AHIDF Scheme ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਪੂਰੀ ਜਾਣਕਾਰੀ

AHIDF Scheme ਕੀ ਹੈ? ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਪੂਰੀ ਜਾਣਕਾਰੀ

ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀਬਾੜੀ ਹੈ, ਪਰ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਭਾਰਤ ਸਰਕਾਰ ਵੱਲੋਂ ‘ਆਤਮ ਨ

ਪੰਜਾਬ ਬਜਟ 2026-2027: ਮੱਕੀ, ਡੇਅਰੀ ਅਤੇ ਬਾਗਬਾਨੀ ‘ਤੇ ਜ਼ੋਰ, ਖੇਤੀਬਾੜੀ ਬਜਟ ਵਿੱਚ ਕੀ ਹੈ?
ਖੇਤੀਬਾੜੀ ਦੇ ਖੇਤਰ ਵਿੱਚ ਨਵਾਂ ਸੂਰਜ: “ਭਾਰਤ-ਵਿਸਤਾਰ” ਨਾਲ ਆਵੇਗੀ ਡਿਜੀਟਲ ਕ੍ਰਾਂਤੀ
PAU-KVK ਵੱਲੋਂ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ: ਕਿਸਾਨਾਂ ਨੇ ਸਿੱਖੇ ਫ਼ਸਲਾਂ ਦੀ ਪ੍ਰੋਸੈਸਿੰਗ ਦੇ ਗੁਰ

ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਖੇਤੀਬਾੜੀ ਹੈ, ਪਰ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਭਾਰਤ ਸਰਕਾਰ ਵੱਲੋਂ ‘ਆਤਮ ਨਿਰਭਰ ਭਾਰਤ’ ਪ੍ਰੋਤਸਾਹਨ ਪੈਕੇਜ ਦੇ ਤਹਿਤ ਸ਼ੁਰੂ ਕੀਤਾ ਗਿਆ Animal Husbandry Infrastructure Development Fund (AHIDF) ਪੰਜਾਬ ਦੇ ਪਸ਼ੂ ਪਾਲਕਾਂ ਅਤੇ ਉੱਦਮੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਇਸ ਯੋਜਨਾ ਦਾ ਮੁੱਢਲਾ ਬਜਟ ₹15,000 ਕਰੋੜ ਹੈ ਜੋ ਸਬਸਿਡੀਆਂ/ਗਰੰਟੀ ਸਮੇਤ ₹29,110.25 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ ਕਿ ਵਿੱਤੀ ਸਾਲ 2025-2026 ਤੱਕ ਲਾਗੂ ਰਹੇਗਾ। ਇਹ ਯੋਜਨਾ ਪਸ਼ੂ ਪਾਲਣ ਖੇਤਰ ਵਿੱਚ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਪੰਜਾਬ ਦੇ ਪੇਂਡੂ ਖੇਤਰਾਂ ਦੀ ਨੁਹਾਰ ਬਦਲਣ ਦੀ ਪੂਰੀ ਸਮਰੱਥਾ ਰੱਖਦੀ ਹੈ।

ਐਨੀਮਲ ਹਸਬੈਂਡਰੀ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ (AHIDF)

AHIDF ਦਾ ਪੂਰਾ ਨਾਮ “ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ” ਹੈ। ਇਹ ਇੱਕ ਕੇਂਦਰੀ ਸੈਕਟਰ ਦੀ ਯੋਜਨਾ ਹੈ ਜਿਸ ਦਾ ਮੁੱਖ ਉਦੇਸ਼ ਪਸ਼ੂ ਪਾਲਣ ਦੇ ਖੇਤਰ ਵਿੱਚ ‘ਕੱਚੇ ਮਾਲ’ (ਦੁੱਧ, ਮੀਟ, ਅੰਡੇ) ਦੇ ਉਤਪਾਦਨ ਤੋਂ ਅੱਗੇ ਵਧ ਕੇ ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਵਰਨਣਯੋਗ ਹੈ ਕਿ ਇਹ ਫੰਡ ਕਿਸਾਨਾਂ ਨੂੰ ‘ਉਤਪਾਦਕ’ ਤੋਂ ‘ਵਪਾਰੀ’ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ।

ਸਕੀਮ ਦੇ ਮੁੱਖ ਉਦੇਸ਼ 

ਇਸ ਯੋਜਨਾ ਦੇ ਉਦੇਸ਼ ਬਹੁਤ ਦੂਰਅੰਦੇਸ਼ੀ ਹਨ:

  1. ਪ੍ਰੋਸੈਸਿੰਗ ਸਮਰੱਥਾ ਵਧਾਉਣਾ: ਦੁੱਧ ਅਤੇ ਮੀਟ ਦੀ ਪ੍ਰੋਸੈਸਿੰਗ ਲਈ ਆਧੁਨਿਕ ਪਲਾਂਟ ਲਗਾ ਕੇ ਖ਼ਰਾਬ ਹੋਣ ਵਾਲੇ ਉਤਪਾਦਾਂ ਦੀ ਸ਼ੈਲਫ ਲਾਈਫ ਵਧਾਉਣਾ।
  2. ਨਿੱਜੀ ਨਿਵੇਸ਼ ਨੂੰ ਹੁਲਾਰਾ: ਪਸ਼ੂ ਪਾਲਣ ਦੇ ਖੇਤਰ ਵਿੱਚ ਨਿਵੇਸ਼ ਕਰਨ ਲਈ ਨਿੱਜੀ ਕੰਪਨੀਆਂ, MSMEs ਅਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ।
  3. ਨਸਲ ਸੁਧਾਰ: ਉੱਚ ਗੁਣਵੱਤਾ ਵਾਲੇ ਪਸ਼ੂਆਂ ਦੇ ਪ੍ਰਜਨਨ ਕੇਂਦਰ ਸਥਾਪਿਤ ਕਰਕੇ ਦੁੱਧ ਉਤਪਾਦਨ ਵਿੱਚ ਵਾਧਾ ਕਰਨਾ।
  4. ਰੁਜ਼ਗਾਰ ਸਿਰਜਣਾ: ਪੇਂਡੂ ਖੇਤਰਾਂ ਵਿੱਚ ਪ੍ਰੋਸੈਸਿੰਗ ਯੂਨਿਟ ਲਗਾ ਕੇ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ।
  5. ਨਿਰਯਾਤ ਵਿੱਚ ਵਾਧਾ: ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਡੇਅਰੀ ਅਤੇ ਮੀਟ ਉਤਪਾਦਾਂ ਦਾ ਨਿਰਮਾਣ ਕਰਕੇ ਵਿਦੇਸ਼ੀ ਮੁਦਰਾ ਕਮਾਉਣਾ।
  6. ਰਹਿੰਦ-ਖੂੰਹਦ ਪ੍ਰਬੰਧਨ: ਪਸ਼ੂ ਦੇ ਗੋਬਰ ਤੋਂ ਜੈਵਿਕ ਖਾਦ ਅਤੇ Bio-CNG ਬਣਾ ਕੇ ਵਾਤਾਵਰਣ ਸੁਰੱਖਿਆ ਅਤੇ ਕਮਾਈ ਪੈਦਾ ਕਰਨਾ। 
  7. ਸਪਲਾਈ ਚੇਨ ਮਜ਼ਬੂਤੀ: ਕੋਲਡ ਚੇਨ ਅਤੇ ਫੀਡ ਪਲਾਂਟ ਨਾਲ ਗੁਣਵੱਤਾ ਬਰਕਰਾਰ ਰੱਖਣਾ।

ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ?

AHIDF ਅਧੀਨ ਪੰਜਾਬ ਦੇ ਹੇਠ ਲਿਖੇ ਵਰਗ ਲੋਨ ਅਤੇ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ:

  • ਵਿਅਕਤੀਗਤ ਉੱਦਮੀ: ਕੋਈ ਵੀ ਨੌਜਵਾਨ ਜਾਂ ਕਿਸਾਨ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ।
  • ਨਿੱਜੀ ਕੰਪਨੀਆਂ: ਡੇਅਰੀ ਜਾਂ ਮੀਟ ਪ੍ਰੋਸੈਸਿੰਗ ਖੇਤਰ ਵਿੱਚ ਕੰਮ ਕਰਨ ਵਾਲੀਆਂ ਫਰਮਾਂ।
  • MSMEs: ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ।
  • ਕਿਸਾਨ ਉਤਪਾਦਕ ਸੰਗਠਨ (FPOs): ਕਿਸਾਨਾਂ ਦੇ ਸਮੂਹ।
  • ਸੈਕਸ਼ਨ 8 ਕੰਪਨੀਆਂ ਅਤੇ ਡੇਅਰੀ ਸਹਿਕਾਰੀ ਸਭਾਵਾਂ: ਹਾਲ ਹੀ ਵਿੱਚ, ਡੇਅਰੀ ਸਹਿਕਾਰੀ ਸਭਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿੱਤੀ ਸਹਾਇਤਾ ਅਤੇ ਸਬਸਿਡੀਆਂ

AHIDF ਨਿਵੇਸ਼ਕਾਂ ਨੂੰ ਬਹੁਤ ਹੀ ਆਕਰਸ਼ਕ ਵਿੱਤੀ ਰਿਆਇਤਾਂ ਪ੍ਰਦਾਨ ਕਰਦਾ ਹੈ:

  • ਵਿਆਜ ਸਬਸਿਡੀ: ਲਾਭਪਾਤਰੀ ਨੂੰ ਬੈਂਕ ਕਰਜ਼ੇ ਦੇ ਵਿਆਜ ‘ਤੇ 3% ਦੀ ਸਾਲਾਨਾ ਸਬਸਿਡੀ ਮਿਲਦੀ ਹੈ।
  • ਕਰਜ਼ਾ ਸਹੂਲਤ: ਪ੍ਰੋਜੈਕਟ ਲਾਗਤ ਦਾ 90% ਤੱਕ ਲੋਨ ਅਨੁਸੂਚਿਤ ਬੈਂਕਾਂ ਰਾਹੀਂ ਲਿਆ ਜਾ ਸਕਦਾ ਹੈ। ਨਿਵੇਸ਼ਕ ਨੂੰ ਸਿਰਫ਼ 10% ਤੋਂ 25% ਤੱਕ ਦਾ ਯੋਗਦਾਨ ਪਾਉਣਾ ਪੈਂਦਾ ਹੈ।
  • ਕ੍ਰੈਡਿਟ ਗਾਰੰਟੀ: MSMEs ਅਤੇ FPOs ਲਈ 750 ਕਰੋੜ ਰੁਪਏ ਦਾ ਕ੍ਰੈਡਿਟ ਗਾਰੰਟੀ ਫੰਡ ਸਥਾਪਿਤ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਨਿਵੇਸ਼ਕ ਕੋਲ ਕੋਈ ਵੱਡੀ ਗਾਰੰਟੀ ਨਹੀਂ ਹੈ, ਤਾਂ ਸਰਕਾਰ ਉਸਦੇ ਲੋਨ ਦੀ 25% ਤੱਕ ਦੀ ਗਾਰੰਟੀ ਖ਼ੁਦ ਦਿੰਦੀ ਹੈ।
  • ਭੁਗਤਾਨ ਦੀ ਮਿਆਦ: ਕਰਜ਼ੇ ਦੀ ਅਦਾਇਗੀ ਲਈ 8 ਸਾਲਾਂ ਦਾ ਸਮਾਂ ਦਿੱਤਾ ਜਾਂਦਾ ਹੈ, ਜਿਸ ਵਿੱਚ ਪਹਿਲੇ 2 ਸਾਲਾਂ ਤੱਕ ਮੂਲ ਰਕਮ ਦੀ ਅਦਾਇਗੀ ਤੋਂ ਛੋਟ (Moratorium) ਮਿਲਦੀ ਹੈ।

ਪੰਜਾਬ ਵਿੱਚ ਨਿਵੇਸ਼ ਦੇ ਖੇਤਰ 

ਪੰਜਾਬ ਦੀਆਂ ਵਿਸ਼ੇਸ਼ ਲੋੜਾਂ ਅਤੇ ਸੰਭਾਵਨਾਵਾਂ ਨੂੰ ਮੁੱਖ ਰੱਖਦਿਆਂ, AHIDF ਹੇਠ ਲਿਖੇ ਖੇਤਰਾਂ ਵਿੱਚ ਨਿਵੇਸ਼ ਲਈ ਸੁਨਹਿਰੀ ਮੌਕਾ ਦਿੰਦਾ ਹੈ:

1. ਡੇਅਰੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ:

ਪੰਜਾਬ ਦੁੱਧ ਉਤਪਾਦਨ ਵਿੱਚ ਦੇਸ਼ ਦਾ ਮੋਹਰੀ ਸੂਬਾ ਹੈ। ਇੱਥੇ ਦੁੱਧ ਤੋਂ ਪਨੀਰ, ਮੱਖਣ, ਘਿਓ, ਮਿਲਕ ਪਾਊਡਰ ਅਤੇ ਫਲੇਵਰਡ ਮਿਲਕ ਬਣਾਉਣ ਵਾਲੇ ਯੂਨਿਟ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ‘ਮਿਲਕ ਚਿਲਿੰਗ ਯੂਨਿਟ’ ਸਥਾਪਿਤ ਕਰਕੇ ਦੁੱਧ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕਦੀ ਹੈ।

2. ਪਸ਼ੂ ਖ਼ੁਰਾਕ ਪਲਾਂਟ:

ਉੱਚ ਦੁੱਧ ਉਤਪਾਦਨ ਲਈ ਮਿਆਰੀ ਖ਼ੁਰਾਕ ਦੀ ਬਹੁਤ ਲੋੜ ਹੈ। ਪੰਜਾਬ ਵਿੱਚ ਮੱਕੀ ਅਤੇ ਕਣਕ ਦੀ ਭਰਪੂਰ ਪੈਦਾਵਾਰ ਹੁੰਦੀ ਹੈ, ਜਿਸ ਤੋਂ ਪਸ਼ੂਆਂ, ਮੁਰਗੀਆਂ ਅਤੇ ਮੱਛੀਆਂ ਲਈ ‘ਬੈਲੇਂਸਡ ਫੀਡ’ ਅਤੇ ‘ਟੀਐਮਆਰ’ (ਕੁੱਲ ਮਿਸ਼ਰਤ ਰਾਸ਼ਨ) ਪਲਾਂਟ ਲਗਾਏ ਜਾ ਸਕਦੇ ਹਨ। ਸਾਈਲੇਜ (ਪਸ਼ੂ ਫੀਡ) ਬਣਾਉਣ ਦੇ ਯੂਨਿਟ ਵੀ ਇਸ ਵਿੱਚ ਸ਼ਾਮਲ ਹਨ।

3. ਮੀਟ ਪ੍ਰੋਸੈਸਿੰਗ ਅਤੇ ਸਟੋਰੇਜ:

ਪੰਜਾਬ ਵਿੱਚ ਪੋਲਟਰੀ ਅਤੇ ਸੂਰ ਪਾਲਣ ਦੇ ਧੰਦੇ ਬਹੁਤ ਪ੍ਰਫੁੱਲਤ ਹੋ ਰਹੇ ਹਨ। ਇਨ੍ਹਾਂ ਲਈ ਆਧੁਨਿਕ ਸਲੌਟਰ ਹਾਊਸ (Slaughter houses), ਮੀਟ ਪ੍ਰੋਸੈਸਿੰਗ ਯੂਨਿਟ ਅਤੇ ਕੋਲਡ ਚੇਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ।

4. ਨਸਲ ਸੁਧਾਰ ਅਤੇ ਪ੍ਰਜਨਨ ਫਾਰਮ:

ਮੁਰ੍ਹਾ ਮੱਝ ਅਤੇ ਸਾਹੀਵਾਲ ਗਾਵਾਂ ਵਰਗੀਆਂ ਉੱਤਮ ਨਸਲਾਂ ਦੇ ਵੀਰਜ ਸਟੇਸ਼ਨ ਅਤੇ ਨਸਲ ਸੁਧਾਰ ਕੇਂਦਰ ਸਥਾਪਿਤ ਕੀਤੇ ਜਾ ਸਕਦੇ ਹਨ, ਜੋ ਕਿ ਪੰਜਾਬ ਦੇ ਪਸ਼ੂਆਂ ਦੀ ਗੁਣਵੱਤਾ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆ ਸਕਦੇ ਹਨ।

5. ਵੈਟਰਨਰੀ ਸੇਵਾਵਾਂ ਅਤੇ ਦਵਾਈਆਂ:

ਨਿੱਜੀ ਪੱਧਰ ‘ਤੇ ਆਧੁਨਿਕ ਵੈਟਰਨਰੀ ਹਸਪਤਾਲ, ਬਿਮਾਰੀਆਂ ਦੀ ਜਾਂਚ ਲਈ ਡਾਇਗਨੌਸਟਿਕ ਲੈਬਾਂ ਅਤੇ ਵੈਕਸੀਨ ਬਣਾਉਣ ਵਾਲੇ ਯੂਨਿਟਾਂ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।

6. ਰਹਿੰਦ-ਖੂੰਹਦ ਪ੍ਰਬੰਧਨ:

ਪਸ਼ੂਆਂ ਦੇ ਗੋਬਰ ਤੋਂ ਜੈਵਿਕ ਖਾਦ ਅਤੇ ਬਾਇਓ-ਸੀ.ਐਨ.ਜੀ (Bio-CNG) ਪਲਾਂਟ ਲਗਾ ਕੇ ‘ਗੰਦਗੀ ਤੋਂ ਕਮਾਈ’ ਦੇ ਮਾਡਲ ਨੂੰ ਅਪਣਾਇਆ ਜਾ ਸਕਦਾ ਹੈ।

ਪੰਜਾਬ ਦੀ ਕਾਰਗੁਜ਼ਾਰੀ: ਇੱਕ ਮੋਹਰੀ ਸੂਬਾ

ਇਸ ਦੇ ਨਾਲ ਹੀ ਤਾਜ਼ਾ ਅੰਕੜਿਆਂ ਅਨੁਸਾਰ, ਪੰਜਾਬ ਖੇਤੀਬਾੜੀ ਬੁਨਿਆਦੀ ਢਾਂਚੇ (AIF) ਅਤੇ ਪਸ਼ੂ ਪਾਲਣ ਫੰਡ (AHIDF) ਦੀ ਸੁਚੱਜੀ ਵਰਤੋਂ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਰਿਹਾ ਹੈ। ਪੰਜਾਬ ਦੇ ਕਈ ਪ੍ਰਮੁੱਖ ਜ਼ਿਲ੍ਹਿਆਂ ਜਿਵੇਂ ਕਿ ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਨੇ ਇਨ੍ਹਾਂ ਸਕੀਮਾਂ ਤਹਿਤ ਕਰੋੜਾਂ ਰੁਪਏ ਦੇ ਨਿਵੇਸ਼ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਉਦਯੋਗਿਕ ਮਾਹੌਲ ਅਤੇ ਦੁੱਧ ਦੀਭਰਪੂਰ  ਉਪਲਬਧਤਾ ਦੇ ਕਾਰਨ, AHIDF ਰਾਹੀਂ ਸਥਾਪਿਤ ਕੀਤੇ ਗਏ ‘ਪਸ਼ੂ ਫੀਡ ਪਲਾਂਟਾਂ’ ਨੇ ਕਿਸਾਨਾਂ ਨੂੰ ਸਸਤੀ ਅਤੇ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਐਨੀਮਲ ਹਸਬੈਂਡਰੀ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ (AHIDF) ਪੰਜਾਬ ਦੇ ਕਿਸਾਨਾਂ ਅਤੇ ਅਗਾਂਹਵਧੂ ਨੌਜਵਾਨਾਂ ਲਈ ਰਵਾਇਤੀ ਖੇਤੀ ਦੇ ਸੀਮਤ ਚੱਕਰ ਵਿੱਚੋਂ ਬਾਹਰ ਨਿਕਲ ਕੇ ਇੱਕ ਸਫ਼ਲ ‘ਐਗਰੋ-ਬਿਜ਼ਨਸਮੈਨ’ ਬਣਨ ਦਾ ਇੱਕ ਸੁਨਹਿਰੀ ਰਾਹ ਹੈ। ਇਹ ਨਵੀਨਤਮ ਯੋਜਨਾ ਨਾ ਸਿਰਫ਼ ਪਸ਼ੂ ਪਾਲਣ ਖੇਤਰ ਨੂੰ ਤਕਨੀਕੀ ਤੌਰ ‘ਤੇ ਆਧੁਨਿਕ ਬਣਾਏਗੀ, ਸਗੋਂ ਉੱਚ-ਪੱਧਰੀ ਪ੍ਰੋਸੈਸਿੰਗ ਯੂਨਿਟਾਂ ਰਾਹੀਂ ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਅਤੇ ਸਵੈ-ਨਿਰਭਰ ਵੀ ਬਣਾਏਗੀ। ਜੇਕਰ ਕਿਸਾਨ ਇਸ ਖੇਤਰ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ AHIDF ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਵਿਆਜ ਸਬਸਿਡੀ ਅਤੇ ਸਰਕਾਰੀ ਗਾਰੰਟੀ ਵਰਗਾ ਇੱਕ ਬਹੁਤ ਹੀ ਮਜ਼ਬੂਤ ਵਿੱਤੀ ਆਧਾਰ ਪ੍ਰਦਾਨ ਕਰਦਾ ਹੈ, ਜੋ ਨੌਜਵਾਨਾਂ ਨੂੰ ਆਤਮ-ਵਿਸ਼ਵਾਸ ਨਾਲ ਉੱਦਮੀ ਬਣਨ ਲਈ ਪ੍ਰੇਰਿਤ ਕਰਦਾ ਹੈ।

COMMENTS

WORDPRESS: 0