ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫ਼ਸਲਾਂ ਦੀ ਸਿਰਫ਼ ਪੈਦਾਵਾਰ ਵਧਾਉਣਾ ਹੀ ਕਾਫ਼ੀ ਨਹੀਂ, ਸਗੋਂ ਵਾਢੀ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਰਾਹੀਂ ਮੁੱਲ ਵਾ
ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫ਼ਸਲਾਂ ਦੀ ਸਿਰਫ਼ ਪੈਦਾਵਾਰ ਵਧਾਉਣਾ ਹੀ ਕਾਫ਼ੀ ਨਹੀਂ, ਸਗੋਂ ਵਾਢੀ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ ਰਾਹੀਂ ਮੁੱਲ ਵਾਧਾ ਸਮੇਂ ਦੀ ਵੱਡੀ ਲੋੜ ਬਣ ਚੁੱਕੀ ਹੈ। ਇਸੇ ਦਿਸ਼ਾ ਵਿੱਚ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਵੱਲੋਂ ਕਈ ਨਵੀਆਂ ਤਕਨੀਕਾਂ ਅਤੇ ਮਾਡਲ ਵਿਕਸਿਤ ਕੀਤੇ ਗਏ ਹਨ। ਵਿਭਾਗ ਦੀ ਵਿਗਿਆਨੀ ਡਾ. ਗੁਰਵੀਰ ਕੌਰ ਨੇ ਦੱਸਿਆ ਕਿ ਜੇਕਰ ਕਿਸਾਨ ਰਵਾਇਤੀ ਮੰਡੀਕਰਨ ਦੇ ਘੇਰੇ ਵਿੱਚੋਂ ਨਿਕਲ ਕੇ ਆਪਣੇ ਉਤਪਾਦਾਂ ਦੀ ਖ਼ੁਦ ਪ੍ਰੋਸੈਸਿੰਗ ਅਤੇ ਪੈਕਿੰਗ ਸ਼ੁਰੂ ਕਰਨ, ਤਾਂ ਉਹ ਨਾ ਸਿਰਫ਼ ਆਪਣੀ ਕਮਾਈ ਕਈ ਵਧਾ ਸਕਦੇ ਹਨ, ਸਗੋਂ ਪੇਂਡੂ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਸਕਦੇ ਹਨ।
12 ਮਹੀਨੇ ਚੱਲਣ ਵਾਲਾ ਮਾਡਲ
ਵਿਗਿਆਨੀ ਡਾ. ਗੁਰਵੀਰ ਕੌਰ ਅਨੁਸਾਰ ਪੀਏਯੂ ਨੇ ਕਿਸਾਨਾਂ ਲਈ ਇੱਕ ਵਿਸ਼ੇਸ਼ ‘Agro Processing Complex’ ਮਾਡਲ ਤਿਆਰ ਕੀਤਾ ਹੈ। ਇਹ ਕੰਪਲੈਕਸ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਸਾਲ ਭਰ ਕੰਮ ਚੱਲਦਾ ਰਹੇ। ਇਸ ਮਾਡਲ ਵਿੱਚ ਝੋਨੇ ਦੀ ਪ੍ਰੋਸੈਸਿੰਗ ਲਈ ਮਿਨੀ ਰਾਈਸ ਮਿੱਲ, ਕਣਕ ਲਈ ਆਟਾ ਚੱਕੀ, ਮਸਾਲਿਆਂ ਲਈ ਗ੍ਰਾਈਂਡਰ, ਦਾਲਾਂ ਲਈ ਦਾਲ ਕਲੀਨਰ ਅਤੇ ਗ੍ਰੇਡਰ, ਤੇਲ ਬੀਜਾਂ ਲਈ ਛੋਟਾ ਆਇਲ ਐਕਸਪੈਲਰ ਅਤੇ ਪਸ਼ੂਆਂ ਦੇ ਚਾਰੇ ਲਈ ਇੱਕ ਫੀਡ ਮਿੱਲ ਸ਼ਾਮਲ ਹਨ। ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਕਿਸਾਨ ਜਾਂ ਸਮੂਹ ਮਸ਼ੀਨਾਂ ਦਾ ਪੂਰਾ ਸੈੱਟ ਲਗਾਉਣ ਦੀ ਬਜਾਏ ਆਪਣੀ ਲੋੜ ਮੁਤਾਬਕ 4 ਤੋਂ 5 ਮਸ਼ੀਨਾਂ ਦੀ ਚੋਣ ਕਰਦਾ ਹੈ, ਤਾਂ ਵੀ ਇਹ ਕੰਪਲੈਕਸ ਪੂਰੇ 12 ਮਹੀਨੇ ਬਿਨਾਂ ਰੁਕੇ ਚੱਲ ਸਕਦਾ ਹੈ। ਇਸ ਨਾਲ ਕਿਸਾਨ ਨੂੰ ਆਫ਼-ਸੀਜ਼ਨ ਵਿੱਚ ਵੀ ਲਗਾਤਾਰ ਆਮਦਨ ਮਿਲਦੀ ਹੈ।
ਲਾਗਤ ਅਤੇ ਪਿੰਡ ਪੱਧਰ ‘ਤੇ ਰੁਜ਼ਗਾਰ
ਪ੍ਰੋਜੈਕਟ ਦੀ ਲਾਗਤ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਵੀਰ ਨੇ ਦੱਸਿਆ ਕਿ ਇੱਕ Agro Processing Complex ਨੂੰ ਸਥਾਪਤ ਕਰਨ ‘ਤੇ ਮਸ਼ੀਨਰੀ ਦੀ ਸਮਰੱਥਾ ਦੇ ਆਧਾਰ ‘ਤੇ ਲਗਭਗ 25 ਤੋਂ 30 ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੋਈ ਇੱਕ ਕਿਸਾਨ ਵਿਅਕਤੀਗਤ ਤੌਰ ‘ਤੇ ਜਾਂ ਫਿਰ ਚਾਰ-ਪੰਜ ਪਿੰਡਾਂ ਦੇ ਕਿਸਾਨ ਆਪਸ ਵਿੱਚ ਰਲ ਕੇ ਵੀ ਅਜਿਹਾ ਕੰਪਲੈਕਸ ਖੋਲ੍ਹ ਸਕਦੇ ਹਨ। ਇਹ ਯੂਨਿਟ ਕਿਸਾਨਾਂ ਨੂੰ ਸਿਰਫ਼ ਖੇਤੀ ਤੱਕ ਹੀ ਸੀਮਤ ਨਾ ਰੱਖ ਕੇ ਸਫ਼ਲ ਉੱਦਮੀ ਬਣਾਉਂਦਾ ਹੈ। ਇਸ ਨਾਲ ਪਿੰਡ ਵਿੱਚ ਹੀ ਘੱਟੋ-ਘੱਟ 3 ਤੋਂ 4 ਨੌਜਵਾਨਾਂ ਨੂੰ ਪੱਕੇ ਤੌਰ ‘ਤੇ ਰੁਜ਼ਗਾਰ ਮਿਲ ਜਾਂਦਾ ਹੈ, ਜਿਸ ਨਾਲ ਪਿੰਡਾਂ ਵਿੱਚੋਂ ਰੁਜ਼ਗਾਰ ਦੀ ਭਾਲ ਵਿੱਚ ਹੁੰਦੇ ਪਰਵਾਸ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ।
ਮੱਕੀ ਸੁਕਾਉਣ ਲਈ ਨਵਾਂ ਪੇਟੈਂਟ ਡ੍ਰਾਇਅਰ
ਮੱਕੀ ਉਤਪਾਦਕਾਂ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਹਾਲ ਹੀ ਵਿੱਚ ਮੱਕੀ ਸੁਕਾਉਣ ਵਾਲਾ ਇੱਕ ਆਧੁਨਿਕ ਡ੍ਰਾਇਅਰ ਤਿਆਰ ਕੀਤਾ ਹੈ, ਜਿਸ ਦਾ ਪੇਟੈਂਟ ਵੀ ਯੂਨੀਵਰਸਿਟੀ ਵੱਲੋਂ ਕਰਵਾ ਲਿਆ ਗਿਆ ਹੈ। ਡਾ. ਗੁਰਵੀਰ ਨੇ ਦੱਸਿਆ ਕਿ ਇਹ ਡ੍ਰਾਇਅਰ ਟਰੈਕਟਰ ਅਤੇ ਡੀਜ਼ਲ ਨਾਲ ਚੱਲਣ ਵਾਲਾ ਹੈ, ਜਿਸ ਦੀ ਸਮਰੱਥਾ ਪ੍ਰਤੀ ਬੈਚ 3 ਟਨ ਹੈ।
ਇਹ ਮਸ਼ੀਨ ਬਹੁਤ ਹੀ ਕਿਫ਼ਾਇਤੀ ਹੈ ਅਤੇ ਇਸ ਵਿੱਚ ਪ੍ਰਤੀ ਘੰਟਾ ਸਿਰਫ਼ 2 ਲੀਟਰ ਡੀਜ਼ਲ ਦੀ ਖ਼ਪਤ ਹੁੰਦੀ ਹੈ। ਵਾਢੀ ਸਮੇਂ ਮੱਕੀ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਘੱਟ ਭਾਅ ਮਿਲਦਾ ਹੈ ਜਾਂ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਨਵੀਂ ਮਸ਼ੀਨ ਰਾਹੀਂ ਕਿਸਾਨ ਨਮੀ ਘਟਾ ਕੇ ਮੱਕੀ ਨੂੰ ਸੁਰੱਖਿਅਤ ਸਟੋਰ ਕਰ ਸਕਦੇ ਹਨ ਅਤੇ ਮੰਡੀ ਵਿੱਚ ਵਧੀਆ ਭਾਅ ਪ੍ਰਾਪਤ ਕਰ ਸਕਦੇ ਹਨ।
ਹਲਦੀ ਪ੍ਰੋਸੈਸਿੰਗ ਦਾ ਪੂਰਾ ਮਾਡਲ
ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਹਲਦੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵੀ ਯੂਨੀਵਰਸਿਟੀ ਨੇ ਪੂਰਾ ਮਸ਼ੀਨਰੀ ਮਾਡਲ ਪੇਸ਼ ਕੀਤਾ ਹੈ। ਡਾ. ਕੌਰ ਨੇ ਦੱਸਿਆ ਕਿ ਕੱਚੀ ਹਲਦੀ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਜੇਕਰ ਪ੍ਰੋਸੈਸ ਕਰਕੇ ਵੇਚਿਆ ਜਾਵੇ ਤਾਂ ਮੁਨਾਫ਼ਾ ਕਈ ਗੁਣਾ ਵਧ ਜਾਂਦਾ ਹੈ। ਇਸ Agro Processing ਮਾਡਲ ਵਿੱਚ ਹਲਦੀ ਨੂੰ ਧੋਣ ਵਾਲੀ ਮਸ਼ੀਨ, ਪਾਲਿਸ਼ ਕਰਨ ਵਾਲੀ ਮਸ਼ੀਨ, ਪੀਸਣ ਲਈ ਗ੍ਰਾਈਂਡਰ ਅਤੇ ਅਖ਼ੀਰ ਵਿੱਚ ਪੈਕਿੰਗ ਕਰਨ ਵਾਲੀ ਮਸ਼ੀਨ ਸ਼ਾਮਲ ਹੈ। ਕਿਸਾਨ ਇਹ ਪੂਰਾ ਪਲਾਂਟ ਲਗਾ ਕੇ ਸਿੱਧਾ ਗਾਹਕਾਂ ਤੱਕ ਸ਼ੁੱਧ ਹਲਦੀ ਪਹੁੰਚਾ ਸਕਦੇ ਹਨ।
ਦਾਲਾਂ ਦੀ ਪੈਕਿੰਗ ਅਤੇ ਸ਼ੈਲਫ ਲਾਈਫ਼
ਦਾਲਾਂ ਦੀ ਸੰਭਾਲ ਬਾਰੇ ਗੱਲ ਕਰਦਿਆਂ ਵਿਗਿਆਨੀ ਨੇ ਦੱਸਿਆ ਕਿ ਦਾਲਾਂ ਨੂੰ ਕੀੜਾ (ਢੋਰਾ) ਬਹੁਤ ਛੇਤੀ ਲੱਗ ਜਾਂਦਾ ਹੈ, ਜਿਸ ਕਾਰਨ ਭਾਰੀ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਦਾ ਹੱਲ ਦਾਲਾਂ ਦੀ ਗਰੇਡਿੰਗ ਅਤੇ ਆਧੁਨਿਕ ਪੈਕਿੰਗ ਰਾਹੀਂ ਕੱਢਿਆ ਗਿਆ ਹੈ। ਸਾਧਾਰਨ ਪੈਕਿੰਗ ਵਿੱਚ ਲਿਫ਼ਾਫ਼ੇ ਅੰਦਰ ਹਵਾ ਰਹਿ ਜਾਂਦੀ ਹੈ, ਜੋ ਕੀੜੇ ਪੈਦਾ ਕਰਦੀ ਹੈ। ਇਸ ਦੇ ਹੱਲ ਲਈ ‘ਹਵਾ ਰਹਿਤ ਪੈਕਿੰਗ’ ਅਤੇ ‘ਨਾਈਟ੍ਰੋਜਨ ਫ਼ਲੱਸ਼ਿੰਗ’ ਤਕਨੀਕ ਤਿਆਰ ਕੀਤੀ ਗਈ ਹੈ।
ਨਾਈਟ੍ਰੋਜਨ ਫ਼ਲੱਸ਼ਿੰਗ ਰਾਹੀਂ ਪੈਕੇਟ ਵਿੱਚੋਂ ਆਕਸੀਜਨ ਕੱਢ ਕੇ ਨਾਈਟ੍ਰੋਜਨ ਗੈਸ ਭਰੀ ਜਾਂਦੀ ਹੈ। ਹਵਾ ਰਹਿਤ ਪੈਕਿੰਗ ‘ਤੇ ਲਗਭਗ 3 ਰੁਪਏ ਅਤੇ ਨਾਈਟ੍ਰੋਜਨ ਪੈਕਿੰਗ ‘ਤੇ 4 ਰੁਪਏ ਪ੍ਰਤੀ ਪੈਕੇਟ ਖ਼ਰਚ ਆਉਂਦਾ ਹੈ, ਜਿਸ ਨਾਲ ਦਾਲਾਂ ਦੀ ਸ਼ੈਲਫ ਲਾਈਫ਼ ਮਹੀਨਿਆਂ ਤੱਕ ਵੱਧ ਜਾਂਦੀ ਹੈ।
ਰਸੋਈਆਂ ਲਈ ‘ਪਲਸ ਪ੍ਰੋਟੈਕਸ਼ਨ ਕਿੱਟ’
ਵਿਭਾਗ ਨੇ ਘਰਾਂ ਵਿੱਚ ਰੱਖੀਆਂ ਦਾਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਇੱਕ ਜੈਵਿਕ ‘ਦਾਲ ਸੁਰੱਖਿਆ ਕਿੱਟ’ ਤਿਆਰ ਕੀਤੀ ਹੈ। ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਵੀਰ ਨੇ ਦੱਸਿਆ ਕਿ ਦਾਲਾਂ ਵਾਲੇ ਡੱਬੇ ਦੇ ਢੱਕਣ ਦੇ ਅੰਦਰਲੇ ਪਾਸੇ ਇੱਕ ਟੇਪ ਲਗਾਈ ਜਾਂਦੀ ਹੈ। ਜੇਕਰ ਅੱਧਾ ਕਿਲੋ ਦਾਲ ਹੋਵੇ ਤਾਂ ਉਸ ‘ਤੇ ਆਰਗੈਨਿਕ ਘੋਲ ਦੀਆਂ 3 ਬੂੰਦਾਂ ਅਤੇ ਇੱਕ ਕਿਲੋ ਪਿੱਛੇ 6 ਬੂੰਦਾਂ ਪਾ ਕੇ ਢੱਕਣ ਬੰਦ ਕਰ ਦਿੱਤਾ ਜਾਂਦਾ ਹੈ। ਇਹ ਘੋਲ ਪੂਰੀ ਤਰ੍ਹਾਂ ਜੈਵਿਕ ਅਤੇ ਸੁਰੱਖਿਅਤ ਹੈ, ਜਿਸ ਨਾਲ ਘਰਾਂ ਵਿੱਚ ਰੱਖੀਆਂ ਦਾਲਾਂ ਬਿਨਾਂ ਕਿਸੇ ਜ਼ਹਿਰੀਲੀ ਦਵਾਈ ਤੋਂ ਲੰਮੇ ਸਮੇਂ ਤੱਕ ਕੀੜਿਆਂ ਤੋਂ ਮੁਕਤ ਰਹਿੰਦੀਆਂ ਹਨ।
ਸ਼ਹਿਦ ਪ੍ਰੋਸੈਸਿੰਗ ਦੀ ਮਹੱਤਤਾ
ਮਧੂ-ਮੱਖੀ ਪਾਲਕਾਂ ਲਈ ਸ਼ਹਿਦ ਦੀ ਪ੍ਰੋਸੈਸਿੰਗ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਦੱਸਿਆ ਕਿ ਕੱਚੇ ਸ਼ਹਿਦ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਅਤੇ ਕਈ ਅਸ਼ੁੱਧੀਆਂ ਰਹਿ ਜਾਂਦੀਆਂ ਹਨ, ਜਿਸ ਕਾਰਨ ਉਸ ਦੇ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਯੂਨੀਵਰਸਿਟੀ ਦੀ ਪ੍ਰੋਸੈਸਿੰਗ ਵਿਧੀ ਰਾਹੀਂ ਸ਼ਹਿਦ ਵਿੱਚੋਂ ਨਮੀ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਅਸ਼ੁੱਧੀਆਂ ਸਾਫ਼ ਕਰਕੇ ਇਸ ਦੀ ਕੁਆਲਿਟੀ ਅਤੇ ਸ਼ੈਲਫ ਲਾਈਫ਼ ਵਿੱਚ ਭਾਰੀ ਵਾਧਾ ਕੀਤਾ ਜਾਂਦਾ ਹੈ।
ਸਰਕਾਰੀ ਸਬਸਿਡੀਆਂ ਦੀ ਸਹੂਲਤ
ਮਸ਼ੀਨਾਂ ਦੀ ਖ਼ਰੀਦ ‘ਤੇ ਸਰਕਾਰੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਵੀਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ Food Processing Machinery ‘ਤੇ ਸਰਕਾਰ ਵੱਲੋਂ ਆਮ ਤੌਰ ‘ਤੇ 35% ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸਬਸਿਡੀ ਵੱਖ-ਵੱਖ ਸ਼੍ਰੇਣੀਆਂ ਅਤੇ ਮਹਿਲਾ ਉੱਦਮੀਆਂ ਲਈ ਇਹ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਨਾਲ ਹੀ, ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ ‘ਤੇ ਵੀ ਵਿਸ਼ੇਸ਼ ਸਬਸਿਡੀ ਮਿਲਦੀ ਹੈ।
ਇਸ ਤੋਂ ਇਲਾਵਾ, ਡਾ. ਗੁਰਵੀਰ ਕੌਰ ਨੇ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੇ ਸਹੀ ਪ੍ਰਬੰਧਨ ਬਾਰੇ ਸਿੱਖਣ, ਨਵੀਆਂ Agro Processing ਤਕਨੀਕਾਂ ਨਾਲ ਆਪਣੀ ਉਪਜ ਦਾ ਮੁੱਲ ਵਧਾਉਣ ਅਤੇ ਬਾਜ਼ਾਰ ਦੇ ਉਤਰਾਅ-ਚੜ੍ਹਾਅ ‘ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਉਤਪਾਦਾਂ ਦੇ ਖ਼ੁਦ ਮਾਲਕ ਬਣਨ ਦੇ ਯੋਗ ਬਣਾਉਣਾ ਹੈ।
COMMENTS