ਬਠਿੰਡਾ ਦੇ ਪਿੰਡ ਬੱਲ੍ਹੋ ਦੀ ਅਨੋਖੀ ਪਹਿਲ: ਕਿਸਾਨਾਂ ਲਈ ਮੁਫ਼ਤ ਮੁਹੱਈਆ ਕਰਵਾਈਆਂ Baler ਮਸ਼ੀਨਾਂ

ਬਠਿੰਡਾ ਦੇ ਪਿੰਡ ਬੱਲ੍ਹੋ ਦੀ ਅਨੋਖੀ ਪਹਿਲ: ਕਿਸਾਨਾਂ ਲਈ ਮੁਫ਼ਤ ਮੁਹੱਈਆ ਕਰਵਾਈਆਂ Baler ਮਸ਼ੀਨਾਂ

ਪੰਜਾਬ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ, ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਇਤਿਹਾਸਕ ਪਹਿਲਕਦਮੀ ਕੀਤੀ

Happy Seeder ਅਤੇ Smart Seeder ਨਾਲ ਕਰੋ ਕਣਕ ਦੀ ਬਿਜਾਈ: KVK ਬਠਿੰਡਾ ਦੀ ਕਿਸਾਨਾਂ ਨੂੰ ਸਲਾਹ
ਅੱਗ ਨਾ ਲਾਓ, ਮਿੱਟੀ ‘ਚ ਰਲਾਓ ਪਰਾਲੀ: ਖੇਤੀਬਾੜੀ ਅਫ਼ਸਰ ਤੋਂ ਜਾਣੋ Paddy Straw Management ਦੇ ਵਿਗਿਆਨਕ ਹੱਲ
ਪਰਾਲੀ ਪ੍ਰਬੰਧਨ ਤੋਂ ਲੈ ਕੇ ਕੁਦਰਤੀ ਖੇਤੀ ਤੱਕ, ਜਾਣੋ ਕਿਸ ਖੇਤਰ ‘ਤੇ ਕਿੰਨੇ ਕਰੋੜ ਖ਼ਰਚੇਗੀ ਸਰਕਾਰ?

ਪੰਜਾਬ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ, ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਇਤਿਹਾਸਕ ਪਹਿਲਕਦਮੀ ਕੀਤੀ ਹੈ। ਬੱਲ੍ਹੋ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕਣ ਅਤੇ ਗੱਠਾਂ ਬਣਾਉਣ ਲਈ ਬਿਲਕੁਲ ਮੁਫ਼ਤ ਬੇਲਰ (Baler) ਮਸ਼ੀਨਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਿੰਡ ਦੀ ਪੰਚਾਇਤ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲ ਸੂਬੇ ਭਰ ਵਿੱਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਇੱਕ ਮਿਸਾਲੀ ਰੋਲ ਮਾਡਲ ਵਜੋਂ ਉੱਭਰੀ ਹੈ।

ਮੁਫ਼ਤ ਬੇਲਰਾਂ ਦਾ ਵਿਸ਼ੇਸ਼ ਪ੍ਰਬੰਧ

ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਪਿੰਡ ਵਿੱਚ ਕੁੱਲ ਚਾਰ Baler ਮਸ਼ੀਨਾਂ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ, ਇੰਨ੍ਹਾਂ ਵਿੱਚੋਂ ਤਿੰਨ Baler ਮਸ਼ੀਨਾਂ ‘ਤਰਨਜੋਤ ਵੈਲਫੇਅਰ ਸੁਸਾਇਟੀ’ ਵੱਲੋਂ ਲਗਾਈਆਂ ਗਈਆਂ ਹਨ, ਜਦਕਿ ਇੱਕ Baler ਮਸ਼ੀਨ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਪਣੇ ਨਿੱਜੀ ਯਤਨਾਂ ਨਾਲ ਉਪਲਬਧ ਕਰਵਾਈ ਹੈ। ਇਹ ਮਸ਼ੀਨਾਂ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਇਕੱਠਾ ਕਰਕੇ ਗੱਠਾਂ ਬਣਾਉਂਦੀਆਂ ਹਨ ਅਤੇ ਕਿਸਾਨਾਂ ਤੋਂ ਇਸ ਕੰਮ ਲਈ ਕੋਈ ਵੀ ਖ਼ਰਚਾ ਜਾਂ ਫੀਸ ਨਹੀਂ ਲਈ ਜਾਂਦੀ। ਇਸ ਨਾਲ ਕਿਸਾਨ ਬਿਨਾਂ ਕਿਸੇ ਵਿੱਤੀ ਬੋਝ ਦੇ ਆਪਣੇ ਖੇਤ ਸਾਫ਼ ਕਰਕੇ ਅਗਲੀ ਫ਼ਸਲ ਲਈ ਤਿਆਰੀ ਕਰ ਸਕਦੇ ਹਨ।

ਕਿਸਾਨਾਂ ਨੂੰ ਮਿਲੀ ਵੱਡੀ ਰਾਹਤ

ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਅਤੇ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਮਕਸਦ ਕਿਸਾਨਾਂ ਲਈ ਪਰਾਲੀ ਦੇ ਪ੍ਰਬੰਧਨ ਨੂੰ ਸੁਖਾਲਾ ਅਤੇ ਕਿਫ਼ਾਇਤੀ ਬਣਾਉਣਾ ਹੈ। ਇਸ ਦੇ ਨਾਲ ਹੀ, ਸਰਪੰਚ ਨੇ ਕਿਹਾ ਇਸ ਕੋਸ਼ਿਸ਼ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 400 ਤੋਂ 500 ਰੁਪਏ ਦੀ ਸਿੱਧੀ ਬੱਚਤ ਹੋ ਰਹੀ ਹੈ। ਆਮ ਤੌਰ ‘ਤੇ ਵਾਢੀ ਦੇ ਸਿਖ਼ਰਲੇ ਦਿਨਾਂ ਵਿੱਚ ਨਿੱਜੀ Baler ਆਪਰੇਟਰ ਕਿਸਾਨਾਂ ਕੋਲੋਂ ਮਨਮਰਜ਼ੀ ਅਤੇ ਬਹੁਤ ਜ਼ਿਆਦਾ ਪੈਸੇ ਵਸੂਲਦੇ ਹਨ, ਪਰ ਬੱਲ੍ਹੋ ਪਿੰਡ ਦੀ ਇਸ ਸਾਂਝੀ ਪਹਿਲ ਨੇ ਕਿਸਾਨਾਂ ਨੂੰ ਇਸ ਖ਼ਰਚੇ ਤੋਂ ਪੂਰੀ ਤਰ੍ਹਾਂ ਰਾਹਤ ਦਿਵਾਈ ਹੈ।

ਪਿੰਡ ਵਿੱਚ ਜਾਗਰੂਕਤਾ ਮੁਹਿੰਮ

ਲਗਭਗ 4,800 ਦੀ ਆਬਾਦੀ ਵਾਲੇ ਪਿੰਡ ਬੱਲ੍ਹੋ ਵਿੱਚ ਕਰੀਬ 3,270 ਏਕੜ ਵਾਹੀਯੋਗ ਜ਼ਮੀਨ ਹੈ, ਜਿਸ ਵਿੱਚੋਂ 2,800 ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਵਿਰੁੱਧ ਲਗਾਤਾਰ ਜਾਗਰੂਕਤਾ ਫੈਲਾ ਰਹੀ ਹੈ। ਸਿਰਫ਼ ਇੰਨਾ ਹੀ ਨਹੀਂ, ਸਗੋਂ ਹਾਲ ਹੀ ਦੇ ਸਾਲਾਂ ਵਿੱਚ, ਸੁਸਾਇਟੀ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਦਾ ਵਿੱਤੀ ਇਨਾਮ ਵੀ ਦਿੱਤਾ ਗਿਆ ਸੀ, ਜਿਸ ਨਾਲ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ।

ਵਾਤਾਵਰਣ ਅਤੇ ਮਿੱਟੀ ਦੀ ਸੁਰੱਖਿਆ

ਪਰਾਲੀ ਸਾੜਨ ਨਾਲ ਨਾ ਸਿਰਫ਼ ਜ਼ਹਿਰੀਲਾ ਧੂੰਆਂ ਫੈਲਦਾ ਹੈ, ਸਗੋਂ ਇਸ ਨਾਲ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ ਅਤੇ ਜ਼ਰੂਰੀ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਖੇਤਾਂ ਵਿੱਚੋਂ ਗੱਠਾਂ ਬਣਾ ਕੇ ਪਰਾਲੀ ਚੁੱਕਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਪੰਚਾਇਤ ਅਤੇ ਸੁਸਾਇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਇਸ ਪਹਿਲਕਦਮੀ ਬਾਰੇ ਜਾਣੂ ਕਰਵਾਇਆ ਹੈ ਤਾਂ ਜੋ ਪੰਜਾਬ ਭਰ ਵਿੱਚ ਅਜਿਹੇ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਰਪੰਚ ਅਮਰਜੀਤ ਨੇ ਆਸ-ਪਾਸ ਦੇ ਪਿੰਡਾਂ ਨੂੰ ਵੀ ਇਸ ਮੁਫ਼ਤ ਸਹੂਲਤ ਦਾ ਲਾਭ ਉਠਾਉਣ ਅਤੇ ਖੇਤਰ ਨੂੰ ਧੂੰਆਂ-ਮੁਕਤ ਬਣਾਉਣ ਦੀ ਅਪੀਲ  ਕੀਤੀ।

COMMENTS

WORDPRESS: 0