ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਵਿਗਿਆਨੀ ਸੂਬੇ ਦੇ ਬਦਲਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸੁਰੱਖਿਅਤ ਖੇਤੀ ਲਈ ਇੱਕ ਨਵੀਂ ਅਤੇ ਲਾਗਤ-ਪ੍ਰਭਾਵਸ਼ਾਲੀ ਤਕਨੀਕ ਦੀ ਪਰਖ ਕਰ ਰਹੇ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਵਿਗਿਆਨੀ ਸੂਬੇ ਦੇ ਬਦਲਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸੁਰੱਖਿਅਤ ਖੇਤੀ ਲਈ ਇੱਕ ਨਵੀਂ ਅਤੇ ਲਾਗਤ-ਪ੍ਰਭਾਵਸ਼ਾਲੀ ਤਕਨੀਕ ਦੀ ਪਰਖ ਕਰ ਰਹੇ ਹਨ। ਪੰਜਾਬ ਵਿੱਚ ਰਵਾਇਤੀ ਗੁੰਬਦਦਾਰ ਪੌਲੀਹਾਊਸਾਂ ਦੇ ਵਿਕਲਪ ਵਜੋਂ ਹੁਣ ‘ਫਲੈਟ ਇਨਸੈਕਟ-ਨੈੱਟ’ (Flat Insect-Nets) ਦੀ ਵਰਤੋਂ ‘ਤੇ ਖੋਜ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵੱਲੋਂ ਕੀਤੇ ਗਏ ਮੁਢਲੇ ਅਧਿਐਨ ਦੇ ਸ਼ੁਰੂਆਤੀ ਨਤੀਜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਇਹ ਨਵੀਂ ਤਕਨੀਕ ਪੰਜਾਬ ਦੇ ਮੌਸਮ, ਤੇਜ਼ ਹਵਾਵਾਂ ਅਤੇ ਬਦਲਦੀ ਜਲਵਾਯੂ ਦੇ ਅਨੁਕੂਲ ਵਧੇਰੇ ਕਾਰਗਰ ਅਤੇ ਟਿਕਾਊ ਸਿੱਧ ਹੋ ਸਕਦੀ ਹੈ।
ਰਵਾਇਤੀ ਪੌਲੀਹਾਊਸਾਂ ਦੀਆਂ ਸੀਮਾਵਾਂ
ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਇਹ ਅਧਿਐਨ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਖੇਤਰਾਂ ਨਾਲ ਸੰਬੰਧਿਤ ਹੈ ਜਿੱਥੇ ਗਰਮੀ ਅਤੇ ਸਰਦੀ ਵਿੱਚ ਤਾਪਮਾਨ ਬਹੁਤ ਜ਼ਿਆਦਾ ਬਦਲਦਾ ਹੈ। ਹਾਲਾਂਕਿ, ਸਰਦੀਆਂ ਦੇ ਮਹੀਨਿਆਂ ਵਿੱਚ ਪੌਲੀਹਾਊਸਾਂ ਨੂੰ ਫ਼ਸਲਾਂ ਦੇ ਵਾਧੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਅਤਿ ਦੀ ਗਰਮੀ ਦੌਰਾਨ ਇਹ ਅਕਸਰ ਘੱਟ ਪ੍ਰਭਾਵਸ਼ਾਲੀ ਹੁੰਦੇ ਹਨ। ਗਰਮੀਆਂ ਦੇ ਸਿਖਰ ਦੌਰਾਨ ਪੌਲੀਹਾਊਸਾਂ ਦੇ ਅੰਦਰ ਤਾਪਮਾਨ ਬਹੁਤ ਉੱਚੇ ਪੱਧਰ ਤੱਕ ਵੱਧ ਸਕਦਾ ਹੈ, ਜਿਸ ਨਾਲ ਫ਼ਸਲਾਂ ਝੁਲਸ ਸਕਦੀਆਂ ਹਨ ਅਤੇ ਉਨ੍ਹਾਂ ਦਾ ਵਿਕਾਸ ਵੀ ਰੁਕ ਸਕਦਾ ਹੈ। ਇਸ ਕਾਰਨ ਪੰਜਾਬ ਵਿੱਚ ਪੌਲੀਹਾਊਸ ਅੰਦਰ ਸਾਲ ਭਰ ਖੇਤੀ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
Flat Insect-Nets ਤਕਨੀਕ ਦੇ ਫ਼ਾਇਦੇ
ਜ਼ਿਕਰਯੋਗ ਇਨ੍ਹਾਂ ਸੀਮਾਵਾਂ ਨੂੰ ਦੂਰ ਕਰਨ ਲਈ, PAU ਦੇ ਖੋਜਕਰਤਾਵਾਂ ਨੇ ਫਲੈਟ ਇਨਸੈਕਟ-ਨੈੱਟ (Flat Insect-Nets) ਢਾਂਚੇ ਤਿਆਰ ਕੀਤੇ ਹਨ ਅਤੇ ਸਥਾਨਕ ਸਥਿਤੀਆਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰ ਰਹੇ ਹਨ। ਰਵਾਇਤੀ ਪੌਲੀਹਾਊਸਾਂ ਦੇ ਉਲਟ, ਇਹ ਢਾਂਚੇ ਪਲਾਸਟਿਕ ਦੀਆਂ ਸ਼ੀਟਾਂ ਦੀ ਬਜਾਏ ਕੀਟ-ਰੋਧਕ ਜਾਲੀਆਂ ਨਾਲ ਢੱਕੇ ਹੋਏ ਹਨ।
- ਬਿਹਤਰ ਹਵਾਦਾਰੀ: ਇਸ ਤਕਨੀਕ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਨਾਲ ਹਵਾ ਦਾ ਗੇੜ (ਵੈਂਟੀਲੇਸ਼ਨ) ਬਿਹਤਰ ਹੁੰਦਾ ਹੈ, ਜੋ ਗਰਮੀਆਂ ਵਿੱਚ ਹਵਾ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਹੋਣ ਦਿੰਦਾ।
- ਕੀੜਿਆਂ ਤੋਂ ਬਚਾਅ: ਇਸ ਦੇ ਨਾਲ ਹੀ, ਇਹ ਜਾਲ ਫ਼ਸਲਾਂ ਨੂੰ ਨੁਕਸਾਨਦੇਹ ਕੀੜੇ-ਮਕੌੜਿਆਂ ਤੋਂ ਬਚਾਉਂਦੇ ਹਨ, ਜਿਸ ਨਾਲ ਵਾਰ-ਵਾਰ ਕੀਟਨਾਸ਼ਕਾਂ ਦੀ ਵਰਤੋਂ ਘੱਟ ਜਾਂਦੀ ਹੈ।
- ਕੁਦਰਤੀ ਮੀਂਹ ਦਾ ਫ਼ਾਇਦਾ: ਮੌਨਸੂਨ ਦੇ ਮੌਸਮ ਦੌਰਾਨ, ਰਵਾਇਤੀ ਪੌਲੀਹਾਊਸ ਪਲਾਸਟਿਕ ਦੇ ਹੋਣ ਕਰਕੇ ਇਹ ਮੀਂਹ ਦੇ ਪਾਣੀ ਨੂੰ ਰੋਕਦੇ ਹਨ, ਜਦਕਿ ਇਨਸੈਕਟ-ਨੈੱਟ ਰਾਹੀਂ ਮੀਂਹ ਦਾ ਕੁਦਰਤੀ ਪਾਣੀ ਸਿੱਧਾ ਫ਼ਸਲਾਂ ਤੱਕ ਪਹੁੰਚਦਾ ਹੈ, ਜੋ ਕਿ ਪੌਦਿਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਘੱਟ ਲਾਗਤ ਅਤੇ ਸਰਕਾਰੀ ਸਹਾਇਤਾ
PAU ਦੇ ਭੂਮੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਨੀਲੇਸ਼ ਬਿਵਾਲਕਰ ਨੇ ਕਿਹਾ ਕਿ ਪਹਿਲੇ ਸੀਜ਼ਨ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। ਇਹ ਤਕਨੀਕ ਰਵਾਇਤੀ ਪੌਲੀਹਾਊਸਾਂ ਦੇ ਮੁਕਾਬਲੇ ਲਗਭਗ ਅੱਧੀ ਲਾਗਤ (50% ਸਸਤੀ) ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਇਹ ਛੋਟੇ ਕਿਸਾਨਾਂ ਦੀ ਪਹੁੰਚ ਵਿੱਚ ਹੈ। ਖੋਜਕਰਤਾਵਾਂ ਨੇ ਅੱਗੇ ਦੱਸਿਆ ਕਿ ਕਿਸਾਨ ਬਾਗਬਾਨੀ ਵਿਕਾਸ ਸਕੀਮਾਂ ਦੇ ਤਹਿਤ ਇਨ੍ਹਾਂ ਕੀਟ-ਜਾਲ ਘਰਾਂ ਲਈ ਸਰਕਾਰੀ ਸਬਸਿਡੀ ਦਾ ਲਾਭ ਵੀ ਲੈ ਸਕਦੇ ਹਨ, ਜਿਸ ਨਾਲ ਲਾਗਤ ਹੋਰ ਵੀ ਘੱਟ ਜਾਵੇਗੀ।
ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਪੌਲੀਹਾਊਸ ਮਹਾਰਾਸ਼ਟਰ ਵਰਗੇ ਖੇਤਰਾਂ ਲਈ ਢੁਕਵੇਂ ਰਹਿੰਦੇ ਹਨ ਜਿੱਥੇ ਪੰਜਾਬ ਵਾਂਗ ਬਹੁਤ ਜ਼ਿਆਦਾ ਗਰਮੀ ਅਤੇ ਮੌਸਮੀ ਤਬਦੀਲੀ ਨਹੀਂ ਹੁੰਦੀ। ਪੰਜਾਬ ਦੇ ਹਾਲਾਤਾਂ ਲਈ, ਇਹ ‘Flat Insect-Nets’ ਇੱਕ ਵਧੇਰੇ ਵਿਹਾਰਕ, ਆਰਥਿਕ ਅਤੇ ਜਲਵਾਯੂ-ਅਨੁਕੂਲ ਵਿਕਲਪ ਵਜੋਂ ਉੱਭਰ ਸਕਦੀਆਂ ਹਨ, ਜੋ ਬਾਗਬਾਨੀ ਫ਼ਸਲਾਂ ਦੇ ਝਾੜ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।
COMMENTS