ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਸ਼ਾਨਦਾਰ ਰਿਹਾ ਦੋ ਰੋਜ਼ਾ ਗੁਲਦਾਉਦੀ ਸ਼ੋਅ। ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿੱਚ ਆਯੋਜਿਤ ਇਹ ਪ੍
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਸ਼ਾਨਦਾਰ ਰਿਹਾ ਦੋ ਰੋਜ਼ਾ ਗੁਲਦਾਉਦੀ ਸ਼ੋਅ। ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿੱਚ ਆਯੋਜਿਤ ਇਹ ਪ੍ਰਦਰਸ਼ਨੀ ਫੁੱਲਾਂ ਦੇ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀ । ਇਸ ਸਮਾਗਮ ਦਾ ਸਾਂਝਾ ਪ੍ਰਬੰਧ PAU ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜੇਸਨ ਵੱਲੋਂ ਕੀਤਾ ਗਿਆ।
ਜ਼ਿਕਰਯੋਗ, ਇਹ ਸ਼ੋਅ ਵਿਸ਼ੇਸ਼ ਤੌਰ ‘ਤੇ ਉੱਘੇ ਪੰਜਾਬੀ ਕਵੀ, ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ, ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਰਿਹਾ। ਲੁਧਿਆਣਾ ਅਤੇ ਆਸ-ਪਾਸ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀ ਅਤੇ ਵੱਖ-ਵੱਖ ਸੰਸਥਾਵਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਗੁਲਦਾਉਦੀ ਦੀਆਂ ਮਨਮੋਹਕ ਕਿਸਮਾਂ ਦਾ ਆਨੰਦ ਮਾਣਿਆ।
ਵਾਈਸ ਚਾਂਸਲਰ ਵੱਲੋਂ ਉਦਘਾਟਨ ਅਤੇ ਭਾਈ ਵੀਰ ਸਿੰਘ ਨੂੰ ਸ਼ਰਧਾਂਜਲੀ

ਸ਼ੋਅ ਦਾ ਉਦਘਾਟਨ ਕਰਦਿਆਂ PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਫੁੱਲਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਫੁੱਲ ਮਨੁੱਖੀ ਭਾਵਨਾਵਾਂ ਦੇ ਪ੍ਰਗਟਾਵੇ ਅਤੇ ਕੁਦਰਤ ਨਾਲ ਨੇੜਤਾ ਦਾ ਪ੍ਰਤੀਕ ਹਨ। ਡਾ. ਗੋਸਲ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਸ਼ੋਅ ਨੂੰ ਭਾਈ ਵੀਰ ਸਿੰਘ ਦੀ ਯਾਦ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਨੇ ਆਪਣੀ ਕਵਿਤਾ ਵਿੱਚ ਗੁਲਾਬ ਤੋਂ ਲੈ ਕੇ ਗੁਲਦਾਉਦੀ ਤੱਕ, ਹਰ ਫੁੱਲ ਨੂੰ ਕੁਦਰਤ ਦੇ ਸੁਹੱਪਣ ਦੇ ਰੂਪ ਵਿੱਚ ਪੇਸ਼ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਸੁਨੇਹੇ ਨੂੰ ਵੀ ਅੱਗੇ ਤੋਰਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਘਰਾਂ ਅਤੇ ਦਫ਼ਤਰਾਂ ਦੁਆਲੇ ਫੁੱਲ ਬੀਜਣ ਵਾਲੇ ਪ੍ਰੇਮੀਆਂ ਦੇ ਨਾਲ-ਨਾਲ ਫੁੱਲਾਂ ਦੀ ਵਪਾਰਕ ਖੇਤੀ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ, ਜਿਸ ਲਈ ਫਲੋਰੀਕਲਚਰ ਵਿਭਾਗ ਨੇ ਗੁਲਦਾਉਦੀ ਦੀਆਂ ਅਨੇਕ ਕਿਸਮਾਂ ਵਿਕਸਿਤ ਕੀਤੀਆਂ ਹਨ।
ਸ਼ੋਅ ਦਾ ਇਤਿਹਾਸ ਅਤੇ ਪ੍ਰਦਰਸ਼ਿਤ ਕਿਸਮਾਂ

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁੱਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੋਅ ਦੀ ਸ਼ੁਰੂਆਤ ਗੁਲਦਾਉਦੀ ਦੇ ਫੁੱਲਾਂ ਬਾਰੇ ਦਿਲਚਸਪੀ ਪੈਦਾ ਕਰਨ ਲਈ ਸਾਲ 1996 ਵਿੱਚ ਕੀਤੀ ਗਈ ਸੀ ਅਤੇ ਇਹ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪ੍ਰਸਿੱਧ ਉਰਦੂ ਕਵੀ ਜਨਾਬ ਸਾਹਿਰ ਲੁਧਿਆਣਵੀਂ ਦੀ ਯਾਦ ਵਿੱਚ ਯੂਨੀਵਰਸਿਟੀ ਨੇ “ਗੁਲ-ਏ-ਸਾਹਿਰ” ਨਾਂ ਦੀ ਇੱਕ ਨਵੀਂ ਕਿਸਮ ਵੀ ਜਾਰੀ ਕੀਤੀ ਹੈ।
ਇਸ ਸਾਲ ਦੇ ਸ਼ੋਅ ਵਿੱਚ 90 ਤੋਂ ਵੱਧ ਕਿਸਮਾਂ ਦੇ ਗੁਲਦਾਉਦੀ ਦੇ ਗਮਲੇ ਪ੍ਰਦਰਸ਼ਿਤ ਕੀਤੇ ਗਏ। ਮੁਕਾਬਲੇ 12 ਵਰਗਾਂ ਵਿੱਚ ਹੋਏ, ਜਿਨ੍ਹਾਂ ਵਿੱਚ ਇਨਕਰਵਡ, ਰਿਫਲੈਕਸਡ, ਸਪਾਈਡਰ, ਪੋਮਪੋਨ, ਬਟਨ ਅਤੇ ਹੋਰ ਕਈ ਕਿਸਮਾਂ ਪ੍ਰਮੁੱਖ ਹਨ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਸਕੇਪਿੰਗ ਅਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪ੍ਰੇਰਿਤ ਕਰਨਾ ਹੈ।
ਦਰਸ਼ਕਾਂ ਲਈ ਮੁੱਖ ਆਕਰਸ਼ਣ
ਗੁਲਦਾਉਦੀ ਦੀਆਂ ਭਿੰਨ-ਭਿੰਨ ਰੰਗਾਂ ਵਾਲੀਆਂ ਕਿਸਮਾਂ ਦਰਸ਼ਕਾਂ ਦੀਆਂ ਅੱਖਾਂ ਨੂੰ ਖ਼ੂਬ ਮੋਹਿਤ ਕੀਤੀਆਂ। ਇਸ ਪ੍ਰਦਰਸ਼ਨੀ ‘ਚ ਨਵੀਨਤਮ ਅਤੇ ਦੁਰਲੱਭ ਕਿਸਮਾਂ ਦੇ ਫੁੱਲਾਂ ਦੀ ਰੌਣਕ ਖਾਸ ਖਿੱਚ ਦਾ ਕੇਂਦਰ ਰਹੀ। ਕੈਂਪਸ ਦੇ ਅੰਦਰ ਅਤੇ ਬਾਹਰੋਂ ਵੱਡੀ ਗਿਣਤੀ ਵਿੱਚ ਉਤਸ਼ਾਹੀ ਲੋਕ ਇਸ ਖੂਬਸੂਰਤ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ। ਸੈਲਾਨੀਆਂ ਲਈ ਮੁੱਖ ਆਕਰਸ਼ਣ ਵਾਲੀਆਂ ਕਿਸਮਾਂ ਵਿੱਚ ਵਿੰਟਰ ਕੁਈਨ, ਔਟਮਜੋਏ, ਪੰਜਾਬ ਸ਼ਿੰਗਾਰ, ਰੀਗਲ ਵਾਈਟ, ਰਾਇਲ ਪਰਪਲ, ਮਦਰ ਟੇਰੇਸਾ ਅਤੇ ਯੈਲੋ ਚਾਰਮ ਸ਼ਾਮਲ ਰਹੇ। ਇਸ ਮੌਕੇ ਖੇਤੀਬਾੜੀ ਖੋਜ ਨਾਲ ਸਬੰਧਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ।
COMMENTS