ਫਸਲ ਦੀ ਕਟਾਈ ਦੇ ਮੌਸਮ ਨਾਲ ਹੀ ਪੰਜਾਬ ਦੀਆਂ ਅਨਾਜ ਮੰਡੀਆਂ ਚਰਚਾ ਵਿੱਚ ਆ ਜਾਂਦੀਆਂ ਹਨ। ਕਿਸਾਨ ਜਦੋਂ ਆਪਣੀ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਮੰਡੀ ਵਿੱਚ ਲੈ ਕੇ ਆਉਂਦਾ ਹੈ
ਫਸਲ ਦੀ ਕਟਾਈ ਦੇ ਮੌਸਮ ਨਾਲ ਹੀ ਪੰਜਾਬ ਦੀਆਂ ਅਨਾਜ ਮੰਡੀਆਂ ਚਰਚਾ ਵਿੱਚ ਆ ਜਾਂਦੀਆਂ ਹਨ। ਕਿਸਾਨ ਜਦੋਂ ਆਪਣੀ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਮੰਡੀ ਵਿੱਚ ਲੈ ਕੇ ਆਉਂਦਾ ਹੈ, ਤਾਂ ਉਸਨੂੰ ਉਮੀਦ ਹੁੰਦੀ ਹੈ ਕਿ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਹੋਵੇ।
ਇਸ ਵਾਰ ਝੋਨੇ ਦੀ ਖਰੀਦ ਮੌਸਮ ਦੀਆਂ ਚੁਣੌਤੀਆਂ ਨਾਲ ਘਿਰੀ ਹੋਈ ਹੈ। ਦਾਣੇ ਵਿੱਚ ਨਮੀ ਹੋਣ ਕਾਰਨ ਕਈ ਥਾਵਾਂ ‘ਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਖਰੀਦ ਕੇਂਦਰਾਂ ‘ਤੇ ਵਧੇਰੇ ਉਡੀਕ ਕਰਨੀ ਪੈ ਰਹੀ ਹੈ। ਕਈ ਥਾਵਾਂ ‘ਤੇ ਮਸ਼ੀਨਾਂ ਦੀ ਘਾਟ ਅਤੇ ਤੁਲਾਈ ਦੀ ਧੀਮੀ ਗਤੀ ਵੀ ਕਿਸਾਨਾਂ ਲਈ ਮੁਸ਼ਕਲ ਪੈਦਾ ਕਰ ਰਹੀ ਹੈ। ਇਸ ਸਬੰਧੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੀ ਸਰਕਾਰੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ।
ਮਾਝਾ ਖੇਤਰ ਵਿੱਚ ਜ਼ਿਆਦਾਤਰ ਬਾਸਮਤੀ ਦੀ ਕਾਸ਼ਤ ਹੁੰਦੀ ਹੈ, ਜਿਸਦੀ ਖਰੀਦ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾਂਦੀ ਹੈ। ਮੰਡੀ ਵਿੱਚ ਇਸ ਸਮੇਂ ਬਾਸਮਤੀ ਵੇਚਣ ਆਏ ਕਿਸਾਨਾਂ ਦੀ ਗਿਣਤੀ ਵਧੀ ਹੋਈ ਸੀ। ਮੰਡੀ ਸੁਪਰਵਾਇਜ਼ਰ ਕਰਮਜੀਤ ਸਿੰਘ ਦੇ ਅਨੁਸਾਰ, “ਬਾਸਮਤੀ ਦੀ ਫਸਲ ਨਿੱਜੀ ਖਰੀਦਕਾਰਾਂ ਵੱਲੋਂ ਖਰੀਦੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਵੇਚਣ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆ ਰਹੀ।”
ਉਹ ਦੱਸਦੇ ਹਨ ਕਿ ਹਾਲ ਹੀ ਦੀਆਂ ਭਾਰੀ ਬਾਰਿਸ਼ਾਂ ਨੇ ਫਸਲ ਦੀ ਗੁਣਵੱਤਾ ‘ਤੇ ਅਸਰ ਪਾਇਆ ਹੈ। ਉਹ ਕਹਿੰਦੇ ਹਨ, “ਕਈ ਥਾਵਾਂ ‘ਤੇ ਦਾਣੇ ਦੀ ਕੁਵਾਲਿਟੀ ਘੱਟ ਹੋਈ ਹੈ, ਜਿਸਦਾ ਸਿੱਧਾ ਕਾਰਨ ਬਾਰਿਸ਼ ਹੈ। ਹਾਲਾਂਕਿ ਹੁਣ ਮੌਸਮ ਸੁਧਰਣ ਨਾਲ ਨਮੀ ਦੀ ਵੱਡੀ ਸਮੱਸਿਆ ਨਹੀਂ ਰਹੀ, ਪਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਫਸਲ ਦੀ ਪਰਖ ਕਰਕੇ ਹੀ ਮੰਡੀ ਲੈ ਕੇ ਆਉਣ”।
ਉਨ੍ਹਾਂ ਮੁਤਾਬਕ ਮਾਰਕਿਟ ਕਮੇਟੀ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਸਾਰੇ ਬੁਨਿਆਦੀ ਪ੍ਰਬੰਧ ਕੀਤੇ ਗਏ ਹਨ, ਛਾਂ, ਪੀਣ ਵਾਲੇ ਪਾਣੀ ਅਤੇ ਬੈਠਕ ਦੀ ਸੁਵਿਧਾਉਪਲਬਧ ਕਰਵਾਈ ਗਈ ਹੈ। ਕਰਮਜੀਤ ਸਿੰਘ ਦੱਸਦੇ ਹਨ, “ਆਮ ਤੌਰ ‘ਤੇ ਮੰਡੀ ਵਿੱਚ ਤਕਰੀਬਨ ਛੇ ਲੱਖ ਗੰਠਾ ਅਨਾਜ ਪਹੁੰਚਦਾ ਹੈ, ਪਰ ਇਸ ਵਾਰ ਝਾੜ ਘੱਟ ਹੋਣ ਕਰਕੇ ਆਮਦ ਵਿੱਚ ਕਮੀ ਰਹੇਗੀ। ਹਾਲਾਂਕਿ ਸਟੀਕ ਅੰਕੜੇ ਖਰੀਦ ਮੌਸਮ ਦੇ ਅੰਤ ‘ਤੇ ਹੀ ਦਿੱਤੇ ਜਾ ਸਕਣਗੇ।”
ਮੰਡੀ ਵਿੱਚ ਮੌਜੂਦ ਕਿਸਾਨਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਸਪਲਾਈ ਘੱਟ ਹੋਣ ਕਾਰਨ ਮੰਡੀ ਵਿੱਚ ਭੀੜ ਘੱਟ ਹੈ ਅਤੇ ਖਰੀਦ ਕਾਫੀ ਹੱਦ ਤੱਕ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਹਾਲਾਂਕਿ ਨਮੀ ਨੂੰ ਲੈ ਕੇ ਸਥਿਤੀ ਜਿਉਂ ਦੀ ਤਿਉਂ ਹੈ
ਗੌਰਤਲਬ ਹੈ ਕਿ ਭਾਰੀ ਬਾਰਿਸ਼ ਅਤੇ ਹੜ੍ਹ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਨਮੀ ਦੇ ਮਾਪਦੰਡਾਂ ਵਿੱਚ ਢਿੱਲ ਲਈ ਮੰਗ ਕੀਤੀ ਜਾ ਰਹੀ ਸੀ, ਪਰ ਕੇਂਦਰ ਸਰਕਾਰ ਜਾਂ ਐਫ.ਸੀ.ਆਈ. ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਸਾਕਾਰਾਤਮਕ ਜਵਾਬ ਨਹੀਂ ਮਿਲਿਆ।
ਕਈ ਕਿਸਾਨਾਂ ਦੇ ਮੁਤਾਬਕ ਸਾਡੀ ਫ਼ਸਲ ਪਾਣੀ ਤੋਂ ਬਚ ਗਈ ਪਰ ਹੋਰ ਪਿੰਡਾਂ ਦੇ ਕਿਸਾਨ ਅਜੇ ਵੀ ਨੁਕਸਾਨ ਤੋਂ ਨਹੀਂ ਸੰਭਲੇ। ਮੰਗ ਇਹੋ ਜਿਹੀ ਹੈ ਕਿ ਸਰਕਾਰ ਕੁਝ ਸਹਾਇਤਾ ਕਰੇ ਤੇ ਹੜ ਪੀੜਤਾਂ ਲਈ ਕਾਰਜ ਕੀਤੇ ਜਾਣ ਤਾਂ ਜੋ ਕਿਸਾਨਾਂ ਦਾ ਹੌਸਲਾ ਬਣਿਆ ਰਹੇ।”
ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦੀਆਂ ਮੰਡੀਆਂ ਕਿਸਾਨਾਂ ਲਈ ਸਿਰਫ਼ ਫਸਲ ਵੇਚਣ ਦੀ ਥਾਂ ਨਹੀਂ, ਸਗੋਂ ਇਹ ਪਿੰਡ ਦੀ ਆਰਥਿਕਤਾ ਦੀ ਧੜਕਨ ਹਨ। ਵਧੀਆ ਪ੍ਰਬੰਧ, ਸਮੇਂ ਸਿਰ ਭੁਗਤਾਨ ਅਤੇ ਸੁਵਿਧਾਜਨਕ ਮਾਹੌਲ ਕਿਸਾਨਾਂ ਦੇ ਭਰੋਸੇ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ।
COMMENTS