂ ਜੋ ਆਉਣ ਵਾਲੀ ਨਵੀਂ ਫ਼ਸਲ ਨੂੰ ਸੰਭਾਲਿਆ ਜਾ ਸਕੇ, ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਤੋਂ ਬਚਾਇਆ ਜਾ ਸਕੇ ਅਤੇ ਸਾਰੀ ਖ਼ਰੀਦ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇ।
COMMENTS