ਅਜੋਕੇ ਦੌਰ ਵਿੱਚ ਜਿੱਥੇ ਖੇਤੀਬਾੜੀ ਰਹਿੰਦ-ਖੂੰਹਦ (Waste) ਦਾ ਢੁਕਵਾਂ ਪ੍ਰਬੰਧਨ ਗੰਭੀਰ ਵਾਤਾਵਰਣਕ ਚੁਣੌਤੀ ਬਣਿਆ ਹੈ, ਉੱਥੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਸੀਮਤ ਸਾਧਨ ਵੀ ਵੱਡ
ਅਜੋਕੇ ਦੌਰ ਵਿੱਚ ਜਿੱਥੇ ਖੇਤੀਬਾੜੀ ਰਹਿੰਦ-ਖੂੰਹਦ (Waste) ਦਾ ਢੁਕਵਾਂ ਪ੍ਰਬੰਧਨ ਗੰਭੀਰ ਵਾਤਾਵਰਣਕ ਚੁਣੌਤੀ ਬਣਿਆ ਹੈ, ਉੱਥੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਸੀਮਤ ਸਾਧਨ ਵੀ ਵੱਡੀ ਚਿੰਤਾ ਦਾ ਵਿਸ਼ਾ ਹਨ। ਪੰਜਾਬ ਦੇ ਪਟਿਆਲਾ ਸ਼ਹਿਰ ਦੇ ਇੱਕ ਨੌਜਵਾਨ ਬੀਟੈੱਕ ਇਲੈਕਟ੍ਰੀਕਲ ਇੰਜੀਨੀਅਰ ਕਾਰਤਿਕ ਪਾਲ ਨੇ ਆਪਣੀ ਸੂਝ-ਬੂਝ ਨਾਲ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਹੱਲ ਲੱਭਿਆ ਹੈ। ਸਾਲ 2014 ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਤੋਂ ਪਾਸ ਆਊਟ ਹੋਏ ਕਾਰਤਿਕ ਨੇ ਆਪਣੀ ਕੰਪਨੀ ‘ਸੰਨੀ ਇੰਜੀਨੀਅਰਿੰਗ ਵਰਕਸ’ ਰਾਹੀਂ ਅਜਿਹੀਆਂ ਛੋਟੀਆਂ ਅਤੇ ਕਿਫ਼ਾਇਤੀ ਮਸ਼ੀਨਾਂ ਤਿਆਰ ਕੀਤੀਆਂ ਹਨ, ਜੋ ਕਿ ਗੋਬਰ, ਪਰਾਲੀ ਅਤੇ ਹੋਰ ਜੈਵਿਕ Waste ਨੂੰ ਬਾਇਓ-ਫਿਊਲ ਅਤੇ ਉੱਚ-ਗੁਣਵੱਤਾ ਵਾਲੀ ਜੈਵਿਕ ਖਾਦ ਵਿੱਚ ਬਦਲ ਕੇ ਕਿਸਾਨਾਂ ਲਈ ਆਮਦਨ ਦਾ ਸਰੋਤ ਬਣ ਰਹੀਆਂ ਹਨ।
ਨਵੀਂ ਸੋਚ ਅਤੇ ਸ਼ੁਰੂਆਤੀ ਸਫ਼ਰ

ਕਾਰਤਿਕ ਪਾਲ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਪਹਿਲਾਂ ਤੋਂ ਇਲੈਕਟ੍ਰਿਕ ਜਨਰੇਟਰਾਂ ਦਾ ਕਾਰੋਬਾਰ ਸੀ, ਪਰ ਇਹ ਕੰਮ ਸੀਜ਼ਨਲ ਹੋਣ ਕਾਰਨ ਉਹ ਇੱਕ ਅਜਿਹੇ ਪ੍ਰੋਜੈਕਟ ‘ਤੇ ਕੰਮ ਕਰਨਾ ਚਾਹੁੰਦੇ ਸਨ ਜੋ ਸਾਰਾ ਸਾਲ ਚੱਲੇ ਅਤੇ ਕੁਦਰਤ ਦੇ ਅਨੁਕੂਲ ਹੋਵੇ। ਇੱਕ ਗਊਸ਼ਾਲਾ ਦੇ ਦੌਰੇ ਦੌਰਾਨ, ਉਹਨਾਂ ਦੇ ਧਿਆਨ ਵਿੱਚ ਆਇਆ ਕਿ ਗਿੱਲੇ ਗੋਬਰ ਨੂੰ ਸੰਭਾਲਣਾ ਅਤੇ ਵੇਚਣਾ ਬਹੁਤ ਮੁਸ਼ਕਲ ਕੰਮ ਹੈ। ਉਸੇ ਦੌਰਾਨ, ਉਹਨਾਂ ਨੇ ਬਾਜ਼ਾਰ ਵਿੱਚ ਇੱਕ ਰਵਾਇਤੀ ਮਸ਼ੀਨ ਦੇਖੀ ਜੋ ਆਟੇ ਤੋਂ ਸੇਵੀਆਂ ਵੱਟਦੀ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਗੋਬਰ ਤੋਂ ਲੱਕੜ ਬਣਾਉਣ ਦਾ ਸੰਕਲਪ ਤਿਆਰ ਕੀਤਾ। ਸ਼ੁਰੂਆਤ ਵਿੱਚ, ਲੋਕਾਂ ਨੇ ਇਸ ਨੂੰ ਖਰੀਦਣ ਤੋਂ ਝਿਜਕ ਦਿਖਾਈ, ਪਰ ਸਮੇਂ ਦੇ ਨਾਲ ਜਦੋਂ ਇਸ ਦੇ ਫ਼ਾਇਦੇ ਸਾਹਮਣੇ ਆਏ ਤਾਂ ਇਹ ਵਿਚਾਰ ਪੂਰੇ ਦੇਸ਼ ਵਿੱਚ ਸਵੀਕਾਰ ਕਰ ਲਿਆ ਗਿਆ।
ਗੋਬਰ ਤੋਂ ਲੱਕੜ ਬਣਾਉਣ ਵਾਲੀ ਲੌਗ ਮਸ਼ੀਨ

ਪੰਜਾਬ ਦੇ ਪਿੰਡਾਂ ਵਿੱਚ ਸਦੀਆਂ ਤੋਂ ਔਰਤਾਂ ਗੋਬਰ ਦੀਆਂ ਪਾਥੀਆਂ ਪੱਥਦੀਆਂ ਆ ਰਹੀਆਂ ਹਨ, ਪਰ ਮੌਸਮ ਅਤੇ ਮਿਹਨਤ ਕਾਰਨ ਇਹ ਕੰਮ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ। ਕਾਰਤਿਕ ਵੱਲੋਂ ਬਣਾਈ ਗਈ ‘ਕਾਊ ਡੰਗ ਲੌਗ ਮੇਕਿੰਗ ਮਸ਼ੀਨ’ (ਗੋ-ਕਾਸ਼ਠ ਮਸ਼ੀਨ) 3 ਤੋਂ 4 ਦਿਨ ਪੁਰਾਣੇ ਹਲਕੀ ਨਮੀ ਵਾਲੇ ਗੋਬਰ ਨੂੰ ਗੋਲ, ਚੌਰਸ ਜਾਂ ਹਵਨ ਸਮੱਗਰੀ ਦੇ ਆਕਾਰ ਦੀ ਲੱਕੜ ਵਿੱਚ ਤਬਦੀਲ ਕਰ ਦਿੰਦੀ ਹੈ। ਕਾਰਤਿਕ ਦੱਸਦੇ ਹਨ ਕਿ ਇਹ ਮਸ਼ੀਨ 5 ਹਾਰਸਪਾਵਰ (HP) ਦੀ ਮੋਟਰ ਨਾਲ ਚੱਲਦੀ ਹੈ ਅਤੇ ਇਸਦਾ ਭਾਰ ਲਗਭਗ 220 ਕਿਲੋਗ੍ਰਾਮ ਹੈ।
ਇਹ ਪ੍ਰਤੀ ਘੰਟਾ 300 ਕਿਲੋਗ੍ਰਾਮ ਲੱਕੜ ਤਿਆਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੀ ਕੀਮਤ ਸਿਰਫ਼ 65,000 ਰੁਪਏ ਹੈ, ਜਿਸ ਕਾਰਨ ਇੱਕ ਆਮ ਡੇਅਰੀ ਕਿਸਾਨ ਜਾਂ 10 ਤੋਂ 20 ਪਸ਼ੂਆਂ ਵਾਲਾ ਗਊਸ਼ਾਲਾ ਪ੍ਰਬੰਧਕ ਇਸਨੂੰ ਆਸਾਨੀ ਨਾਲ ਲਗਾ ਸਕਦਾ ਹੈ। ਇਹ ਲੱਕੜ ਸੁੱਕਣ ਤੋਂ ਬਾਅਦ ਲਗਭਗ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ।
ਰੁੱਖਾਂ ਅਤੇ ਵਾਤਾਵਰਣ ਦੀ ਸੰਭਾਲ

ਕਾਰਤਿਕ ਪਾਲ ਕਹਿੰਦੇ ਹਨ ਕਿ ਇਸ ਲੱਕੜ ਦੀ ਸਭ ਤੋਂ ਵੱਡੀ ਵਰਤੋਂ ਸ਼ਮਸ਼ਾਨਘਾਟਾਂ ਵਿੱਚ ਸੰਸਕਾਰ, ਧਾਰਮਿਕ ਹਵਨ-ਯੱਗਾਂ ਅਤੇ ਗੁਰਦੁਆਰਿਆਂ ਵਿੱਚ ਲੰਗਰ ਪਕਾਉਣ ਲਈ ਬਾਲਣ ਵਜੋਂ ਹੁੰਦੀ ਹੈ। ਆਮ ਤੌਰ ‘ਤੇ ਇੱਕ ਮ੍ਰਿਤਕ ਦੇਹ ਦੇ ਸਸਕਾਰ ਲਈ ਲਗਭਗ ਦੋ ਪੂਰੇ (15 ਸਾਲ ਪੁਰਾਣੇ) ਦਰੱਖਤਾਂ ਦੀ ਲੱਕੜ ਦੀ ਖ਼ਪਤ ਹੁੰਦੀ ਹੈ। ਜਿੱਥੇ ਗੋ-ਕਾਸ਼ਠ ਦੀ ਵਰਤੋਂ ਕਰਕੇ ਲੱਖਾਂ ਰੁੱਖਾਂ ਨੂੰ ਕੱਟਣ ਤੋਂ ਬਚਾਇਆ ਜਾ ਰਿਹਾ ਹੈ, ਉੱਥੇ ਇਹ ਲੱਕੜ ਆਮ ਲੱਕੜ ਨਾਲੋਂ ਘੱਟ ਧੂੰਆਂ ਵੀ ਛੱਡਦੀ ਹੈ। ਅੱਜ, ਇਹ ਮਸ਼ੀਨਾਂ ਦੇਸ਼ ਭਰ ਦੀਆਂ 9,000 ਤੋਂ ਵੱਧ ਗਊਸ਼ਾਲਾਵਾਂ ਵਿੱਚ ਸਫ਼ਲਤਾਪੂਰਵਕ ਚੱਲ ਰਹੀਆਂ ਹਨ।
ਡੀਵਾਟਰਿੰਗ ਮਸ਼ੀਨ ਅਤੇ ਜੈਵਿਕ ਖਾਦ

ਖਾਦ ਉਦਯੋਗ ਵਿੱਚ ਵਰਤੀਆਂ ਜਾਣ ਵਾਲੀਆਂ ਵਿਦੇਸ਼ੀ ਡੀਵਾਟਰਿੰਗ ਮਸ਼ੀਨਾਂ ਦੀ ਕੀਮਤ ਲਗਭਗ 18 ਲੱਖ ਰੁਪਏ ਹੁੰਦੀ ਹੈ, ਜੋ ਕਿ ਇੱਕ ਆਮ ਕਿਸਾਨ ਦੇ ਬਜਟ ਤੋਂ ਬਾਹਰ ਹੈ। ਕਾਰਤਿਕ ਨੇ ਇਸ ਦਾ ਦੇਸੀ ਅਤੇ ਕਿਫ਼ਾਇਤੀ ਮਾਡਲ ਸਿਰਫ਼ 3 ਲੱਖ ਰੁਪਏ ਵਿੱਚ ਤਿਆਰ ਕੀਤਾ ਹੈ। ਇਹ ਮਸ਼ੀਨ ਗੋਬਰ ਦੇ ਤਰਲ ਅਤੇ ਠੋਸ ਹਿੱਸੇ ਨੂੰ ਤੁਰੰਤ ਵੱਖ ਕਰ ਦਿੰਦੀ ਹੈ। ਰਵਾਇਤੀ ਵਰਮੀ ਕੰਪੋਸਟ ਵਿਧੀ ਵਿੱਚ, ਜਿੱਥੇ ਗੋਬਰ ਠੰਢਾ ਕਰਨ ਅਤੇ ਖਾਦ ਬਣਨ ਵਿੱਚ 45 ਤੋਂ 90 ਦਿਨ ਲੱਗਦੇ ਹਨ, ਉੱਥੇ ਹੀ ਇਸ ਮਸ਼ੀਨ ਵਿੱਚੋਂ ਨਿਕਲੇ ਠੋਸ ਪਾਊਡਰ ਵਿੱਚ ਜੀਵਾਣੂ ਮਿਲਾ ਕੇ ਸਿਰਫ਼ 5 ਤੋਂ 7 ਦਿਨਾਂ ਅੰਦਰ ਉੱਤਮ ਦਰਜੇ ਦੀ ਜੈਵਿਕ ਖਾਦ ਤਿਆਰ ਹੋ ਜਾਂਦੀ ਹੈ।
‘ਬਲੈਕ ਗੋਲਡ’ ਨਾਮਕ ਇਹ ਖਾਦ ਅੱਜ ਦੁਬਈ ਵਰਗੇ ਦੇਸ਼ਾਂ ਵਿੱਚ ਵੀ ਨਿਰਯਾਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਨਿਚੋੜੇ ਗਏ ਪਾਣੀ ਤੋਂ ‘ਬਾਇਓ-ਲਿਕਵਿਡ ਫਰਟੀਲਾਈਜ਼ਰ’ ਤਿਆਰ ਕੀਤਾ ਜਾਂਦਾ ਹੈ। ਇਹ ਤਰਲ ਖਾਦ ਪੌਦਿਆਂ ‘ਤੇ ਸਪਰੇਅ ਕਰਨ ਨਾਲ ਪੱਤਿਆਂ ਦਾ ਪੀਲਾਪਣ ਦੂਰ ਹੁੰਦਾ ਹੈ ਅਤੇ ਕੀੜੇ-ਮਕੌੜਿਆਂ ਤੋਂ ਸੁਰੱਖਿਆ ਮਿਲਦੀ ਹੈ।
ਬਾਇਓ-ਕੋਲ ਬ੍ਰਿਕੇਟਿੰਗ ਪ੍ਰੋਜੈਕਟ

ਉਦਯੋਗਾਂ ਵਿੱਚ ਬਾਇਲਰ ਅਤੇ ਭੱਠੇ ਚਲਾਉਣ ਲਈ ਕੱਚੇ ਕੋਲੇ ਦੀ ਭਾਰੀ ਮੰਗ ਰਹਿੰਦੀ ਹੈ। ਬਾਜ਼ਾਰ ਵਿੱਚ ਵੱਡੇ ਬ੍ਰਿਕੇਟਿੰਗ ਮਸ਼ੀਨਾਂ ਦੀ ਲਾਗਤ 1 ਤੋਂ 1.5 ਕਰੋੜ ਰੁਪਏ ਤੱਕ ਹੁੰਦੀ ਹੈ। ਕਾਰਤਿਕ ਨੇ ਛੋਟੇ ਕਿਸਾਨਾਂ ਅਤੇ ਉੱਦਮੀਆਂ ਲਈ ਸਿਰਫ਼ 10 ਲੱਖ ਰੁਪਏ ਦੇ ਕੁੱਲ ਖ਼ਰਚੇ ਵਾਲਾ ਪ੍ਰੋਜੈਕਟ ਵਿਕਸਿਤ ਕੀਤਾ ਹੈ, ਜਿਸ ਵਿੱਚ 30 HP ਦੀ ਮੁੱਖ ਮਸ਼ੀਨ, ਮਟੀਰੀਅਲ ਦੀ ਸਿੱਲ੍ਹ ਸੁਕਾਉਣ ਵਾਲਾ ਡ੍ਰਾਇਅਰ ਅਤੇ 1 ਤੋਂ 4 ਮਿਲੀਮੀਟਰ ਆਕਾਰ ਤੱਕ ਬਰੀਕ ਕਰਨ ਵਾਲਾ ਇੱਕ ਕਰੱਸ਼ਰ ਸ਼ਾਮਲ ਹੈ।
ਇਹ ਸਿਸਟਮ ਝੋਨੇ ਦੇ ਛਿਲਕੇ, ਪਰਾਲੀ, ਲੱਕੜ ਦੇ ਬੂਰੇ ਜਾਂ ਮੰਡੀ ਦੇ ਖ਼ਰਾਬ ਫ਼ਲ-ਸਬਜ਼ੀਆਂ ਦੇ Waste ਨੂੰ ਬਾਇਓ-ਕੋਲ ਵਿੱਚ ਬਦਲ ਦਿੰਦਾ ਹੈ। ਇਸ ਪ੍ਰੋਜੈਕਟ ਲਈ 40×40 ਫੁੱਟ ਜਗ੍ਹਾ ਅਤੇ 40 ਕਿਲੋਵਾਟ ਬਿਜਲੀ ਕੁਨੈਕਸ਼ਨ ਦੀ ਲੋੜ ਹੁੰਦੀ ਹੈ। ਕਾਰਤਿਕ ਪਾਲ ਜਾਣਕਾਰੀ ਦਿੰਦੇ ਹਨ ਕਿ PMEGP ਅਧੀਨ ਇਸ ‘ਤੇ 25% ਸਬਸਿਡੀ ਅਤੇ ਆਸਾਨ ਲੋਨ ਦੀ ਸਹੂਲਤ ਵੀ ਮਿਲਦੀ ਹੈ।
ਸਮਾਰਟ ਮਾਰਕੀਟਿੰਗ ਅਤੇ ਡਿਜੀਟਲ ਪਲੇਟਫਾਰਮ

ਕਾਰਤਿਕ ਦਾ ਮੰਨਣਾ ਹੈ ਕਿ ਅੱਜ ਦੇ ਯੁੱਗ ਵਿੱਚ, ਰਵਾਇਤੀ ਕੰਮਾਂ ਨੂੰ ਸਮਾਰਟ ਤਰੀਕੇ ਨਾਲ ਅੱਗੇ ਵਧਾਉਣ ਦੀ ਲੋੜ ਹੈ। ਨੌਜਵਾਨਾਂ ਨੂੰ ਆਪਣੇ ਉਤਪਾਦਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਯੂਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਡਿਜੀਟਲ ਮਾਧਿਅਮਾਂ ‘ਤੇ ਛੋਟੀਆਂ ਵੀਡੀਓਜ਼ ਅਤੇ ਰੀਲਾਂ ਬਣਾਉਣੀਆਂ ਚਾਹੀਦੀਆਂ ਹਨ। ਜਦੋਂ ਲੋਕਾਂ ਵਿੱਚ ਵਾਤਾਵਰਣ ਅਨੁਕੂਲ ਉਤਪਾਦਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ, ਤਾਂ ਬਾਜ਼ਾਰ ਵਿੱਚ ਮੁਕਾਬਲੇਬਾਜ਼ੀ ਤੋਂ ਬਿਨਾਂ ਇੱਕ ਮਜ਼ਬੂਤ ਮਨੋਪਲੀ ਕਾਇਮ ਕੀਤੀ ਜਾ ਸਕਦੀ ਹੈ। ਕਾਰਤਿਕ ਪਾਲ ਕਹਿੰਦੇ ਹਨ ਕਿ ਇਹ ਛੋਟੀਆਂ ਮਸ਼ੀਨਾਂ ਘਰੇਲੂ ਬਿਜਲੀ ਅਤੇ ਆਮ ਜਗ੍ਹਾ ‘ਤੇ ਚੱਲਣਯੋਗ ਹੋਣ ਕਾਰਨ, ਮਹਿੰਗੀ ਮਜ਼ਦੂਰੀ ਤੋਂ ਬਿਨਾਂ ਸਾਰਾ ਮੁਨਾਫ਼ਾ ਸਿੱਧਾ ਕਾਰੋਬਾਰੀ ਦੀ ਜੇਬ ਵਿੱਚ ਪਾਉਂਦੀਆਂ ਹਨ।
ਸਦਾਬਹਾਰ ਰੋਜ਼ਗਾਰ ਅਤੇ ਮੁਫ਼ਤ ਸਿਖਲਾਈ

ਇਸ ਤੋਂ ਇਲਾਵਾ, ਇਨ੍ਹਾਂ ਮਸ਼ੀਨਾਂ ਰਾਹੀਂ ਤਿਆਰ ਹੋਣ ਵਾਲੇ ਉਤਪਾਦ ਜਿਵੇਂ ਕਿ ਲੱਕੜ, ਖਾਦ ਅਤੇ ਕੋਇਲਾ ਕਿਸੇ ਖ਼ਾਸ ਸੀਜ਼ਨ ਦੇ ਮੁਥਾਜ ਨਹੀਂ ਹਨ, ਸਗੋਂ ਸਾਰਾ ਸਾਲ ਮੰਗ ਵਿੱਚ ਰਹਿੰਦੇ ਹਨ। ਇਹ ਉਤਪਾਦ ਮਨੁੱਖੀ ਜ਼ਿੰਦਗੀ ਦੀ ਮੁੱਢਲੀ ਲੋੜ ਹੋਣ ਕਾਰਨ ਇਨ੍ਹਾਂ ਨੂੰ ਵੇਚਣ ਲਈ ਕਿਸੇ ਵੱਡੀ ਮਾਰਕੀਟਿੰਗ ਦੀ ਲੋੜ ਨਹੀਂ ਪੈਂਦੀ।
ਕਾਰਤਿਕ ਦਾ ਮੁੱਖ ਉਦੇਸ਼ ਇੰਜੀਨੀਅਰਿੰਗ ਕਰ ਰਹੇ ਨੌਜਵਾਨਾਂ, ਵਿਦੇਸ਼ਾਂ ਤੋਂ ਪਰਤ ਰਹੇ ਮੁੰਡਿਆਂ, ਘਰੇਲੂ ਔਰਤਾਂ ਅਤੇ ਕਿਸਾਨਾਂ ਨੂੰ ਆਪਣੇ ਪੱਧਰ ‘ਤੇ ਸਟਾਰਟਅੱਪ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹ ਕਿਸੇ ਵੀ ਵਿਅਕਤੀ ਨੂੰ ਮਸ਼ੀਨ ਖਰੀਦਣ ਤੋਂ ਪਹਿਲਾਂ ਮੁਫ਼ਤ ਦੋ ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਅਤੇ ਪੂਰੀ ਮਾਰਕੀਟ ਗਾਈਡੈਂਸ ਦਿੰਦੇ ਹਨ, ਤਾਂ ਜੋ ਹਰ ਕੋਈ ਆਪਣੇ ਘਰ ਜਾਂ ਡੇਅਰੀ ਤੋਂ ਹੀ ਸਵੈ-ਰੋਜ਼ਗਾਰ ਦਾ ਸਫ਼ਲ ਰਾਹ ਚੁਣ ਸਕੇ।
COMMENTS