PAU ਕਿਸਾਨ ਮੇਲਾ: ਮੱਕੀ, ਕਪਾਹ, ਡਰੈਗਨ ਫਲ ਤੇ ਬਲੂਬੇਰੀ ਦੀਆਂ ਨਵੀਆਂ ਕਿਸਮਾਂ ਨਾਲ ਵਧੇਗੀ ਕਮਾਈ

PAU ਕਿਸਾਨ ਮੇਲਾ: ਮੱਕੀ, ਕਪਾਹ, ਡਰੈਗਨ ਫਲ ਤੇ ਬਲੂਬੇਰੀ ਦੀਆਂ ਨਵੀਆਂ ਕਿਸਮਾਂ ਨਾਲ ਵਧੇਗੀ ਕਮਾਈPhoto: Kisan of India Punjabi

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਆਯੋਜਿਤ ਕਿਸਾਨ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। "ਖੇਤੀ ਵਿਭਿੰਨਤਾ

ਟਿਕਾਊ ਭਵਿੱਖ ਲਈ ਡੇਅਰੀ ਫਾਰਮਿੰਗ ਸਿਖਲਾਈ: PAU-KVK ਰੋਪੜ ਦੀ ਪਹਿਲਕਦਮੀ
GADVASU ਲੁਧਿਆਣਾ: ਡੇਅਰੀ ਫਾਰਮ ਮੈਨੇਜਮੈਂਟ ਦੇ ਸ਼ੋਰਟ ਕੋਰਸ ਲਈ ਅਰਜ਼ੀਆਂ ਦੀ ਮੰਗ, ਜਾਣੋ ਯੋਗਤਾ ਅਤੇ ਅਪਲਾਈ ਕਰਨ ਦਾ ਤਰੀਕਾ
Animal Care in Summer: ਗਰਮੀਆਂ ‘ਚ ਪਸ਼ੂਆਂ ਦੀ ਦੇਖਭਾਲ: Dehydration ਅਤੇ Heat Stress ਤੋਂ ਬਚਾਅ ਦੇ ਪ੍ਰਭਾਵਸ਼ਾਲੀ ਤਰੀਕੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਆਯੋਜਿਤ ਕਿਸਾਨ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। “ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ” ਦੇ ਉਦੇਸ਼ ਨੂੰ ਲੈ ਕੇ ਲਗਾਏ, ਇਸ ਮੇਲੇ ਵਿੱਚ ਕਿਸਾਨਾਂ ਨੇ ਨਾ ਸਿਰਫ਼ ਵਧੀਆ ਬੀਜਾਂ ਦੀ ਖ਼ਰੀਦ ਕੀਤੀ, ਸਗੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਡੂੰਘੀ ਦਿਲਚਸਪੀ ਦਿਖਾਈ। ਮੇਲੇ ਦੌਰਾਨ ਸਵੈ-ਸਹਾਇਤਾ ਸਮੂਹਾਂ ਦੁਆਰਾ ਤਿਆਰ ਕੀਤੇ ਖਾਧ ਪਦਾਰਥ ਅਤੇ ਖੇਤੀ ਸਾਹਿਤ ਵੀ ਖਿੱਚ ਦਾ ਕੇਂਦਰ ਰਹੇ।

ਕੁਲਤਾਰ ਸਿੰਘ ਸੰਧਵਾਂ ਦਾ ਸੁਨੇਹਾ: ਖੇਤੀ ਨੂੰ ਬਣਾਓ ਲਾਹੇਵੰਦ ਕਿੱਤਾ

ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਨੂੰ ਸਿਰਫ਼ ਫ਼ਸਲ ਉਗਾਉਣ ਤੱਕ ਸੀਮਤ ਨਾ ਰੱਖਣ, ਸਗੋਂ ਇਸਨੂੰ ਇੱਕ ਕਾਰੋਬਾਰ ਵਜੋਂ ਅਪਣਾਉਣ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਜਦਕਿ ਇੱਥੇ ਹੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਰਾਹੀਂ ਵੱਡੀ ਕਮਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਿਸਾਨ ਕਣਕ ਨੂੰ ਗਲੂਟਨ-ਮੁਕਤ ਆਟੇ ਅਤੇ ਆਲੂਆਂ ਨੂੰ ਚਿਪਸ ਵਿੱਚ ਬਦਲ ਕੇ ਵੇਚਣ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁੰਮਰਾਹਕੁੰਨ ਯੂਟਿਊਬ ਚੈਨਲਾਂ ਤੋਂ ਬਚਣ ਅਤੇ ਯੂਨੀਵਰਸਿਟੀ ਦੇ ਅਧਿਕਾਰਤ ਵਟਸਐਪ ਗਰੁੱਪਾਂ ਨਾਲ ਜੁੜਨ ਦੀ ਸਲਾਹ ਵੀ ਦਿੱਤੀ।

ਨਵੀਆਂ ਫ਼ਸਲਾਂ ਅਤੇ ਖੋਜ: ਪੰਜਾਬ ਦੀ ਖੇਤੀ ਵਿੱਚ ਕ੍ਰਾਂਤੀ

PAU ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਫਰੀਦਕੋਟ ਦਾ ਖੋਜ ਕੇਂਦਰ ਹੁਣ ਗ਼ੈਰ-ਰਵਾਇਤੀ ਖੇਤੀ ਵੱਲ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਬਾਦਾਮ, ਐਵੋਕਾਡੋ, ਬਲੂ ਬੇਰੀ, ਬਲੈਕ ਬੇਰੀ ਅਤੇ ਡਰੈਗਨ ਫਰੂਟ ਵਰਗੇ ਮਹਿੰਗੇ ਫਲਾਂ ਦੀ ਖੇਤੀ ‘ਤੇ ਖੋਜ ਮੁਕੰਮਲ ਹੋਣ ਵਾਲੀ ਹੈ। ਇਹ ਫ਼ਸਲਾਂ ਨਾ ਸਿਰਫ਼ ਪੰਜਾਬ ਦੇ ਵਾਤਾਵਰਣ ਅਨੁਕੂਲ ਹਨ, ਸਗੋਂ ਕੌਮਾਂਤਰੀ ਬਾਜ਼ਾਰ ਵਿੱਚ ਇਨ੍ਹਾਂ ਦੀ ਭਾਰੀ ਮੰਗ ਹੋਣ ਕਾਰਨ ਇਹ ਕਿਸਾਨਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਦੀ ਬਚਤ ਲਈ ਝੋਨੇ ਦੀਆਂ PR ਕਿਸਮਾਂ ਅਪਣਾਉਣ ਅਤੇ ਮਸ਼ਰੂਮ ਦੀ ਖੇਤੀ, ਮਧੂ-ਮੱਖੀ ਪਾਲਣ ਤੇ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਰਾਹੀਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।

ਵਿਗਿਆਨਕ ਪ੍ਰਾਪਤੀਆਂ ਅਤੇ ਨਵੀਆਂ ਕਿਸਮਾਂ

ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਨੇ ਖੇਤੀ ਲਈ ਕਈ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਝੋਨੇ ਦੀ PR 133, ਨਰਮੇ ਦੀ PBD 88 ਅਤੇ ਮੱਕੀ ਦੀ NK 7328 ਸ਼ਾਮਲ ਹਨ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਅੱਠ ਅਤੇ ਫਲਾਂ ਦੀਆਂ ਤਿੰਨ ਨਵੀਆਂ ਕਿਸਮਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਡਰੈਗਨ ਫਰੂਟ ਦੇ ਪ੍ਰਜਨਨ, ਆਂਵਲੇ ਦੀ ਸਟੋਰੇਜ ਅਤੇ ਕਾਲੀ ਗਾਜਰ ਤੋਂ ਪਾਊਡਰ, ਜੈਮ ਅਤੇ ਚਟਨੀ ਤਿਆਰ ਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ।ਇਹ ਤਕਨੀਕਾਂ ਕਿਸਾਨਾਂ ਨੂੰ ਫ਼ਸਲ ਦੀ ਸਾਂਭ-ਸੰਭਾਲ ਅਤੇ ਮੰਡੀਕਰਨ ਵਿੱਚ ਨਵੇਂ ਰਾਹ ਦਿਖਾਉਣਗੀਆਂ।

ਸਮਾਜਿਕ ਅਤੇ ਆਰਥਿਕ ਵਿਕਾਸ

ਵਧੀਕ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ PAU ਵੱਲੋਂ ਚਲਾਏ ਜਾ ਰਹੇ 35 ਵੱਖ-ਵੱਖ ਹੁਨਰ ਸਿਖਲਾਈ ਕੋਰਸਾਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੋਰਸ ਕਿਸਾਨਾਂ ਨੂੰ ਸਿਰਫ਼ ਖੇਤੀ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਇੱਕ ਸਫ਼ਲ ਉੱਦਮੀ ਬਣਾਉਣ ਵਿੱਚ ਮਦਦ ਕਰਦੇ ਹਨ। ਮੈਂਬਰ ਬੋਰਡ ਆਫ਼ ਮੈਨੇਜਮੈਂਟ ਸ੍ਰ. ਅਮਨਦੀਪ ਸਿੰਘ ਢਿੱਲੋਂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਕਿਸਾਨਾਂ ਨੂੰ ਪਾਣੀ ਬਚਾਉਣ ਅਤੇ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੀ ਖੇਤੀਬਾੜੀ ਵਿਰਾਸਤ ਨੂੰ ਬਚਾਇਆ ਜਾ ਸਕੇ।

ਡਿਜੀਟਲ ਖੇਤੀ ਅਤੇ ਭਵਿੱਖ

ਇਸ ਮੇਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜੇਕਰ ਕਿਸਾਨ ਵਿਗਿਆਨਕ ਤਕਨੀਕਾਂ ਅਤੇ ਖੇਤੀ ਵਿਭਿੰਨਤਾ ਨੂੰ ਇਮਾਨਦਾਰੀ ਨਾਲ ਅਪਣਾਉਣ, ਤਾਂ ਖੇਤੀਬਾੜੀ ਅੱਜ ਵੀ ਇੱਕ ਬਹੁਤ ਹੀ ਲਾਹੇਵੰਦ ਕਿੱਤਾ ਹੈ। PAU ਵੱਲੋਂ ਡਿਜੀਟਲ ਮਾਧਿਅਮਾਂ ਜਿਵੇਂ ਕਿ ਕਿਸਾਨ ਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸਾਨਾਂ ਨੂੰ ਲਗਾਤਾਰ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਯੂਨੀਵਰਸਿਟੀ ਦੀ ਮੁੱਖ ਤਰਜੀਹ ਬਣੀ ਹੋਈ ਹੈ। ਜ਼ਿਕਰਯੋਗ ਮੇਲੇ ਵਿੱਚ ਭਾਰੀ ਇਕੱਠ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਕਿਸਾਨ ਹੁਣ ਆਧੁਨਿਕਤਾ ਦੇ ਰਾਹ ‘ਤੇ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ।

COMMENTS

WORDPRESS: 0