ਅੱਜ ਦੇ ਦੌਰ ਵਿੱਚ, ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਪੰਜਾਬ ਦੀ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ। ਅਜਿਹੇ ਸਮੇਂ ਵਿੱਚ, ਜੈਵਿਕ ਖਾਦ ਫ਼ਸਲਾਂ ਅਤੇ ਮਿੱਟੀ ਦੋਵਾਂ ਲਈ ਇੱਕ ਨ
ਅੱਜ ਦੇ ਦੌਰ ਵਿੱਚ, ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਪੰਜਾਬ ਦੀ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ। ਅਜਿਹੇ ਸਮੇਂ ਵਿੱਚ, ਜੈਵਿਕ ਖਾਦ ਫ਼ਸਲਾਂ ਅਤੇ ਮਿੱਟੀ ਦੋਵਾਂ ਲਈ ਇੱਕ ਨਵਾਂ ਜੀਵਨਦਾਨ ਬਣ ਕੇ ਉੱਭਰੀ ਹੈ। “Farmer Bro” ਬ੍ਰੈਂਡ ਦੀ ਮਾਲਕਣ, ਇੱਕ ਮਹਿਲਾ ਉੱਦਮੀ, ਅੰਨੂ ਦਈਆ ਨੇ ਇਸ ਖੇਤਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੀ ਖ਼ਰਾਬ ਹੋ ਰਹੀ ਮਿੱਟੀ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ Vermicompost (ਕੈਂਚੂਆ ਖਾਦ) ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ, ਜੋ ਅੱਜ ਇੱਕ ਸਫ਼ਲ ਬਿਜ਼ਨਸ ਮਾਡਲ ਬਣ ਗਿਆ ਹੈ।
Farmer Bro ਦੀ ਸਫ਼ਲ ਸ਼ੁਰੂਆਤ

ਅੰਨੂ ਦੱਈਆ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਕਾਰੋਬਾਰ ਦੀ ਸ਼ੁਰੂਆਤ ਅਕਤੂਬਰ ਵਿੱਚ ਸਿਰਫ਼ ਇੱਕ ਪ੍ਰਯੋਗ ਵਜੋਂ ਕੀਤੀ ਸੀ। ਸ਼ੁਰੂ ਵਿੱਚ, ਉਨ੍ਹਾਂ ਕੋਲ ਸਿਰਫ਼ 8 ਬੈੱਡ ਸਨ, ਪਰ ਹੌਲੀ-ਹੌਲੀ ਦਿਲਚਸਪੀ ਵੱਧਦੀ ਗਈ। ਬੈੱਡਾਂ ਦੀ ਗਿਣਤੀ 8 ਤੋਂ ਵੱਧ ਕੇ 168 ਤੱਕ ਪਹੁੰਚ ਗਈ ਹੈ। ਅੱਜ, ਉਨ੍ਹਾਂ ਨੂੰ ਇਸ ਖੇਤਰ ਵਿੱਚ ਕੰਮ ਕਰਦਿਆਂ ਲਗਭਗ 4 ਸਾਲ ਹੋਣ ਵਾਲੇ ਹਨ। ਇੱਕ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਇੱਕ ਪੂਰੇ ਏਕੜ ਵਿੱਚ ਫੈਲ ਚੁੱਕਾ ਹੈ, ਜਿਸ ਨੂੰ ਉਹ ਭਵਿੱਖ ਵਿੱਚ 10 ਏਕੜ ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ।
ਪੰਜਾਬ ਦੀ ਮਿੱਟੀ ਦਾ ਸੰਕਟ

ਅੰਨੂ ਦੱਈਆ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ਪੰਜਾਬ ਵਿੱਚ ਕੀਟਨਾਸ਼ਕਾਂ ਅਤੇ ਯੂਰੀਆ ਅਤੇ ਪੋਟਾਸ਼ੀਅਮ ਦੀ ਜ਼ਿਆਦਾ ਵਰਤੋਂ ਕਾਰਨ, ਅੱਜ ਜੈਵਿਕ ਖਾਦਾਂ ਦੀ ਮੰਗ ਬਹੁਤ ਵੱਧ ਗਈ ਹੈ। ਇਸ ਕਾਰਨ, ਜ਼ਮੀਨਾਂ ਪੂਰੀ ਤਰ੍ਹਾਂ ਬੰਜਰ ਹੋ ਗਈਆਂ ਹਨ। ਜੇਕਰ ਤੁਸੀਂ ਅੱਜ ਖੇਤਾਂ ਦੀ ਮਿੱਟੀ ਨੂੰ ਦੇਖੋਗੇ, ਤਾਂ ਇਹ ਹੁਣ ਮਿੱਟੀ ਨਹੀਂ ਰਹੀ ਸਗੋਂ ਸਖ਼ਤ ਪੱਥਰ ਬਣ ਗਈ ਹੈ। ਨਾਲ ਹੀ, ਪੰਜਾਬ ਦਾ ਪਾਣੀ ਪਹਿਲਾਂ ਹੀ ਬਹੁਤ ਹੇਠਾਂ ਚਲਾ ਗਿਆ ਹੈ, ਜੋ ਖੇਤੀਬਾੜੀ ਲਈ ਬਹੁਤ ਖ਼ਤਰਨਾਕ ਸੰਕੇਤ ਹੈ। ਕਿਸਾਨ ਆਪਣੇ ਘੱਟਦੇ ਉਤਪਾਦਨ ਤੋਂ ਚਿੰਤਤ ਹਨ ਅਤੇ ਅੰਨੂ ਦੇ ਅਨੁਸਾਰ, ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਜੈਵਿਕ ਖਾਦ ਹੈ।
ਕਿਵੇਂ ਬਣਦਾ ਹੈ ਖਾਦ ਬੈੱਡ

Vermicompost ਬਣਾਉਣ ਦੇ ਤਕਨੀਕੀ ਪ੍ਰੋਸੈਸ ਬਾਰੇ ਅੰਨੂ ਦੱਈਆ ਨੇ ਦੱਸਿਆ ਕਿ ਇਹ ਤਰੀਕਾ ਬਹੁਤ ਸਰਲ ਅਤੇ ਵਿਗਿਆਨਕ ਹੈ। ਸਭ ਤੋਂ ਪਹਿਲਾਂ, ਜ਼ਮੀਨ ‘ਤੇ 4 ਫੁੱਟ ਚੌੜਾ ਅਤੇ 32 ਫੁੱਟ ਲੰਬਾ (4×32) ਸਾਈਜ਼ ਨਿਰਧਾਰਤ ਕਰਕੇ ਹੇਠਾਂ ਚੰਗੀ ਕੁਆਲਿਟੀ ਦੀ ਪਲਾਸਟਿਕ ਪੋਲੀਥੀਨ ਸ਼ੀਟ ਵਿਛਾਈ ਜਾਂਦੀ ਹੈ, ਜੋ ਆਸਾਨੀ ਨਾਲ ਨਹੀਂ ਫਟਦੀ। ਇਸ ਤੋਂ ਬਾਅਦ, ਬੈੱਡ ਦੇ ਚਾਰੇ ਪਾਸੇ ਇੱਟਾਂ ਦੀ ਬਾਊਂਡਰੀ ਬਣਾਈ ਜਾਂਦੀ ਹੈ। ਇੱਕ ਬੈੱਡ ਲਈ ਲਗਭਗ 80 ਇੱਟਾਂ ਲੱਗਦੀਆਂ ਹਨ। ਅੱਜ, ਇੱਕ ਇੱਟ ਦੀ ਕੀਮਤ 9 ਤੋਂ 10 ਰੁਪਏ ਹੈ ਅਤੇ ਪਲਾਸਟਿਕ ਸ਼ੀਟ 100 ਰੁਪਏ ਵਿੱਚ ਆਉਂਦੀ ਹੈ।
ਕੈਂਚੂਆਂ ਦੀ ਚਮਤਕਾਰੀ ਭੂਮਿਕਾ

ਬੈੱਡ ਦੇ ਅਗਲੇ ਪ੍ਰੋਸੈਸ ਬਾਰੇ ਅੰਨੂ ਦੱਈਆ ਨੇ ਦੱਸਿਆ, ਬੈੱਡ ਦਾ ਢਾਂਚਾ ਤਿਆਰ ਹੋਣ ਤੋਂ ਬਾਅਦ, ਇਸ ਢਾਂਚੇ ਦੇ ਅੰਦਰ ਲਗਭਗ 1500 ਕਿਲੋ ਗਊਆਂ ਦਾ ਗੋਬਰ ਪਾਇਆ ਜਾਂਦਾ ਹੈ। ਗਊਸ਼ਾਲਾ ਤੋਂ ਮੰਗਵਾਈ ਗਈ ਇੱਕ ਟ੍ਰਾਲੀ ਵਿੱਚ 3000 ਕਿਲੋ ਗੋਬਰ ਹੁੰਦਾ ਹੈ, ਜਿਸ ਨਾਲ ਦੋ ਬੈੱਡ ਤਿਆਰ ਹੋ ਜਾਂਦੇ ਹਨ। ਇਸ 1500 ਕਿਲੋ ਗੋਬਰ ਦੇ ਅੰਦਰ 32 ਕਿਲੋ ਕੈਂਚੂਏ (Earthworms) ਛੱਡੇ ਜਾਂਦੇ ਹਨ। ਨਿਯਮ ਇਹ ਹੈ ਕਿ ਜਿੰਨੇ ਫੁੱਟ ਲੰਬਾ ਬੈੱਡ ਹੋਵੇਗਾ, ਉੱਨੇ ਹੀ ਕਿਲੋ ਕੈਂਚੂਏ ਪਾਏ ਜਾਣਗੇ। ਇਹ ਕੈਂਚੂਏ ਗੋਬਰ ਨੂੰ ਖਾਂਦੇ ਹਨ ਅਤੇ ਆਪਣੇ ਵੇਸਟ ਰਾਹੀਂ ਉਸਨੂੰ ਉੱਤਮ ਕੁਆਲਿਟੀ ਦੀ ਵਰਮੀਕੰਪੋਸਟ ਖਾਦ ਵਿੱਚ ਬਦਲ ਦਿੰਦੇ ਹਨ।
ਸੰਭਾਲ ਅਤੇ ਪਾਣੀ ਦਾ ਪ੍ਰਬੰਧ

ਕੈਂਚੂਆਂ ਦੀ ਦੇਖਭਾਲ ਬਾਰੇ ਅੰਨੂ ਦੱਈਆ ਨੇ ਨੁਕਤਾ ਸਾਂਝਾ ਕਰਦਿਆਂ ਕਿਹਾ, ਗੋਬਰ ਅਤੇ ਕੈਂਚੂਏ ਪਾਉਣ ਤੋਂ ਬਾਅਦ ਬੈੱਡ ਨੂੰ ਢੱਕਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਖੁਸ਼ਕੀ ਕਾਰਨ ਕੈਂਚੂਏ ਮਰ ਸਕਦੇ ਹਨ। ਬੈੱਡ ਨੂੰ ਢੱਕਣ ਲਈ ਕੇਲੇ ਦੇ ਪੱਤੇ, ਜੂਟ ਦੀਆਂ ਬੋਰੀਆਂ ਜਾਂ ਗ੍ਰੀਨ ਨੈੱਟ ਦੀ ਵਰਤ ਸਕਦੇ ਹੋ, ਪਰ ਇਸ ਵਿੱਚ ਹਵਾ ਦੀ ਆਵਾਜਾਈ ਹੋਣੀ ਚਾਹੀਦੀ ਹੈ। ਕੈਂਚੂਆਂ ਨੂੰ ਜ਼ਿੰਦਾ ਰੱਖਣ ਲਈ ਨਮੀ ਬਹੁਤ ਜ਼ਰੂਰੀ ਹੈ। ਗਰਮੀਆਂ ਵਿੱਚ ਬਹੁਤ ਜ਼ਿਆਦਾ ਤਾਪਮਾਨ ਹੋਣ ਕਰਕੇ ਦਿਨ ਵਿੱਚ ਦੋ ਵਾਰ ਪਾਣੀ ਦੇਣਾ ਪੈਂਦਾ ਹੈ, ਜਦੋਂਕਿ ਸਰਦੀਆਂ ਵਿੱਚ ਹਫ਼ਤੇ ਵਿੱਚ ਇੱਕ ਵਾਰ ਪਾਣੀ ਕਾਫ਼ੀ ਹੁੰਦਾ ਹੈ। ਪਾਣੀ ਦੇਣ ਲਈ ਫੁਹਾਰਾ ਸਿਸਟਮ ਸਭ ਤੋਂ ਵਧੀਆ ਹੈ।
ਪੈਦਾਵਾਰ ਵਿੱਚ ਚਾਰ ਗੁਣਾ ਵਾਧਾ

ਖਾਦ ਦੇ ਫ਼ਾਇਦਿਆਂ ਬਾਰੇ ਅੰਨੂ ਦੱਈਆ ਦੱਸਦੇ ਹਨ ਕਿ ਕੈਂਚੂਏ ਗੋਬਰ ਨੂੰ ਖਾ ਕੇ 3 ਮਹੀਨਿਆਂ ਵਿੱਚ ਖਾਦ ਬਣਾ ਦਿੰਦੇ ਹਨ। ਜੇਕਰ ਬੈੱਡ ਵਿੱਚ 1500 ਕਿਲੋ ਗੋਬਰ ਪਾਇਆ ਹੈ, ਤਾਂ ਉਸ ਵਿੱਚੋਂ ਲਗਭਗ 500 ਕਿਲੋ ਸ਼ੁੱਧ ਆਰਗੈਨਿਕ ਖਾਦ ਮਿਲਦੀ ਹੈ। ਇਸਦੀ ਵਰਤੋਂ ਨਾਲ ਫ਼ਸਲਾਂ ਅਤੇ ਫਲਾਂ ਦੀ ਪੈਦਾਵਾਰ 4 ਤੋਂ 5 ਗੁਣਾ ਵੱਧ ਜਾਂਦੀ ਹੈ। ਉਦਾਹਰਨ ਵਜੋਂ, ਜਿਸ ਪੌਦੇ ਤੋਂ ਪਹਿਲਾਂ 100 ਫਲ ਮਿਲਦੇ ਸਨ, ਉੱਥੋਂ 400 ਤੋਂ 500 ਫਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਖਾਦ ਦੀ ਮੰਗ ਨਰਸਰੀਆਂ, ਰਿਜ਼ੋਰਟਾਂ, ਸਕੂਲਾਂ ਅਤੇ ਬਾਗ਼ਬਾਨੀ ਵਿੱਚ ਬਹੁਤ ਜ਼ਿਆਦਾ ਹੈ।
ਕੈਂਚੂਆਂ ਦਾ ਦੂਜਾ ਕਾਰੋਬਾਰ

ਅੰਨੂ ਨੇ ਇਸ ਕਾਰੋਬਾਰ ਦੇ ਇੱਕ ਹੋਰ ਮੁਨਾਫ਼ੇ ਵਾਲੇ ਪਹਿਲੂ ਬਾਰੇ ਦੱਸਿਆ ਕਿ ਕੈਂਚੂਏ ਸਿਰਫ਼ ਖਾਦ ਹੀ ਨਹੀਂ ਬਣਾਉਂਦੇ, ਸਗੋਂ 3 ਮਹੀਨਿਆਂ ਵਿੱਚ ਪ੍ਰਜਨਨ ਰਾਹੀਂ ਉਹ ਖ਼ੁਦ ਵੀ ਦੁੱਗਣੇ ਹੋ ਜਾਂਦੇ ਹਨ। ਜਿਸ ਕਾਰਨ ਅਗਲੀ ਵਾਰ ਬੈੱਡ ਤਿਆਰ ਹੋਣ ਵਿੱਚ ਅੱਧਾ ਸਮਾਂ ਲੱਗਦਾ ਹੈ, ਯਾਨੀ ਜੋ ਕੰਮ 3 ਮਹੀਨੇ ਵਿੱਚ ਹੁੰਦਾ ਸੀ, ਉਹ ਡੇਢ ਮਹੀਨੇ ਵਿੱਚ ਹੋ ਜਾਂਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਸਾਨ ਵਾਧੂ ਕੈਂਚੂਆਂ ਨੂੰ 100 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ ਵੇਚ ਕੇ ਵੀ ਵਾਧੂ ਕਮਾਈ ਕਰ ਸਕਦੇ ਹਨ, ਜਦੋਂਕਿ ਮਾਰਕੀਟ ਵਿੱਚ ਇਸਦੀ ਕੀਮਤ 200 ਤੋਂ 300 ਰੁਪਏ ਤੱਕ ਹੈ।
ਬ੍ਰੈਂਡਿੰਗ ਅਤੇ ਪੈਕਿੰਗ ਦੀ ਮਹੱਤਤਾ

ਮਾਰਕੀਟ ਵਿੱਚ ਸਫ਼ਲ ਹੋਣ ਲਈ, ਉਤਪਾਦ ਦੀ ਗੁਣਵੱਤਾ ਦੇ ਨਾਲ-ਨਾਲ ਉਸਦੀ ਪੈਕਿੰਗ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ “ਜੋ ਦਿਖੇਗਾ, ਉਹ ਵਿਕੇਗਾ”। ਅੰਨੂ ਦੱਈਆ ਦੇ ਅਨੁਸਾਰ, ‘Farmer Bro’ ਦੀ ਪੈਕੇਜਿੰਗ ਬਾਕੀ ਸਥਾਨਕ ਪ੍ਰਤੀਯੋਗੀ ਨਾਲੋਂ ਬਹੁਤ ਵੱਖਰੀ ਅਤੇ ਬ੍ਰਾਂਡਿਡ ਲੱਗਦੀ ਹੈ। ਭਾਵੇਂ ਤੁਸੀਂ 1 ਕਿਲੋ, 5 ਕਿਲੋ ਜਾਂ ਕੁਇੰਟਲ ਦੇ ਹਿਸਾਬ ਨਾਲ ਉਤਪਾਦ ਵੇਚ ਰਹੇ ਹੋ, ਪੈਕਿੰਗ ਸਮੱਗਰੀ ਵਧੀਆ ਹੋਣੀ ਚਾਹੀਦੀ ਹੈ। ਸ਼ੁਰੂ ਵਿੱਚ, ਆਪਣੇ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਨਰਸਰੀਆਂ ਨਾਲ ਸੰਪਰਕ ਕਰਕੇ ਮਾਰਕੀਟਿੰਗ ਸ਼ੁਰੂ ਕੀਤੀ ਜਾ ਸਕਦੀ ਹੈ।
ਸਰਕਾਰੀ ਮਦਦ ਅਤੇ ਸਹੂਲਤਾਂ
ਕਾਰੋਬਾਰ ਨੂੰ ਵਧਾਉਣ ਲਈ, ਅੰਨੂ ਦੱਈਆ ਨੇ ਨਵੇਂ ਨੌਜਵਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਆਰਗੈਨਿਕ ਫਾਰਮਿੰਗ ਲਈ ਸਰਕਾਰ ਕਿਸਾਨਾਂ ਨੂੰ ਸਬਸਿਡੀ ਅਤੇ ਸਹਾਇਤਾ ਦਿੰਦੀ ਹੈ। ਜੇਕਰ ਤੁਹਾਡੇ ਕੋਲ ਨਿਵੇਸ਼ ਨਹੀਂ ਹੈ, ਤਾਂ ਤੁਸੀਂ MSME ਦਾ ਸਰਟੀਫ਼ਿਕੇਟ ਬਣਵਾ ਕੇ ਸਰਕਾਰ ਤੋਂ ਲੋਨ ਵੀ ਸੈਂਕਸ਼ਨ ਕਰਵਾ ਸਕਦੇ ਹੋ। ਉਨ੍ਹਾਂ ਨੇ ਅੱਗੇ ਕਿਹਾ ਕਿ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਵੀ ਆਰਗੈਨਿਕ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਨ, ਜੋ ਇਸ ਦੇ ਸੁਨਹਿਰੀ ਭਵਿੱਖ ਦਾ ਸਬੂਤ ਹੈ।
Vermicompost ਦਾ ਇਹ ਕਾਰੋਬਾਰ ਮੁਨਾਫ਼ੇ ਦੇ ਨਾਲ-ਨਾਲ ਸਖ਼ਤ ਮਿਹਨਤ ਅਤੇ ਹਿੰਮਤ ਮੰਗਦਾ ਹੈ। ਲਗਾਤਾਰ ਮਿਹਨਤ ਕਰਨ ਨਾਲ ਸਫ਼ਲਤਾ ਜ਼ਰੂਰ ਮਿਲੇਗੀ। ਇਹ ਕੰਮ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਕੈਮੀਕਲ ਮੁਕਤ ਖ਼ੁਰਾਕ ਅਤੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ।
COMMENTS