ਪੰਜਾਬ ਦੀਆਂ ਮੰਡੀਆਂ ’ਚ ਤੋਲ ਪ੍ਰਣਾਲੀ ’ਤੇ ਸਵਾਲ, ਕਿਸਾਨਾਂ ਦੀ ਮੰਗ—ਹੱਥੀਂ ਤੋਲ ਬੰਦ ਕਰਕੇ ਲਾਜ਼ਮੀ ਕੀਤੇ ਜਾਣ ਡਿਜੀਟਲ ਕੰਡੇ

ਪੰਜਾਬ ਦੀਆਂ ਮੰਡੀਆਂ ’ਚ ਤੋਲ ਪ੍ਰਣਾਲੀ ’ਤੇ ਸਵਾਲ, ਕਿਸਾਨਾਂ ਦੀ ਮੰਗ—ਹੱਥੀਂ ਤੋਲ ਬੰਦ ਕਰਕੇ ਲਾਜ਼ਮੀ ਕੀਤੇ ਜਾਣ ਡਿਜੀਟਲ ਕੰਡੇ

ਕਿਸਾਨਾਂ ਨੂੰ ਵਜ਼ਨ ’ਚ ਹੇਰਾਫੇਰੀ ਦਾ ਖ਼ਦਸ਼ਾ, ਆੜ੍ਹਤੀਆਂ ਨੇ ਬਿਜਲੀ ਤੇ ਬੁਨਿਆਦੀ ਢਾਂਚੇ ਦੀ ਘਾਟ ਨੂੰ ਦੱਸਿਆ ਅੜਿੱਕਾ; ਮੰਡੀ ਅਧਿਕਾਰੀਆਂ ਨੇ ਮੁੜ ਤੋਲ ਕਰਵਾਉਣ ਦਾ ਦਿੱਤਾ ਭਰੋਸਾ

ਕੇਂਦਰ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਖ਼ਰੀਦ ‘ਤੇ ਆੜ੍ਹਤੀਆਂ ਦੇ ਕਮਿਸ਼ਨ ਵਿੱਚ ਵਾਧਾ
Wheat Procurement: ਪੰਜਾਬ ਵਿੱਚ ਕਣਕ ਦੀ ਖ਼ਰੀਦ 94 ਲੱਖ ਮੀਟ੍ਰਿਕ ਟਨ ਤੋਂ ਪਾਰ
Paddy Procurement: ਕੇਂਦਰ ਨੇ ਪੰਜਾਬ ਲਈ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਕੀਤਾ ਤੈਅ

ਕਿਸਾਨਾਂ ਨੂੰ ਵਜ਼ਨ ’ਚ ਹੇਰਾਫੇਰੀ ਦਾ ਖ਼ਦਸ਼ਾ, ਆੜ੍ਹਤੀਆਂ ਨੇ ਬਿਜਲੀ ਤੇ ਬੁਨਿਆਦੀ ਢਾਂਚੇ ਦੀ ਘਾਟ ਨੂੰ ਦੱਸਿਆ ਅੜਿੱਕਾ; ਮੰਡੀ ਅਧਿਕਾਰੀਆਂ ਨੇ ਮੁੜ ਤੋਲ ਕਰਵਾਉਣ ਦਾ ਦਿੱਤਾ ਭਰੋਸਾ

ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਕੀਮਤੀ ਹੈ, ਪਰ ਜਦੋਂ ਗੱਲ ਫ਼ਸਲ ਦੇ ਵਜ਼ਨ ਦੀ ਆਉਂਦੀ ਹੈ ਤਾਂ ਰਵਾਇਤੀ ਤੋਲ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋਣ ਲੱਗਦੇ ਹਨ। ਕਿਸਾਨਾਂ ਨੇ ਹੱਥੀਂ ਤੋਲ ਵਾਲੇ ਕੰਡਿਆਂ ’ਤੇ ਹੇਰਾਫੇਰੀ ਦੀ ਸੰਭਾਵਨਾ ਜਤਾਉਂਦਿਆਂ ਸਰਕਾਰ ਤੋਂ ਮੰਡੀਆਂ ਵਿੱਚ ਡਿਜੀਟਲ ਕੰਡਿਆਂ ਦੀ ਵਰਤੋਂ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਆੜ੍ਹਤੀਆਂ ਦਾ ਕਹਿਣਾ ਹੈ ਕਿ ਬਿਜਲੀ ਕੁਨੈਕਸ਼ਨਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਡਿਜੀਟਲ ਤੋਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਅਪਣਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਹੱਥੀਂ ਤੋਲ ’ਤੇ ਕਿਸਾਨਾਂ ਨੂੰ ਇਤਰਾਜ਼, ਵਿੱਤੀ ਨੁਕਸਾਨ ਦਾ ਖ਼ਦਸ਼ਾ

ਕਿਸਾਨਾਂ ਦਾ ਕਹਿਣਾ ਹੈ ਕਿ ਰਵਾਇਤੀ ਕੰਡਿਆਂ ’ਤੇ ਫ਼ਸਲ ਦੀ ਤੋਲ ਦੌਰਾਨ ਪਾਰਦਰਸ਼ਤਾ ਦੀ ਘਾਟ ਰਹਿ ਸਕਦੀ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਅਸਲ ਵਜ਼ਨ ਅਤੇ ਦਰਜ ਕੀਤੇ ਵਜ਼ਨ ਵਿੱਚ ਫ਼ਰਕ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲਦਾ।

ਲੁਧਿਆਣਾ ਦੇ ਕਿਸਾਨ ਤਰਸੇਮ ਸਿੰਘ ਨੇ ਕਿਹਾ ਕਿ ਹੱਥੀਂ ਤੋਲ ਵਾਲੇ ਕੰਡਿਆਂ ਵਿੱਚ ਹੇਰਾਫੇਰੀ ਦੀ ਸੰਭਾਵਨਾ ਰਹਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਮੁਤਾਬਕ, ਡਿਜੀਟਲ ਕੰਡਿਆਂ ਦੀ ਵਰਤੋਂ ਨਾਲ ਤੋਲ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕਦੀ ਹੈ।

ਇਸੇ ਤਰ੍ਹਾਂ ਕਿਸਾਨ ਗੁਰਬਖ਼ਸ਼ਿਸ਼ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਡਿਜੀਟਲ ਕੰਡਿਆਂ ਦੀ ਵਰਤੋਂ ਸਬੰਧੀ ਹਦਾਇਤਾਂ ਦੇ ਬਾਵਜੂਦ ਕਈ ਥਾਵਾਂ ’ਤੇ ਪੁਰਾਣੇ ਤਰੀਕੇ ਨਾਲ ਹੀ ਫ਼ਸਲ ਦੀ ਤੋਲ ਕੀਤੀ ਜਾ ਰਹੀ ਹੈ।

ਡਿਜੀਟਲ ਕੰਡਿਆਂ ਦੇ ਰਾਹ ’ਚ ਬਿਜਲੀ ਤੇ ਜ਼ਮੀਨ ਦੀ ਸਮੱਸਿਆ

ਕਿਸਾਨਾਂ ਦੀ ਮੰਗ ਦੇ ਵਿਚਕਾਰ ਆੜ੍ਹਤੀਆਂ ਨੇ ਡਿਜੀਟਲ ਤੋਲ ਪ੍ਰਣਾਲੀ ਲਾਗੂ ਕਰਨ ਵਿੱਚ ਆ ਰਹੀਆਂ ਵਿਹਾਰਕ ਮੁਸ਼ਕਲਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਮੁਤਾਬਕ, ਕਈ ਮੰਡੀਆਂ ਵਿੱਚ ਡਿਜੀਟਲ ਕੰਡੇ ਚਲਾਉਣ ਲਈ ਲੋੜੀਂਦੇ ਬਿਜਲੀ ਕੁਨੈਕਸ਼ਨ ਜਾਂ ਪੁਆਇੰਟ ਉਪਲਬਧ ਨਹੀਂ ਹਨ।

ਇਸ ਤੋਂ ਇਲਾਵਾ, ਮੰਡੀਆਂ ਵਿੱਚ ਜ਼ਮੀਨ ਦਾ ਪੱਧਰ ਇਕਸਾਰ ਨਾ ਹੋਣ ਕਾਰਨ ਇਲੈਕਟ੍ਰਾਨਿਕ ਕੰਡਿਆਂ ਨੂੰ ਸਹੀ ਢੰਗ ਨਾਲ ਲਗਾਉਣ ਅਤੇ ਚਲਾਉਣ ਵਿੱਚ ਵੀ ਦਿੱਕਤ ਆਉਂਦੀ ਹੈ।

ਆੜ੍ਹਤੀ ਦਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਬਿਜਲੀ ਅਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਡਿਜੀਟਲ ਤੋਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚੁਣੌਤੀਪੂਰਨ ਰਹੇਗਾ।

ਹਰ ਮੰਡੀ ਵਿੱਚ ਡਿਜੀਟਲ ਕੰਡਾ ਉਪਲਬਧ: ਮੰਡੀ ਅਧਿਕਾਰੀ

ਇਸ ਮਾਮਲੇ ’ਤੇ ਲੁਧਿਆਣਾ ਦੇ ਜ਼ਿਲ੍ਹਾ ਮੰਡੀ ਅਧਿਕਾਰੀ ਗੁਰਮਤਪਾਲ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਨੂੰ ਡਿਜੀਟਲ ਕੰਡਿਆਂ ਦੀ ਵਰਤੋਂ ਕਰਨ ਸਬੰਧੀ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਆੜ੍ਹਤੀਆਂ ਵੱਲੋਂ ਇਸ ਪ੍ਰਣਾਲੀ ਨੂੰ ਅਪਣਾਉਣ ਵਿੱਚ ਆ ਰਹੀਆਂ ਅਮਲੀ ਮੁਸ਼ਕਲਾਂ ਬਾਰੇ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਆਪਣੀ ਫ਼ਸਲ ਦੇ ਵਜ਼ਨ ਬਾਰੇ ਕੋਈ ਸ਼ੱਕ ਹੈ ਤਾਂ ਉਹ ਮੰਡੀ ਬੋਰਡ ਕੋਲ ਸ਼ਿਕਾਇਤ ਕਰ ਸਕਦਾ ਹੈ। ਅਧਿਕਾਰੀ ਮੁਤਾਬਕ, ਹਰ ਮੰਡੀ ਵਿੱਚ ਡਿਜੀਟਲ ਕੰਡਾ ਉਪਲਬਧ ਹੈ, ਜਿਸ ਦੀ ਮਦਦ ਨਾਲ ਫ਼ਸਲ ਦੀ ਮੁੜ ਤੋਲ ਕਰਵਾਈ ਜਾ ਸਕਦੀ ਹੈ।

ਕਿਸਾਨਾਂ ਨੂੰ ਸਹੀ ਵਜ਼ਨ ਤੇ ਪੂਰਾ ਭੁਗਤਾਨ ਮਿਲਣਾ ਕਿੰਨਾ ਯਕੀਨੀ?

ਪੰਜਾਬ ਦੀਆਂ ਮੰਡੀਆਂ ਵਿੱਚ ਤੋਲ ਪ੍ਰਣਾਲੀ ਨੂੰ ਲੈ ਕੇ ਉੱਠਿਆ ਇਹ ਸਵਾਲ ਸਿਰਫ਼ ਕੰਡਿਆਂ ਤੱਕ ਸੀਮਤ ਨਹੀਂ, ਸਗੋਂ ਕਿਸਾਨਾਂ ਦੀ ਮਿਹਨਤ ਦੇ ਸਹੀ ਮੁੱਲ ਨਾਲ ਵੀ ਜੁੜਿਆ ਹੋਇਆ ਹੈ। ਕਿਸਾਨ ਚਾਹੁੰਦੇ ਹਨ ਕਿ ਡਿਜੀਟਲ ਕੰਡਿਆਂ ਦੀ ਵਰਤੋਂ ਸਿਰਫ਼ ਹਦਾਇਤਾਂ ਤੱਕ ਸੀਮਤ ਨਾ ਰਹੇ, ਬਲਕਿ ਹਰ ਮੰਡੀ ਵਿੱਚ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ।

ਹੁਣ ਦੇਖਣਾ ਹੋਵੇਗਾ ਕਿ ਮੰਡੀ ਪ੍ਰਬੰਧਨ ਬਿਜਲੀ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦੂਰ ਕਰਕੇ ਡਿਜੀਟਲ ਤੋਲ ਪ੍ਰਣਾਲੀ ਨੂੰ ਕਿੰਨੀ ਜਲਦੀ ਲਾਗੂ ਕਰਦਾ ਹੈ। ਕਿਉਂਕਿ ਕਿਸਾਨਾਂ ਲਈ ਫ਼ਸਲ ਦਾ ਸਹੀ ਵਜ਼ਨ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ ਅਤੇ ਕਮਾਈ ਦਾ ਸਵਾਲ ਹੈ।

COMMENTS

WORDPRESS: 0