ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਸਾਡੀ ਧਰਤੀ ਨੂੰ ਸਭ ਤੋਂ ਉੱਤਮ, ਖ਼ੂਬਸੂਰਤ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਵਿਗਿਆਨਕ ਖੋਜਾਂ ਅਤੇ ਸਾਡੇ ਗਿਆਨ ਮੁਤਾਬਕ, ਹੁਣ ਤੱਕ
ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਸਾਡੀ ਧਰਤੀ ਨੂੰ ਸਭ ਤੋਂ ਉੱਤਮ, ਖ਼ੂਬਸੂਰਤ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਵਿਗਿਆਨਕ ਖੋਜਾਂ ਅਤੇ ਸਾਡੇ ਗਿਆਨ ਮੁਤਾਬਕ, ਹੁਣ ਤੱਕ ਸਿਰਫ਼ ਧਰਤੀ ਉੱਪਰ ਹੀ ਜੀਵਨ ਸੰਭਵ ਹੋ ਸਕਿਆ ਹੈ। ਇੱਥੇ ਜ਼ਿੰਦਗੀ ਬਹੁਤ ਹੀ ਸੁਚਾਰੂ ਅਤੇ ਸੰਤੁਲਿਤ ਢੰਗ ਨਾਲ ਵਿਕਸਤ ਹੋਈ ਹੈ, ਚਾਹੇ ਉਹ ਮਨੁੱਖੀ ਜ਼ਿੰਦਗੀ ਹੋਵੇ, ਪਸ਼ੂ-ਪੰਛੀ, ਪੇੜ-ਪੌਦੇ, ਸੂਖਮ ਜੀਵ ਜਾਂ ਸਮੁੰਦਰੀ ਜੀਵ ਹੋਣ। ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਅਨਮੋਲ ਤੋਹਫ਼ਾ ਹੈ।
ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖ ਨੂੰ ਸ਼ੁੱਧ ਹਵਾ, ਨਿਰਮਲ ਜਲ ਅਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪ੍ਰਦਾਨ ਕੀਤੀਆਂ ਤਾਂ ਜੋ ਧਰਤੀ ਦਾ ਵਾਤਾਵਰਨ ਅਤੇ ਸੰਤੁਲਨ ਬਣਿਆ ਰਹੇ। ਪ੍ਰੰਤੂ, ਜਿਉਂ-ਜਿਉਂ ਮਨੁੱਖ ਨੇ ਵਿਕਾਸ ਅਤੇ ਆਧੁਨਿਕਤਾ ਦੀ ਦੌੜ ਵਿੱਚ ਅੱਗੇ ਵਧਣਾ ਸ਼ੁਰੂ ਕੀਤਾ, ਉਸ ਨੇ ਕੁਦਰਤ ਦੇ ਇਨ੍ਹਾਂ ਅਨਮੋਲ ਤੋਹਫ਼ਿਆਂ ਨੂੰ ਇੱਕ ਦੈਂਤ ਦੀ ਤਰ੍ਹਾਂ ਬੇਰਹਿਮੀ ਨਾਲ ਲੁੱਟਿਆ। ਨਤੀਜੇ ਵਜੋਂ, ਅੱਜ ਧਰਤੀ ਮਾਂ ਦਾ ਹਰ ਅੰਗ ਬਿਮਾਰ ਹੋ ਚੁੱਕਿਆ ਹੈ ਅਤੇ ਮਨੁੱਖੀ ਗਲਤੀਆਂ ਦੇ ਕਾਰਨ ਵੱਧਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ।
ਕੁਝ ਲੋਕ ਸਿਰਫ਼ ਹਵਾ ਅਤੇ ਮੌਸਮ ਦੇ ਬਦਲਾਅ ਨੂੰ ਹੀ ਵਾਤਾਵਰਨ ਸਮਝਣ ਦੀ ਭੁੱਲ ਕਰ ਬੈਠਦੇ ਹਨ। ਪ੍ਰੰਤੂ ਅਸਲ ਸ਼ਬਦਾਂ ਵਿੱਚ, ਉਹ ਹਵਾ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ, ਉਹ ਪਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਉਹ ਜ਼ਮੀਨ ਜਿਸ ਉੱਪਰ ਅਸੀਂ ਖੜ੍ਹੇ ਹਾਂ ਅਤੇ ਸਾਡੇ ਆਲੇ-ਦੁਆਲੇ ਦੀਆਂ ਸਮੂਹ ਜੀਵਤ ਤੇ ਅਜੀਵਤ ਵਸਤੂਆਂ ਦੇ ਸੁਮੇਲ ਨੂੰ ‘ਵਾਤਾਵਰਨ’ ਕਿਹਾ ਜਾਂਦਾ ਹੈ।
ਅੱਜ ਤੋਂ ਸੈਂਕੜੇ ਸਾਲ ਪਹਿਲਾਂ, ਦੂਰਅੰਦੇਸ਼ੀ ਅਤੇ ਵਿਗਿਆਨਕ ਸੋਚ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਦੀ ਮਹੱਤਤਾ ਨੂੰ ਸਮਝਦਿਆਂ ਆਪਣੀ ਪਵਿੱਤਰ ਬਾਣੀ ਵਿੱਚ ਫ਼ਰਮਾਇਆ ਸੀ…
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥”
ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ, ਪਾਣੀ ਨੂੰ ਪਿਤਾ ਯਾਨੀ ਸਭ ਜੀਵਾਂ ਦਾ ਜਨਮਦਾਤਾ ਮੰਨਿਆ ਅਤੇ ਧਰਤੀ ਨੂੰ ਸਭ ਦੀ ਵੱਡੀ ਮਾਂ ਦਾ ਰੁਤਬਾ ਦਿੱਤਾ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਸਵਾਰਥੀ ਮਨੁੱਖ ਨੇ ਆਪਣੀ ਉਨਤੀ ਦੀ ਅੰਨ੍ਹੀ ਸੋਚ ਸਦਕਾ ਇਨ੍ਹਾਂ ਤਿੰਨਾਂ ਸਰੋਤਾਂ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ।
ਸਾਹਾਂ ਵਿੱਚ ਘੁਲਦਾ ਜ਼ਹਿਰ

ਅੱਜ ਮਨੁੱਖ ਨੇ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਨਾ ਸਿਰਫ਼ ਇਨਸਾਨਾਂ, ਸਗੋਂ ਪਸ਼ੂ-ਪੰਛੀਆਂ ਦਾ ਵੀ ਸਾਹ ਲੈਣਾ ਔਖਾ ਹੋ ਰਿਹਾ ਹੈ। ਫੈਕਟਰੀਆਂ, ਵਾਹਨਾਂ ਅਤੇ ਉਦਯੋਗਾਂ ਵਿੱਚੋਂ ਨਿਕਲਣ ਵਾਲੀ ਨਾਈਟ੍ਰੋਜਨ ਆਕਸਾਈਡ, ਸਲਫ਼ਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਲੋਰੋਫਲੋਰੋਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਹਵਾ ਵਿੱਚ ਲਗਾਤਾਰ ਵੱਧ ਰਹੀ ਹੈ।
ਇਸ ਪ੍ਰਦੂਸ਼ਿਤ ਹਵਾ ਕਾਰਨ ਨਜ਼ਲਾ, ਜ਼ੁਕਾਮ, ਲਗਾਤਾਰ ਖਾਂਸੀ, ਦਮਾ ਅਤੇ ਅੱਖਾਂ ਦੇ ਅਨੇਕਾਂ ਗੰਭੀਰ ਰੋਗ ਆਮ ਹੋ ਰਹੇ ਹਨ। ਸਿਹਤ ਸੰਸਥਾਵਾਂ ਦੀਆਂ ਖੋਜਾਂ ਅਨੁਸਾਰ, ਭਾਰਤ ਵਿੱਚ ਛੋਟੇ ਬੱਚਿਆਂ ਵਿੱਚ ਸਾਹ ਅਤੇ ਦਮੇ ਦੀਆਂ ਬਿਮਾਰੀਆਂ ਦੇ ਮਰੀਜ਼ ਚਿੰਤਾਜਨਕ ਰਫ਼ਤਾਰ ਨਾਲ ਵੱਧ ਰਹੇ ਹਨ। ਹਵਾ ਪ੍ਰਦੂਸ਼ਣ ਨੇ ਮਨੁੱਖ ਦੀ ਅਰੋਗਤਾ ਅਤੇ ਔਸਤ ਉਮਰ ਨੂੰ ਬਹੁਤ ਵੱਡਾ ਧੱਕਾ ਲਗਾਇਆ ਹੈ।
ਦੁਹਰੀ ਮਾਰ ਹੇਠ ਪਵਿੱਤਰ ਦਰਿਆ

ਵੈਸੇ, ਧਰਤੀ ਉੱਪਰ ਉਪਲਬਧ ਪਾਣੀ ਦੇ ਸਰੋਤਾਂ ਨੂੰ ਅੱਜ ਦੁਹਰੀ ਮਾਰ ਪੈ ਰਹੀ ਹੈ। ਪਹਿਲੀ ਪਾਣੀ ਦੇ ਪੱਧਰ ਦਾ ਲਗਾਤਾਰ ਨੀਵਾਂ ਜਾਣਾ ਅਤੇ ਦੂਜੀ ਮੌਜੂਦ ਪਾਣੀ ਦੀ ਗੁਣਵੱਤਾ ਦਾ ਪ੍ਰਦੂਸ਼ਿਤ ਹੋਣਾ। ਕਹਿਣ ਨੂੰ ਤਾਂ ਧਰਤੀ ਦਾ ਲਗਭਗ 75% ਭਾਗ ਪਾਣੀ ਨਾਲ ਘਿਰਿਆ ਹੋਇਆ ਹੈ, ਪਰ ਅਸਲ ਵਿੱਚ ਸਿਰਫ਼ 0.007% ਪਾਣੀ ਹੀ ਮਨੁੱਖੀ ਵਰਤੋਂ ਲਈ ਸਿੱਧੇ ਤੌਰ ‘ਤੇ ਉਪਲਬਧ ਹੈ। ਬਾਕੀ 97.5% ਪਾਣੀ ਖਾਰਾ (ਸਮੁੰਦਰਾਂ ਵਿੱਚ) ਹੈ। ਬਾਕੀ ਬਚੇ 2.5% ਮਿੱਠੇ ਪਾਣੀ ਵਿੱਚੋਂ ਵੀ ਲਗਭਗ 70% ਹਿੱਸਾ ਗਲੇਸ਼ੀਅਰਾਂ ਅਤੇ ਬਰਫ਼ ਦੇ ਰੂਪ ਵਿੱਚ ਜੰਮਿਆ ਹੋਇਆ ਹੈ ਅਤੇ 29% ਪਾਣੀ ਮਿੱਟੀ ਦੀ ਨਮੀ ਅਤੇ ਧਰਤੀ ਦੇ ਹੇਠਲੇ ਅਤਿ-ਡੂੰਘੇ ਭੰਡਾਰਾਂ ਵਿੱਚ ਮੌਜੂਦ ਹੈ।
ਇਸ ਬੇਹੱਦ ਘੱਟ ਅਤੇ ਕੀਮਤੀ ਵਰਤੋਂਯੋਗ ਪਾਣੀ ਨੂੰ ਵੀ ਅਸੀਂ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ ਅਤੇ ਸ਼ਹਿਰਾਂ ਦੇ ਸੀਵਰੇਜ ਦੀ ਨਿਕਾਸੀ ਨਾਲ ਗੰਧਲਾ ਕਰ ਰਹੇ ਹਾਂ। ਉਦਾਹਰਨ ਵਜੋਂ, ਗੰਗਾ ਵਰਗਾ ਪਵਿੱਤਰ ਦਰਿਆ, ਜੋ ਗੋਮੁੱਖ ਬੇਹੱਦ ਸ਼ੁੱਧ ਨਿਕਲਦਾ ਹੈ, ਬੰਗਾਲ ਦੀ ਖਾੜੀ ਤੱਕ ਪਹੁੰਚਣਾ ਤਾਂ ਦੂਰ, ਕਾਨਪੁਰ ਤੱਕ ਪਹੁੰਚਦਿਆਂ ਹੀ ਇੱਕ ਖੁੱਲ੍ਹੇ ਸੀਵਰ ਦਾ ਰੂਪ ਧਾਰਨ ਕਰ ਜਾਂਦਾ ਹੈ।
ਪੰਜਾਬ ਦਾ ਵਾਤਾਵਰਨ ਅਤੇ ਪਾਣੀ ਦੀ ਮੌਜੂਦਾ ਸਥਿਤੀ ਕੀ ਹੈ?

ਵੈਸੇ ਤਾਂ ਦੁਨੀਆਂ ਦੇ ਤਕਰੀਬਨ ਸਾਰੇ ਮੁਲਕ ਹੀ ਇਸ ਵੇਲੇ ਗਲੋਬਲ ਵਾਰਮਿੰਗ ਦੇ ਨਾਲ ਜੂੰਝ ਰਹੇ ਹਨ ਅਤੇ ਵਾਤਾਵਰਨ ਦੇ ਨਾਲ ਖਿਲਵਾੜ ਹੋਣ ਕਾਰਨ ਕਿਤੇ ਬੇਮੌਸਮੀ ਬਰਸਾਤ ਹੋ ਰਹੀ ਹੈ, ਕਿਤੇ ਸੋਕਾ ਪੈ ਰਿਹਾ ਹੈ ਅਤੇ ਕਿਤੇ ਹੜ ਆ ਰਹੇ ਹਨ। ਪੰਜਾਬ ਦੀ ਧਰਤੀ ਉੱਤੇ ਵੀ ਲਗਾਤਾਰ ਪੌਦਿਆਂ ਦੀ ਕਟਾਈ ਹੋ ਰਹੀ ਹੈ ਅਤੇ ਇੱਥੇ ਗਰਮੀ ਦੀ ਤਪਸ਼ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ।

ਪਿਛਲੇ ਕੁਝ ਕੁ ਸਾਲਾਂ ਵਿੱਚ ਪੰਜਾਬ ਦੇ ਅੰਦਰ ਕੁਝ ਵੱਖਰਾ ਹੀ ਮੌਸਮ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਵਾਤਾਵਰਨ ਦੇ ਨਾਲ ਨਾਲ ਪੰਜਾਬ ਦੇ ਪਾਣੀਆਂ ਦਾ ਵੀ ਇਸ ਵੇਲੇ ਮੰਦੜਾ ਹਾਲ ਹੈ। ਪੰਜਾਬ ਦੇ ਜੇਕਰ ਪਾਣੀਆਂ ਦੀ ਗੱਲ ਕਰੀਏ ਤਾਂ, ਪੰਜਾਂ ਆਬਾਂ (ਪਾਣੀਆਂ) ਦੀ ਧਰਤੀ ਦਾ ਸਭ ਤੋਂ ਵੱਡਾ ਦਰਿਆ ‘ਸਤਲੁਜ’, ਜੋ ਤਿੱਬਤ ਵਿੱਚ ਮਾਨਸਰੋਵਰ ਝੀਲ ਦੇ ਨੇੜਿਓਂ ਨਿਕਲਣ ਸਮੇਂ ਬੇਹੱਦ ਸਾਫ਼ ਅਤੇ ਨੀਲੇ ਰੰਗ ਦਾ ਹੁੰਦਾ ਹੈ, ਪੰਜਾਬ ਦੇ ਉਦਯੋਗਿਕ ਸ਼ਹਿਰਾਂ ਦੇ ਗੰਦੇ ਨਾਲਿਆਂ (ਜਿਵੇਂ ਲੁਧਿਆਣੇ ਦਾ ਬੁੱਢਾ ਨਾਲਾ) ਦੇ ਮਿਲਣ ਕਾਰਨ ਹੁਸੈਨੀਵਾਲਾ (ਫ਼ਿਰੋਜ਼ਪੁਰ) ਰਾਹੀਂ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਣ ਤੱਕ ਬਿਲਕੁਲ ਕਾਲਾ, ਬਦਬੂ-ਦਾਰ ਅਤੇ ਜ਼ਹਿਰੀਲਾ ਹੋ ਜਾਂਦਾ ਹੈ। ਇਸ ਪ੍ਰਦੂਸ਼ਿਤ ਪਾਣੀ ਕਾਰਨ ਦਰਿਆ ਦੇ ਕੰਢੇ ਵੱਸੇ ਲੋਕ ਕੈਂਸਰ, ਕਾਲਾ ਪੀਲੀਆ, ਗੁਰਦੇ ਦੇ ਰੋਗ ਅਤੇ ਅਨੇਕਾਂ ਹੋਰ ਲਾਇਲਾਜ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ, ਪੰਜਾਬ ਦੇ 152 ਬਲਾਕਾਂ ਵਿੱਚੋਂ ਲਗਭਗ 125 ਬਲਾਕ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ‘ਡਾਰਕ ਜ਼ੋਨ’ ਵਿੱਚ ਜਾ ਚੁੱਕੇ ਹਨ, ਜੋ ਕਿ ਭਵਿੱਖ ਲਈ ਇੱਕ ਭਿਆਨਕ ਸੰਕੇਤ ਹੈ।
ਧਰਤੀ ਜਿਸ ਨੂੰ ਅਸੀਂ ‘ਮਾਂ’ ਕਹਿੰਦੇ ਹਾਂ, ਅੱਜ ਮਨੁੱਖੀ ਲਾਲਚ ਕਾਰਨ ਸਾਨੂੰ ਜ਼ਹਿਰੀਲੀਆਂ ਫ਼ਸਲਾਂ ਪੈਦਾ ਕਰਕੇ ਦੇਣ ਲਈ ਮਜਬੂਰ ਹੈ। ਫ਼ਸਲਾਂ ਦੇ ਵੱਧ ਉਤਪਾਦਨ ਲਈ ਵਰਤੇ ਜਾਂਦੇ ਅੰਨ੍ਹੇਵਾਹ ਕੀੜੇਮਾਰ ਰਸਾਇਣ, ਨਦੀਨਨਾਸ਼ਕ, ਰਸਾਇਣਕ ਖਾਦਾਂ, ਉਦਯੋਗਿਕ ਫਾਲਤੂ ਠੋਸ ਪਦਾਰਥ ਅਤੇ ਰੇਡੀਓ-ਐਕਟਿਵ ਤੱਤ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਰਹੇ ਹਨ। ਇਸ ਕਾਰਨ ਸਾਡੀ ਸਮੁੱਚੀ ਖ਼ੁਰਾਕ ਲੜੀ ਵਿੱਚ ਜ਼ਹਿਰ ਘੁਲ ਚੁੱਕਾ ਹੈ।

ਜਲਵਾਯੂ ਪਰਿਵਰਤਨ ਅਤੇ ਖ਼ਰਾਬ ਮਿੱਟੀ ਦਾ ਸਭ ਤੋਂ ਮਾੜਾ ਅਸਰ ਖੇਤੀ ਦੀ ਉਤਪਾਦਕਤਾ ‘ਤੇ ਪੈ ਰਿਹਾ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਲਈ ਇਹ ਇੱਕ ਵੱਡਾ ਆਰਥਿਕ ਸੰਕਟ ਬਣ ਰਿਹਾ ਹੈ ਅਤੇ ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਲਈ ਆਉਣ ਵਾਲੇ ਸਮੇਂ ਵਿੱਚ ਇਹ ਅਨਾਜ ਦੇ ਗੰਭੀਰ ਸੰਕਟ ਦਾ ਕਾਰਨ ਬਣ ਸਕਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦਾ ਅਰਬਾਂ ਰੁਪਿਆ ਹਰ ਸਾਲ ਸਿਰਫ਼ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਉੱਪਰ ਹੀ ਖ਼ਰਚ ਹੋ ਰਿਹਾ ਹੈ।
ਗਲੋਬਲ ਵਾਰਮਿੰਗ ਅਤੇ ਕੰਕਰੀਟ ਦੇ ਜੰਗਲ

ਵਿਕਾਸ ਦੇ ਨਾਮ ‘ਤੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਜਾਰੀ ਹੈ ਅਤੇ ਹਰੇ-ਭਰੇ ਜੰਗਲਾਂ ਦੀ ਜਗ੍ਹਾ ‘ਕੰਕਰੀਟ ਦੇ ਜੰਗਲ’ (ਸ਼ਹਿਰੀਕਰਨ ਅਤੇ ਇਮਾਰਤਾਂ) ਤੇਜ਼ੀ ਨਾਲ ਫੈਲ ਰਹੇ ਹਨ। ਰੁੱਖਾਂ ਦੀ ਘਾਟ ਕਾਰਨ ਵਾਤਾਵਰਨ ਵਿੱਚ ਗ੍ਰੀਨਹਾਊਸ ਗੈਸਾਂ ਵੱਧ ਰਹੀਆਂ ਹਨ, ਜਿਸ ਨਾਲ ‘ਆਲਮੀ ਤਪਸ਼’ ਯਾਨੀ ਧਰਤੀ ਦਾ ਤਾਪਮਾਨ ਬੇਤਹਾਸ਼ਾ ਵੱਧ ਰਿਹਾ ਹੈ। ਜੇਕਰ ਤਾਪਮਾਨ ਇਸੇ ਰਫ਼ਤਾਰ ਨਾਲ ਵੱਧਦਾ ਗਿਆ, ਤਾਂ ਵਿਸ਼ਵ ਦੇ ਗਲੇਸ਼ੀਅਰ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ, ਜਿਸ ਨਾਲ ਸਮੁੰਦਰਾਂ ਦਾ ਜਲ-ਪੱਧਰ ਵੱਧ ਜਾਵੇਗਾ ਅਤੇ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾਂ ਲੋਕਾਂ ਦੇ ਡੁੱਬਣ ਦਾ ਖ਼ਤਰਾ ਪੈਦਾ ਹੋ ਜਾਵੇਗਾ।
ਇਸ ਦੇ ਨਾਲ ਹੀ, ਘਰਾਂ ਵਿੱਚ ਚੱਲਣ ਵਾਲੇ ਏਅਰ ਕੰਡੀਸ਼ਨਰਾਂ (ਏ. ਸੀ) ਅਤੇ ਰੈਫ੍ਰਿਜਰੇਟਰਾਂ ਵਿੱਚੋਂ ਨਿਕਲਣ ਵਾਲੀ ਕਲੋਰੋ-ਫਲੋਰੋ-ਕਾਰਬਨ (CFC) ਗੈਸ ਸਾਡੀ ਸੁਰੱਖਿਆ ਢਾਲ ‘ਓਜ਼ੋਨ ਪਰਤ’ ਨੂੰ ਲਗਾਤਾਰ ਪਤਲਾ ਕਰ ਰਹੀ ਹੈ, ਜਿਸ ਕਾਰਨ ਸੂਰਜ ਦੀਆਂ ਖ਼ਤਰਨਾਕ ਪਰਾਵੈਂਗਣੀ ਕਿਰਨਾਂ (UV Rays) ਸਿੱਧੀਆਂ ਧਰਤੀ ‘ਤੇ ਪਹੁੰਚ ਕੇ ਚਮੜੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਵਧਾ ਰਹੀਆਂ ਹਨ।
ਇਸ ਦੇ ਨਾਲ ਹੀ ਮੌਜੂਦਾ ਸਮੇਂ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੇ ਭੂ-ਸਿਆਸੀ ਤਣਾਅ, ਜਿਵੇਂ ਕਿ ਰੂਸ-ਯੂਕਰੇਨ ਯੁੱਧ, ਮੱਧ-ਪੂਰਬ ਦੇ ਟਕਰਾਅ (ਅਮਰੀਕਾ-ਇਰਾਨ ਤਣਾਅ) ਅਤੇ ਵਿਸ਼ਵ ਭਰ ਦੇ ਵੱਖ-ਵੱਖ ਫ਼ੌਜੀ ਆਪ੍ਰੇਸ਼ਨਾਂ ਦਾ ਵਾਤਾਵਰਨ ਉੱਪਰ ਬਹੁਤ ਹੀ ਮਾਰੂ ਪ੍ਰਭਾਵ ਪੈਂਦਾ ਹੈ। ਯੁੱਧ ਸਿਰਫ਼ ਮਨੁੱਖੀ ਜਾਨਾਂ ਅਤੇ ਇਮਾਰਤਾਂ ਦਾ ਹੀ ਨੁਕਸਾਨ ਨਹੀਂ ਕਰਦੇ, ਸਗੋਂ ਕੁਦਰਤ ਦੇ ਅਨਮੋਲ ਸਰੋਤਾਂ ਨੂੰ ਵੀ ਤਬਾਹ ਕਰ ਦਿੰਦੇ ਹਨ। ਬੰਬ ਧਮਾਕਿਆਂ, ਮਿਜ਼ਾਈਲਾਂ ਅਤੇ ਆਧੁਨਿਕ ਹਥਿਆਰਾਂ ਦੇ ਚੱਲਣ ਨਾਲ ਨਿਕਲਣ ਵਾਲਾ ਟਨਾਂ ਦੇ ਹਿਸਾਬ ਨਾਲ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ ਹਵਾ, ਮਿੱਟੀ ਅਤੇ ਜਲ ਸਰੋਤਾਂ ਨੂੰ ਸਦੀਆਂ ਲਈ ਪ੍ਰਦੂਸ਼ਿਤ ਕਰ ਦਿੰਦੀਆਂ ਹਨ, ਜਿਸ ਨਾਲ ਜੈਵਿਕ-ਵਿਭਿੰਨਤਾ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੀ ਹੈ। ਵਿਸ਼ਵ ਸ਼ਾਂਤੀ ਹੀ ਇੱਕ ਸੁਰੱਖਿਅਤ ਵਾਤਾਵਰਨ ਦੀ ਬੁਨਿਆਦ ਹੈ।

ਦੂਜੇ ਪਾਸੇ, ਆਧੁਨਿਕ ਜੀਵਨ ਸ਼ੈਲੀ ਕਾਰਨ ‘ਧੁਨੀ ਪ੍ਰਦੂਸ਼ਣ’ ਵੀ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਧਾਰਮਿਕ ਜਾਂ ਸਮਾਜਿਕ ਸਥਾਨਾਂ ‘ਤੇ ਲੱਗੇ ਵੱਡੇ ਲਾਊਡਸਪੀਕਰ, ਉੱਚੀ ਆਵਾਜ਼ ਵਿੱਚ ਚੱਲਦੇ ਡੀ.ਜੇ. ਸਿਸਟਮ, ਵਾਹਨਾਂ ਦੇ ਪ੍ਰੈਸ਼ਰ ਹਾਰਨ ਅਤੇ ਪਟਾਕੇ ਵਾਤਾਵਰਨ ਵਿੱਚ ਸ਼ੋਰ ਦਾ ਜ਼ਹਿਰ ਘੋਲ ਰਹੇ ਹਨ। ਇਸ ਕਾਰਨ ਮਨੁੱਖਾਂ ਵਿੱਚ ਸਿਰਦਰਦ, ਮਾਨਸਿਕ ਤਣਾਅ, ਬਲੱਡ ਪ੍ਰੈਸ਼ਰ, ਸੁਣਨ ਸ਼ਕਤੀ ਦਾ ਕਮਜ਼ੋਰ ਹੋਣਾ ਅਤੇ ਨੀਂਦ ਨਾ ਆਉਣ ਵਰਗੇ ਸਰੀਰਕ ਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ, ਜਿਸ ਦਾ ਸਭ ਤੋਂ ਮਾੜਾ ਅਸਰ ਪੜ੍ਹਾਈ ਕਰਦੇ ਬੱਚਿਆਂ, ਮਰੀਜ਼ਾਂ ਅਤੇ ਬਜ਼ੁਰਗਾਂ ‘ਤੇ ਪੈਂਦਾ ਹੈ।
ਜਦੋਂ ਜਲ, ਜੰਗਲ, ਜ਼ਮੀਨ ਅਤੇ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋਣ ਲੱਗੀ, ਤਾਂ ਸੰਯੁਕਤ ਰਾਸ਼ਟਰ (UN) ਨੇ ਵਿਸ਼ਵ ਨੂੰ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 05 ਜੂਨ 1974 ਨੂੰ ਪਹਿਲੀ ਵਾਰ ‘ਵਿਸ਼ਵ ਵਾਤਾਵਰਨ ਦਿਵਸ’ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹਰ ਸਾਲ ਵਿਸ਼ਵ ਦੇ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਅਦਾਰੇ ਵੱਖ-ਵੱਖ ਸਮਾਗਮ ਕਰਕੇ ਵਾਤਾਵਰਨ ਸੰਭਾਲ ਦਾ ਹੋਕਾ ਦਿੰਦੇ ਹਨ।
ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ (UNEP) ਤਹਿਤ ਹਰ ਸਾਲ ਇੱਕ ਵਿਸ਼ੇਸ਼ ਥੀਮ ਦਿੱਤਾ ਜਾਂਦਾ ਹੈ। ਸਾਲ 2026 ਲਈ ਇਹ ਥੀਮ ‘ਕੁਦਰਤ ਤੋਂ ਪ੍ਰੇਰਿਤ – ਜਲਵਾਯੂ ਲਈ – ਸਾਡੇ ਭਵਿੱਖ ਲਈ’ ਰੱਖਿਆ ਗਿਆ ਹੈ। ਇਸ ਥੀਮ ਦੇ ਤਹਿਤ ਸਮੁੱਚੇ ਵਿਸ਼ਵ ਵਿੱਚ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਪ੍ਰਦੂਸ਼ਣ ਮੁਕਤ, ਹਰਿਆ-ਭਰਿਆ ਅਤੇ ਸੁਰੱਖਿਅਤ ਭਵਿੱਖ ਦੇਣ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਵਾਤਾਵਰਨ ਨੂੰ ਬਚਾਉਣ ਲਈ ਕਰਨਾ ਕੀ ਚਾਹੀਦਾ?
ਅਜੇ ਵੀ ਸਮਾਂ ਹੈ ਕਿ ਅਸੀਂ ਅਵੇਸਲੇਪਣ ਨੂੰ ਛੱਡ ਕੇ ਵਾਤਾਵਰਨ ਦੀ ਸੰਭਾਲ ਲਈ ਸੰਜੀਦਾ ਹੋਈਏ। ਜੇਕਰ ਅਸੀਂ ਅੱਜ ਨਾ ਸੰਭਲੇ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਗ ਦੀ ਭੱਠੀ ਵਿੱਚ ਸੜਨਾ ਪਵੇਗਾ। ਵਾਤਾਵਰਨ ਨੂੰ ਬਚਾਉਣ ਲਈ ਹਰ ਨਾਗਰਿਕ ਆਪਣੇ ਜੀਵਨ ਵਿੱਚ ਘੱਟੋ-ਘੱਟ ਪੰਜ ਰੁੱਖ ਜ਼ਰੂਰ ਲਗਾਵੇ ਅਤੇ ਉਨ੍ਹਾਂ ਦੇ ਵੱਡੇ ਹੋਣ ਤੱਕ ਸੰਭਾਲ ਕਰੇ।ਪੋਲੀਥੀਨ ਬੈਗ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਬੰਦ ਕਰਕੇ ਕੱਪੜੇ ਜਾਂ ਜੂਟ ਦੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ। ਮੋਟਰ ਗੱਡੀਆਂ ‘ਤੇ ਵਿਸ਼ੇਸ਼ ਕਿਸਮ ਦੇ ਫਿਲਟਰ/ਸਾਈਲੈਂਸਰ ਲਗਾਏ ਜਾਣ, ਲੈੱਡ-ਰਹਿਤ ਈਂਧਨ ਅਤੇ ਗ੍ਰੀਨ ਐਨਰਜੀ (CNG/ਇਲੈਕਟ੍ਰਿਕ ਵਾਹਨ) ਨੂੰ ਉਤਸ਼ਾਹਿਤ ਕੀਤਾ ਜਾਵੇ। ਕਾਰਖਾਨਿਆਂ ਵਿੱਚ ਉੱਚੀਆਂ ਅਤੇ ਆਧੁਨਿਕ ਚਿਮਨੀਆਂ ਲਗਾਈਆਂ ਜਾਣ ਜੋ ਧੂੰਏਂ ਨੂੰ ਸ਼ੁੱਧ ਕਰ ਸਕਣ। ਇਸ ਦੇ ਨਾਲ ਹੀ ਸਾਡੇ ਦੇਸ਼ ਵਿੱਚ ਵਾਤਾਵਰਨ ਸੰਭਾਲ ਦੇ ਕਾਨੂੰਨ ਤਾਂ ਬਹੁਤ ਹਨ, ਪਰ ਉਨ੍ਹਾਂ ਦਾ ਲਾਭ ਉਦੋਂ ਹੀ ਹੋਵੇਗਾ ਜਦੋਂ ਉਨ੍ਹਾਂ ਨੂੰ ਦਲਗਤ ਰਾਜਨੀਤੀ, ਵੋਟ ਬੈਂਕ ਅਤੇ ਭਾਈ-ਭਤੀਜਾਵਾਦ ਤੋਂ ਉੱਪਰ ਉੱਠ ਕੇ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇਗਾ।
ਖ਼ੈਰ, ਇੱਕ ਮਸ਼ਹੂਰ ਚੀਨੀ ਕਹਾਵਤ ਹੈ ਕਿ, “ਜੇ ਤੁਸੀਂ ਇੱਕ ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਚਾਵਲ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰੱਖਤ ਲਗਾ ਦਿਓ, ਪਰ ਜੇਕਰ ਤੁਸੀਂ 100 ਸਾਲ ਦੀ ਲੰਮੀ ਯੋਜਨਾ ਬਣਾ ਰਹੇ ਹੋ ਤਾਂ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰੋ।”
ਸਮੇਂ ਦੀ ਮੁੱਖ ਮੰਗ ਹੈ ਕਿ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿੱਚ ਵਾਤਾਵਰਨ ਸਿੱਖਿਆ ਨੂੰ ਸਿਰਫ਼ ਇੱਕ ਵਿਸ਼ੇ ਵਜੋਂ ਨਹੀਂ, ਸਗੋਂ ਲਾਜ਼ਮੀ ਅਮਲੀ ਵਿਹਾਰ ਵਜੋਂ ਸ਼ਾਮਲ ਕੀਤਾ ਜਾਵੇ। ਸਾਨੂੰ ਇਹ ਸਮਝਣਾ ਹੋਵੇਗਾ ਕਿ ਧਰਤੀ ਬਿਨਾਂ ਮਨੁੱਖ ਦੇ ਰਹਿ ਸਕਦੀ ਹੈ, ਪਰ ਮਨੁੱਖ ਧਰਤੀ ਅਤੇ ਕੁਦਰਤੀ ਸਰੋਤਾਂ ਤੋਂ ਬਿਨਾਂ ਇੱਕ ਪਲ ਵੀ ਜਿਉਂਦਾ ਨਹੀਂ ਰਹਿ ਸਕਦਾ। ਆਓ, ਵਿਸ਼ਵ ਵਾਤਾਵਰਨ ਦਿਵਸ 2026 ਦੇ ਇਸ ਮੌਕੇ ‘ਤੇ ਪ੍ਰਣ ਕਰੀਏ ਕਿ ਅਸੀਂ ਆਪਣੀ ‘ਧਰਤੀ ਮਾਂ’ ਨੂੰ ਮੁੜ ਹਰੀ-ਭਰੀ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
COMMENTS