Polyhouse ‘ਚ ਖੀਰੇ ਦੀ ਖੇਤੀ: ਪ੍ਰਾਈਵੇਟ ਕੰਪਨੀਆਂ ਦੀ ਮਨੋਪਲੀ ਤੋੜੇਗਾ PAU ਦਾ ₹1 ਵਾਲਾ ਬੀਜ

Polyhouse ‘ਚ ਖੀਰੇ ਦੀ ਖੇਤੀ: ਪ੍ਰਾਈਵੇਟ ਕੰਪਨੀਆਂ ਦੀ ਮਨੋਪਲੀ ਤੋੜੇਗਾ PAU ਦਾ ₹1 ਵਾਲਾ ਬੀਜ

ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਵੱਲ ਵਧਣ ਲਈ ਸੁਰੱਖਿਅਤ ਖੇਤੀ (Polyhouse ਅਤੇ Net house) ਇੱ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਮਿਲੇ ₹2.9 ਕਰੋੜ ਦੇ Carbon Credit
Agroforestry: ਖੇਤੀ ਜੰਗਲਾਤ ਨਾਲ ਪ੍ਰਤੀ ਏਕੜ 8 ਲੱਖ ਰੁਪਏ ਤੱਕ ਕਮਾਈ, PAU ਦੀ ਖੋਜ
Sugarcane: ਪੰਜਾਬ ‘ਚ 1.16 ਲੱਖ ਹੈਕਟੇਅਰ ਹੋਇਆ ਗੰਨੇ ਦਾ ਰਕਬਾ, ਸਰਕਾਰ ਵੱਲੋਂ ਨਵੀਂ ਰਣਨੀਤੀ ਦਾ ਐਲਾਨ 

ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਵੱਲ ਵਧਣ ਲਈ ਸੁਰੱਖਿਅਤ ਖੇਤੀ (Polyhouse ਅਤੇ Net house) ਇੱਕ ਬਿਹਤਰੀਨ ਬਦਲ ਵਜੋਂ ਉੱਭਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਸਬਜ਼ੀ ਵਿਗਿਆਨ ਵਿਭਾਗ ਦੇ ਸੀਨੀਅਰ ਵਿਗਿਆਨੀ ਅਤੇ ਪ੍ਰੋਫ਼ੈਸਰ ਡਾ. ਰਜਿੰਦਰ ਕੁਮਾਰ ਢੱਲ ਨੇ Polyhouse ਵਿੱਚ ਖੀਰੇ ਦੀ ਕਾਸ਼ਤ (Cucumber Cultivation), ਚੋਖੇ ਮੁਨਾਫ਼ੇ ਅਤੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਨਵੀਆਂ ਕਿਸਮਾਂ ਬਾਰੇ ਅਹਿਮ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਹੈ। ਡਾ. ਢੱਲ ਪਿਛਲੇ ਲੰਮੇ ਸਮੇਂ ਤੋਂ ਮੁੱਖ ਤੌਰ ‘ਤੇ ਮਟਰ ਅਤੇ ਖੀਰੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਉੱਤੇ ਕੰਮ ਕਰ ਰਹੇ ਹਨ।

ਦੇਸੀ ਅਤੇ ਚਾਈਨੀਜ਼ ਖੀਰੇ ਵਿੱਚ ਅੰਤਰ

ਡਾ. ਰਜਿੰਦਰ ਕੁਮਾਰ ਢੱਲ ਨੇ ਦੱਸਿਆ ਕਿ ਖੀਰੇ ਦੀ ਕਾਸ਼ਤ ਖੁੱਲ੍ਹੇ ਖੇਤਾਂ ਤੋਂ ਇਲਾਵਾ ਪੌਲੀਹਾਊਸ ਅਤੇ ਨੈੱਟ ਹਾਊਸ ਵਰਗੇ ਸੁਰੱਖਿਅਤ ਢਾਂਚਿਆਂ ਵਿੱਚ ਵੱਡੇ ਪੱਧਰ ‘ਤੇ ਕੀਤੀ ਜਾ ਸਕਦੀ ਹੈ। ਮੰਡੀ ਵਿੱਚ ਆਮ ਤੌਰ ‘ਤੇ ਦੋ ਤਰ੍ਹਾਂ ਦੇ ਖੀਰੇ ਵਿਕਦੇ ਹਨ: ਦੇਸੀ ਖੀਰਾ ਅਤੇ ਚਾਈਨੀਜ਼ ਟਾਈਪ ਖੀਰਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੇਸੀ ਖੀਰੇ ਨੂੰ ਆਮ ਤੌਰ ‘ਤੇ ਛਿੱਲ ਕੇ ਖਾਧਾ ਜਾਂਦਾ ਹੈ, ਜਦਕਿ ਚਾਈਨੀਜ਼ ਖੀਰੇ ਨੂੰ ਬਿਨਾਂ ਛਿੱਲੇ ਹੀ ਖਾਧਾ ਜਾਂਦਾ ਹੈ। ਇਹ ਖੀਰਾ ਪੂਰੀ ਤਰ੍ਹਾਂ ਬੀਜ-ਰਹਿਤ ਹੁੰਦਾ ਹੈ। ਬਾਜ਼ਾਰ ਵਿੱਚ ਇਸ ਦੀ ਬਹੁਤ ਮੰਗ ਹੈ ਅਤੇ ਇਸ ਦਾ ਮੁੱਲ ਦੇਸੀ ਖੀਰੇ ਨਾਲੋਂ ਡੇਢ ਤੋਂ ਦੁੱਗਣਾ ਮਿਲਦਾ ਹੈ।

ਸਾਲ ਵਿੱਚ ਦੋ ਵਾਰ ਫ਼ਸਲ

Polyhouse ਵਿੱਚ ਖੀਰੇ ਦੀ ਫ਼ਸਲ ਦੇ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਫ਼ਸਲ ਨੂੰ ਸਾਲ ਵਿੱਚ ਦੋ ਵਾਰ ਲਗਾਇਆ ਜਾ ਸਕਦਾ ਹੈ। ਪਹਿਲੀ ਫ਼ਸਲ ਸਤੰਬਰ ਦੇ ਪਹਿਲੇ ਹਫ਼ਤੇ ਲੱਗਦੀ ਹੈ, ਜੋ ਦਸੰਬਰ ਅਖ਼ੀਰ ਤੱਕ ਚੱਲਦੀ ਹੈ। ਇਸ ਤੋਂ ਬਾਅਦ, ਦੂਜੀ ਫ਼ਸਲ ਲਈ ਦਸੰਬਰ ਦੇ ਸ਼ੁਰੂ ਵਿੱਚ ਪਲਾਸਟਿਕ ਦੀਆਂ ਪਲੱਗ ਟ੍ਰੇਆਂ ਵਿੱਚ ਪਨੀਰੀ ਤਿਆਰ ਕਰਕੇ ਜਨਵਰੀ ਦੇ ਅੱਧ ਤੱਕ ਇਹ ਪੌਲੀਹਾਊਸ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਇਹ ਦੂਜੀ ਫ਼ਸਲ ਮਈ ਦੇ ਅੰਤ ਜਾਂ ਜੂਨ ਦੇ ਸ਼ੁਰੂ ਤੱਕ ਝਾੜ ਦਿੰਦੀ ਹੈ। ਬਾਅਦ ਵਿੱਚ, ਕਿਸਾਨ ਖ਼ਾਲੀ Polyhouse ਵਿੱਚ ਧਨੀਏ ਵਰਗੀਆਂ ਘੱਟ ਸਮੇਂ ਵਾਲੀਆਂ ਫ਼ਸਲਾਂ ਲਗਾ ਕੇ ਵਾਧੂ ਆਮਦਨ ਕਮਾਉਂਦੇ ਹਨ।

ਬੂਟਿਆਂ ਦੀ ਗਿਣਤੀ ਅਤੇ ਝਾੜ 

ਡਾ. ਢੱਲ ਨੇ ਦੱਸਿਆ ਕਿ ਇੱਕ ਏਕੜ ਦੇ Polyhouse ਵਿੱਚ ਲਗਭਗ 10,000 ਤੋਂ 12,000 ਬੂਟੇ ਲਗਾਏ ਜਾਂਦੇ ਹਨ। ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਦੱਸਿਆ ਕਿ ਇੱਕ ਬੂਟਾ ਔਸਤਨ ਪੌਣੇ ਤਿੰਨ ਕਿੱਲੋਗ੍ਰਾਮ ਦੇ ਕਰੀਬ ਝਾੜ ਦਿੰਦਾ ਹੈ। ਜੇਕਰ ਕੁੱਲ ਝਾੜ ਦਾ ਅੰਦਾਜ਼ਾ ਲਗਾਇਆ ਜਾਵੇ, ਤਾਂ ਸਤੰਬਰ ਦੀ ਫ਼ਸਲ ਤੋਂ ਪ੍ਰਤੀ ਏਕੜ ਲਗਭਗ 310 ਤੋਂ 320 ਕੁਇੰਟਲ ਪੈਦਾਵਾਰ ਆਸਾਨੀ ਨਾਲ ਮਿਲ ਜਾਂਦੀ ਹੈ। Polyhouse ਵਿੱਚ ਲੱਗਣ ਵਾਲੀਆਂ ਇਹਨਾਂ ਕਿਸਮਾਂ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਇਹਨਾਂ ਉੱਤੇ ਸਾਰੇ ਫੁੱਲ ਮਾਦਾ ਹੁੰਦੇ ਹਨ, ਜਿਸ ਕਾਰਨ ਹਰੇਕ ਫੁੱਲ ਤੋਂ ਫ਼ਲ ਬਣਦਾ ਹੈ ਅਤੇ ਝਾੜ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ।

ਪ੍ਰਾਈਵੇਟ ਕੰਪਨੀਆਂ ਦੀ ਮਨੋਪਲੀ 

ਚੰਗੇ ਮੁਨਾਫ਼ੇ ਦੇ ਬਾਵਜੂਦ ਡਾ. ਢੱਲ ਨੇ ਕਿਹਾ ਕਿ ਬੀਜ ਬਾਜ਼ਾਰ ਵਿੱਚ ਪ੍ਰਾਈਵੇਟ ਕੰਪਨੀਆਂ ਦੀ ਵੱਡੀ ਮਨੋਪਲੀ ਰਹੀ ਹੈ। ਜ਼ਿਕਰਯੋਗ, ਕਿਸਾਨ ਇਹ ਬੀਜ ਖ਼ੁਦ ਤਿਆਰ ਨਹੀਂ ਕਰ ਸਕਦੇ ਸਨ, ਜਿਸ ਕਰਕੇ ਕੰਪਨੀਆਂ ਕਿਸਾਨਾਂ ਨੂੰ ਬੀਜ 8 ਤੋਂ 12 ਰੁਪਏ ਤੱਕ ਵੇਚਦੀਆਂ ਹਨ। ਇੱਕ ਏਕੜ ਲਈ ਹਜ਼ਾਰਾਂ ਬੀਜ ਲੱਗਣ ਕਾਰਨ ਕਿਸਾਨਾਂ ਦੀ ਲਾਗਤ ਦਾ ਵੱਡਾ ਹਿੱਸਾ ਸਿਰਫ਼ ਬੀਜ ‘ਤੇ ਹੀ ਖ਼ਰਚ ਹੁੰਦਾ ਹੈ।

PAU ਦੀ ਨਵੀਆਂ ਕਿਸਮਾਂ

ਇਸ ਸਮੱਸਿਆ ਦੇ ਹੱਲ ਲਈ PAU ਦੇ ਵਿਗਿਆਨੀਆਂ ਨੇ ਦੇਸੀ ਤਕਨੀਕ ਨਾਲ ਬੀਜ ਤਿਆਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪਹਿਲਾਂ ‘ਪੰਜਾਬ ਖੀਰਾ-1’ ਕਿਸਮ ਤਿਆਰ ਕੀਤੀ, ਜਿਸ ਦਾ ਫ਼ਲ ਕੁਝ ਛੋਟਾ ਹੁੰਦਾ ਹੈ। ਇਸ ਤੋਂ ਬਾਅਦ, ਦੋ ਉੱਤਮ ਕਿਸਮਾਂ ਦੇ ਸੁਮੇਲ ਨਾਲ ਇੱਕ ਨਵਾਂ ਹਾਈਬ੍ਰਿਡ ‘PKH-11’ ਵਿਕਸਿਤ ਕੀਤਾ ਗਿਆ। ਸਤੰਬਰ ਵਿੱਚ ਬੀਜਣ ‘ਤੇ ਜਿੱਥੇ ‘ਪੰਜਾਬ ਖੀਰਾ-1’ 275 ਕੁਇੰਟਲ ਝਾੜ ਦਿੰਦੀ ਹੈ, ਉੱਥੇ ‘PKH-11’ ਦਾ ਝਾੜ 320 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ। ਇਸੇ ਤਰ੍ਹਾਂ ਜਨਵਰੀ ਵਿੱਚ ਹਾਈਬ੍ਰਿਡ ਦਾ ਝਾੜ 370 ਅਤੇ ਦੂਜੀ ਕਿਸਮ ਦਾ 318 ਕੁਇੰਟਲ ਦਰਜ ਕੀਤਾ ਗਿਆ ਹੈ।

1 ਰੁਪਏ ਵਿੱਚ ਬੀਜ ਉਪਲਬਧ

ਕਿਸਾਨਾਂ ਲਈ ਰਾਹਤ ਦੇ ਇੱਕ ਵੱਡੇ ਕਦਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਹੁਣ ਕਿਸਾਨਾਂ ਨੂੰ ਇਹ ਉੱਚ-ਗੁਣਵੱਤਾ ਵਾਲਾ ਬੀਜ ਸਿਰਫ਼ ₹1 ਪ੍ਰਤੀ ਬੀਜ ਦੀ ਦਰ ‘ਤੇ ਮੁਹੱਈਆ ਕਰਵਾ ਰਹੀ ਹੈ। ਜਿਹੜਾ ਬੀਜ ਕਿਸਾਨ ਬਾਜ਼ਾਰ ਵਿੱਚੋਂ 8 ਤੋਂ 12 ਰੁਪਏ ਵਿੱਚ ਖ਼ਰੀਦਣ ਲਈ ਮਜ਼ਬੂਰ ਸਨ, ਉਹ ਹੁਣ ਸਿਰਫ਼ ਇੱਕ ਰੁਪਏ ਵਿੱਚ ਮਿਲਣ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵਿੱਚ ਭਾਰੀ ਕਮੀ ਆਈ ਹੈ ਅਤੇ ਮੁਨਾਫ਼ੇ ਦਾ ਦਾਇਰਾ ਵੱਡਾ ਹੋਇਆ ਹੈ।

ਸਰਕਾਰੀ ਸਬਸਿਡੀ ਅਤੇ ਮੁਨਾਫ਼ਾ 

Polyhouse ਲਗਾਉਣ ਦੇ ਵਿੱਤੀ ਪਹਿਲੂ ਬਾਰੇ ਚਰਚਾ ਕਰਦਿਆਂ ਡਾ. ਢੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ Polyhouse ਜਾਂ Net house ਲਗਾਉਣ ਲਈ 50% ਸਬਸਿਡੀ ਦਿੰਦੀ ਹੈ। ਜੇਕਰ ਇੱਕ ਏਕੜ ਵਿੱਚ ਢਾਂਚਾ ਲਗਾਉਣ ਦਾ ਕੁੱਲ ਖ਼ਰਚਾ ਲਗਭਗ 40 ਲੱਖ ਰੁਪਏ ਆਉਂਦਾ ਹੈ, ਤਾਂ ਸਬਸਿਡੀ ਕੱਟ ਕੇ ਕਿਸਾਨ ਦਾ ਨਿੱਜੀ ਨਿਵੇਸ਼ ਕਰੀਬ 20 ਲੱਖ ਰੁਪਏ ਹੀ ਰਹਿ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੀਰੇ ਦੀ ਸਾਲ ਵਿੱਚ ਦੋ ਵਾਰ ਭਰਪੂਰ ਫ਼ਸਲ ਲੈ ਕੇ ਕਿਸਾਨ ਸਿਰਫ਼ ਦੋ-ਤਿੰਨ ਸਾਲਾਂ ਦੇ ਅੰਦਰ-ਅੰਦਰ ਆਪਣਾ ਸਾਰਾ ਨਿਵੇਸ਼ ਵਾਪਸ ਪ੍ਰਾਪਤ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਸਾਲਾਨਾ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਪਣਾਉਣ ਅਤੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਪ੍ਰਮਾਣਿਤ ਕਿਸਮਾਂ ਬੀਜਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀਬਾੜੀ ਨੂੰ ਮੁੜ ਲਾਹੇਵੰਦ ਧੰਦਾ ਬਣਾਇਆ ਜਾ ਸਕੇ।

COMMENTS

WORDPRESS: 0