PAU ਦੀ ਨਵੀਂ ਖੋਜ: 500 ਮੀਟਰ ਰੇਂਜ ਵਾਲੇ Remote Control Paddy Transplanter ਨਾਲ ਝੋਨੇ ਦੀ ਲਵਾਈ ਹੋਈ ਸੁਖਾਲੀ 

PAU ਦੀ ਨਵੀਂ ਖੋਜ: 500 ਮੀਟਰ ਰੇਂਜ ਵਾਲੇ Remote Control Paddy Transplanter ਨਾਲ ਝੋਨੇ ਦੀ ਲਵਾਈ ਹੋਈ ਸੁਖਾਲੀ 

ਪੰਜਾਬ ਦੀ ਖੇਤੀਬਾੜੀ ਵਿੱਚ ਝੋਨੇ ਦੀ ਲਵਾਈ ਦਾ ਸਮਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਬਹੁਤ ਮਿਹਨਤ ਭਰਿਆ ਹੁੰਦਾ ਹੈ। ਚਿੱਕੜ ਵਿੱਚ ਝੁਕ ਕੇ ਘੰਟਿਆਂਬੱਧੀ ਕੰਮ ਕਰਨ ਨਾਲ ਜਿੱਥੇ ਸਰੀਰ

PAU ਦਾ ਮਸ਼ਰੂਮ ਪਾਊਡਰ ਵਿਟਾਮਿਨ D ਦੀ ਕਮੀ ਦੂਰ ਕਰੇਗਾ, ਟੈਕਨੋਲੋਜੀ ਲਈ ਪ੍ਰਾਈਵੇਟ ਫਰਮ ਨਾਲ ਸਮਝੌਤਾ
ਹੁਣ Robot ਸੰਭਾਲਣਗੇ ਖੇਤੀ: ਜਾਣੋ ਕਿਵੇਂ ‘Agribots’ ਬਣ ਰਹੇ ਹਨ ਕਿਸਾਨਾਂ ਦੇ ਨਵੇਂ ਮਦਦਗਾਰ
ਪੰਜਾਬ ‘ਚ ਮੱਕੀ ਦੀ ਖੇਤੀ ਨੂੰ ਮਿਲੇਗਾ ਹੁਲਾਰਾ: PAU ਨੇ ਵਿਕਸਿਤ ਕੀਤੀ ਆਧੁਨਿਕ Maize dryer ਮਸ਼ੀਨ 

ਪੰਜਾਬ ਦੀ ਖੇਤੀਬਾੜੀ ਵਿੱਚ ਝੋਨੇ ਦੀ ਲਵਾਈ ਦਾ ਸਮਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਬਹੁਤ ਮਿਹਨਤ ਭਰਿਆ ਹੁੰਦਾ ਹੈ। ਚਿੱਕੜ ਵਿੱਚ ਝੁਕ ਕੇ ਘੰਟਿਆਂਬੱਧੀ ਕੰਮ ਕਰਨ ਨਾਲ ਜਿੱਥੇ ਸਰੀਰਕ ਦਰਦ ਹੁੰਦਾ ਹੈ, ਉੱਥੇ ਹੀ ਚਮੜੀ ਅਤੇ ਹੱਡੀਆਂ ਦੀਆਂ ਕਈ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ। ਇਸ ਸਰੀਰਕ ਸਮੱਸਿਆ ਅਤੇ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ‘ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ’ ਨੇ ਇੱਕ ਵਿਸ਼ੇਸ਼ ‘Remote Control Paddy Transplanter’ ਤਕਨਾਲੋਜੀ ਵਿਕਸਿਤ ਕੀਤੀ ਹੈ। ਇਹ ਤਕਨੀਕ ਕਿਸਾਨ ਨੂੰ ਖੇਤ ਦੇ ਚਿੱਕੜ ਵਿੱਚ ਵੜਨ ਦੀ ਬਜਾਏ ਬਾਹਰ ਕੁਰਸੀ ‘ਤੇ ਬੈਠ ਕੇ ਝੋਨਾ ਲਾਉਣ ਦੀ ਸਹੂਲਤ ਦਿੰਦੀ ਹੈ।

ਸਰੀਰਕ ਕਸ਼ਟ ਅਤੇ ਬੀਮਾਰੀਆਂ ਤੋਂ ਮੁਕਤੀ

ਝੋਨੇ ਦੀ ਲਵਾਈ ਦੌਰਾਨ, ਮਜ਼ਦੂਰਾਂ ਨੂੰ ਅਤਿ ਦੀ ਗਰਮੀ ਅਤੇ ਨਮੀ ਵਿੱਚ ਕੰਮ ਕਰਨਾ ਪੈਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸ਼ਿਵ ਕੁਮਾਰ ਲੋਹਾਨ ਦੱਸਦੇ ਹਨ ਕਿ ਝੋਨੇ ਦੀ ਲਵਾਈ ਦੌਰਾਨ ਮਜ਼ਦੂਰਾਂ ਨੂੰ ਵਾਰ-ਵਾਰ ਝੁਕਣਾ ਪੈਂਦਾ ਹੈ, ਜਿਸ ਕਰਕੇ ਉਨ੍ਹਾਂ ਵਿੱਚ ਮਸਕੂਲੋਸਕੇਲਟਲ ਡਿਸਆਰਡਰ, ਪਿੱਠ ਦਰਦ, ਧੌਣ ਦਾ ਦਰਦ ਅਤੇ ਸਰਵਾਈਕਲ ਵਰਗੀਆਂ ਗੰਭੀਰ ਸਮੱਸਿਆਵਾਂ ਵੱਧ ਜਾਂਦੀਆਂ ਹਨ। 

ਖ਼ਾਸ ਕਰਕੇ ਜੁਲਾਈ ਦੇ ਮਹੀਨੇ ਵਿੱਚ ਜਦੋਂ ਤਾਪਮਾਨ 44 ਤੋਂ 45 ਡਿਗਰੀ ਤੱਕ ਪਹੁੰਚ ਜਾਂਦਾ ਹੈ ਅਤੇ ਨਮੀ 70-80% ਹੁੰਦੀ ਹੈ, ਤਾਂ ਪਾਣੀ ਵਿੱਚ ਲਗਾਤਾਰ ਖੜ੍ਹੇ ਰਹਿਣ ਨਾਲ ਪੈਰਾਂ ਵਿੱਚ ਇਨਫੈਕਸ਼ਨ ਵੀ ਹੋ ਜਾਂਦੀ ਹੈ। ਇਸ ਲਈ, ਅਸੀਂ ਇਸ ਸਰੀਰਕ ਕਸ਼ਟ ਨੂੰ ਦੂਰ ਕਰਨ ਲਈ ਇਹ ਤਕਨਾਲੋਜੀ ਤਿਆਰ ਕੀਤੀ ਹੈ। ਜ਼ਿਕਰਯੋਗ, ਇਹ ਨਵੀਂ ਮਸ਼ੀਨੀ ਪ੍ਰਣਾਲੀ ਕਿਸਾਨਾਂ ਨੂੰ ਸਰੀਰਕ ਥਕਾਵਟ ਤੋਂ ਬਚਾ ਕੇ ਉਨ੍ਹਾਂ ਦੀ ਸਿਹਤ ਸੰਭਾਲ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ, ਜਿਸ ਨਾਲ ਖੇਤ ਵਿੱਚ ਕੰਮ ਕਰਨ ਦੀ ਸਮਰੱਥਾ ਵੀ ਕਈ ਗੁਣਾ ਵੱਧ ਜਾਂਦੀ ਹੈ।

Remote Control ਤਕਨਾਲੋਜੀ ਦੀ ਲੋੜ ਅਤੇ ਕਾਰਜ ਪ੍ਰਣਾਲੀ

ਬਾਜ਼ਾਰ ਵਿੱਚ ਪਹਿਲਾਂ ਤੋਂ ਹੀ ‘Walk-behind Transplanter’ ਯਾਨੀ ਮਸ਼ੀਨ ਦੇ ਪਿੱਛੇ ਤੁਰ ਕੇ ਚਲਾਉਣ ਵਾਲੇ ਟ੍ਰਾਂਸਪਲਾਂਟਰ ਉਪਲਬਧ ਹਨ, ਪਰ ਉਨ੍ਹਾਂ ਦੇ ਨਾਲ ਵੀ ਕਿਸਾਨ ਨੂੰ ਖੇਤ ਵਿੱਚ ਨਾਲ-ਨਾਲ ਤੁਰਨਾ ਪੈਂਦਾ ਸੀ। ਪ੍ਰੋਫੈਸਰ ਡਾ. ਸ਼ਿਵ ਕੁਮਾਰ ਲੋਹਾਨ ਦੱਸਦੇ ਹਨ ਕਿ ਪੁਰਾਣੀ ਮਸ਼ੀਨ ਨਾਲ ਕਿਸਾਨ ਨੂੰ 2 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਿੱਕੜ ਵਾਲੇ ਖੇਤ ਵਿੱਚ ਤੁਰਨਾ ਪੈਂਦਾ ਸੀ। ਜੇਕਰ ਉਹ ਦਿਨ ਵਿੱਚ 8 ਤੋਂ 10 ਘੰਟੇ ਕੰਮ ਕਰਦਾ ਸੀ, ਤਾਂ ਉਸ ਨੂੰ 16 ਤੋਂ 20 ਕਿਲੋਮੀਟਰ ਤੁਰਨਾ ਪੈਂਦਾ ਸੀ, ਜਿਸ ਨਾਲ ਉਸ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਸੀ। ਇਸ ਲਈ, ਅਸੀਂ ਉਸ ਵਿਅਕਤੀ ਨੂੰ ਖੇਤ ਵਿੱਚੋਂ ਬਾਹਰ ਕੱਢ ਕੇ ਕੁਰਸੀ ‘ਤੇ ਬਿਠਾ ਦਿੱਤਾ ਹੈ। ਹੁਣ, ਉਹ ਰਿਮੋਟ ਦੀ ਮਦਦ ਨਾਲ ਖੇਤ ਦੇ ਬਾਹਰ ਬੈਠ ਕੇ ਮਸ਼ੀਨ ਨੂੰ ਆਸਾਨੀ ਨਾਲ ਚਲਾ ਸਕਦਾ ਹੈ।

ਯੂਨੀਵਰਸਿਟੀ ਨੇ ਪੂਰੀ ਮਸ਼ੀਨ ਨਵੇਂ ਸਿਰੇ ਤੋਂ ਬਣਾਉਣ ਦੀ ਬਜਾਏ, ਸਿਰਫ਼ ਉਸ ‘ਤੇ ਰਿਮੋਟ ਸਿਸਟਮ ਫਿੱਟ ਕੀਤਾ ਹੈ। ਪਹਿਲਾਂ ਮਸ਼ੀਨ ਦੇ 7 ਲੀਵਰ (ਸਟੀਅਰਿੰਗ, ਕਲੱਚ, ਗੇਅਰ ਅਤੇ ਟ੍ਰਾਂਸਪਲਾਂਟਿੰਗ ਆਨ/ਆਫ਼) ਹੱਥ ਨਾਲ ਚਲਾਉਣੇ ਪੈਂਦੇ ਸਨ। ਹੁਣ ਇਲੈਕਟ੍ਰਿਕ ਮੋਟਰਾਂ ਲਗਾ ਕੇ ਇਹ ਸਾਰੇ ਕੰਟਰੋਲ ਲੈਫ਼ਟ-ਰਾਈਟ, ਕਲੱਚ, ਗੇਅਰ, ਐਕਸਲੇਟਰ ਅਤੇ ਟ੍ਰਾਂਸਪਲਾਂਟਿੰਗ ਆਨ/ਆਫ਼ ਰਿਮੋਟ ਨਾਲ ਜੋੜ ਦਿੱਤੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਹ ਰਿਮੋਟ 500 ਮੀਟਰ ਦੀ ਦੂਰੀ ਤੱਕ ਬਿਨਾਂ ਰੁਕਾਵਟ ਵਧੀਆ ਕੰਮ ਕਰਦਾ ਹੈ। 

Remote Control Paddy Transplanter

ਕਾਰਜਕੁਸ਼ਲਤਾ, ਸਮਾਂ ਅਤੇ ਪਾਣੀ ਦੀ ਬੱਚਤ 

ਇਹ ਆਧੁਨਿਕ Remote Control Paddy Transplanter ਮਸ਼ੀਨ ਪੰਜਾਬ ਵਿੱਚ ਖੇਤੀਬਾੜੀ ਦੇ ਕੰਮ ਨੂੰ ਬਹੁਤ ਤੇਜ਼ ਅਤੇ ਸੁਚਾਰੂ ਬਣਾਉਂਦੀ ਹੈ। 

  • ਸਮੇਂ ਦੀ ਬੱਚਤ: ਇਸ ਮਸ਼ੀਨ ਨਾਲ ਇੱਕ ਘੰਟੇ ਦਾ ਝੋਨਾ ਲਾਉਣ ਦਾ ਕੰਮ ਮਹਿਜ਼ ਢਾਈ ਤੋਂ ਤਿੰਨ ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ। ਕਿਸਾਨ ਇੱਕ ਦਿਨ ਵਿੱਚ ਲਗਭਗ 4 ਏਕੜ ਖੇਤ ਵਿੱਚ ਝੋਨੇ ਦੀ ਲਵਾਈ ਕਰ ਸਕਦਾ ਹੈ।
  • ਪਾਣੀ ਦੀ ਬੱਚਤ: ਹੱਥ ਨਾਲ ਲਵਾਈ ਕਰਨ ਵੇਲੇ ਪੂਰੇ ਖੇਤ ਵਿੱਚ ਜ਼ਿਆਦਾ ਪਾਣੀ ਭਰ ਕੇ ਰੱਖਣਾ ਪੈਂਦਾ ਹੈ, ਪਰ ਇਹ ਮਸ਼ੀਨ ਘੱਟ ਪਾਣੀ ਵਿੱਚ ਵੀ ਵਧੀਆ ਚੱਲਦੀ ਹੈ। ਇਸ ਨਾਲ ਖੇਤ ਵਿੱਚ ਪਾਣੀ ਦੀ ਖਪਤ ਘਟਦੀ ਹੈ ਅਤੇ ਸਮੇਂ ਸਿਰ ਲਵਾਈ ਹੋ ਜਾਂਦੀ ਹੈ। ਇਸ ਨਾਲ ਖੇਤ ਦੀ ਤਿਆਰੀ ਦੌਰਾਨ ਵਾਰ-ਵਾਰ ਪਾਣੀ ਲਗਾਉਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਬਜਟ ਅਤੇ ਕੁਦਰਤੀ ਸਰੋਤਾਂ ਦੀ ਵੱਡੀ ਬਚਤ ਹੁੰਦੀ ਹੈ।

Mat-type Nursery ਦੀ ਲੋੜ

ਇਸ ਮਸ਼ੀਨ ਨਾਲ ਝੋਨਾ ਲਾਉਣ ਲਈ ਸਾਧਾਰਨ ਪਨੀਰੀ ਦੀ ਬਜਾਏ ‘Mat-type Nursery’ ਵਰਤੀ ਜਾਂਦੀ ਹੈ।

  • ਤਿਆਰੀ ਦਾ ਤਰੀਕਾ: ਇੱਕ ਪਲਾਸਟਿਕ ਸ਼ੀਟ (ਪੋਲੀਥੀਨ) ਵਿਛਾ ਕੇ ਉਸ ਉੱਪਰ ਮਿੱਟੀ ਦੀ ਪਰਤ ਪਾਈ ਜਾਂਦੀ ਹੈ, ਫਿਰ ਬੀਜ ਕੇ ਉੱਪਰੋਂ ਦੋਬਾਰਾ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਵਿਧੀ ਨਾਲ ਤਿਆਰ ਕੀਤੀ ਪਨੀਰੀ ਦੀਆਂ ਜੜ੍ਹਾਂ ਇੱਕ ਮਜ਼ਬੂਤ ਮੈਟ ਵਾਂਗ ਜੁੜ ਜਾਂਦੀਆਂ ਹਨ, ਜਿਸ ਨਾਲ ਮਸ਼ੀਨ ਦੀਆਂ ਫਿੰਗਰਜ਼ ਨੂੰ ਪੌਦਿਆਂ ਨੂੰ ਫੜ ਕੇ ਮਿੱਟੀ ਵਿੱਚ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ।
  • ਸੈਟਿੰਗ: ਮਸ਼ੀਨ ਵਿੱਚ ਪੌਦੇ ਤੋਂ ਪੌਦੇ ਦੀ ਦੂਰੀ 12 ਸੈਂਟੀਮੀਟਰ, 14 ਸੈਂਟੀਮੀਟਰ, 16 ਸੈਂਟੀਮੀਟਰ ਜਾਂ 18 ਸੈਂਟੀਮੀਟਰ ਤੱਕ ਸੈੱਟ ਕੀਤੀ ਜਾ ਸਕਦੀ ਹੈ। ਲਾਈਨ ਤੋਂ ਲਾਈਨ ਦੀ ਦੂਰੀ 30 ਸੈਂਟੀਮੀਟਰ ਨਿਸ਼ਚਿਤ ਹੁੰਦੀ ਹੈ।

ਲਾਗਤ ਅਤੇ ਟ੍ਰੇਨਿੰਗ ਦੀ ਸੁਵਿਧਾ

ਇਹ ਰਿਮੋਟ ਕੰਟਰੋਲ ਤਕਨਾਲੋਜੀ ਪਹਿਲਾਂ ਤੋਂ ਮੌਜੂਦ ਮਸ਼ੀਨਾਂ ਉੱਤੇ ਲਗਾਈ ਜਾ ਸਕਦੀ ਹੈ।

  • ਲਾਗਤ: ਬਾਜ਼ਾਰ ਵਿੱਚ 2-ਵੀਲ੍ਹ ਪੈਡੀ ਟ੍ਰਾਂਸਪਲਾਂਟਰ ਦੀ ਕੀਮਤ ਲਗਭਗ 4 ਲੱਖ ਰੁਪਏ ਹੈ। ਇਸ ‘ਤੇ ਰਿਮੋਟ ਕੰਟਰੋਲ ਸਿਸਟਮ ਲਗਾਉਣ ਦੀ ਵਾਧੂ ਲਾਗਤ ਲਗਭਗ 1 ਲੱਖ ਰੁਪਏ ਹੈ।
  • ਟ੍ਰੇਨਿੰਗ: ਪ੍ਰੋਫੈਸਰ ਡਾ. ਸ਼ਿਵ ਕੁਮਾਰ ਲੋਹਾਨ ਕਹਿੰਦੇ ਹਨ ਕਿ PAU ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਤਕਨਾਲੋਜੀ ਬਾਰੇ ਜਾਗਰੂਕ ਕਰਨਾ ਹੈ। ਕੋਈ ਵੀ ਕਿਸਾਨ ਜਾਂ ਕਾਸ਼ਤਕਾਰ ਜੋ ਇਸ ਤਕਨੀਕ ਨੂੰ ਅਪਣਾਉਣਾ ਚਾਹੁੰਦੇ ਹਨ, ਉਹ PAU ਦੇ ‘ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ’ ਨਾਲ ਸੰਪਰਕ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਇਸ ਦਾ ਪ੍ਰੈਕਟੀਕਲ ਡੈਮੋ, ਟ੍ਰੇਨਿੰਗ ਅਤੇ ਆਉਣ ਵਾਲੀਆਂ ਸਮੱਸਿਆਵਾਂ ਦਾ ਪੂਰਾ ਹੱਲ ਦਿੱਤਾ ਜਾਂਦਾ ਹੈ। ਇਸ ਨਾਲ ਨਵੇਂ ਕਿਸਾਨਾਂ ਨੂੰ ਮਸ਼ੀਨ ਦੀ ਵਰਤੋਂ ਕਰਨ ਤੋਂ ਝਿਜਕਦੇ ਨਹੀਂ ਹਨ ਅਤੇ ਉਹ ਆਸਾਨੀ ਨਾਲ ਆਧੁਨਿਕ ਤਕਨੀਕ ਨਾਲ ਜੁੜ ਸਕਦੇ ਹਨ।
Remote Control Paddy Transplanter 3

ਖੇਤੀਬਾੜੀ ਵਿੱਚ AI ਅਤੇ ਰੋਬੋਟਿਕਸ ਦਾ ਨਵਾਂ ਯੁੱਗ

ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਰੋਬੋਟਿਕਸ ਦਾ ਯੁੱਗ ਹੈ। ਪ੍ਰੋਫੈਸਰ ਡਾ. ਸ਼ਿਵ ਕੁਮਾਰ ਲੋਹਾਨ ਦੇ ਅਨੁਸਾਰ, ਖੇਤੀਬਾੜੀ ਖੇਤਰ ਵਿੱਚ ਆਧੁਨਿਕੀਕਰਨ ਬਹੁਤ ਜ਼ਰੂਰੀ ਹੈ। ਇਹ Remote Control ਤਕਨਾਲੋਜੀ ਮਜ਼ਦੂਰਾਂ ਦੀ ਥਾਂ ਨਹੀਂ ਲੈਂਦੀ, ਸਗੋਂ ਉਨ੍ਹਾਂ ਦੇ ਕੰਮ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਂਦੀ ਹੈ। ਇਸ ਨਾਲ ਖੇਤੀਬਾੜੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਪ੍ਰਾਈਵੇਟ ਨਿਰਮਾਤਾਵਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ। ਜਦੋਂ ਸਥਾਨਕ ਨਿਰਮਾਤਾ ਇਸ ਤਕਨਾਲੋਜੀ ਨੂੰ ਅਪਣਾ ਕੇ ਵੱਡੇ ਪੱਧਰ ‘ਤੇ ਰਿਮੋਟ ਸਿਸਟਮ ਬਣਾਉਣਗੇ, ਤਾਂ ਕਿਸਾਨਾਂ ਨੂੰ ਇਹ ਹੋਰ ਵੀ ਸਸਤੇ ਰੇਟ ‘ਤੇ ਉਪਲਬਧ ਹੋਵੇਗਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਇਹ Remote Control Paddy Transplanter ਤਕਨੀਕ ਕਿਸਾਨਾਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ, ਜੋ ਖੇਤੀ ਵਿੱਚ ਮਿਹਨਤ, ਸਮਾਂ ਅਤੇ ਲਾਗਤ ਘਟਾ ਕੇ ਆਧੁਨਿਕ ਖੇਤੀਬਾੜੀ ਦੀ ਇੱਕ ਨਵੀਂ ਮਿਸਾਲ ਪੇਸ਼ ਕਰਦੀ ਹੈ। ਨਾਲ ਹੀ, ਇਹ ਕਦਮ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਤਰੀਕਿਆਂ ਤੋਂ ਬਾਹਰ ਕੱਢ ਕੇ ਇੱਕ ਲਾਭਦਾਇਕ ਅਤੇ ਤਕਨੀਕੀ ਭਵਿੱਖ ਵੱਲ ਲੈ ਜਾਵੇਗਾ।

COMMENTS

WORDPRESS: 0