ਪੰਜਾਬ ਦੇ ਗੁਰਦਾਸਪੁਰ ਵਿੱਚ ਸਥਿਤ Beant College of Engineering and Technology ਵਿੱਚ ਪਹਿਲੀ ਵਾਰ ਸਕਿਲ ਟ੍ਰੇਨਿੰਗ ਤਹਿਤ ਡਰੋਨ ਉਡਾਉਣ ਦੀ ਵਿਸ਼ੇਸ਼ ਸਿਖਲਾਈ ਸ਼ੁਰੂ ਕੀਤੀ ਜਾ
ਪੰਜਾਬ ਦੇ ਗੁਰਦਾਸਪੁਰ ਵਿੱਚ ਸਥਿਤ Beant College of Engineering and Technology ਵਿੱਚ ਪਹਿਲੀ ਵਾਰ ਸਕਿਲ ਟ੍ਰੇਨਿੰਗ ਤਹਿਤ ਡਰੋਨ ਉਡਾਉਣ ਦੀ ਵਿਸ਼ੇਸ਼ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪਹਿਲ ਨੂੰ ਭਾਰਤ ਸਰਕਾਰ ਦਾ ਸਹਿਯੋਗ ਪ੍ਰਾਪਤ ਹੈ ਅਤੇ ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਜਿੰਗ ਡਾਇਰੈਕਟਰ ਸੋਨਾਲੀ ਸਿਨਹਾ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਡਰੋਨ ਤਕਨਾਲੋਜੀ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ। ਡਰੋਨ ਲੈਬ ਵਿੱਚ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਡਰੋਨਾਂ ਅਤੇ ਉਨ੍ਹਾਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਸ ਥਾਂ ਰਿਸਰਚ ਅਤੇ ਡਵੈਲਪਮੈਂਟ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀ ਨਾ ਸਿਰਫ਼ ਡਰੋਨ ਚਲਾਉਣਾ ਸਿੱਖਣਗੇ, ਸਗੋਂ ਇਸ ਦੀ ਤਕਨੀਕੀ ਸਮਝ ਵੀ ਵਿਕਸਤ ਕਰ ਸਕਣਗੇ।

ਇਹ ਟ੍ਰੇਨਿੰਗ ਲਗਭਗ 3 ਤੋਂ 4 ਮਹੀਨੇ ਦੀ ਹੋਵੇਗੀ, ਜਿਸ ਵਿੱਚ ਸਿਧਾਂਤਕ ਅਤੇ ਪ੍ਰੈਕਟਿਕਲ ਦੋਵੇਂ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਵੇਗੀ। ਟ੍ਰੇਨਿੰਗ ਦੌਰਾਨ ਸਿਮੂਲੇਸ਼ਨ ਤਕਨੀਕ ਰਾਹੀਂ ਵੀ ਵਿਦਿਆਰਥੀਆਂ ਨੂੰ ਡਰੋਨ ਉਡਾਉਣ ਦੀ ਪ੍ਰੈਕਟਿਸ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, ਸੁਰੱਖਿਆ ਮਾਪਦੰਡਾਂ ਅਤੇ ਉਡਾਣ ਨਿਯਮਾਂ ਬਾਰੇ ਵੀ ਖਾਸ ਧਿਆਨ ਦਿੱਤਾ ਜਾਵੇਗਾ।
ਖੇਤੀਬਾੜੀ ਵਿੱਚ ਡਰੋਨਾਂ ਦੀ ਵਰਤੋਂ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। 10 ਲੀਟਰ ਸਮਰੱਥਾ ਵਾਲਾ ਐਗਰੀਕਲਚਰ ਸਪਰੇਅ ਡਰੋਨ ਕੇਵਲ 7 ਤੋਂ 10 ਮਿੰਟਾਂ ਵਿੱਚ ਇੱਕ ਏਕੜ ਜ਼ਮੀਨ ‘ਤੇ ਕੀਟਨਾਸ਼ਕ ਛਿੜਕ ਸਕਦਾ ਹੈ, ਜਿਸ ਨਾਲ ਸਮਾਂ ਅਤੇ ਖਰਚ ਦੋਵੇਂ ਘੱਟ ਹੁੰਦੇ ਹਨ। ਇਸ ਦੇ ਨਾਲ ਹੀ ਡਰੋਨ ਜ਼ਮੀਨ ਦੀ ਮੈਪਿੰਗ, ਸਰਕਾਰੀ ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਹਾਈਵੇਅ ਨਿਰਮਾਣ ਵਿੱਚ ਵੀ ਵਰਤੇ ਜਾਂਦੇ ਹਨ। 3D ਮੈਪਿੰਗ ਵਰਗੀਆਂ ਤਕਨੀਕਾਂ ਨਾਲ ਬਹੁਤ ਸਹੀ ਅਤੇ ਤੁਰੰਤ ਡਾਟਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਮਾਹਿਰਾਂ ਨੇ ਦੱਸਿਆ ਕਿ ਡਰੋਨ ਚਲਾਉਣ ਲਈ Directorate General of Civil Aviation ਵੱਲੋਂ ਜਾਰੀ ਕੀਤਾ ਜਾਣ ਵਾਲਾ ‘ਰਿਮੋਟ ਪਾਇਲਟ ਸਰਟੀਫਿਕੇਟ (RPC)’ ਲਾਜ਼ਮੀ ਹੁੰਦਾ ਹੈ। ਇਹ ਟ੍ਰੇਨਿੰਗ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਜਿਸ ਨਾਲ ਉਹ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਲਈ ਯੋਗ ਹੋ ਸਕਣਗੇ।

ਕੈਪਟਨ ਹਰੀਸ਼ ਮੁਤਾਬਕ, ਪੰਜਾਬ ਵਿੱਚ ਇਹ ਪਹਿਲਾ “ਸੈਂਟਰ ਆਫ ਐਕਸੀਲੈਂਸ” ਹੈ, ਜਿਸ ਵਿੱਚ ਚਾਰ ਮੋਡੀਊਲਾਂ ਦੇ ਜ਼ਰੀਏ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਰੋਨ ਖੇਤਰ ਵਿੱਚ ਬਹੁਤ ਵੱਡੇ ਰੋਜ਼ਗਾਰ ਮੌਕੇ ਬਣਣਗੇ ਅਤੇ ਨੌਜਵਾਨ ਇਸ ਟ੍ਰੇਨਿੰਗ ਦੇ ਜ਼ਰੀਏ ਖੁਦ ਦਾ ਸਟਾਰਟਅਪ ਜਾਂ ਸਰਵਿਸ ਪ੍ਰੋਵਾਈਡਰ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ।
ਸੋਨਾਲੀ ਸਿਨਹਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਹੈ ਅਤੇ ਪਿਛਲੇ 15 ਸਾਲਾਂ ਵਿੱਚ ਉਹ ਲੱਖਾਂ ਲੋਕਾਂ ਨੂੰ ਨੌਕਰੀਆਂ ਦਵਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਡਰੋਨ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਪਰ ਸਟੀਕ ਮਨੁੱਖੀ ਸੰਸਾਧਨ ਦੀ ਘਾਟ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਹਿਲ ਕੀਤੀ ਗਈ ਹੈ।
COMMENTS