ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਨਕਲੀ ਖਾਦਾਂ-ਬੀਜਾਂ ਤੋਂ ਬਚਾਉਣ ਅਤੇ ਖੇਤੀਬਾੜੀ ਨੂੰ ਵਿਗਿਆਨਕ ਤਰੀਕੇ ਨਾਲ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਪੰਜਾਬ ਦ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਨਕਲੀ ਖਾਦਾਂ-ਬੀਜਾਂ ਤੋਂ ਬਚਾਉਣ ਅਤੇ ਖੇਤੀਬਾੜੀ ਨੂੰ ਵਿਗਿਆਨਕ ਤਰੀਕੇ ਨਾਲ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿਖੇ ਸੂਬੇ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਦਾ ਰਸਮੀ ਉਦਘਾਟਨ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਇੱਥੇ ਖੇਤੀ ਭਵਨ ਵਿਖੇ ਇੱਕ ਹਾਈ-ਟੈਕ ਬੀਜ ਟੈਸਟਿੰਗ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੱਡੀ ਰਾਹਤ ਮਿਲੇਗੀ।
ਖਾਦਾਂ ਦੀ ਗੁਣਵੱਤਾ ਅਤੇ ਸਾਲਾਨਾ ਸਮਰੱਥਾ
ਇਸ ਨਵੀਂ ਲੈਬਾਰਟਰੀ ਨੂੰ ਸਥਾਪਤ ਕਰਨ ਦਾ ਮੁੱਖ ਮਕਸਦ ਬਾਜ਼ਾਰ ਵਿੱਚ ਮਿਲਣ ਵਾਲੀਆਂ ਬਾਇਓ-ਖਾਦਾਂ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਕਰਨਾ ਅਤੇ ਕਿਸਾਨਾਂ ਨੂੰ ਨਕਲੀ ਜਾਂ ਘਟੀਆ ਦਰਜੇ ਦੀਆਂ ਖਾਦਾਂ ਤੋਂ ਬਚਾਉਣਾ ਹੈ। ਉਦਘਾਟਨ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ, ਖਾਦਾਂ ਅਤੇ ਹੋਰ ਲੋੜੀਂਦੀਆਂ ਸਾਮਾਨ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨਵੀਂ ਲੈਬਾਰਟਰੀ ਵਿੱਚ ਹਰ ਸਾਲ ਘੱਟੋ-ਘੱਟ 1,000 ਬਾਇਓ-ਫਰਟੀਲਾਈਜ਼ਰ ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ।
ਗਾਜ਼ੀਆਬਾਦ ‘ਤੇ ਨਿਰਭਰਤਾ ਹੋਈ ਖ਼ਤਮ
ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਪੁਰਾਣੇ ਸਿਸਟਮ ਦੇ ਨੁਕਸਾਨਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪਹਿਲਾਂ, ਪੰਜਾਬ ਵਿੱਚ ਅਜਿਹੀ ਕੋਈ ਲੈਬ ਨਹੀਂ ਸੀ, ਜਿਸ ਕਾਰਨ ਜੈਵਿਕ ਖਾਦਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸੈਂਪਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਭੇਜਣੇ ਪੈਂਦੇ ਸਨ। ਜ਼ਿਕਰਯੋਗ, ਇਸ ਪੂਰੀ ਪ੍ਰਕਿਰਿਆ ਵਿੱਚ ਬਹੁਤ ਜ਼ਿਆਦਾ ਸਮਾਂ ਬਰਬਾਦ ਹੁੰਦਾ ਸੀ ਅਤੇ ਰਿਪੋਰਟਾਂ ਆਉਣ ਵਿੱਚ ਦੇਰੀ ਹੋ ਜਾਂਦੀ ਸੀ। ਇੰਨਾ ਹੀ ਨਹੀਂ, ਸਗੋਂ ਕਈ ਵਾਰ ਇਸ ਦੇਰੀ ਕਾਰਨ ਰਿਪੋਰਟਾਂ ਵਿੱਚ ਹੇਰਾਫੇਰੀ ਹੋਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਸੀ। ਪਰ ਹੁਣ, ਸੂਬੇ ਵਿੱਚ ਹੀ ਟੈਸਟਿੰਗ ਸ਼ੁਰੂ ਹੋਣ ਨਾਲ ਨਾ ਸਿਰਫ਼ ਸਮਾਂ ਬਚੇਗਾ, ਸਗੋਂ ਜਾਂਚ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਵੀ ਆਵੇਗੀ।
ਤਿੰਨ ਜ਼ਿਲ੍ਹਿਆਂ ‘ਚ ਲੈਬਾਰਟਰੀਆਂ ਦਾ ਨੈੱਟਵਰ
ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਬਾਇਓ ਖਾਦਾਂ ਵਿੱਚ ਹੋਣ ਵਾਲੀ ਮਿਲਾਵਟ ਅਤੇ ਉਨ੍ਹਾਂ ਦੇ ਸਬ-ਸਟੈਂਡਰਡ (ਘਟੀਆ ਮਿਆਰ) ਹੋਣ ਦੀ ਸਮੱਸਿਆ ਨੂੰ ਨੱਥ ਪਾਈ ਜਾਵੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਮੀਂਦਾਰਾਂ ਦੀ ਇਸ ਵੱਡੀ ਮੁਸ਼ਕਲ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਵੱਲੋਂ ਹੁਣ ਸੂਬੇ ਵਿੱਚ ਤਿੰਨ ਵਿਸ਼ੇਸ਼ ਲੈਬਾਰਟਰੀਆਂ ਖੋਲ੍ਹੀਆਂ ਗਈਆਂ ਹਨ, ਜੋ ਕਿ ਬਠਿੰਡਾ, ਮੋਹਾਲੀ ਅਤੇ ਗੁਰਦਾਸਪੁਰ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ। ਇਸ ਰਣਨੀਤਕ ਡਿਵੀਜ਼ਨ ਨਾਲ, ਪੂਰੇ ਪੰਜਾਬ ਦੇ ਸੈਂਪਲਾਂ ਦੀ ਜਾਂਚ ਬਹੁਤ ਤੇਜ਼ੀ ਨਾਲ ਕੀਤੀ ਜਾਵੇਗੀ। ਅਤਿ-ਆਧੁਨਿਕ ਬੀਜ ਟੈਸਟਿੰਗ ਲੈਬਾਰਟਰੀ ਦੇ ਸ਼ੁਰੂ ਹੋਣ ਨਾਲ, ਸੂਬੇ ਪੱਧਰ ‘ਤੇ ਬੀਜਾਂ ਦੀ ਵਿਗਿਆਨਕ ਜਾਂਚ ਨੂੰ ਵੀ ਮਜ਼ਬੂਤੀ ਮਿਲੇਗੀ।
ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਦੋਹਰਾ ਲਾਭ
ਇਸ ਵਿਗਿਆਨਕ ਸਹੂਲਤ ਦਾ ਸਭ ਤੋਂ ਵੱਡਾ ਫ਼ਾਇਦਾ ਸਿਰਫ਼ ਫ਼ਸਲ ਉਗਾਉਣ ਵਾਲੇ ਜ਼ਿਮੀਂਦਾਰਾਂ ਨੂੰ ਹੀ ਨਹੀਂ, ਸਗੋਂ ਇਮਾਨਦਾਰ ਖਾਦ ਕਾਰੋਬਾਰੀਆਂ ਨੂੰ ਵੀ ਹੋਵੇਗਾ। ਇਸ ਤੋਂ ਇਲਾਵਾ, ਕਈ ਵਾਰ ਖਾਦਾਂ ਦੇ ਡੀਲਰਾਂ ਕੋਲ ਪਿੱਛੋਂ (ਮੈਨੂਫੈਕਚਰਿੰਗ ਯੂਨਿਟਾਂ ਤੋਂ) ਹੀ ਸਬ-ਸਟੈਂਡਰਡ ਜਾਂ ਮਿਲਾਵਟੀ ਸਾਮਾਨ ਪਹੁੰਚ ਜਾਂਦਾ ਸੀ, ਜਿਸ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਬਿਨਾਂ ਵਜ੍ਹਾ ਭੁਗਤਣਾ ਪੈਂਦਾ ਸੀ। ਹੁਣ, ਕਾਰੋਬਾਰੀ ਵੀ ਆਪਣੇ ਮਾਲ ਨੂੰ ਇਨ੍ਹਾਂ ਲੈਬਾਰਟਰੀਆਂ ਵਿੱਚ ਲਿਆ ਕੇ ਆਸਾਨੀ ਨਾਲ ਚੈੱਕ ਕਰਵਾ ਸਕਦੇ ਹਨ, ਜਿਸ ਨਾਲ ਨਕਲੀ ਖਾਦਾਂ ਦੇ ਕਾਰੋਬਾਰ ‘ਤੇ ਵੱਡੀ ਰੋਕ ਲੱਗੇਗੀ।
COMMENTS