ਪੰਜਾਬ ਵਿੱਚ ਹਰ ਸਾਲ ਝੋਨੇ ਦੀ ਬਿਜਾਈ ਦੌਰਾਨ ਪਾਣੀ ਦੀ ਭਾਰੀ ਕਿੱਲਤ ਅਤੇ ਮਜ਼ਦੂਰਾਂ ਦੀ ਘਾਟ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਉਂਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਇ
ਪੰਜਾਬ ਵਿੱਚ ਹਰ ਸਾਲ ਝੋਨੇ ਦੀ ਬਿਜਾਈ ਦੌਰਾਨ ਪਾਣੀ ਦੀ ਭਾਰੀ ਕਿੱਲਤ ਅਤੇ ਮਜ਼ਦੂਰਾਂ ਦੀ ਘਾਟ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਉਂਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਇਸ ਗੰਭੀਰ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਉਪਰਾਲੇ ਦੇ ਤਹਿਤ ਪੀ.ਏ.ਯੂ. ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ ਵੱਲੋਂ ਪਿੰਡ ਸ਼ਾਹਪੁਰ (ਬਲਾਕ ਦੋਰੰਗਲਾ) ਵਿਖੇ ਝੋਨੇ ਦੀ ਸਿੱਧੀ ਬਿਜਾਈ (DSR) ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਹ ਪ੍ਰਦਰਸ਼ਨੀਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ, ਡਾ. ਮੱਖਣ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪਸਾਰ ਮਾਹਿਰ, ਸੀਨੀਅਰ ਮੋਸਟ ਡਾ. ਨਰਿੰਦਰ ਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਫ਼ਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ।
ਤਰ ਵੱਤਰ ਵਿਧੀ ਨਾਲ ਬਿਜਾਈ
ਜ਼ਿਕਰਯੋਗ, ਇਨ੍ਹਾਂ ਖੇਤ ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਨੂੰ ਰਵਾਇਤੀ ਕੱਦੂ ਛੱਡਣ ਅਤੇ ਆਧੁਨਿਕ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਖੇਤਾਂ ਵਿੱਚ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮ PR 126 ਦੀ ਚੋਣ ਕੀਤੀ ਗਈ, ਜੋ ਕਿ ਸਿੱਧੀ ਬਿਜਾਈ ਲਈ ਬਹੁਤ ਢੁਕਵੀਂ ਮੰਨੀ ਜਾਂਦੀ ਹੈ। ਇਸ ਨੂੰ ਪੱਕਣ ਵਿੱਚ ਘੱਟ ਸਮਾਂ ਲੱਗਦਾ ਹੈ (ਲਗਭਗ 123 ਦਿਨ), ਜਿਸ ਨਾਲ ਪਾਣੀ ਦੀ ਵੱਡੀ ਬੱਚਤ ਹੁੰਦੀ ਹੈ। ਇਸ ਦੇ ਨਾਲ ਹੀ ਵਧਿਆ ਝਾੜ ਦੇਣ ਵਾਲੀ ਇਸ ਕਿਸਮ ਨੂੰ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੈ। ਵਿਗਿਆਨੀਆਂ ਨੇ ਕਿਸਾਨਾਂ ਦੀ ਮੌਜੂਦਗੀ ਵਿੱਚ ‘ਤਰ ਵੱਤਰ ਵਿਧੀ’ ਰਾਹੀਂ ਲੱਕੀ ਸੀਡ ਡਰਿੱਲ ਮਸ਼ੀਨ ਨਾਲ ਬਿਜਾਈ ਕਰਕੇ ਦਿਖਾਈ। ਇਹ ਮਸ਼ੀਨ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਵਾਈ ਦਾ ਵੀ ਬਰਾਬਰ ਛਿੜਕਾਅ ਕਰਦੀ ਹੈ, ਜਿਸ ਨਾਲ ਨਦੀਨਾਂ ਦੀ ਸਮੱਸਿਆ ਪੈਦਾ ਨਹੀਂ ਹੁੰਦੀ।
ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਦਾ ਸਫ਼ਲ ਤਜ਼ਰਬਾ
ਇਸ ਮੌਕੇ ਇਲਾਕੇ ਦੇ ਇੱਕ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਨੇ ਪਿਛਲੇ ਸਾਲ ਦੇ ਆਪਣੇ ਤਜ਼ਰਬੇ ਦੂਜੇ ਜਿਮੀਂਦਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਫਾਰਮ ਸਲਾਹਕਾਰ ਕੇਂਦਰ ਦੇ ਖੇਤੀ ਵਿਗਿਆਨੀਆਂ ਦੀ ਸਿਫ਼ਾਰਿਸ਼ ਅਤੇ ਤਕਨੀਕੀ ਸਹਾਇਤਾ ਨਾਲ, ਉਨ੍ਹਾਂ ਨੇ ਪਿਛਲੇ ਸਾਲ ਸਿਰਫ਼ 6 ਕਨਾਲ ਰਕਬੇ ਤੋਂ ਸਿੱਧੀ ਬਜਾਈ ਸ਼ੁਰੂ ਕੀਤੀ ਸੀ। ਇਸ ਦੇ ਨਤੀਜੇ ਇੰਨੇ ਪ੍ਰਭਾਵਸ਼ਾਲੀ ਰਹੇ ਕਿ ਇਸ ਵਾਰ ਉਨ੍ਹਾਂ ਨੇ ਆਪਣੇ 8 ਕਿੱਲੇ ਰਕਬੇ ਵਿੱਚ ਸਿੱਧੀ ਬਿਜਾਈ (DSR) ਕਰਨ ਦਾ ਫੈਸਲਾ ਕੀਤਾ ਹੈ। ਭੁਪਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਬਣ ਕੇ ਉੱਭਰੇ ਹਨ।
DSR ਦੇ ਬਹੁ-ਪੱਖੀ ਲਾਭ ਅਤੇ ਮੁਨਾਫ਼ਾ
ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਕੱਦੂ ਕਰਕੇ ਝੋਨਾ ਲਾਉਣ ਨਾਲੋਂ ਸਿੱਧੀ ਬਿਜਾਈ ਦੇ ਬਹੁਤ ਸਾਰੇ ਫਾਇਦੇ ਹਨ। ਸਭ ਤੋਂ ਪਹਿਲਾਂ, ਇਸ ਵਿਧੀ ਨਾਲ ਲੇਬਰ ਦੇ ਖ਼ਰਚੇ ਵਿੱਚ ਵੱਡੀ ਬੱਚਤ ਹੁੰਦੀ ਹੈ ਅਤੇ ਪਾਣੀ ਦੀ ਖ਼ਪਤ ਵੀ ਕਾਫ਼ੀ ਘੱਟ ਜਾਂਦੀ ਹੈ। ਨਾਲ ਹੀ, ਖਾਦਾਂ ਦੀ ਲੋੜ ਅਨੁਸਾਰ ਸਹੀ ਵਰਤੋਂ ਹੋਣ ਕਾਰਨ ਕੁਦਰਤੀ ਸਰੋਤਾਂ ਦੀ ਵਰਤੋਂ ਵੀ ਘੱਟ ਹੁੰਦੀ ਹੈ। ਇਸ ਤਰੀਕੇ ਨਾਲ ਤਿਆਰ ਹੋਈ ਫ਼ਸਲ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਜਿਸ ਕਾਰਨ ਫ਼ਸਲ ਹਨੇਰੀ ਅਤੇ ਮੀਂਹ ਦੌਰਾਨ ਡਿੱਗਣ ਤੋਂ ਬਚੀ ਰਹਿੰਦੀ ਹੈ। ਇਸ ਤੋਂ ਇਲਾਵਾ, ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਧੀ ਨੂੰ ਵੱਧ ਤੋਂ ਵੱਧ ਅਪਣਾਉਣ ਤਾਂ ਜੋ ਘੱਟ ਲਾਗਤ ‘ਤੇ ਚੰਗਾ ਝਾੜ ਅਤੇ ਵੱਧ ਮੁਨਾਫ਼ਾ ਕਮਾਇਆ ਜਾ ਸਕੇ।
COMMENTS