ਸ਼ਹਿਰੀ ਹੜ੍ਹਾਂ ਦਾ ਪੱਕਾ ਹੱਲ: PAU ਦੇ ਵਿਗਿਆਨੀਆਂ ਨੇ ਤਿਆਰ ਕੀਤੇ ਅਨੋਖੇ ‘Bioretention Cells’

ਸ਼ਹਿਰੀ ਹੜ੍ਹਾਂ ਦਾ ਪੱਕਾ ਹੱਲ: PAU ਦੇ ਵਿਗਿਆਨੀਆਂ ਨੇ ਤਿਆਰ ਕੀਤੇ ਅਨੋਖੇ ‘Bioretention Cells’

ਬਦਲਦੇ ਮੌਸਮ ਅਤੇ ਬੇਤਰਤੀਬੇ ਸ਼ਹਿਰੀਕਰਨ ਦੇ ਕਾਰਨ ਅੱਜਕਲ੍ਹ ਮਾਨਸੂਨ ਦੌਰਾਨ ਸ਼ਹਿਰਾਂ ਵਿੱਚ ਪਾਣੀ ਭਰਨਾ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਵੱਡੀ ਚੁਣੌਤੀ ਨਾਲ ਨਜਿੱਠਣ ਲਈ, ਪੰਜਾਬ

Kharif Crops MSP 2026-27: ਜਾਣੋ ਕਿਹੜੀਆਂ ਫ਼ਸਲਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਅਤੇ ਕਿਉਂ?
Monsoon Dairy Animal Care: ਬਰਸਾਤ ਦੇ ਮੌਸਮ ਵਿੱਚ ਇੰਝ ਰੱਖੋ ਆਪਣੇ ਪਸ਼ੂਆਂ ਦਾ ਖ਼ਾਸ ਧਿਆਨ
ਮਾਨਸੂਨ ਵਿੱਚ Poultry Farm ਦਾ ਪ੍ਰਬੰਧਨ: ਪੰਜਾਬ ਦੇ ਕਿਸਾਨਾਂ ਲਈ ਜ਼ਰੂਰੀ ਸੁਝਾਅ

ਬਦਲਦੇ ਮੌਸਮ ਅਤੇ ਬੇਤਰਤੀਬੇ ਸ਼ਹਿਰੀਕਰਨ ਦੇ ਕਾਰਨ ਅੱਜਕਲ੍ਹ ਮਾਨਸੂਨ ਦੌਰਾਨ ਸ਼ਹਿਰਾਂ ਵਿੱਚ ਪਾਣੀ ਭਰਨਾ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਵੱਡੀ ਚੁਣੌਤੀ ਨਾਲ ਨਜਿੱਠਣ ਲਈ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਵਿਗਿਆਨੀਆਂ ਨੇ ਇੱਕ ਟਿਕਾਊ ਡਰੇਨੇਜ ਸਿਸਟਮ ਵਿਕਸਤ ਕੀਤਾ ਹੈ। ਇਹ ਸਿਸਟਮ ਸ਼ਹਿਰਾਂ ਵਿੱਚ ਇਕੱਠੇ ਹੋਣ ਵਾਲੇ ਹੜ੍ਹ ਦੇ ਪਾਣੀ ਨੂੰ 92 ਫ਼ੀਸਦੀ ਤੱਕ ਘਟਾਉਣ ਦੀ ਸਮਰੱਥਾ ਰੱਖਦਾ ਹੈ। ਪੀ.ਏ.ਯੂ ਦੀ ਇਹ ਖੋਜ ਨਾ ਸਿਰਫ਼ ਪੰਜਾਬ ਲਈ ਬਲਕਿ ਦੁਨੀਆ ਭਰ ਦੇ ਹੜ੍ਹ ਪ੍ਰਭਾਵਿਤ ਸ਼ਹਿਰਾਂ ਲਈ ਇੱਕ ਮਿਸਾਲੀ ਬਲੂਪ੍ਰਿੰਟ ਸਾਬਤ ਹੋ ਸਕਦੀ ਹੈ।

Bioretention Cells ਕਿਵੇਂ ਕਰਦੇ ਹਨ ਕੰਮ?

PAU ਦੇ ਖੋਜਕਰਤਾਵਾਂ ਵੱਲੋਂ ਤਿਆਰ ਕੀਤੇ ਇਹ “Bioretention Cells” ਜੋ ਕਿ ਸੜਕ ਕਿਨਾਰੇ ਬਣਾਏ ਗਏ ਅਜਿਹੇ ‘ਇੰਜੀਨੀਅਰਡ ਰੋਡਸਾਈਡ ਗਾਰਡਨ’ ਹਨ, ਜਿਨ੍ਹਾਂ ਨੂੰ ਮੀਂਹ ਦੇ ਵਗਦੇ ਪਾਣੀ ਨੂੰ ਆਪਣੇ ਅੰਦਰ ਸੋਖਣ, ਉਸ ਨੂੰ ਫਿਲਟਰ ਕਰਨ ਅਤੇ ਫਿਰ ਹੌਲੀ-ਹੌਲੀ ਜ਼ਮੀਨ ਦੇ ਅੰਦਰ ਰਿਸਣ ਲਈ ਤਿਆਰ ਕੀਤਾ ਗਿਆ ਹੈ। ਯੂਨੀਵਰਸਿਟੀ ਕੈਂਪਸ ਵਿੱਚ ਲਗਾਤਾਰ ਪੰਜ ਸਾਲਾਂ ਦੇ ਸਫ਼ਲ ਟ੍ਰਾਇਲ ਤੋਂ ਬਾਅਦ, ਹੁਣ PAU ਲੁਧਿਆਣਾ ਨਗਰ ਨਿਗਮ ਦੇ ਸਹਿਯੋਗ ਨਾਲ ਸ਼ਹਿਰ ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ਰਾਜਗੁਰੂ ਨਗਰ ਅਤੇ ਢੋਲੇਵਾਲ ਵਿੱਚ ਇਸ ਦੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ।

ਭਾਰਤ ‘ਚ ਪਹਿਲੀ ਵਾਰ ਸਫ਼ਲ ਪ੍ਰਯੋਗ

PAU ਦੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੀ ਮੁੱਖ ਵਿਗਿਆਨੀ ਡਾ. ਸਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਮਾਡਲ ਪੱਛਮੀ ਦੇਸ਼ਾਂ ਵਿੱਚ ਵਰਤੇ ਜਾਂਦੇ ਹਨ, ਪਰ ਭਾਰਤ ਵਿੱਚ ਪਹਿਲਾਂ ਕਦੇ ਇਨ੍ਹਾਂ ਦੀ ਟੈਸਟਿੰਗ ਨਹੀਂ ਕੀਤੀ ਗਈ ਸੀ। ਇਹ ਵਿਗਿਆਨਕ ਤੌਰ ‘ਤੇ ਤਿਆਰ ਕੀਤੇ ਗਏ Bioretention Cells 3 ਮੀਟਰ ਲੰਬੇ, 1.5 ਮੀਟਰ ਚੌੜੇ ਅਤੇ 1.7 ਮੀਟਰ ਡੂੰਘੇ ਹੁੰਦੇ ਹਨ, ਜੋ ਆਪਣੇ ਅੰਦਰ 4,500 ਲੀਟਰ ਪਾਣੀ ਸਮਾਉਣ ਦੀ ਸਮਰੱਥਾ ਰੱਖਦੇ ਹਨ। ਜ਼ਿਕਰਯੋਗ, ਇਨ੍ਹਾਂ ਵਿੱਚ ਪਰਤਦਾਰ ਬਜਰੀ, ਫਿਲਟਰ ਮੀਡੀਆ ਅਤੇ ਸਥਾਨਕ ਜਲਵਾਯੂ ਅਨੁਕੂਲ ਪੌਦੇ ਜਿਵੇਂ ਕਿ ਹੈਮੇਲੀਆ ਪੇਟੈਂਸ ਲਗਾਏ ਜਾਂਦੇ ਹਨ। ਇਹ ਢਾਂਚੇ 28 ਮਿਲੀਮੀਟਰ ਪ੍ਰਤੀ ਘੰਟਾ ਤੱਕ ਮੀਂਹ ਦੀ ਤੀਬਰਤਾ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ।

ਸੀਵਰੇਜ ਸਿਸਟਮ ਨੂੰ ਓਵਰਫਲੋ ਤੋਂ ਰਾਹਤ 

ਭਾਰੀ ਬਾਰਿਸ਼ ਦੇ ਅੰਕੜਿਆਂ ਦੇ ਅਨੁਸਾਰ, ਇਹ Bioretention Cells ਮੀਂਹ ਦੇ ਪਾਣੀ ਦੇ ਤੇਜ਼ ਵਹਾਅ (ਲਗਭਗ 2 ਲੀਟਰ ਪ੍ਰਤੀ ਸੈਕੰਡ) ਨੂੰ ਸਿਰਫ਼ 0.15 ਲੀਟਰ ਪ੍ਰਤੀ ਸੈਕੰਡ ਤੱਕ ਘਟਾ ਦਿੰਦੇ ਹਨ। ਪਾਣੀ ਦੇ ਵਹਾਅ ਵਿੱਚ 86 ਤੋਂ 92% ਤੱਕ ਦੀ ਇਹ ਵੱਡੀ ਗਿਰਾਵਟ ਸ਼ਹਿਰ ਦੇ ਸੀਵਰਾਂ ਨੂੰ ਓਵਰਲੋਡ ਤੋਂ ਰੋਕਦੀ ਹੈ, ਜਿਸ ਨਾਲ ਗਲੀਆਂ-ਸੜਕਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ। ਇਸ ਦੇ ਨਾਲ ਹੀ, ਇਨ੍ਹਾਂ ਵਿੱਚ ਲਗਾਏ ਗਏ ਪੌਦਿਆਂ ਦੀਆਂ ਜੜ੍ਹਾਂ ਮਿੱਟੀ ਵਿੱਚ ਪਾਣੀ ਦੇ ਰਿਸਾਅ ਨੂੰ ਬਰਕਰਾਰ ਰੱਖਦੀਆਂ ਹਨ, ਜਿਸ ਨਾਲ ਸਿਸਟਮ ਬਲਾਕ ਨਹੀਂ ਹੁੰਦਾ।

ਪਾਣੀ ਦੇ ਸੰਕਟ ਦਾ ਸਥਾਈ ਹੱਲ

ਇਹ ਸਿਸਟਮ ਨਾ ਸਿਰਫ਼ ਹੜ੍ਹਾਂ ਦੀ ਸਮੱਸਿਆ ਨੂੰ ਰੋਕਦਾ ਹੈ, ਸਗੋਂ ਪੰਜਾਬ ਦੇ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ। ਇਹ ਮੀਂਹ ਦੇ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਫਿਲਟਰ ਕਰਕੇ ਸਿੱਧਾ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਤੱਕ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਹਾਈਵੇਅ, ਫੁੱਟਪਾਥਾਂ ਅਤੇ ਪਾਰਕਿੰਗ ਸਥਾਨਾਂ ਦੇ ਨਾਲ ਇਸ ਸਿਸਟਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੁੱਲ ਸ਼ਹਿਰੀ ਖੇਤਰ ਦੇ ਸਿਰਫ਼ 3 ਤੋਂ 8 ਫ਼ੀਸਦੀ ਹਿੱਸੇ ਦੀ ਹੀ ਲੋੜ ਪਵੇਗੀ। ਆਉਣ ਵਾਲੇ ਸਮੇਂ ਵਿੱਚ, ਇਹ ਤਕਨੀਕ ਸ਼ਹਿਰੀ ਹੜ੍ਹਾਂ ਦੇ ਪ੍ਰਬੰਧਨ ਦੇ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਲਿਆਵੇਗੀ।

COMMENTS

WORDPRESS: 0