Organic Farming ‘ਚ ਪਰਿਵਾਰਕ ਏਕਤਾ ਦੀ ਮਿਸਾਲ: ਜਲੰਧਰ ‘ਚ 2 ਦਹਾਕੇ ਅਤੇ 3 ਪੀੜ੍ਹੀਆਂ ਦਾ ਸਫ਼ਰ

Organic Farming ‘ਚ ਪਰਿਵਾਰਕ ਏਕਤਾ ਦੀ ਮਿਸਾਲ: ਜਲੰਧਰ ‘ਚ 2 ਦਹਾਕੇ ਅਤੇ 3 ਪੀੜ੍ਹੀਆਂ ਦਾ ਸਫ਼ਰ

ਜੋ ਸਫ਼ਰ ਇੱਕ ਪਰਿਵਾਰ ਦੇ ਨਿੱਜੀ ਦਰਦ ਅਤੇ ਵੱਡੇ ਘਾਟੇ ਨਾਲ ਸ਼ੁਰੂ ਹੋਇਆ ਸੀ, ਉਹ ਅੱਜ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣ ਚੁੱਕ

ਆਸਟ੍ਰੇਲੀਆ ਛੱਡ ਪੰਜਾਬ ਪਰਤਿਆ ਹਰਬੀਰ, ਖੇਤੀ ਅਤੇ ਦੇਸੀ ਤੇਲ ਦੇ ਬ੍ਰੈਂਡ ਨਾਲ ਲਿਖੀ ਨਵੀਂ ਸਫਲਤਾ ਦੀ ਕਹਾਣੀ
ਦਿੱਲੀ ਮਾਰਚ ਦੌਰਾਨ ਪੀਐਮ ਮੋਦੀ ਦਾ ਬਿਆਨ, ਵਪਾਰਕ ਸਮਝੌਤਿਆਂ (FTAs) ‘ਚ ਕਿਸਾਨੀ ਹਿੱਤ ਰਹਿਣਗੇ ਸਭ ਤੋਂ ਉੱਪਰ
ਪੰਜਾਬ ‘ਚ ਮੂੰਹ-ਖੁਰ (FMD) ਟੀਕਾਕਰਨ ਮੁਹਿੰਮ 2026: ਪਸ਼ੂ ਧਨ ਦੀ ਸੁਰੱਖਿਆ ਵੱਲ ਵੱਡਾ ਕਦਮ

ਜੋ ਸਫ਼ਰ ਇੱਕ ਪਰਿਵਾਰ ਦੇ ਨਿੱਜੀ ਦਰਦ ਅਤੇ ਵੱਡੇ ਘਾਟੇ ਨਾਲ ਸ਼ੁਰੂ ਹੋਇਆ ਸੀ, ਉਹ ਅੱਜ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣ ਚੁੱਕਾ ਹੈ। ਜਲੰਧਰ ਜ਼ਿਲ੍ਹੇ ਦੇ ਭੋਗਪੁਰ ਨੇੜਲੇ ਪਿੰਡ ਚਾਹੜਕੇ ਦੇ ਦੋ ਭਰਾ, ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਆਪਣੀ 17 ਏਕੜ ਜ਼ਮੀਨ ‘ਤੇ ਜੈਵਿਕ ਖੇਤੀ (Organic Farming) ਕਰ ਰਹੇ ਹਨ। ਉਹ ਆਪਣੀ ਜ਼ਮੀਨ ‘ਤੇ ਗੰਨਾ, ਹਲਦੀ, ਦਾਲਾਂ ਅਤੇ ਦੇਸੀ ਗੁੜ ਉਗਾ ਰਹੇ ਹਨ। ਅੱਜ, ਉਨ੍ਹਾਂ ਦੇ ਉਤਪਾਦਾਂ ਦੀ ਮੰਗ ਪੰਜਾਬ, ਹਰਿਆਣਾ ਤੋਂ ਇਲਾਵਾ ਵਿਦੇਸ਼ਾਂ ਤੱਕ ਫੈਲ ਗਈ ਹੈ।

ਪਰਿਵਾਰ ‘ਤੇ ਦੁੱਖ ਅਤੇ ਖੇਤੀ ‘ਚ ਮੋੜ

ਅਮਰਜੀਤ ਸਿੰਘ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਉਹ ਵੀ ਆਪਣੇ ਖੇਤਾਂ ਵਿੱਚ ਬਹੁਤ ਜ਼ਿਆਦਾ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਸਨ। ਹਾਲਾਂਕਿ, ਉਹ ਜਾਣਦੇ ਸੀ ਕਿ ਕੈਮੀਕਲ ਨੁਕਸਾਨਦੇਹ ਹਨ, ਪਰ ਫਿਰ ਵੀ ਬਾਕੀਆਂ ਵਾਂਗ ਉਹ ਇਹ ਗ਼ਲਤੀ ਕਰਦੇ ਰਹੇ, ਜਦੋਂ ਤੱਕ ਇਸ ਦੇ ਭਿਆਨਕ ਨਤੀਜੇ ਉਨ੍ਹਾਂ ਦੇ ਸਾਹਮਣੇ ਨਹੀਂ ਆਏ।

ਦਰਅਸਲ, ਪਰਿਵਾਰ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੇ ਇੱਕ ਚਚੇਰੇ ਭਰਾ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ। ਪਰਿਵਾਰ ਦਾ ਮੰਨਣਾ ਸੀ ਕਿ ਇਸ ਦਾ ਮੁੱਖ ਕਾਰਨ ਖੇਤਾਂ ਵਿੱਚ ਰਸਾਇਣਾਂ ਦੀ ਲੰਬੇ ਸਮੇਂ ਤੱਕ ਵਰਤੋਂ ਸੀ। ਇਸ ਦੁਖਾਂਤ ਨੇ ਪਰਿਵਾਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਜਿਸ ਤੋਂ ਬਾਅਦ, ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਨੇ ਰਸਾਇਣਕ ਖੇਤੀ ਨੂੰ ਪੂਰੀ ਤਰ੍ਹਾਂ ਛੱਡ ਕੇ ਕੁਦਰਤੀ ਤਰੀਕੇ ਨਾਲ ਸਬਜ਼ੀਆਂ, ਮੱਕੀ, ਗੰਨਾ ਅਤੇ ਹਲਦੀ ਉਗਾਉਣ ਦਾ ਦ੍ਰਿੜ ਫੈਸਲਾ ਲਿਆ।

ਲੋਕਾਂ ਦਾ ਮਜ਼ਾਕ ਅਤੇ ਸੁਭਾਸ਼ ਪਾਲੇਕਰ ਦੀ ਪ੍ਰੇਰਨਾ

ਕੁਦਰਤੀ ਖੇਤੀ ਦੀਆਂ ਤਕਨੀਕਾਂ ਸਿੱਖਣ ਲਈ ਪਰਿਵਾਰ ਨੇ ਪ੍ਰਸਿੱਧ ਕਿਸਾਨ ਅਤੇ ਪਦਮ ਸ਼੍ਰੀ ਐਵਾਰਡੀ ਸੁਭਾਸ਼ ਪਾਲੇਕਰ ਦੀਆਂ ਕਿਤਾਬਾਂ ਦਾ ਸਹਾਰਾ ਲਿਆ। ਹਾਲਾਂਕਿ, ਜਦੋਂ ਉਨ੍ਹਾਂ ਨੇ ਇਹ ਰਸਤਾ ਚੁਣਿਆ, ਤਾਂ ਉਨ੍ਹਾਂ ਦਾ ਸਮਰਥਨ ਕਰਨ ਦੀ ਬਜਾਏ, ਪਿੰਡ ਅਤੇ ਆਸ ਪਾਸ ਦੇ ਕਿਸਾਨਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਅਮਰਜੀਤ ਸਿੰਘ ਮੁਸਕੁਰਾਉਂਦੇ ਹੋਏ ਦੱਸਦੇ ਹਨ ਕਿ ਲੋਕ ਸਾਨੂੰ ਕਹਿੰਦੇ ਸਨ ਕਿ ਅਸੀਂ ਭੁੱਖੇ ਮਰ ਜਾਵਾਂਗੇ ਅਤੇ Organic Farming ਨਾਲ ਕੁੱਝ ਨਹੀਂ ਬਣਨਾ। ਕੁਝ ਲੋਕਾਂ ਨੇ ਸਾਡਾ ਮਜ਼ਾਕ ਵੀ ਉਡਾਇਆ। ਪਰ ਅਸੀਂ ਆਪਣੇ ਫ਼ੈਸਲੇ ‘ਤੇ ਅਟੱਲ ਰਹੇ। ਅੱਜ, ਉਹੀ ਲੋਕ ਸਾਡੀ ਸਫ਼ਲਤਾ ਨੂੰ ਦੇਖ ਕੇ ਸਾਨੂੰ ਮਿਸਾਲ ਵਜੋਂ ਦੇਖਦੇ ਹਨ।

ਕੀਟਨਾਸ਼ਕਾਂ ਦਾ ਅਸਰ ਅਤੇ ਮਿੱਤਰ ਕੀੜੇ 

ਅਮਰਜੀਤ ਸਿੰਘ ਦੇ ਅਨੁਸਾਰ ਖੇਤੀ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਹੈ। ਉਹ ਦੱਸਦੇ ਹਨ ਕਿ ਬਹੁਤ ਸਾਰੇ ਕਿਸਾਨਾਂ ਨੂੰ ਫ਼ਸਲ ਲਈ ਨੁਕਸਾਨਦੇਹ ਕੀੜਿਆਂ ਅਤੇ ਮਿੱਤਰ ਕੀੜਿਆਂ (ਜੋ ਫ਼ਸਲ ਦੀ ਮਦਦ ਕਰਦੇ ਹਨ) ਵਿੱਚ ਫ਼ਰਕ ਨਹੀਂ ਪਤਾ ਹੁੰਦਾ। ਜਦੋਂ ਖੇਤਾਂ ਵਿੱਚ ਜ਼ਹਿਰ ਦਾ ਛਿੜਕਾਅ ਕੀਤਾ ਜਾਂਦਾ ਹੈ, ਤਾਂ ਦੋਵੇਂ ਤਰ੍ਹਾਂ ਦੇ ਕੀੜੇ ਮਾਰੇ ਜਾਂਦੇ ਹਨ। ਇਸ ਨਾਲ ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਅੰਤ ਵਿੱਚ ਫ਼ਸਲ ਦੀ ਉਤਪਾਦਕਤਾ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਦੇਸੀ ਅਤੇ ਘਰੇਲੂ ਨੁਸਖ਼ੇ

ਇਹ ਦੋਵੇਂ ਭਰਾ ਫ਼ਸਲਾਂ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਬਹੁਤ ਹੀ ਸਸਤੇ ਅਤੇ ਦੇਸੀ ਤਰੀਕੇ ਅਪਣਾਉਂਦੇ ਹਨ। ਅਮਰਜੀਤ ਸਿੰਘ ਕਹਿੰਦੇ ਹਨ ਕਿ ਉਹ ਹਿੰਗ, ਫਿਟਕਰੀ ਅਤੇ ਖੱਟੀ ਲੱਸੀ ਦੇ ਘੋਲ ਦਾ ਛਿੜਕਾਅ ਕਰਕੇ ਫ਼ਸਲਾਂ ਦੀ ਰੱਖਿਆ ਕਰਦੇ ਹਨ। ਆਪਣੇ ਖੇਤਾਂ ਵਿੱਚ ਤਿਆਰ ਕੀਤੇ ਮਿਸ਼ਰਣ ਨੂੰ ਦਿਖਾਉਂਦੇ ਹੋਏ ਉਹ ਕਹਿੰਦੇ ਹਨ ਪੌਦਿਆਂ ਵਿੱਚ ਝੁਲਸ ਰੋਗ (blight) ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ‘ਕੱਚੀ ਲੱਸੀ’ ਦਾ ਛਿੜਕਾਅ ਬਹੁਤ ਪ੍ਰਭਾਵਸ਼ਾਲੀ ਹੈ। ਇਸ ਨਾਲ ਕਿਸਾਨਾਂ ਦੇ ਖ਼ਰਚੇ ਵੀ ਬਚਦੇ ਹਨ ਅਤੇ ਫ਼ਸਲ ਵੀ ਸ਼ੁੱਧ ਰਹਿੰਦੀ ਹੈ।

ਪਿਤਾ ਦੀ ਸੋਚ ਅਤੇ ਪਰਿਵਾਰਕ ਏਕਤਾ 

ਆਪਣੇ ਪਿਤਾ ਅਵਤਾਰ ਸਿੰਘ ਦੀ ਮੌਤ ਤੋਂ ਬਾਅਦ, ਦੋਵਾਂ ਭਰਾਵਾਂ ਨੇ ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਜਾਰੀ ਰੱਖਣ ਅਤੇ ਹੋਰ ਅੱਗੇ ਵਧਾਉਣ ਦਾ ਪ੍ਰਣ ਲਿਆ। ਭਾਵੁਕ ਹੁੰਦਿਆਂ ਦੋਵੇਂ ਭਰਾ ਕਹਿੰਦੇ ਹਨ ਕਿ ਅੱਜ ਸਾਡੇ ਕੋਲ ਜੋ ਕੁਝ ਵੀ ਹੈ, ਉਹ ਸਾਡੇ ਪਿਤਾ ਦੀ ਸਿੱਖਿਆ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਭ ਕੁੱਝ ਉਨ੍ਹਾਂ ਦਾ ਹੀ ਦਿੱਤਾ ਹੋਇਆ ਹੈ। ਦੂਜੇ ਭਰਾ ਕਰਮਜੀਤ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੇਤੀ ਦੀ ਸਫ਼ਲਤਾ ਦਾ ਰਾਜ਼ ਸਿਰਫ਼ Organic Farming ਵਿੱਚ ਹੀ ਨਹੀਂ, ਸਗੋਂ ਪਰਿਵਾਰਕ ਏਕਤਾ ਵਿੱਚ ਵੀ ਹੈ। ਉਹ ਕਹਿੰਦੇ ਹਨ ਅਸੀਂ ਇਹ ਲੰਮਾ ਸਫ਼ਰ ਇਸ ਲਈ ਤੈਅ ਕਰ ਸਕੇ ਕਿਉਂਕਿ ਸਾਡਾ ਪੂਰਾ ਪਰਿਵਾਰ ਇੱਕਜੁੱਟ ਹੋ ਕੇ ਖੜ੍ਹਾ ਰਿਹਾ। ਸਾਡੇ ਪਿਤਾ ਦੁਆਰਾ ਦਿੱਤੇ ਗਏ ਸੰਸਕਾਰਾਂ ਨੇ ਸਾਨੂੰ ਹਰ ਚੁਣੌਤੀ ਦਾ ਇਕੱਠੇ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਹੈ।

ਗੁਣਵੱਤਾ ਦੀ ਪਛਾਣ ਅਤੇ ਤੀਜੀ ਪੀੜ੍ਹੀ ਦਾ ਯੋਗਦਾਨ

ਅੱਜ ਉਨ੍ਹਾਂ ਦੇ ਜੈਵਿਕ ਉਤਪਾਦਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਕਰਕੇ ਇੱਕ ਵੱਖਰੀ ਪਛਾਣ ਬਣ ਚੁੱਕੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਗਾਹਕ ਖ਼ਾਸ ਤੌਰ ‘ਤੇ ਉਨ੍ਹਾਂ ਕੋਲੋਂ ਦੇਸੀ ਗੁੜ, ਹਲਦੀ ਅਤੇ ਹੋਰ ਸਮਾਨ ਖ਼ਰੀਦਣ ਆਉਂਦੇ ਹਨ। ਇੰਨਾ ਹੀ ਨਹੀਂ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਵੀ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ।

ਸਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਅੱਜ, ਪਰਿਵਾਰ ਦੀ ਤੀਜੀ ਪੀੜ੍ਹੀ ਵੀ ਇਸ ਵਿਰਾਸਤ ਨਾਲ ਜੁੜ ਚੁੱਕੀ ਹੈ। ਅਮਰਜੀਤ ਅਤੇ ਕਰਮਜੀਤ ਦੇ ਪੁੱਤਰ ਆਪਣੀ ਪੜ੍ਹਾਈ ਪੂਰੀ ਕਰਨ ਦੇ ਨਾਲ-ਨਾਲ, ਖੇਤੀਬਾੜੀ ਦੇ ਕੰਮਾਂ ਵਿੱਚ ਵੀ ਪੂਰੀ ਸਰਗਰਮੀ ਨਾਲ ਸ਼ਾਮਲ ਹਨ। ਇਸ ਤਰ੍ਹਾਂ, ਉਹ ਭਵਿੱਖ ਵਿੱਚ ਆਪਣੇ ਦਾਦਾ ਜੀ ਵੱਲੋਂ ਸ਼ੁਰੂ ਕੀਤੇ ਗਏ Organic Farming ਦੇ ਇਸ ਮਿਸ਼ਨ ਨੂੰ ਹੋਰ ਉੱਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

COMMENTS

WORDPRESS: 0