Paddy Straw Management: ਝੋਨੇ ਦੀ ਪਰਾਲੀ ਨਾ ਸਾੜੋ, PAU ਨੇ ਦੱਸੇ ਬਿਜਾਈ ਦੇ ਅਹਿਮ ਤਰੀਕੇ

Paddy Straw Management: ਝੋਨੇ ਦੀ ਪਰਾਲੀ ਨਾ ਸਾੜੋ, PAU ਨੇ ਦੱਸੇ ਬਿਜਾਈ ਦੇ ਅਹਿਮ ਤਰੀਕੇ

ਪੰਜਾਬ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ, ਖੇਤਾਂ ਵਿੱਚੋਂ ਉੱਠਦਾ ਧੂੰਆਂ ਅਤੇ ਪਰਾਲੀ ਸਾੜਨ ਦਾ ਰੁਝਾਨ ਹਰ ਸਾਲ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਤਰ੍ਹਾਂ ਪਰਾਲ

DSR ਅਤੇ SRB ਤਕਨੀਕਾਂ ਨਾਲ ਕਿਸਾਨ ਨੇ ਬਦਲੀ ਆਪਣੀ ਕਿਸਮਤ, ਬਚਾਇਆ ਕੀਮਤੀ ਪਾਣੀ
Super Straw Management System ਨਾਲ ਪਰਾੜੀ ਦੇ ਸਥਾਈ ਹੱਲ ਦਾ ਹੋਕਾ: ਫ਼ਰੀਦਕੋਟ ਦੇ ਬਲਵਿੰਦਰ ਸਿੰਘ ਦਾ ਨਵੇਕਲਾ ਉਪਰਾਲਾ
KVK ਦਾ ਉਪਰਾਲਾ: ‘ਵਾਢੀ ਦਿਵਸ’ ਰਾਹੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੀਆਂ ਨਵੀਂਆਂ ਤਕਨੀਕਾਂ ਨਾਲ ਜੋੜਿਆ 

ਪੰਜਾਬ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ, ਖੇਤਾਂ ਵਿੱਚੋਂ ਉੱਠਦਾ ਧੂੰਆਂ ਅਤੇ ਪਰਾਲੀ ਸਾੜਨ ਦਾ ਰੁਝਾਨ ਹਰ ਸਾਲ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਇਸ ਤਰ੍ਹਾਂ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਮਨੁੱਖੀ ਸਿਹਤ ਅਤੇ ਮਿੱਟੀ ਦੀ ਉਪਜਾਊ ਸ਼ਕਤੀ ‘ਤੇ ਵੀ ਮਾੜਾ ਅਸਰ ਪਾਉਂਦਾ ਹੈ। ਕਣਕ ਦੀ ਸਮੇਂ ਸਿਰ ਬਿਜਾਈ ਕਰਨ ਲਈ ਖੇਤ ਖਾਲੀ ਕਰਨ ਦੀ ਜਲਦਬਾਜ਼ੀ ਅਕਸਰ ਕਿਸਾਨਾਂ ਨੂੰ ਪਰਾਲੀ ਸਾੜਨ ਵੱਲ ਧੱਕਦੀ ਹੈ। PAU ਦੇ KVK ਮਾਹਿਰ ਆਲੋਕ ਗੁਪਤਾ ਦੇ ਅਨੁਸਾਰ ਝੋਨੇ ਦੀ ਪਰਾਲੀ ਦਾ ਪ੍ਰਬੰਧਨ (Paddy Straw Management) ਅੱਜ ਕਿਸਾਨਾਂ ਲਈ ਵੱਡੀ ਚੁਣੌਤੀ ਹੈ, ਜਿਸ ਕਾਰਨ ਯੂਨੀਵਰਸਿਟੀ ਨੇ ਸਾੜਨ ਦੀ ਬਜਾਏ ਖੇਤ ਦੇ ਅੰਦਰ (ਇਨ-ਸੀਟੂ) ਜਾਂ ਬਾਹਰ (ਐਕਸ-ਸੀਟੂ) ਟਿਕਾਊ ਪ੍ਰਬੰਧਨ ਅਪਣਾਉਣ ਦੀ ਅਪੀਲ ਕੀਤੀ ਹੈ। 

ਪਰਾਲੀ ਸਾੜਨ ਦੇ ਨੁਕਸਾਨ

ਖੇਤੀ ਮਾਹਿਰਾਂ ਦੇ ਮੁਤਾਬਕ, ਜਦੋਂ ਖੇਤ ਵਿੱਚ 10 ਕੁਇੰਟਲ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਵਰਗੇ ਅਹਿਮ ਪੌਸ਼ਟਿਕ ਤੱਤ ਸੁਆਹ ਹੋ ਜਾਂਦੇ ਹਨ। ਇਹ ਉਹੀ ਤੱਤ ਹਨ ਜਿਨ੍ਹਾਂ ਦੀ ਪੂਰਤੀ ਲਈ ਕਿਸਾਨਾਂ ਨੂੰ ਬਾਜ਼ਾਰ ਵਿੱਚੋਂ ਮਹਿੰਗੀਆਂ ਰਸਾਇਣਕ ਖਾਦਾਂ ਖਰੀਦਣੀਆਂ ਪੈਂਦੀਆਂ ਹਨ।

ਇਸ ਤੋਂ ਇਲਾਵਾ, ਅੱਗ ਨਾਲ ਜ਼ਮੀਨ ਵਿੱਚ ਮੌਜੂਦ ਲਾਭਕਾਰੀ ਸੂਖਮ ਜੀਵ ਅਤੇ ਮਿੱਤਰ ਕੀੜੇ ਮਰ ਜਾਂਦੇ ਹਨ, ਜਿਸ ਕਾਰਨ ਮਿੱਟੀ ਦੀ ਬਣਤਰ ਕਮਜ਼ੋਰ ਪੈ ਜਾਂਦੀ ਹੈ। ਧੂੰਏਂ ਵਿੱਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿੱਚ ਜਲਣ ਅਤੇ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਇਹ ਸਾਰੇ ਜ਼ਰੂਰੀ ਤੱਤ ਜ਼ਮੀਨ ਵਿੱਚ ਵਾਪਸ ਚਲੇ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ਸੁਧਰਦੀ ਹੈ।

ਖੇਤ ਦੇ ਅੰਦਰ Paddy Straw Management

PAU ਵੱਲੋਂ ਖੇਤ ਦੇ ਅੰਦਰ ਹੀ ਪਰਾਲੀ ਨੂੰ ਮਿਲਾਉਣ ਜਾਂ ਬਿਨਾਂ ਸਾੜੇ ਕਣਕ ਬੀਜਣ ਲਈ ਕਈ ਅਤਿ-ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ:

  • ਸਰਫੇਸ ਸੀਡਰ: ਇਸ ਤਕਨੀਕ ‘ਤੇ ਪ੍ਰਤੀ ਏਕੜ ਲਗਭਗ 700 ਤੋਂ 800 ਰੁਪਏ ਖ਼ਰਚਾ ਆਉਂਦਾ ਹੈ। ਇਹ ਮਸ਼ੀਨ 45 ਐਚਪੀ ਦੇ ਟਰੈਕਟਰ ਨਾਲ ਕੰਮ ਕਰ ਸਕਦੀ ਹੈ ਅਤੇ ਇਕ ਘੰਟੇ ਵਿੱਚ ਲਗਭਗ 1.5 ਏਕੜ ਰਕਬਾ ਕਵਰ ਕਰਦੀ ਹੈ। ਇਹ ਮਸ਼ੀਨ ਬੀਜ ਅਤੇ ਖਾਦ ਪਾਉਣ ਦੇ ਨਾਲ-ਨਾਲ ਪਰਾਲੀ ਨੂੰ ਮਲਚ ਵਾਂਗ ਖੇਤ ਵਿੱਚ ਇਕਸਾਰ ਵਿਛਾ ਦਿੰਦੀ ਹੈ, ਜਿਸ ਨਾਲ ਨਦੀਨ ਘੱਟ ਉੱਗਦੇ ਹਨ ਅਤੇ ਜ਼ਮੀਨ ਵਿੱਚ ਨਮੀ ਬਣੀ ਰਹਿੰਦੀ ਹੈ। ਬਿਜਾਈ ਲਈ ਅਕਤੂਬਰ ਦੇ ਅਖ਼ੀਰ ਤੋਂ ਨਵੰਬਰ ਦੇ ਪਹਿਲੇ ਅੱਧ ਤੱਕ ਦਾ ਸਮਾਂ ਸਭ ਤੋਂ ਢੁੱਕਵਾਂ ਹੈ।
  • ਸਮਾਰਟ ਸੀਡਰ: ਇਹ ਮਸ਼ੀਨ ਖ਼ਾਸ ਤੌਰ ‘ਤੇ ਕਤਾਰਾਂ ਵਿੱਚੋਂ 15 ਤੋਂ 20% ਪਰਾਲੀ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ, ਜਦਕਿ ਬਾਕੀ ਰਹਿੰਦੀ ਪਰਾਲੀ ਲਾਈਨਾਂ ਦੇ ਵਿਚਕਾਰ ਸਤ੍ਹਾ ‘ਤੇ ਰਹਿੰਦੀ ਹੈ। ਇਹ ਰੋਜ਼ਾਨਾ 7 ਤੋਂ 8 ਏਕੜ ਖੇਤ ਵਿੱਚ ਬਿਜਾਈ ਕਰ ਸਕਦੀ ਅਤੇ ਨਦੀਨਾਂ ਦੀ ਰੋਕਥਾਮ ਵਿੱਚ ਮਦਦ ਕਰਦੀ ਹੈ।
  • ਹੈਪੀ ਸੀਡਰ: ਇਹ ਮਸ਼ੀਨ ਪਰਾਲੀ ਨੂੰ ਬਿਨਾਂ ਖੇਤੋਂ ਬਾਹਰ ਕੱਢੇ ਸਿੱਧੀ ਕਣਕ ਦੀ ਬਿਜਾਈ ਕਰਦੀ ਹੈ। ਇਸ ਦੇ ਫਲੇਲ ਬਲੇਡ ਪਰਾਲੀ ਨੂੰ ਕੱਟ ਕੇ ਖਿਲਾਰ ਦਿੰਦੇ ਹਨ। ਇਹ ਮਸ਼ੀਨ ਰੋਜ਼ਾਨਾ 6 ਤੋਂ 7 ਏਕੜ ਖੇਤਰ ਵਿੱਚ ਬਿਜਾਈ ਕਰਦੀ ਹੈ।
  • ਸੁਪਰ ਸੀਡਰ: ਇਸ ਵਿੱਚ ਲੱਗਾ ਰੋਟਾਵੇਟਰ ਪਰਾਲੀ ਨੂੰ ਚੰਗੀ ਤਰ੍ਹਾਂ ਮਿੱਟੀ ਵਿੱਚ ਰਲਾ ਦਿੰਦਾ ਹੈ ਅਤੇ ਨਾਲ ਹੀ ਕਣਕ ਬੀਜ ਦਿੰਦਾ ਹੈ। ਇਸ ਨਾਲ ਇਕ ਦਿਨ ਵਿੱਚ 4.5 ਤੋਂ 5.5 ਏਕੜ ਰਕਬੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ।
  • ਸੁਪਰ SMS: ਕੰਬਾਈਨ ਦੇ ਪਿਛਲੇ ਹਿੱਸੇ ਨਾਲ ਜੁੜਿਆ ਇਹ ਯੰਤਰ ਵਾਢੀ ਦੌਰਾਨ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਖੇਤ ਵਿੱਚ ਬਰਾਬਰ ਖਿਲਾਰ ਦਿੰਦਾ ਹੈ, ਜਿਸ ਨਾਲ ਬਾਅਦ ਵਿੱਚ ਕਿਸੇ ਵੀ ਸੀਡਰ ਨਾਲ ਬਿਜਾਈ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ।

KVK ਦੇ ਰਣਵੀਰ ਸਿੰਘ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਖੇਤ ਦੇ ਹਾਲਾਤਾਂ ਅਤੇ ਲੋੜਾਂ ਮੁਤਾਬਕ ਢੁੱਕਵੀਂ ਤਕਨਾਲੋਜੀ ਦੀ ਚੋਣ ਕਰ ਸਕਦੇ ਹਨ। 

ਖੇਤ ਤੋਂ ਬਾਹਰ ਪਰਾਲੀ ਦੀ ਵਰਤੋਂ

ਜਿਹੜੇ ਕਿਸਾਨ ਖੇਤ ਦੇ ਅੰਦਰ ਪਰਾਲੀ ਨੂੰ ਨਹੀਂ ਰੱਖਣਾ ਚਾਹੁੰਦੇ, ਉਹ ਬੇਲਰ ਮਸ਼ੀਨ ਰਾਹੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਇਸ ਨੂੰ ਖੇਤ ਤੋਂ ਬਾਹਰ ਕੱਢ ਸਕਦੇ ਹਨ। ਇਸ ਪਰਾਲੀ ਦੀ ਵਰਤੋਂ ਕਈ ਲਾਹੇਵੰਦ ਕੰਮਾਂ ਲਈ ਕੀਤੀ ਜਾ ਸਕਦੀ ਹੈ:

  • ਬਾਇਓਗੈਸ ਅਤੇ ਊਰਜਾ ਉਤਪਾਦਨ: ਪਰਾਲੀ ਦੀਆਂ ਗੱਠਾਂ ਨੂੰ Bio-CNG ਪਲਾਂਟਾਂ ਅਤੇ ਬਾਇਓਮਾਸ ਊਰਜਾ ਪਲਾਂਟਾਂ ਵਿੱਚ ਬਾਲਣ ਵਜੋਂ ਵਰਤਿਆ ਜਾ ਰਿਹਾ ਹੈ।
  • ਮਸ਼ਰੂਮ ਦੀ ਕਾਸ਼ਤ ਅਤੇ ਪੈਕਿੰਗ: ਪਰਾਲੀ ਮਸ਼ਰੂਮ ਦੀ ਕਾਸ਼ਤ ਲਈ ਇਕ ਬਿਹਤਰੀਨ ਮਾਧਿਅਮ ਬਣਦੀ ਹੈ। ਇਸ ਤੋਂ ਇਲਾਵਾ ਕੱਚ ਦੇ ਸਾਮਾਨ ਅਤੇ ਫ਼ਲਾਂ ਦੀ ਪੈਕਿੰਗ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ।
  • ਪਸ਼ੂਆਂ ਲਈ ਸੁੱਕ ਅਤੇ ਚਾਰਾ: ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਡੇਅਰੀ ਫਾਰਮਾਂ ਵਿੱਚ ਇਸਨੂੰ ਪਸ਼ੂਆਂ ਲਈ ਸੁੱਕੇ ਬਿਸਤਰੇ ਵਜੋਂ ਵਰਤਿਆ ਜਾ ਸਕਦਾ ਹੈ, ਜੋ ਬਾਅਦ ਵਿੱਚ ਗੋਹੇ ਨਾਲ ਰਲ ਕੇ ਉੱਤਮ ਕੁਆਲਿਟੀ ਦੀ ਰੂੜੀ ਖਾਦ ਵਿੱਚ ਬਦਲ ਜਾਂਦੀ ਹੈ।

ਸਾਂਝੇ ਯਤਨਾਂ ਦੀ ਲੋੜ

PAU ਦੇ ਖੇਤੀਬਾੜੀ ਵਿਗਿਆਨੀਆਂ ਦਾ ਮੰਨਣਾ ਹੈ ਕਿ Paddy Straw Management ਨਾਲ ਜ਼ਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ, ਜਿਸ ਨਾਲ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘੱਟਦੀ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ, ਮਿੱਟੀ ਦੀ ਸਿਹਤ ਨੂੰ ਮੁੜ ਸੁਰਜੀਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਲਈ ਪਰਾਲੀ ਸਾੜਨ ਦੀ ਬਜਾਏ ਇਨ੍ਹਾਂ ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ।

COMMENTS

WORDPRESS: 0