GADVASU ਵੱਲੋਂ 20 ਮਾਰਚ ਤੋਂ ਸ਼ੁਰੂ ਹੋਵੇਗਾ ਪਸ਼ੂ ਪਾਲਣ ਮੇਲਾ, ਮਿਲੇਗੀ ਮੁਫ਼ਤ ਜਾਂਚ ਅਤੇ ਨਵੀਂ ਜਾਣਕਾਰੀ

GADVASU ਵੱਲੋਂ 20 ਮਾਰਚ ਤੋਂ ਸ਼ੁਰੂ ਹੋਵੇਗਾ ਪਸ਼ੂ ਪਾਲਣ ਮੇਲਾ, ਮਿਲੇਗੀ ਮੁਫ਼ਤ ਜਾਂਚ ਅਤੇ ਨਵੀਂ ਜਾਣਕਾਰੀPic Credit: GADVASU

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਵਿਖੇ 20 ਅਤੇ 21 ਮਾਰਚ ਨੂੰ ਦੋ-ਰੋਜ਼ਾ ਪਸ਼ੂ ਪਾਲਣ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲ

ਰੋਜ਼ਾਨਾ 1600 ਲੀਟਰ ਦੁੱਧ! ਆਧੁਨਿਕ HiTech Dairy Farming ਦਾ ਮਾਡਲ ਬਣਿਆ ਤਰਨਤਾਰਨ ਦਾ ਇਹ ਕਿਸਾਨ
ਨਾਸ਼ਪਾਤੀ ਦੇ ਫਲ ਲਈ ਕਿਸਾਨ ਕਾਬਲ ਸਿੰਘ ਦੇ ਜ਼ਰੂਰੀ ਨੁਕਤੇ ਅਤੇ ਮਾਝੇ ਦੀ ਮਿੱਟੀ ਦੀ ਖ਼ਾਸੀਅਤ
Beetroot Jaggery: ਯੂਨੀਵਰਸਿਟੀ ਦੇ ਮਾਰਗਦਰਸ਼ਨ ਹੇਠ ਤਿਆਰ ਹੋਇਆ ਸੰਗਰੂਰ ਦੇ ਕਿਸਾਨ ਦਾ “ਚੁਕੰਦਰ ਗੁੜ”

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਵਿਖੇ 20 ਅਤੇ 21 ਮਾਰਚ ਨੂੰ ਦੋ-ਰੋਜ਼ਾ ਪਸ਼ੂ ਪਾਲਣ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜੋ ਕਿ ਯੂਨੀਵਰਸਿਟੀ ਕੋਲ ਲਗਾਤਾਰ ਪਹੁੰਚ ਰਹੇ ਕਿਸਾਨਾਂ ਦੇ ਸਵਾਲਾਂ ਤੋਂ ਸਪੱਸ਼ਟ ਹੁੰਦਾ ਹੈ। ਜ਼ਿਕਰਯੋਗ, ਇਹ ਮੇਲਾ ਪਸ਼ੂ ਪਾਲਣ ਦੇ ਕਿੱਤੇ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਇੱਕ ਬਹੁਤ ਹੀ ਅਹਿਮ ਅਤੇ ਲਾਹੇਵੰਦ ਪਲੇਟਫਾਰਮ ਸਾਬਤ ਹੋਵੇਗਾ।

ਮੇਲੇ ਦਾ ਮੁੱਖ ਵਿਸ਼ਾ ਅਤੇ ਉਦੇਸ਼

ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੇਲਾ ਨਾ ਸਿਰਫ਼ ਪੰਜਾਬ, ਸਗੋਂ ਗੁਆਂਢੀ ਰਾਜਾਂ ਦੇ ਕਿਸਾਨਾਂ ਲਈ ਵੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇਸ ਵਾਰ ਮੇਲੇ ਦਾ ਮੁੱਖ ਵਿਸ਼ਾ “ਪਸ਼ੂ ਪਾਲਣ: ਸਥਾਨਕ ਸਮਰੱਥਾ ਤੋਂ ਵਿਸ਼ਵ ਪੱਧਰੀ ਮਿਆਰਾਂ ਤੱਕ” ਰੱਖਿਆ ਗਿਆ ਹੈ। ਇਸ ਦਾ ਉਦੇਸ਼ ਸਾਡੇ ਰਵਾਇਤੀ ਅਤੇ ਪੁਰਾਤਨ ਖੇਤੀਬਾੜੀ ਢਾਂਚੇ ਦੀਆਂ ਮਜ਼ਬੂਤੀਆਂ ਨੂੰ ਬਰਕਰਾਰ ਰੱਖਦੇ ਹੋਏ, ਵਿਸ਼ਵ ਪੱਧਰੀ ਸੋਚ, ਆਧੁਨਿਕ ਲੋੜਾਂ ਅਤੇ ਵਿਗਿਆਨਕ ਨਜ਼ਰੀਏ ਨੂੰ ਅਪਣਾਉਣਾ ਹੈ।

ਵਿਗਿਆਨਕ ਖੇਤੀ ਅਤੇ ਸਨਮਾਨ

ਰਾਜ ਵਿੱਚ ਵਿਗਿਆਨਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ, ਯੂਨੀਵਰਸਿਟੀ ਵੱਲੋਂ ਮੇਲੇ ਦੌਰਾਨ ਮੱਝਾਂ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ “ਮੁੱਖ ਮੰਤਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਹੈ ਕਿ ਮੇਲੇ ਵਿੱਚ ਯੂਨੀਵਰਸਿਟੀ ਆਪਣੀਆਂ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕਰੇਗੀ, ਉੱਥੇ ਹੀ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਸਿੱਧਾ ਸੰਪਰਕ ਵੀ ਕਰਵਾਇਆ ਜਾਵੇਗਾ।

ਤਕਨੀਕੀ ਗਿਆਨ ਅਤੇ ਸਾਹਿਤ

ਮੇਲੇ ਦੇ ਦੋਵੇਂ ਦਿਨ ਵਿਗਿਆਨਕ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮੁਰਗੀ ਪਾਲਣ ਦੇ ਵੱਖ-ਵੱਖ ਪਹਿਲੂਆਂ ‘ਤੇ ਤਕਨੀਕੀ ਲੈਕਚਰ ਕਰਵਾਏ ਜਾਣਗੇ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਪੰਚਾਇਤੀ ਪੱਧਰ ਦੇ ਸਵਾਲ-ਜਵਾਬ ਸੈਸ਼ਨ ਵੀ ਹੋਣਗੇ। ਯੂਨੀਵਰਸਿਟੀ ਦੇ ਉੱਤਮ ਨਸਲ ਦੇ ਪਸ਼ੂ ਜਿਵੇਂ ਕਿ ਗਾਵਾਂ, ਮੱਝਾਂ, ਬੱਕਰੀਆਂ, ਸੂਰ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਤਾਂ ਜੋ ਕਿਸਾਨ ਚੰਗੇ ਜਰਮਪਲਾਜ਼ਮ ਦੀ ਚੋਣ ਕਰ ਸਕਣ। ਇਸ ਦੇ ਨਾਲ ਹੀ ਕਿਸਾਨਾਂ ਦੀ ਸਹੂਲਤ ਲਈ ਪਸ਼ੂ ਪਾਲਣ ਨਾਲ ਸਬੰਧਤ ਕਿਤਾਬਾਂ, “ਵਿਗਿਆਨਕ ਪਸ਼ੂ ਪਾਲਣ” ਮੈਗਜ਼ੀਨ ਅਤੇ ਹੋਰ ਉਪਯੋਗੀ ਸਾਹਿਤ ਵੀ ਉਪਲਬਧ ਹੋਵੇਗਾ।

ਮੁਫ਼ਤ ਜਾਂਚ ਅਤੇ ਮਾਹਿਰ ਸੇਵਾਵਾਂ

ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਖਣਿਜ ਮਿਸ਼ਰਣ, ਯੂਰੋਮਿਨ ਲਿਕ, ਬਾਈਪਾਸ ਫੈਟ ਆਦਿ ਵਾਜਬ ਦਰਾਂ ‘ਤੇ ਵੇਚੇ ਜਾਣਗੇ। ਇਸ ਮੇਲੇ ਦੌਰਾਨ ਤੂੜੀ ਦੀ ਯੂਰੀਆ ਨਾਲ ਸੋਧ, ਥਣਾਂ ਦੀ ਸਾਂਭ-ਸੰਭਾਲ ਅਤੇ ਹੋਰ ਬਹੁਤ ਸਾਰੀਆਂ ਲਾਹੇਵੰਦ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਵੱਖ-ਵੱਖ ਬਿਮਾਰੀਆਂ ਦੀ ਬਾਰੀਕੀ ਨਾਲ ਜਾਂਚ ਲਈ ਆਪਣੇ ਪਸ਼ੂਆਂ ਦੇ ਦੁੱਧ, ਖੂਨ, ਗੋਹੇ ਅਤੇ ਪਿਸ਼ਾਬ ਦੇ ਨਮੂਨੇ ਲਿਆ ਸਕਦੇ ਹਨ। ਇਹ ਜਾਂਚ ਸਹੂਲਤ ਮੇਲੇ ਦੇ ਦਿਨਾਂ ਦੌਰਾਨ ਬਿਲਕੁਲ ਮੁਫ਼ਤ ਹੋਵੇਗੀ। ਇਸ ਤੋਂ ਇਲਾਵਾ, ਦੁੱਧ ਵਿੱਚ ਮਿਲਾਵਟ ਦੀ ਜਾਂਚ ਕਰਨ ਲਈ ਇੱਕ ਅਧੁਨਿਕ ਕਿੱਟ ਵੀ ਵਿਕਰੀ ਲਈ ਉਪਲਬਧ ਹੋਵੇਗੀ।

ਉਦਯੋਗਿਕ ਪ੍ਰਦਰਸ਼ਨੀ ਅਤੇ ਕਿਸਾਨ ਜਥੇਬੰਦੀਆਂ

ਮੇਲੇ ਵਿੱਚ ਪਸ਼ੂ ਪਾਲਣ ਨਾਲ ਸਬੰਧਤ ਵੱਖ-ਵੱਖ ਨਾਮੀ ਕੰਪਨੀਆਂ ਜਿਵੇਂ ਕਿ ਫਾਰਮਾਸਿਊਟੀਕਲ, ਪਸ਼ੂ ਖੁਰਾਕ, ਵੀਰਜ, ਉਪਕਰਣ, ਮਸ਼ੀਨਰੀ ਅਤੇ ਚਾਰੇ ਦੇ ਬੀਜਾਂ ਨਾਲ ਸਬੰਧਤ ਸਟਾਲ ਲਗਾਏ ਜਾਣਗੇ। ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਆਪਣੀਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਕੇ ਕਿਸਾਨੀ ਭਾਈਚਾਰੇ ਦਾ ਮਾਰਗਦਰਸ਼ਨ ਕਰਨਗੀਆਂ। ਇਹ ਮੇਲਾ ਪਸ਼ੂ ਪਾਲਕਾਂ ਲਈ ਨਵੀਂ ਜਾਣਕਾਰੀ, ਲਾਹੇਵੰਦ ਨੁਕਤੇ ਅਤੇ ਆਧੁਨਿਕ ਤਕਨੀਕਾਂ ਸਿੱਖਣ ਦਾ ਇੱਕ ਸੁਨਹਿਰੀ ਤੇ ਮਹੱਤਵਪੂਰਨ ਮੌਕਾ ਹੈ।

COMMENTS

WORDPRESS: 0