Jamun ਦੀ ਬਾਗ਼ਬਾਨੀ ਬਣੀ ਲੱਖਾਂ ਦੀ ਕਮਾਈ ਦਾ ਜ਼ਰੀਆ: ਪਿੰਡ ਸਮੇਵਾਲੀ ਦੇ ਬਲਰਾਜ ਸਿੰਘ ਨੇ ਦਿਖਾਇਆ ਨਵਾਂ ਰਾਹ

Jamun ਦੀ ਬਾਗ਼ਬਾਨੀ ਬਣੀ ਲੱਖਾਂ ਦੀ ਕਮਾਈ ਦਾ ਜ਼ਰੀਆ: ਪਿੰਡ ਸਮੇਵਾਲੀ ਦੇ ਬਲਰਾਜ ਸਿੰਘ ਨੇ ਦਿਖਾਇਆ ਨਵਾਂ ਰਾਹ

ਪੰਜਾਬ ਵਿੱਚ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਹਨ, ਉੱਥੇ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਮੇਵਾਲੀ ਦੇ ਵਸਨੀਕ ਬਲਰਾਜ

Floriculture: ਪੰਜਾਬ ਵਿੱਚ ਨੌਜਵਾਨ ਕਿਉਂ ਫੁੱਲਾਂ ਦੀ ਖੇਤੀ ਵੱਲ ਮੁੜ ਰਹੇ ਹਨ? ਮੁਨਾਫ਼ੇ ਅਤੇ ਟਿਕਾਊ ਖੇਤੀ ਵੱਲ ਇੱਕ ਵੱਡਾ ਕਦਮ
PAU ਦਾ ਵੱਡਾ ਕਦਮ: ਗੁਰਦਾਸਪੁਰ ਵਿਖੇ ਲਗਾਈਆਂ ਝੋਨੇ ਦੀ ਸਿੱਧੀ ਬਿਜਾਈ (DSR) ਦੀਆਂ ਵਿਸ਼ੇਸ਼ ਖੇਤ ਪ੍ਰਦਰਸ਼ਨੀਆਂ 
ਖੇਤੀਬਾੜੀ ‘ਚ ਨਵੇਂ ਯੁੱਗ ਦਾ ਆਗਾਜ਼: IIT ਰੋਪੜ ਪੰਜਾਬ ਭਰ ਵਿੱਚ ਸਥਾਪਤ ਕਰੇਗਾ 100 AI ਮੌਸਮ ਸਟੇਸ਼ਨ

ਪੰਜਾਬ ਵਿੱਚ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਹਨ, ਉੱਥੇ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਮੇਵਾਲੀ ਦੇ ਵਸਨੀਕ ਬਲਰਾਜ ਸਿੰਘ ਨੇ ਬਾਗ਼ਬਾਨੀ ਨੂੰ ਅਪਣਾ ਕੇ ਸਫ਼ਲਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਪਿੰਡ ਸਮੇਵਾਲੀ ਦੀ ਪਛਾਣ ਇਲਾਕੇ ਵਿੱਚ ‘ਜਾਮਣ ਵਾਲਾ ਪਿੰਡ’ ਵਜੋਂ ਹੈ। ਇਸ ਪਿੰਡ ਦੀ ਖ਼ਾਸੀਅਤ ਇਹ ਹੈ ਕਿ ਭਾਵੇਂ ਕਿਸੇ ਕਿਸਾਨ ਕੋਲ ਪੂਰਾ ਬਾਗ਼ ਹੋਵੇ ਜਾਂ ਨਾ ਹੋਵੇ, ਪਰ ਹਰ ਕਿਸਾਨ ਦੇ ਖੇਤ ਦੀਆਂ ਵੱਟਾਂ ਉੱਤੇ Jamun ਦੇ ਦਰੱਖ਼ਤ ਜ਼ਰੂਰ ਲੱਗੇ ਹੋਏ ਹਨ। ਬਲਰਾਜ ਸਿੰਘ ਫ਼ਾਜ਼ਿਲਕਾ ਵਿਖੇ ਖੇਡ ਵਿਭਾਗ ਵਿੱਚ ਕਿੱਕ ਬਾਕਸਿੰਗ ਦੇ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਬਾਗ਼ਬਾਨੀ ਦੇ ਕਿੱਤੇ ਨੂੰ ਵੀ ਸੰਭਾਲ ਰਹੇ ਹਨ।

ਵਿਲੱਖਣ ਕਿਸਮ ਦੀ ਚੋਣ

Unique variety selection

ਬਲਰਾਜ ਸਿੰਘ ਦੇ Jamun ਦੇ ਬਾਗ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੇ ਲਗਾਈ ਗਈ ਜਾਮਣ ਦੀ ਵਿਲੱਖਣ ਕਿਸਮ ਹੈ। ਆਮ ਤੌਰ ‘ਤੇ ਪੰਜਾਬ ਭਰ ਵਿੱਚ ਜਦੋਂ ਜਾਮਣ ਦਾ ਸੀਜ਼ਨ ਖ਼ਤਮ ਹੋ ਜਾਂਦਾ ਹੈ ਅਤੇ ਮੰਡੀਆਂ ਵਿੱਚ ਜਾਮਣ ਆਉਣਾ ਬੰਦ ਹੋ ਜਾਂਦਾ ਹੈ, ਉਸ ਸਮੇਂ ਸਮੇਵਾਲੀ ਦੇ ਬਾਗ਼ਾਂ ਵਿੱਚ ਜਾਮਣ ਅਜੇ ਹਰੇ ਹੁੰਦੇ ਹਨ। ਇਹ ਫ਼ਲ ਹੋਰ ਥਾਵਾਂ ਦੇ ਮੁਕਾਬਲੇ 15 ਤੋਂ 20 ਦਿਨ ਬਾਅਦ ਪੱਕ ਕੇ ਤਿਆਰ ਹੁੰਦਾ ਹੈ। ਬਾਜ਼ਾਰ ਵਿੱਚ Jamun ਦੀ ਘਾਟ ਹੋਣ ਕਾਰਨ, ਇਹ ਫ਼ਲ ਬਹੁਤ ਹੀ ਮਹਿੰਗੇ ਭਾਅ ਵਿਕਦਾ ਹੈ, ਜਿਸ ਨਾਲ ਕਿਸਾਨ ਨੂੰ ਦੁੱਗਣਾ ਮੁਨਾਫ਼ਾ ਮਿਲਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਾਗ਼ਬਾਨੀ ਵਿੱਚ ਸਭ ਤੋਂ ਅਹਿਮ ਕਦਮ ਸਹੀ ਅਤੇ ਮਿਆਰੀ ਕਿਸਮ ਦੀ ਚੋਣ ਕਰਨਾ ਹੈ।

ਪੁਰਾਣੇ ਅਤੇ ਨਵੇਂ ਬੂਟਿਆਂ ਦੀ ਸੰਭਾਲ

Maintenance of old and new plants

ਬਲਰਾਜ ਸਿੰਘ ਦੇ ਬਾਗ਼ ਵਿੱਚ 50 ਤੋਂ 60 ਫੁੱਟ ਉੱਚੇ ਪੁਰਾਣੇ ਦਰੱਖ਼ਤਾਂ ਦੇ ਨਾਲ-ਨਾਲ ਛੋਟੇ ਕੱਦ ਦੇ ਬੂਟੇ ਵੀ ਮੌਜੂਦ ਹਨ। ਪੁਰਾਣੇ ਦਰੱਖ਼ਤਾਂ ਤੋਂ ਫ਼ਲ ਤੋੜਨਾ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ, ਜਿੱਥੇ ਵੱਡੀਆਂ ਪੌੜੀਆਂ ਘੁਮਾਉਣ ਲਈ ਤਿੰਨ-ਤਿੰਨ ਬੰਦਿਆਂ ਦੀ ਲੋੜ ਪੈਂਦੀ ਹੈ। ਇਸ ਦੇ ਉਲਟ, ਨਵੇਂ ਬੂਟਿਆਂ ਦੀ ਟੀਸੀ ਕੱਟ ਕੇ ਉਨ੍ਹਾਂ ਦਾ ਕੱਦ 20 ਤੋਂ 30 ਫੁੱਟ ਦੇ ਦਰਮਿਆਨ ਸੀਮਤ ਰੱਖਿਆ ਗਿਆ ਹੈ। ਕੱਦ ਛੋਟਾ ਹੋਣ ਕਾਰਨ, ਇਨ੍ਹਾਂ ਦੀ ਤੁੜਾਈ ਇੱਕੋ ਵਿਅਕਤੀ ਆਸਾਨੀ ਨਾਲ ਕਰ ਲੈਂਦਾ ਹੈ। Jamun ਦੇ ਬੂਟੇ ਦੀ ਮੂਲੀ ਜੜ੍ਹ ਨੂੰ ਮਜ਼ਬੂਤ ​​ਬਣਨ ਲਈ ਲਗਭਗ 15 ਸਾਲ ਲੱਗਦੇ ਹਨ, ਇਸ ਲਈ ਹਨੇਰੀ ਜਾਂ ਝੱਖੜ ਤੋਂ ਬਚਾਅ ਲਈ ਮੁੱਢਾਂ ਨਾਲ ਮਿੱਟੀ ਲਗਾਉਣਾ ਬਹੁਤ ਜ਼ਰੂਰੀ ਹੈ।

ਰੁਜ਼ਗਾਰ ਅਤੇ ਪਲਪ ਦੀ ਵਿਦੇਸ਼ੀ ਮੰਗ

Employment

Jamun ਦੀ ਤੁੜਾਈ ਬਹੁਤ ਮਿਹਨਤ ਅਤੇ ਹੁਨਰ ਵਾਲਾ ਕੰਮ ਹੈ। ਯੂਪੀ ਵਰਗੇ ਸੂਬਿਆਂ ਵਿੱਚ ਜਾਮਣ ਨੂੰ ਝਾੜ ਕੇ ਤੋੜਿਆ ਜਾਂਦਾ ਹੈ, ਪਰ ਪੰਜਾਬ ਵਿੱਚ ਇੱਕ-ਇੱਕ ਜਾਮਣ ਹੱਥ ਨਾਲ ਤੋੜਿਆ ਜਾਂਦਾ ਹੈ ਤਾਂ ਜੋ ਫ਼ਲ ਖ਼ਰਾਬ ਨਾ ਹੋਵੇ। ਇਸ ਵਿੱਚ ਰਾਜਪੂਤ ਭਾਈਚਾਰੇ ਦੇ ਬੰਦੇ ਅਹਿਮ ਭੂਮਿਕਾ ਨਿਭਾਉਂਦੇ ਹਨ। ਸੀਜ਼ਨ ਦੌਰਾਨ, ਇਸ ਬਾਗ਼ ਵਿੱਚੋਂ 60 ਤੋਂ 70 ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸ਼ਾਮ ਸਮੇਂ ਪਿੰਡ ਸਮੇਵਾਲੀ ਦੀ ਮੰਡੀ ਵਿੱਚੋਂ 15 ਕੈਂਟਰ ਅਤੇ ਬਲੈਰੋ ਗੱਡੀਆਂ ਜਾਮਣ ਭਰ ਕੇ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਹੁੰਦੀਆਂ ਹਨ। ਅੱਜ-ਕੱਲ੍ਹ ਜਾਮਣ ਦੇ ਪਲਪ ਨੂੰ ਫ੍ਰੀਜ਼ ਕਰਕੇ ਵਾਈਨ ਜਾਂ ਜੂਸ ਤਿਆਰ ਕਰਨ ਦਾ ਰੁਝਾਨ ਵਧਿਆ ਹੈ, ਜਿਸ ਕਾਰਨ ਦੁਬਈ ਵਰਗੇ ਵਿਦੇਸ਼ੀ ਬਾਜ਼ਾਰਾਂ ਵਿੱਚ ਇਸ ਦੀ ਮੰਗ ਵੱਧ ਗਈ ਹੈ।

ਬੂਟੇ ਲਗਾਉਣਾ ਅਤੇ ਅੰਤਰ-ਫ਼ਸਲੀ ਕਾਸ਼ਤ

Planting and intercropping

ਬਾਗ਼ਬਾਨੀ ਦੇ ਤਕਨੀਕੀ ਪਹਿਲੂਆਂ ਬਾਰੇ ਗੱਲ ਕਰਦਿਆਂ ਬਲਰਾਜ ਸਿੰਘ ਦੱਸਦੇ ਹਨ ਕਿ ਜੇਕਰ ਵੱਟਾਂ ਉੱਤੇ Jamun ਲਗਾਉਣਾ ਹੋਵੇ ਤਾਂ ਦੋ ਬੂਟਿਆਂ ਵਿਚਕਾਰ ਘੱਟੋ-ਘੱਟ 25 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਜੇਕਰ ਪੂਰੇ ਖੇਤ ਵਿੱਚ ਬਾਗ਼ ਲਗਾਉਣਾ ਹੋਵੇ ਤਾਂ 30 ਤੋਂ 40 ਫੁੱਟ ਦੀ ਦੂਰੀ ਰੱਖਣੀ ਚਾਹੀਦੀ ਹੈ ਤਾਂ ਜੋ ਵਿੱਚ ਵਾਹਨ ਆਸਾਨੀ ਨਾਲ ਚੱਲ ਸਕਣ। ਉਨ੍ਹਾਂ ਨੇ ਆਪਣੇ ਤਿੰਨ ਕਿੱਲੇ ਵਿੱਚ 60 ਬੂਟੇ ਜਾਮਣ ਦੇ ਲਗਾਏ, ਜਿਸ ਵਿੱਚ ਕਿੱਲੇ ਦੇ 20 ਬੂਟਿਆਂ ਦਾ ਹਿਸਾਬ ਰੱਖਿਆ ਗਿਆ। ਜਦੋਂ ਤੱਕ ਜਾਮਣ ਦੇ ਬੂਟਿਆਂ ਨੇ ਫ਼ਲ ਦੇਣਾ ਸ਼ੁਰੂ ਨਹੀਂ ਕੀਤਾ, ਉਦੋਂ ਤੱਕ ਉਨ੍ਹਾਂ ਨੇ ਖ਼ਾਲੀ ਜਗ੍ਹਾ ਵਿੱਚ ਆੜੂ ਦੀ ਕਾਸ਼ਤ ਕੀਤੀ। ਇਸ ਅੰਤਰ-ਫ਼ਸਲੀ ਖੇਤੀ ਸਦਕਾ ਜਾਮਣ ਦੇ ਤਿਆਰ ਹੋਣ ਤੱਕ ਆੜੂਆਂ ਤੋਂ ਲਗਾਤਾਰ ਪੂਰੀ ਆਮਦਨ ਮਿਲਦੀ ਰਹੀ।

ਸਫ਼ੈਦਾ ਅਮਰੂਦ ਦਾ ਸਫ਼ਲ ਤਜ਼ਰਬਾ

Successful experience of white guava

Jamun ਤੋਂ ਇਲਾਵਾ ਉਨ੍ਹਾਂ ਕੋਲ ਅਮਰੂਦ ਅਤੇ ਆੜੂ ਦੇ ਬਾਗ਼ ਵੀ ਹਨ। ਉਨ੍ਹਾਂ ਨੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਹਿਸਾਰ ਸਫ਼ੈਦਾ ਕਿਸਮ ਦੇ ਅਮਰੂਦ ਦਾ ਬਾਗ਼ ਲਗਾਇਆ ਸੀ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਦਾ ਅਮਰੂਦ ਦਾ ਬਾਗ਼ 4 ਲੱਖ ਰੁਪਏ ਪ੍ਰਤੀ ਕਿੱਲਾ ਵਿਕਿਆ ਸੀ ਅਤੇ ਤਿੰਨ ਕਿੱਲਿਆਂ ਦੇ 287 ਬੂਟੇ ਇੱਕੋ ਵਾਰ 12 ਲੱਖ ਰੁਪਏ ਵਿੱਚ ਵਿਕੇ ਸਨ। ਸਮੇਂ ਦੇ ਨਾਲ, ਇਹ ਆਮਦਨ ਵੱਧ ਕੇ 5 ਤੋਂ 6 ਲੱਖ ਰੁਪਏ ਪ੍ਰਤੀ ਕਿੱਲੇ ਪਹੁੰਚ  ਚੁੱਕੀ ਹੈ। ਹੁਣ, ਨਵੇਂ ਲਗਾਏ ਗਏ ਬਾਗ਼ਾਂ ਵਿੱਚ 14×14 ਜਾਂ 15×15 ਫੁੱਟ ਦੀ ਦੂਰੀ ਰੱਖੀ ਜਾਂਦੀ ਹੈ, ਜਿਸ ਨਾਲ ਝਾੜ ਅਤੇ ਮੁਨਾਫ਼ੇ ਵਿੱਚ ਹੋਰ ਵਾਧਾ ਦਰਜ ਕੀਤਾ ਗਿਆ ਹੈ।

ਕੁਦਰਤੀ ਖੇਤੀ ਦੇ ਲਾਭ

Benefits of natural farming

ਬਲਰਾਜ ਸਿੰਘ ਕੁਦਰਤੀ ਬਾਗ਼ਬਾਨੀ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਦੱਸਿਆ ਕਿ ਬੂਟਾ ਲਗਾਉਣ ਸਮੇਂ ਕਿਸਾਨਾਂ ਨੂੰ ਜ਼ਿਆਦਾ ਰਸਾਇਣਕ ਖਾਦਾਂ ਪਾਉਣ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਜ਼ਿਆਦਾ ਖਾਦਾਂ ਨਾਲ ਬੂਟਾ ਖਾਦ ਦੇ ਅਸਰ ਤੱਕ ਵੱਧਦਾ ਹੈ, ਜਦਕਿ ਨਿਰੋਲ ਪਾਣੀ ਅਤੇ ਗੋਡੀ ਨਾਲ ਉਗਾਇਆ ਬੂਟਾ ਕੁਦਰਤੀ ਤੌਰ ‘ਤੇ ਲੰਮੀ ਉਮਰ ਤੱਕ ਤੰਦਰੁਸਤ ਰਹਿੰਦਾ ਹੈ। ਬਾਗ਼ ਵਿੱਚ ਡਿੱਗਣ ਵਾਲੇ ਪੱਤੇ ਗਲ-ਸੜ ਕੇ ਖ਼ੁਦ ਹੀ ਕੁਦਰਤੀ ਖਾਦ ਬਣ ਜਾਂਦੇ ਹਨ। ਇਸ ਕਾਰਨ ਜ਼ਮੀਨ ਵਿੱਚ ਗੰਡੋਇਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਡਿੱਗਣ ਵਾਲੀਆਂ ਗਿੜਕਾਂ ਤੋਂ ਨਵੇਂ ਪੌਦੇ ਉੱਗਦੇ ਹਨ, ਉਨ੍ਹਾਂ ਨੂੰ ਥੈਲੀਆਂ ਵਿੱਚ ਪੈਕ ਕਰਕੇ ਨਰਸਰੀ ਵਜੋਂ ਵੇਚਿਆ ਜਾਂਦਾ ਹੈ, ਜਿਸ ਨਾਲ ਵਾਤਾਵਰਣ ਦੇ ਨਾਲ-ਨਾਲ ਵਾਧੂ ਆਮਦਨ ਵੀ ਪੈਦਾ ਹੁੰਦੀ ਹੈ।

ਆਮਦਨ ਅਤੇ ਠੇਕੇ ਦਾ ਪ੍ਰਬੰਧ

Income and contract arrangement

ਬਲਰਾਜ ਸਿੰਘ ਆਪਣੇ ਕੁੱਲ ਅੱਠ ਕਿੱਲੇ ਬਾਗ਼ ਨੂੰ ਇਕੱਠਾ ਹੀ ਸਾਲਾਨਾ ਠੇਕੇ ‘ਤੇ ਦਿੰਦੇ ਹਨ। ਇਸ ਪ੍ਰਬੰਧ ਦੇ ਤਹਿਤ, ਠੇਕੇਦਾਰ ਖ਼ੁਦ ਖਾਦ, ਪਾਣੀ, ਸਪਰੇਅ ਅਤੇ ਸੁਰੱਖਿਆ ਦਾ ਸਾਰਾ ਕੰਮ ਕਰਦਾ ਹੈ। ਆਮਦਨ ਦੇ ਹਿਸਾਬ ਨਾਲ ਨਵਾਂ ਬੂਟਾ 5,000 ਰੁਪਏ ਅਤੇ 4 ਤੋਂ 5 ਸਾਲ ਪੁਰਾਣਾ ਫ਼ਲਦਾਰ ਬੂਟਾ 10,000 ਤੋਂ 15,000 ਰੁਪਏ ਦੀ ਸਾਲਾਨਾ ਆਮਦਨ ਦਿੰਦਾ ਹੈ। ਉਨ੍ਹਾਂ ਦੇ ਅਨੁਸਾਰ ਮਾੜਾ ਬਾਗ਼ ਵੀ ਘੱਟੋ-ਘੱਟ 2 ਲੱਖ ਰੁਪਏ ਅਤੇ ਚੰਗੀ ਤਰ੍ਹਾਂ ਸੰਭਾਲਿਆ ਬਾਗ਼ 4 ਤੋਂ 6 ਲੱਖ ਰੁਪਏ ਦੀ ਆਮਦਨ ਦਿੰਦਾ ਹੈ।

ਨਵੇਂ ਬਾਗ਼ਬਾਨਾਂ ਲਈ ਸੁਝਾਅ

Suggestions for new gardeners

ਨਵੇਂ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਬਲਰਾਜ ਸਿੰਘ ਕਹਿੰਦੇ ਹਨ ਕਿ ਜੇਕਰ ਕਿਸੇ ਕੋਲ 10 ਕਿੱਲੇ ਜ਼ਮੀਨ ਹੈ, ਤਾਂ ਸਾਰੀ ਜ਼ਮੀਨ ਵਿੱਚ ਇਕੱਠਾ ਬਾਗ਼ ਨਹੀਂ ਲਗਾਉਣਾ ਚਾਹੀਦਾ। ਕਿਸਾਨ ਨੂੰ ਸ਼ੁਰੂਆਤ ਵਿੱਚ ਦੋ-ਦੋ ਕਿੱਲੇ ਕਰਕੇ ਬਾਗ਼ਬਾਨੀ ਵੱਲ ਵਧਣਾ ਚਾਹੀਦਾ ਹੈ। ਇਕੱਠਾ ਬਾਗ਼ ਲਗਾਉਣ ਨਾਲ ਆਮਦਨ ਪ੍ਰਭਾਵਿਤ ਹੁੰਦੀ ਹੈ ਅਤੇ ਕਿਸਾਨ ਤਣਾਅ ਵਿੱਚ ਪੈਂਦਾ ਹੈ। ਕਿਸਾਨਾਂ ਨੂੰ ਭਰੋਸੇਯੋਗ ਬਾਗ਼ ਵਿੱਚ ਵਧੀਆ ਕਿਸਮ ਦੇਖ ਕੇ ਹੀ ਬੂਟੇ ਤਿਆਰ ਕਰਨੇ ਜਾਂ ਖ਼ਰੀਦਣੇ ਚਾਹੀਦੇ ਹਨ। ਜੇਕਰ ਕਿਸਾਨ ਖੇਤਾਂ ਦੀਆਂ ਵੱਟਾਂ ‘ਤੇ 10-12 Jamun ਦੇ ਬੂਟੇ ਲਗਾ ਲਵੇ, ਤਾਂ ਉਹ ਘਰੇਲੂ ਖ਼ਰਚੇ ਪੂਰੇ ਕਰਨ ਲਈ ਬਿਹਤਰੀਨ ਸਹਾਇਕ ਧੰਦਾ ਬਣ ਸਕਦਾ ਹੈ।

COMMENTS

WORDPRESS: 0