ਗਰਮੀਆਂ ਦੇ ਮੌਸਮ ਦੌਰਾਨ ਲਗਾਤਾਰ ਵਧਦੇ ਤਾਪਮਾਨ ਦਾ ਡੇਅਰੀ ਜਾਨਵਰਾਂ ਦੀ ਸਿਹਤ ਅਤੇ ਉਨ੍ਹਾਂ ਦੇ ਦੁੱਧ ਉਤਪਾਦਨ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਗਰਮੀ ਕਾਰਨ ਪਸ਼ੂ ਖ਼ੁਰਾਕ ਘੱਟ ਖ
ਗਰਮੀਆਂ ਦੇ ਮੌਸਮ ਦੌਰਾਨ ਲਗਾਤਾਰ ਵਧਦੇ ਤਾਪਮਾਨ ਦਾ ਡੇਅਰੀ ਜਾਨਵਰਾਂ ਦੀ ਸਿਹਤ ਅਤੇ ਉਨ੍ਹਾਂ ਦੇ ਦੁੱਧ ਉਤਪਾਦਨ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਗਰਮੀ ਕਾਰਨ ਪਸ਼ੂ ਖ਼ੁਰਾਕ ਘੱਟ ਖਾਂਦੇ ਹਨ, ਜਿਸ ਨਾਲ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ। ਇਸੇ ਸੰਬੰਧ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਦੇ ਪਸ਼ੂ ਉਤਪਾਦਨ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਯਸ਼ਪਾਲ ਸਿੰਘ ਨੇ ਕਿਹਾ ਕਿ ਇਸ ਤੇਜ਼ ਗਰਮੀ ਦੌਰਾਨ ਜਾਨਵਰਾਂ ਨੂੰ ਢੁਕਵੇਂ ਸ਼ੈੱਡ, ਪਾਣੀ ਦੀ ਵਰਤੋਂ, ਖ਼ੁਰਾਕ ਵਿੱਚ ਬਦਲਾਅ ਅਤੇ ਸਿਹਤ ਸੰਭਾਲ ਵਰਗੇ ਤਰੀਕੇ ਅਪਣਾ ਕੇ ਪਸ਼ੂਆਂ ਨੂੰ ਗਰਮੀ ਦੇ ਤਣਾਅ ਤੋਂ ਬਚਾਇਆ ਜਾ ਸਕਦਾ ਹੈ।
ਪਸ਼ੂਆਂ ਦੇ ਸ਼ੈੱਡ ਅਤੇ ਹਵਾਦਾਰ ਰਿਹਾਇਸ਼ ਦੇ ਪ੍ਰਬੰਧ
ਡੇਅਰੀ ਪਸ਼ੂਆਂ ਦੇ ਸ਼ੈੱਡ ਪੂਰੀ ਤਰ੍ਹਾਂ ਹਵਾਦਾਰ ਹੋਣੇ ਚਾਹੀਦੇ ਹਨ, ਜਿੱਥੇ ਉਨ੍ਹਾਂ ਦੇ ਖੜ੍ਹੇ ਹੋਣ ਅਤੇ ਆਰਾਮ ਕਰਨ ਲਈ ਪੂਰੀ ਜਗ੍ਹਾ ਹੋਵੇ। ਸ਼ੈੱਡ ਦੇ ਖੁੱਲ੍ਹੇ ਪਾਸਿਆਂ ਨੂੰ ਬਾਂਸ ਦੀਆਂ ਚਟਾਈਆਂ, ਟਾਟ ਜਾਂ ਪਰਦਿਆਂ ਨਾਲ ਢੱਕਿਆ ਜਾਣਾ ਚਾਹੀਦਾ ਹੈ। ਜੇਕਰ ਛੱਤ ਟੀਨ ਦੀ ਹੈ, ਤਾਂ ਉਸ ਉੱਪਰ ਪਰਾਲੀ ਪਾਈ ਜਾ ਸਕਦੀ ਹੈ ਜਾਂ ਛੱਤ ਦੇ ਉੱਪਰਲੇ ਪਾਸੇ ਚਿੱਟਾ ਰੰਗ ਅਤੇ ਹੇਠਲੇ ਪਾਸੇ ਗੂੜ੍ਹਾ ਰੰਗ ਕੀਤਾ ਜਾ ਸਕਦਾ ਹੈ। ਜ਼ਿਕਰਯੋਗ, ਠੰਢ ਬਣਾਈ ਰੱਖਣ ਲਈ ਸ਼ੈੱਡ ਦੇ ਆਲੇ-ਦੁਆਲੇ, ਖ਼ਾਸ ਕਰਕੇ ਦੱਖਣੀ ਕੰਧ ਵਾਲੇ ਪਾਸੇ ਛਾਂਦਾਰ ਰੁੱਖ ਲਗਾਉਣੇ ਚਾਹੀਦੇ ਹਨ ਜਦਕਿ ਵੱਡੇ ਕਾਰੋਬਾਰੀ ਫਾਰਮਾਂ ‘ਤੇ ਗਰਮੀਆਂ ਦੌਰਾਨ ਪੱਖੇ, ਕੂਲਰ ਜਾਂ ਏਸੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪਾਣੀ ਦੀ ਵਰਤੋਂ ਅਤੇ ਨੁਹਾਉਣ ਦੇ ਸਹੀ ਤਰੀਕੇ
ਗਰਮੀਆਂ ਵਿੱਚ ਪਾਣੀ ਸਭ ਤੋਂ ਜ਼ਰੂਰੀ ਹੈ। ਦਿਨ ਦੇ ਸਭ ਤੋਂ ਗਰਮ ਸਮੇਂ ਦੌਰਾਨ, ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਦੇ ਵਿਚਕਾਰ ਪਸ਼ੂਆਂ ‘ਤੇ 3-4 ਵਾਰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਤਰੀਕਾ ਮੱਝਾਂ ਲਈ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਉਨ੍ਹਾਂ ਵਿੱਚ ਗਾਵਾਂ ਦੇ ਮੁਕਾਬਲੇ ਘੱਟ ਪਸੀਨੇ ਦੀਆਂ ਗ੍ਰੰਥੀਆਂ ਹੁੰਦੀਆਂ ਹਨ। ਅਜਿਹੇ ਮੌਸਮ ਵਿੱਚ, ਪਸ਼ੂਆਂ ਨੂੰ ਸਾਫ਼ ਪਾਣੀ ਦੇ ਤਲਾਬ ਵਿੱਚ ਲੇਟਣਾ ਚਾਹੀਦਾ ਹੈ। ਇਹ ਪ੍ਰਬੰਧ ਫਾਰਮ ‘ਤੇ ਹੀ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਤੇਜ਼ ਧੁੱਪ ਵਿੱਚ ਪਸ਼ੂਆਂ ਨੂੰ ਦੂਰ ਕਿਸੇ ਤਲਾਬ ‘ਤੇ ਲਿਜਾਣ ਦਾ ਕੋਈ ਫਾਇਦਾ ਨਹੀਂ ਹੈ। ਪਸ਼ੂਆਂ ਲਈ ਠੰਡੇ ਅਤੇ ਸਾਫ਼ ਪਾਣੀ ਦਾ ਪ੍ਰਬੰਧ ਪਿੰਡਾਂ ਵਿੱਚ ਵਰਤੇ ਜਾਣ ਵਾਲੇ ਘੜਿਆਂ ਵਾਂਗ ਛਾਂਦਾਰ ਜਗ੍ਹਾ ‘ਤੇ ਕਰਨਾ ਚਾਹੀਦਾ ਹੈ।
ਗਰਮੀ ਦੌਰਾਨ ਖ਼ੁਰਾਕ ਅਤੇ ਪੋਸ਼ਣ ਸੰਭਾਲ
ਯੂਨੀਵਰਸਿਟੀ ਦੇ ਪਸ਼ੂ ਪੋਸ਼ਣ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਗਰਮੀਆਂ ਵਿੱਚ ਪਸ਼ੂਆਂ ਦੀ ਖ਼ੁਰਾਕ ਘਟਣ ਕਾਰਨ ਉਨ੍ਹਾਂ ਦੇ ਚਾਰੇ ਵਿੱਚ ਊਰਜਾ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਇਸ ਲਈ ਬਾਈਪਾਸ ਫੈਟ (ਸੁਰੱਖਿਅਤ ਚਰਬੀ) ਦਿੱਤੀ ਜਾ ਸਕਦੀ ਹੈ। ਖ਼ੁਰਾਕ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਪਸ਼ੂ ਦੇ ਸਰੀਰ ਅੰਦਰ ਜ਼ਿਆਦਾ ਗਰਮੀ ਪੈਦਾ ਨਾ ਹੋਵੇ। ਪਸ਼ੂਆਂ ਨੂੰ ਮੱਕੀ ਦਾ ਸਾਈਲੇਜ, ਬਰਸੀਮ ਦੀ ਸੁੱਕੀ ਘਾਹ ਅਤੇ ਹਰਾ ਚਾਰਾ ਦੇਣਾ ਚਾਹੀਦਾ ਹੈ ਅਤੇ ਘਟੀਆ ਗੁਣਵੱਤਾ ਵਾਲੀ ਤੂੜੀ ਘੱਟ ਕਰਨੀ ਚਾਹੀਦੀ ਹੈ।
ਪਸ਼ੂਆਂ ਦੀ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਅਤੇ ਸਰੀਰ ਵਿੱਚ ਮਿਨਰਲਸ ਦੀ ਮਾਤਰਾ ਪੂਰੀ ਕਰਨ ਲਈ ਖ਼ੁਰਾਕ ਵਿੱਚ ਯੀਸਟ, ਮਿੱਠਾ ਸੋਡਾ ਤੇ ਇਲੈਕਟ੍ਰੋਲਾਈਟਸ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ, ਪਸ਼ੂਆਂ ਨੂੰ ਹਲਕਾ ਨਮ ਚਾਰਾ ਦੇਣਾ ਚਾਹੀਦਾ ਹੈ ਅਤੇ ਕੁੱਲ ਖ਼ੁਰਾਕ ਦਾ 60 ਤੋਂ 70 ਫ਼ੀਸਦੀ ਹਿੱਸਾ ਸ਼ਾਮ ਜਾਂ ਰਾਤ ਦੇ ਸਮੇਂ ਹੀ ਪਾਉਣਾ ਸਹੀ ਰਹਿੰਦਾ ਹੈ।
ਸਿਹਤ ਪ੍ਰਬੰਧਨ ਅਤੇ ਜੈਵਿਕ ਸੁਰੱਖਿਆ ਨਿਯਮ
ਪਵੈਟਰਨਰੀ ਪੈਰਾਸਾਈਟੋਲੋਜੀ ਦੇ ਪ੍ਰੋਫੈਸਰ ਅਤੇ ਮੁਖੀ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਪਸ਼ੂਆਂ ਦੀ ਸਿਹਤ ਠੀਕ ਰੱਖਣ ਲਈ ਸਮੇਂ ਸਿਰ ਮਲ੍ਹੱਪ ਰਹਿਤ ਕਰਨਾ (ਡੀਵਰਮਿੰਗ) ਅਤੇ ਟੀਕਾਕਰਨ ਸ਼ਡਿਊਲ ਬਹੁਤ ਜ਼ਰੂਰੀ ਹੈ। ਗਰਮੀਆਂ ਵਿੱਚ ਚਿੱਚੜਾਂ ਅਤੇ ਮੱਖੀਆਂ ਦਾ ਪ੍ਰਕੋਪ ਵਧ ਜਾਂਦਾ ਹੈ, ਜਿਸ ਨੂੰ ਰੋਕਣ ਲਈ ਪਸ਼ੂਆਂ ਅਤੇ ਸ਼ੈੱਡ ਦੇ ਕੋਨਿਆਂ ਵਿੱਚ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਫਾਰਮ ਦੀ ਜੈਵਿਕ ਸੁਰੱਖਿਆ ਦਾ ਖ਼ਾਸ ਧਿਆਨ ਰੱਖੋ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਫਾਰਮ ਵਿੱਚ ਦਾਖ਼ਲ ਨਾ ਹੋਣ ਦਿਓ ਅਤੇ ਫਾਰਮ ਦੇ ਮੁੱਖ ਗੇਟ ‘ਤੇ ਕੀਟਨਾਸ਼ਕ ਪਾਊਡਰ ਦਾ ਪ੍ਰਬੰਧ ਰੱਖੋ। ਪਸ਼ੂਆਂ ਦੇ ਤਾਪਮਾਨ ਦੀ ਜਾਂਚ ਸਵੇਰੇ ਜਲਦੀ ਜਾਂ ਦੇਰ ਸ਼ਾਮ ਨੂੰ ਕੀਤੀ ਜਾਣੀ ਚਾਹੀਦੀ ਹੈ ਜਦੋਂ ਜਾਨਵਰ ਪੂਰੀ ਤਰ੍ਹਾਂ ਸ਼ਾਂਤ ਹੋਵੇ। ਕਦੇ ਵੀ ਭੁੱਖੇ ਜਾਂ ਤਣਾਅ ਵਾਲੇ ਪਸ਼ੂ ਦੀ ਜਾਂਚ ਨਾ ਕਰੋ। ਗਰਮੀਆਂ ਦੇ ਮੌਸਮ ਵਿੱਚ ਕੀਤੇ ਗਏ ਇਹ ਵਿਗਿਆਨਕ ਪ੍ਰਬੰਧ ਪਸ਼ੂਆਂ ਨੂੰ ਤੰਦਰੁਸਤ ਰੱਖਣਗੇ ਅਤੇ ਦੁੱਧ ਦਾ ਉਤਪਾਦਨ ਵਧਾਉਣਗੇ ਅਤੇ ਡੇਅਰੀ ਫਾਰਮਿੰਗ ਨੂੰ ਲਾਭਦਾਇਕ ਰੱਖਣਗੇ।
COMMENTS