Sugarcane: ਪੰਜਾਬ ‘ਚ 1.16 ਲੱਖ ਹੈਕਟੇਅਰ ਹੋਇਆ ਗੰਨੇ ਦਾ ਰਕਬਾ, ਸਰਕਾਰ ਵੱਲੋਂ ਨਵੀਂ ਰਣਨੀਤੀ ਦਾ ਐਲਾਨ 

Sugarcane: ਪੰਜਾਬ ‘ਚ 1.16 ਲੱਖ ਹੈਕਟੇਅਰ ਹੋਇਆ ਗੰਨੇ ਦਾ ਰਕਬਾ, ਸਰਕਾਰ ਵੱਲੋਂ ਨਵੀਂ ਰਣਨੀਤੀ ਦਾ ਐਲਾਨ 

ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਗੰਨੇ (Sugarcane) ਦੀ ਖੇਤੀ ਨੂੰ ਵੱਡੇ ਪੱਧਰ ‘ਤੇ ਉ

Bio-Fertilizer Quality Control Lab: ਬਠਿੰਡਾ ‘ਚ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ
ਪੰਜਾਬ ‘ਚ DSR ਹੇਠ ਰਕਬਾ 36% ਵਧਿਆ, 4 ਲੱਖ ਏਕੜ ਤੋਂ ਪਾਰ ਪਹੁੰਚਿਆ ਅੰਕੜਾ 
ਪੰਜਾਬ ’ਚ ਦੁੱਧ ਅਤੇ ਪਸ਼ੂ ਚਾਰਾ ਦੀ ਮਿਲਾਵਟ ਨੂੰ ਪਰਖਣ ਲਈ ਮੈਬਾਇਲ ਵੈਨਾਂ ਲਾਂਚ੍ਹ

ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਗੰਨੇ (Sugarcane) ਦੀ ਖੇਤੀ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਗੰਨੇ ਦੀ ਕਾਸ਼ਤ ਨੂੰ ਸੂਬੇ ਦੀ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀ ਫ਼ਸਲ ਬਣਾਉਣ ਲਈ ਮਸ਼ੀਨੀਕਰਨ, ਜ਼ਮੀਨੀ ਪੱਧਰ ‘ਤੇ ਆਧੁਨਿਕ ਤਕਨੀਕਾਂ ਦੀ ਪਹੁੰਚ ਅਤੇ ਨਾਲ ਹੀ ਕਿਸਾਨਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਬਹੁਪੱਖੀ ਰਣਨੀਤੀ ਲਾਗੂ ਕੀਤੀ ਗਈ ਹੈ।

ਰਕਬੇ ‘ਚ ਵਾਧਾ ਅਤੇ ਟੀਚਾ

ਸਰਕਾਰੀ ਅੰਕੜਿਆਂ ਦੇ ਮੁਤਾਬਕ, ਪੰਜਾਬ ਵਿੱਚ Sugarcane ਦੀ ਕਾਸ਼ਤ ਹੇਠਲਾ ਰਕਬਾ ਸਾਲ 2025-26 ਦੇ 1,11,818 ਹੈਕਟੇਅਰ ਤੋਂ ਵੱਧ ਕੇ ਮੌਜੂਦਾ 2026-27 ਸੀਜ਼ਨ ਦੌਰਾਨ 1,16,131 ਹੈਕਟੇਅਰ ਤੱਕ ਪਹੁੰਚ ਗਿਆ ਹੈ, ਇਸ ਵਿੱਚ ਬਸੰਤ ਰੁੱਤ ਦੀ ਫ਼ਸਲ ਹੇਠ 51,174 ਹੈਕਟੇਅਰ, ਰਟੂਨ ਦੀ ਫ਼ਸਲ ਹੇਠ 47,295 ਹੈਕਟੇਅਰ ਅਤੇ ਪੱਤਝੜ ਰੁੱਤ ਦੀ ਫ਼ਸਲ ਹੇਠ 17,662 ਹੈਕਟੇਅਰ ਰਕਬਾ ਸ਼ਾਮਲ ਹੈ। ਇਸ ਤੋਂ ਇਲਾਵਾ, ਮੌਸਮ ਅਨੁਕੂਲ ਰਹਿਣ ਦੀ ਸੂਰਤ ਵਿੱਚ ਇਸ ਸੀਜ਼ਨ ਦੌਰਾਨ ਸੂਬੇ ਵਿੱਚ Sugarcane ਦਾ ਉਤਪਾਦਨ ਲਗਭਗ 700 ਲੱਖ ਕੁਇੰਟਲ ਤੱਕ ਪਹੁੰਚਣ ਦੀ ਉਮੀਦ ਹੈ।

ਪ੍ਰਦਰਸ਼ਨੀ ਪਲਾਟਾਂ ਲਈ ਵਿੱਤੀ ਸਹਾਇਤਾ

ਵਿਗਿਆਨਕ ਅਤੇ ਆਧੁਨਿਕ ਤਰੀਕਿਆਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਦਰਸ਼ਨ ਕਰਨ ਲਈ ਸਰਕਾਰ ਨੇ ਪ੍ਰਦਰਸ਼ਨੀ ਪਲਾਟ (Demonstration Plots) ਲਗਾਉਣ ਵਾਲੇ ਕਿਸਾਨਾਂ ਨੂੰ ₹3,200 ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਸਕੀਮ ਸੂਬੇ ਦੇ 12 ਮੁੱਖ ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਐੱਸ.ਏ.ਐੱਸ. ਨਗਰ, ਪਟਿਆਲਾ, ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਕਪੂਰਥਲਾ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਪ੍ਰਦਰਸ਼ਨੀ ਪਲਾਟਾਂ ਦਾ ਮੁੱਖ ਮਕਸਦ ਚੌੜੀ-ਕਤਾਰ ਵਿੱਥ, ਟਰੈਂਚ ਵਿਧੀ, ਅੰਤਰ-ਫ਼ਸਲੀ ਕਾਸ਼ਤ (ਇੰਟਰਕ੍ਰੋਪਿੰਗ), ਮਲਚਿੰਗ ਦਾ ਪ੍ਰਯੋਗ ਅਤੇ ਰਟੂਨ ਫ਼ਸਲ ਦੇ ਵਿਗਿਆਨਕ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ Sugarcane ਕਾਸ਼ਤ ਦੀ ਲਾਗਤ ਦਾ ਖ਼ਰਚ ਘਟਾ ਕੇ ਪੈਦਾਵਾਰ ਨੂੰ ਵਧਾਇਆ ਜਾ ਸਕੇ।

ਮਸ਼ੀਨਰੀ ‘ਤੇ 40 ਫ਼ੀਸਦੀ ਸਬਸਿਡੀ

Sugarcane ਦੀ ਕਾਸ਼ਤ ਵਿੱਚ ਲੇਬਰ ਦੀ ਸਮੱਸਿਆ ਅਤੇ ਮਿਹਨਤ ਨੂੰ ਘਟਾਉਣ ਲਈ ਸਰਕਾਰ ਖੇਤੀ ਮਸ਼ੀਨੀਕਰਨ ‘ਤੇ ਜ਼ੋਰ ਦੇ ਰਹੀ ਹੈ। ਇਸੇ ਮੰਤਵ ਲਈ, ਕਿਸਾਨਾਂ ਨੂੰ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ (ਹਾਰਵੈਸਟਰ), ਛੋਟੇ ਟਰੈਕਟਰ, ਗੰਨਾ ਲਗਾਉਣ ਵਾਲੀਆਂ ਮਸ਼ੀਨਾਂ (ਪਲਾਂਟਰ) ਅਤੇ ਰਟੂਨ ਮੈਨੇਜਰ ਵਰਗੇ ਮੁੱਖ ਖੇਤੀਬਾੜੀ ਸੰਦਾਂ ‘ਤੇ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਖ਼ਰਚੇ ਘਟਾ ਕੇ ਖੇਤੀ ਨੂੰ ਵਧੇਰੇ ਸੁਖਾਲਾ ਬਣਾਇਆ ਜਾ ਸਕੇ।

ਪਿੰਡ ਪੱਧਰੀ ਜਾਗਰੂਕਤਾ ਕੈਂਪ

ਇਸ ਤੋਂ ਇਲਾਵਾ, ਕਿਸਾਨਾਂ ਤੱਕ ਨਵੀਨਤਮ ਜਾਣਕਾਰੀ ਪਹੁੰਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਖੇਤੀਬਾੜੀ ਵਿਭਾਗ ਅਤੇ ਖੰਡ ਮਿੱਲਾਂ ਦੀਆਂ ਸਾਂਝੀਆਂ ਟੀਮਾਂ ਪੂਰੇ ਸੂਬੇ ਵਿੱਚ ਜਾਗਰੂਕਤਾ ਕੈਂਪ ਲਗਾ ਰਹੀਆਂ ਹਨ। ਇਨ੍ਹਾਂ ਕੈਂਪਾਂ ਵਿੱਚ ਕਿਸਾਨਾਂ ਨੂੰ ਪ੍ਰਮਾਣਿਤ ਤੇ ਬਿਮਾਰੀ-ਰਹਿਤ ਬੀਜ ਨਰਸਰੀਆਂ ਤਿਆਰ ਕਰਨ, ਖਾਦਾਂ ਦੀ ਸੰਤੁਲਿਤ ਵਰਤੋਂ, ਕੀੜਿਆਂ ਤੇ ਬਿਮਾਰੀਆਂ ਦੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਰਟੂਨ ਫ਼ਸਲ ਦੀ ਸਾਂਭ-ਸੰਭਾਲ ਬਾਰੇ ਮਾਹਿਰਾਂ ਵੱਲੋਂ ਤਕਨੀਕੀ ਸਿਖਲਾਈ ਦਿੱਤੀ ਜਾ ਰਹੀ ਹੈ। ਆਧੁਨਿਕ ਤਕਨੀਕ, ਸਬਸਿਡੀਆਂ ਅਤੇ ਵਿੱਤੀ ਮਦਦ ਦੇ ਇਸ ਸਾਂਝੇ ਯਤਨ ਨਾਲ ਨਾ ਸਿਰਫ਼ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ, ਸਗੋਂ ਇਸ ਦੇ ਨਾਲ ਹੀ ਕਿਸਾਨਾਂ ਨੂੰ ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢ ਕੇ ਇੱਕ ਭਰੋਸੇਮੰਦ ਅਤੇ ਮੁਨਾਫ਼ੇਯੋਗ ਵਿਕਲਪ ਵੀ ਪ੍ਰਾਪਤ ਹੋਵੇਗਾ।

COMMENTS

WORDPRESS: 0