ਅੱਜ ਦੇ ਸਮੇਂ ਵਿੱਚ ਜਿੱਥੇ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਮੰਨਿਆ ਜਾਣ ਲੱਗਾ ਹੈ, ਉੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੱਟਿਆਂਵਾਲੀ ਦੇ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਨ
ਅੱਜ ਦੇ ਸਮੇਂ ਵਿੱਚ ਜਿੱਥੇ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਮੰਨਿਆ ਜਾਣ ਲੱਗਾ ਹੈ, ਉੱਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੱਟਿਆਂਵਾਲੀ ਦੇ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਨੇ ਆਪਣੀ ਮਿਹਨਤ ਅਤੇ ਵਿਗਿਆਨਕ ਸੋਚ ਨਾਲ ‘ਸਫ਼ਲਤਾ’ ਅਤੇ ‘ਪ੍ਰੇਰਨਾ’ ਦੀ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ। ਗੁਰਮੀਤ ਸਿੰਘ ਨੇ ਨਾ ਸਿਰਫ਼ ਆਪਣੀ ਬੰਜਰ ਹੋਈ ਜ਼ਮੀਨ ਨੂੰ ਮੁੜ ਉਪਜਾਊ ਬਣਾਇਆ, ਸਗੋਂ ਅੱਜ ਉਹ ਬੀਜ ਉਤਪਾਦਨ ਰਾਹੀਂ ਰਵਾਇਤੀ ਖੇਤੀ ਨਾਲੋਂ ਕਈ ਗੁਣਾ ਵੱਧ ਮੁਨਾਫ਼ਾ ਕਮਾ ਰਹੇ ਹਨ।
ਬੰਜਰ ਜ਼ਮੀਨ ਅਤੇ ਚੁਣੌਤੀ

ਗੁਰਮੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸੇਮ ਅਤੇ ਸ਼ੋਰੇ ਦੀ ਵੱਡੀ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਦੀ ਚਾਰ ਏਕੜ ਜ਼ਮੀਨ ਬਿਲਕੁਲ ਬੰਜਰ ਹੋ ਚੁੱਕੀ ਸੀ। ਇਸ ਪਰੇਸ਼ਾਨੀ ਦੇ ਹੱਲ ਲਈ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਅਤੇ ਦਿੱਲੀ ਸਥਿਤ ‘ਪੂਸਾ ਸੰਸਥਾਨ’ (IARI) ਦੇ ਮਾਹਿਰਾਂ ਨਾਲ ਸੰਪਰਕ ਕੀਤਾ। ਮਿੱਟੀ ਦੀ ਜਾਂਚ ਤੋਂ ਬਾਅਦ, ਵਿਗਿਆਨੀਆਂ ਨੇ ਉਨ੍ਹਾਂ ਨੂੰ ਇੱਕ ਅਹਿਮ ਸਲਾਹ ਦਿੱਤੀ ਕਿ ਜ਼ਮੀਨ ਵਿੱਚ ਪਰਾਲੀ ਨੂੰ ਵਾਹਿਆ ਅਤੇ ਵੱਧ ਤੋਂ ਵੱਧ ਮਲਚ ਕੀਤਾ ਜਾਵੇ।
ਪਰਾਲੀ ਪ੍ਰਬੰਧਨ: ਜ਼ਮੀਨ ਲਈ ਵਰਦਾਨ

ਗੁਰਮੀਤ ਸਿੰਘ ਦਾ ਸਫ਼ਰ 2012 ਵਿੱਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਸਾੜਨਾ ਬੰਦ ਕਰ ਦਿੱਤਾ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਖੇਤਾਂ ਦੀ ਪਰਾਲੀ ਇਕੱਠੀ ਕੀਤੀ, ਸਗੋਂ ਆਪਣੇ ਗੁਆਂਢੀਆਂ ਦੇ ਖੇਤਾਂ ਵਿੱਚੋਂ ਵੀ ਪਰਾਲੀ ਲਿਆ ਕੇ ਆਪਣੀ ਜ਼ਮੀਨ ਵਿੱਚ ਵਾਹੀ। ਇਸ ਸਖ਼ਤ ਮਿਹਨਤ ਸਦਕਾ, ਜ਼ਮੀਨ ਵਿੱਚ ਜੈਵਿਕ ਮਾਦਾ ਵਧਿਆ ਅਤੇ pH ਪੱਧਰ ਘੱਟ ਗਿਆ, ਜਿਸ ਨਾਲ ਸ਼ੋਰਾ ਖ਼ਤਮ ਹੋ ਗਿਆ। ਜ਼ਿਕਰਯੋਗ ਹੈ ਕਿ ਜਿਸ ਜ਼ਮੀਨ ਦਾ ਉਨ੍ਹਾਂ ਨੂੰ ਕਦੇ 1 ਲੱਖ ਰੁਪਏ ਪ੍ਰਤੀ ਏਕੜ ਮਿਲਦਾ ਸੀ, ਹੁਣ ਉਹੀ ਜ਼ਮੀਨ 20 ਤੋਂ 22 ਲੱਖ ਰੁਪਏ ਸਾਲਾਨਾ ਦੀ ਇਨਕਮ ਵਾਲੀ ਹੋ ਗਈ ਹੈ।
ਮੱਛੀ ਪਾਲਣ: ਇੱਕ ਅਧੂਰਾ ਤਜ਼ਰਬਾ
ਆਪਣੇ ਸਫ਼ਰ ਦੌਰਾਨ, ਗੁਰਮੀਤ ਸਿੰਘ ਨੇ ਸਹਾਇਕ ਧੰਦੇ ਵਜੋਂ ਮੱਛੀ ਪਾਲਣ ਵਿੱਚ ਵੀ ਹੱਥ ਅਜ਼ਮਾਇਆ ਸੀ। ਸਰਕਾਰ ਵੱਲੋਂ ਵਿੱਤੀ ਸਹਾਇਤਾ ਮਿਲਣ ਦੇ ਬਾਵਜੂਦ, ਉਹ ਇਸ ਧੰਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ। ਇਸ ਦੇ ਮੁੱਖ ਕਾਰਨ ਮੰਡੀਕਰਨ ਦੀ ਸਮੱਸਿਆ, ਢੋਆ-ਢੁਆਈ (Transport) ਦੀ ਘਾਟ ਅਤੇ ਪੂੰਗ (Seed) ਦੀ ਸਹੀ ਗ੍ਰੋਥ ਨਾ ਹੋਣਾ ਸੀ। ਇਸ ਦੇ ਨਤੀਜੇ ਵਜੋਂ, ਉਨ੍ਹਾਂ ਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਹਾਲਾਂਕਿ, ਇਸ ਅਸਫ਼ਲਤਾ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਅਤੇ ਉਨ੍ਹਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਕੁਝ ਵੱਖਰਾ ਅਤੇ ਨਿਵੇਕਲਾ ਕਰਨ ਲਈ ਪ੍ਰੇਰਿਤ ਕੀਤਾ।
ਸੀਡ ਪ੍ਰੋਡਕਸ਼ਨ ਵੱਲ ਵਧਦੇ ਕਦਮ

ਜ਼ਮੀਨ ਨੂੰ ਸੁਧਰਨ ਤੋਂ ਬਾਅਦ, ਸਾਲ 2017 ਵਿੱਚ ਡਾ. ਏ.ਕੇ. ਸਿੰਘ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜੀ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੀ ਮੁਹਿੰਮ ਬਾਰੇ ਦੱਸਿਆ ਅਤੇ ਬੀਜ ਉਤਪਾਦਨ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਤੋਂ ਬੀਜ ਤਿਆਰ ਕਰਨ ਦੀ ਵਿਸ਼ੇਸ਼ ਸਿਖਲਾਈ ਲਈ, ਜਿਸ ਵਿੱਚ ਬਰੀਡਰ ਸੀਡ ਤੋਂ ਸਰਟੀਫਾਈਡ ਬੀਜ ਤਿਆਰ ਕਰਨ, ਖੇਤ ਦੀ ਸਫ਼ਾਈ (ਰੋਗਿੰਗ), ਕਟਾਈ ਅਤੇ ਸਭ ਤੋਂ ਜ਼ਰੂਰੀ ਸਟੋਰੇਜ ਬਾਰੇ ਬਾਰੀਕੀ ਨਾਲ ਸਿਖਾਇਆ ਗਿਆ ਹੈ।

ਬੀਜ ਨੂੰ ਕੀੜਿਆਂ ਤੋਂ ਬਚਾਉਣ ਲਈ, ਉਹ ਹਰ 15 ਦਿਨਾਂ ਬਾਅਦ ਸਲਫਾਸ ਅਤੇ ਮੈਲਾਥੀਨ ਦੀ ਵਰਤੋਂ ਕਰਦੇ ਅਤੇ ਪੂਰੀ ਸਾਵਧਾਨੀ ਵਰਤਦੇ ਹਨ। ਅੱਜ, ਉਨ੍ਹਾਂ ਕੋਲ 16 ਏਕੜ ਜ਼ਮੀਨ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਮੰਡੀ ਜਾਣ ਦੀ ਬਜਾਏ ਆਪਣੀ ਫ਼ਸਲ ਨੂੰ ਬੀਜਾਂ ਦੇ ਰੂਪ ਵਿੱਚ ਸਿੱਧਾ ਕਿਸਾਨਾਂ ਨੂੰ ਵੇਚਦੇ ਹਨ।
ਨਵੀਨਤਮ ਕਿਸਮਾਂ ਅਤੇ ਗੁਣਵੱਤਾ

ਗੁਰਮੀਤ ਸਿੰਘ ਕਣਕ ਦੀਆਂ ਨਵੀਨਤਮ ਕਿਸਮਾਂ ਜਿਵੇਂ HD 3385, 3386, 3471 ਅਤੇ DBW 187, 303, 327 ਉੱਤੇ ਕੰਮ ਕਰ ਰਹੇ ਹਨ। ਇਸਦੇ ਨਾਲ ਹੀ, ਉਹ ਝੋਨੇ ਅਤੇ ਮੂੰਗੀ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਵੀ ਤਿਆਰ ਕਰਦੇ ਹਨ। ਉਨ੍ਹਾਂ ਦੇ ਬੀਜਾਂ ਦੀ ਮੰਗ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸ਼ਹਿਰਾਂ ਜਿਵੇਂ ਹੋਸ਼ੰਗਾਬਾਦ, ਉਜੈਨ ਅਤੇ ਇੰਦੌਰ ਤੱਕ ਹੈ। ਇਹੀ ਕਾਰਨ ਹੈ ਕਿ ਉਹ ਬੀਜ ਦੀ 100% ਸ਼ੁੱਧਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਖ਼ੁਦ ਖੇਤਾਂ ਵਿੱਚ ਰੋਗਿੰਗ ਅਤੇ ਸਟੋਰੇਜ ਦਾ ਪੁਖ਼ਤਾ ਪ੍ਰਬੰਧ ਕਰਦੇ ਹਨ।
ਮੁਨਾਫ਼ਾ ਅਤੇ ਰਾਸ਼ਟਰੀ ਸਨਮਾਨ

ਗੁਰਮੀਤ ਸਿੰਘ ਦਾ ਮੰਨਣਾ ਹੈ ਕਿ “ਆਪੇ ਬੀਜੋ, ਆਪੇ ਵੇਚੋ” ਦਾ ਨਾਅਰਾ ਕਿਸਾਨਾਂ ਦੀ ਆਰਥਿਕ ਹਾਲਤ ਬਦਲ ਸਕਦਾ ਹੈ। ਭਾਵੇਂ ਉਨ੍ਹਾਂ ਨੂੰ ਮੱਛੀ ਪਾਲਣ ਵਿੱਚ ਸਫ਼ਲਤਾ ਨਹੀਂ ਮਿਲੀ, ਪਰ ਬੀਜ ਉਤਪਾਦਨ ਵਿੱਚ ਉਹ ਰਵਾਇਤੀ ਖੇਤੀ ਨਾਲੋਂ ਢਾਈ ਗੁਣਾ ਵੱਧ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦੀਆਂ ਇਨ੍ਹਾਂ ਨਿਵੇਕਲੀਆਂ ਕੋਸ਼ਿਸ਼ਾਂ ਸਦਕਾ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਲ 2020 ਵਿੱਚ ‘ਇਨੋਵੇਟਿਵ ਫਾਰਮਰ’ ਅਤੇ ‘ਫੈਲੋ ਫਾਰਮਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਹ ਅੱਜ ਦੇ ਨੌਜਵਾਨ ਕਿਸਾਨਾਂ ਲਈ ਇੱਕ ਰੋਲ ਮਾਡਲ ਵਜੋਂ ਉੱਭਰੇ ਹਨ। ਇਸ ਤੋਂ ਇਲਾਵਾ, ਗੁਰਮੀਤ ਸਿੰਘ ਦੱਸਦੇ ਹਨ ਕਿ ਉਹ ਹਮੇਸ਼ਾ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਰਾਬਤਾ ਰੱਖਦੇ ਹਨ ਤਾਂ ਜੋ ਨਵੀਂ ਤੋਂ ਨਵੀਂ ਜਾਣਕਾਰੀ ਅਤੇ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਜਾ ਸਕਣ।
COMMENTS