ਪੰਜਾਬ ਦੇ ਕਿਸਾਨ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਵੱਲ ਕਦਮ ਵਧਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੇ ਕਣਕ ਅਤੇ ਝੋਨੇ ਦੇ ਰਵਾਇਤੀ ਚੱ
ਪੰਜਾਬ ਦੇ ਕਿਸਾਨ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਵੱਲ ਕਦਮ ਵਧਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨੇ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਨੂੰ ਤੋੜਦਿਆਂ ਹਰੀ ਮਿਰਚ (Green Chilli) ਦੀ ਕਾਸ਼ਤ ਰਾਹੀਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਸੀਜ਼ਨ ਦੌਰਾਨ ਦੁਬਈ ਵਿੱਚ 15 ਟਨ ਹਰੀ ਮਿਰਚ ਨਿਰਯਾਤ ਕਰਨ ਤੋਂ ਬਾਅਦ, ਹੁਣ ਇੱਥੋਂ ਦੇ ਕਿਸਾਨਾਂ ਨੇ 700 ਟਨ ਮਿਰਚਾਂ ਦੁਬਈ ਨਿਰਯਾਤ ਕਰਨ ਦੀ ਵੱਡੀ ਯੋਜਨਾ ਤਿਆਰ ਕੀਤੀ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ, ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਮਿਰਚਾਂ ਦਾ ਨਿਰਯਾਤ ਸੂਬੇ ਦੇ ਬਾਕੀ ਕਿਸਾਨਾਂ ਲਈ ਵੀ ਆਮਦਨ ਵਧਾਉਣ ਅਤੇ ਬਦਲਵੀਂ ਖੇਤੀ ਅਪਣਾਉਣ ਦੇ ਇੱਕ ਸੁਨਹਿਰੀ ਮੌਕੇ ਵਜੋਂ ਉੱਭਰ ਰਹੀ ਹੈ।
ਵੱਧ ਰਕਬਾ, ਵੱਧ ਉਤਪਾਦਨ
ਫ਼ਿਰੋਜ਼ਪੁਰ ਸਥਿਤ ‘ਸਾਰਾਗੜ੍ਹੀ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ’ ਨਾਲ ਜੁੜੇ ਕਿਸਾਨਾਂ ਨੇ ਇਸ ਸੀਜ਼ਨ ਦੌਰਾਨ ਮਿਰਚਾਂ ਦੀ ਖੇਤੀ ਹੇਠਲਾ ਰਕਬਾ 20 ਏਕੜ ਤੋਂ ਵਧਾ ਕੇ ਸਿੱਧਾ 60 ਏਕੜ ਕਰ ਦਿੱਤਾ ਹੈ। ਕਿਸਾਨਾਂ ਨੇ ਇੱਕ ਵਾਰ ਫਿਰ ਉਸੇ ਭਾਰਤੀ ਕੰਪਨੀ ਨਾਲ 29 ਰੁਪਏ ਪ੍ਰਤੀ ਕਿਲੋ ਦੇ ਪੱਕੇ ਰੇਟ ‘ਤੇ ਇਕਰਾਰਨਾਮਾ ਕੀਤਾ ਹੈ, ਜਿਸ ਨੇ ਪਿਛਲੇ ਸਾਲ ਦੁਬਈ ਤੱਕ ਉਨ੍ਹਾਂ ਦੀ ਫ਼ਸਲ ਪਹੁੰਚਾਈ ਸੀ। ਕਿਸਾਨਾਂ ਵੱਲੋਂ ‘ਗੌਰੀ’ ਕਿਸਮ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਰਹਿਣ ਦਾ ਅਨੁਮਾਨ ਹੈ। 60 ਏਕੜ ਰਕਬੇ ਤੋਂ ਲਗਭਗ 720 ਟਨ ਪੈਦਾਵਾਰ ਦੀ ਉਮੀਦ ਲਗਾਈ ਗਈ ਹੈ। ਜੇਕਰ ਮੌਸਮ ਅਨੁਕੂਲ ਰਹਿੰਦਾ ਹੈ, ਤਾਂ ਝਾੜ 150 ਤੋਂ 200 ਕੁਇੰਟਲ ਪ੍ਰਤੀ ਏਕੜ ਤੱਕ ਵੀ ਪਹੁੰਚ ਸਕਦਾ ਹੈ।
ਕਣਕ ਨਾਲੋਂ ਛੇ ਗੁਣਾ ਵੱਧ ਮੁਨਾਫ਼ਾ
ਇਕਰਾਰਨਾਮੇ ਮੁਤਾਬਕ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ 120 ਕੁਇੰਟਲ ਝਾੜ ਤੋਂ ਲਗਭਗ 3.48 ਲੱਖ ਰੁਪਏ ਦੀ ਕੁੱਲ ਆਮਦਨ ਹੋਵੇਗੀ। ਇਸ ਵਿੱਚੋਂ ਬੀਜ, ਖਾਦ, ਕੀਟਨਾਸ਼ਕ, ਖੇਤ ਦੀ ਤਿਆਰੀ ਅਤੇ ਮਜ਼ਦੂਰੀ ਦਾ ਲਗਭਗ 80,000 ਰੁਪਏ ਖ਼ਰਚਾ ਕੱਢਣ ਤੋਂ ਬਾਅਦ, ਕਿਸਾਨ ਨੂੰ 2.68 ਲੱਖ ਰੁਪਏ ਸ਼ੁੱਧ ਮੁਨਾਫ਼ਾ ਮਿਲਦਾ ਹੈ। ਇਸ ਦੇ ਮੁਕਾਬਲੇ, ਕਣਕ ਦੀ ਫ਼ਸਲ ਤੋਂ ਪ੍ਰਤੀ ਏਕੜ 22 ਤੋਂ 24 ਕੁਇੰਟਲ ਝਾੜ ਮਿਲਦਾ ਹੈ, ਜਿਸ ਵਿੱਚੋਂ ਸਰਕਾਰੀ ਖ਼ਰੀਦ ਭਾਅ (MSP) ਦੇ ਹਿਸਾਬ ਨਾਲ ਲਾਗਤ ਕੱਢ ਕੇ ਸਿਰਫ਼ 40,000 ਰੁਪਏ ਦੀ ਬੱਚਤ ਹੁੰਦੀ ਹੈ। ਇਸ ਤਰ੍ਹਾਂ, ਮਿਰਚਾਂ ਦੀ ਖੇਤੀ ਕਣਕ ਨਾਲੋਂ ਲਗਭਗ ਛੇ ਗੁਣਾ ਵੱਧ ਕਮਾਈ ਦਿੰਦੀ ਹੈ। ਇਸ ਤੋਂ ਇਲਾਵਾ, ਮਿਰਚਾਂ ਦੇ ਵਿਚਕਾਰ ਲਸਣ ਅਤੇ ਪਿਆਜ਼ ਦੀ ਅੰਤਰ-ਫ਼ਸਲੀ ਖੇਤੀ ਕਰਕੇ ਖੇਤੀ ਖ਼ਰਚਿਆਂ ਦੀ ਭਰਪਾਈ ਹੋਰ ਆਸਾਨੀ ਨਾਲ ਹੋ ਜਾਂਦੀ ਹੈ।
ਸਾਰਾਗੜ੍ਹੀ ਵੱਲੋਂ ਕਿਸਾਨਾਂ ਦੀ ਅਗਵਾਈ
ਸਾਰਾਗੜ੍ਹੀ FPO ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਿੱਚ 11 ਪੱਕੇ ਮੈਂਬਰ ਹਨ ਅਤੇ ਲਗਭਗ 50 ਹੋਰ ਕਿਸਾਨ ਵੀ ਇਸ ਪਹਿਲਕਦਮੀ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ 20 ਏਕੜ ਵਿੱਚੋਂ 240 ਟਨ ਫ਼ਸਲ ਹੋਈ ਸੀ, ਜਿਸ ਵਿੱਚੋਂ 15 ਟਨ ਦੁਬਈ ਨਿਰਯਾਤ ਕੀਤੀ ਸੀ। ਪੱਛਮੀ ਏਸ਼ੀਆ ਤਣਾਅ ਕਾਰਨ ਕੰਟੇਨਰਾਂ ਦੀ ਘਾਟ ਰਹੀ, ਫਿਰ ਵੀ ਨਿਰਯਾਤਕ ਕੰਪਨੀ ਨੇ ਘਰੇਲੂ ਬਾਜ਼ਾਰ ਵਿੱਚ ਮਾਲ ਵੇਚ ਕੇ ਵੀ ਕਿਸਾਨਾਂ ਨੂੰ ਨਿਰਯਾਤ ਵਾਲਾ ਪੂਰਾ ਭਾਅ ਦਿੱਤਾ ਸੀ। ਹੁਣ, ਇਹ ਸੰਸਥਾ ਹੋਰਨਾਂ ਕਿਸਾਨਾਂ ਨੂੰ ਵੀ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਗੁਣਵੱਤਾ ਬਣਾਈ ਰੱਖਣ ਅਤੇ ਖੇਤੀਬਾੜੀ ਅਭਿਆਸਾਂ ਬਾਰੇ ਵਿਸ਼ੇਸ਼ ਸਿਖਲਾਈ ਦੇ ਰਹੀ ਹੈ ਤਾਂ ਜੋ ਹੋਰ ਕਿਸਾਨ ਵੀ ਨਿਰਯਾਤ ਨਾਲ ਜੁੜ ਸਕਣ।
Green Chilli ਦੀ ਕਾਸ਼ਤ ਅਤੇ ਤੁੜਾਈ
ਪੰਜਾਬ ਵਿੱਚ ਮਿਰਚਾਂ ਦੀ ਪਨੀਰੀ ਤਿਆਰ ਕਰਨ ਦਾ ਕੰਮ ਅਕਤੂਬਰ ਮਹੀਨੇ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਵਿੱਚ ਇਨ੍ਹਾਂ ਪੌਦਿਆਂ ਦੀ ਖੇਤਾਂ ਵਿੱਚ ਲਵਾਈ ਕੀਤੀ ਜਾਂਦੀ ਹੈ। ਫ਼ਸਲ ਦੀ ਪਹਿਲੀ ਤੁੜਾਈ ਅਪ੍ਰੈਲ ਮਹੀਨੇ ਹੁੰਦੀ ਹੈ। ਫ਼ਸਲ ਦੀ ਸਾਂਭ-ਸੰਭਾਲ ਅਤੇ ਮੌਸਮ ਹਾਲਾਤਾਂ ਦੇ ਅਨੁਸਾਰ 15-15 ਦਿਨਾਂ ਦੇ ਅੰਤਰਾਲ ‘ਤੇ ਕੁੱਲ ਤਿੰਨ ਤੋਂ ਪੰਜ ਵਾਰ ਤੁੜਾਈ ਕੀਤੀ ਜਾਂਦੀ ਹੈ, ਕਿਉਂਕਿ ਕਣਕ ਅਤੇ ਮਿਰਚ ਦੋਵੇਂ ਇੱਕੋ ਸਮੇਂ ਦੌਰਾਨ ਬੀਜੀਆਂ ਜਾਂਦੀਆਂ ਹਨ, ਇਸ ਲਈ ਕਿਸਾਨਾਂ ਲਈ ਮੁਨਾਫ਼ੇ ਅਤੇ ਮੰਡੀਕਰਨ ਦੇ ਪੱਖੋਂ ਮਿਰਚਾਂ ਦੀ ਚੋਣ ਇੱਕ ਲਾਹੇਵੰਦ ਸੌਦਾ ਸਾਬਤ ਹੋ ਰਹੀ ਹੈ।
ਘਰੇਲੂ ਬਾਜ਼ਾਰ ਅਤੇ ਸੂਬਾਈ ਪੱਧਰ
ਇਸ ਦੇ ਨਾਲ ਹੀ ਜੋ ਫ਼ਸਲ ਵਿਦੇਸ਼ਾਂ ਵਿੱਚ ਨਿਰਯਾਤ ਨਹੀਂ ਹੁੰਦੀ, ਉਸ ਨੂੰ ਆਸਾਨੀ ਨਾਲ ਦੇਸ਼ ਦੀਆਂ ਪ੍ਰਮੁੱਖ ਘਰੇਲੂ ਮੰਡੀਆਂ ਵਿੱਚ ਵੇਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਸਾਲ ਲਗਭਗ 19,661 ਹੈਕਟੇਅਰ ਰਕਬੇ ਵਿੱਚੋਂ 2.94 ਲੱਖ ਮੀਟ੍ਰਿਕ ਟਨ ਤੋਂ ਵੱਧ Green Chilli ਦੀ ਪੈਦਾਵਾਰ ਹੁੰਦੀ ਹੈ। ਇਸੇ ਕਾਰਨ, ਇੱਥੋਂ ਦੀਆਂ ਮਿਰਚਾਂ ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਭੇਜੀਆਂ ਜਾਂਦੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਫ਼ਿਰੋਜ਼ਪੁਰ ਜ਼ਿਲ੍ਹਾ ਸੂਬੇ ਵਿੱਚ Green Chilli ਉਤਪਾਦਨ ਵਿੱਚ ਮੋਹਰੀ ਹੈ, ਜਿੱਥੇ 2,747 ਹੈਕਟੇਅਰ (ਕਰੀਬ 6,800 ਏਕੜ) ਰਕਬਾ ਇਸ ਫ਼ਸਲ ਹੇਠ ਆਉਂਦਾ ਹੈ। ਹੁਣ ਦੁਬਈ ਵਰਗੇ ਬਾਜ਼ਾਰ ਖੁੱਲ੍ਹਣ ਨਾਲ ਕਿਸਾਨਾਂ ਨੂੰ ਕੌਮਾਂਤਰੀ ਪੱਧਰ ਦਾ ਵਪਾਰਕ ਮੰਚ ਵੀ ਮਿਲਿਆ ਹੈ।
ਸਰਕਾਰੀ ਸਹਿਯੋਗ ਅਤੇ AIF ਕਲੱਸਟਰ
ਕੇਂਦਰ ਸਰਕਾਰ ਦੀ ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ (AIF) ਯੋਜਨਾ ਤਹਿਤ ਫ਼ਿਰੋਜ਼ਪੁਰ ਦੇ ਮਿਰਚ ਉਤਪਾਦਕਾਂ ਦਾ ਕਲੱਸਟਰ ਤਿਆਰ ਕੀਤਾ ਗਿਆ। AIF ਦੀ ਟੀਮ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਸੀਮਤ ਵਰਤੋਂ ਅਤੇ ਨਿਰਯਾਤ ਮਾਪਦੰਡਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਦਾ ਸੰਪਰਕ ਵੱਡੀਆਂ ਖ਼ਰੀਦਦਾਰ ਕੰਪਨੀਆਂ ਨਾਲ ਕਰਵਾਇਆ। ਬਲਵਿੰਦਰ ਸਿੰਘ ਅਨੁਸਾਰ ਪੰਜਾਬ ਦੀ ਮਿਰਚ ਨੇ ਲੈਬ ਟੈਸਟਿੰਗ ਸਫ਼ਲਤਾਪੂਰਵਕ ਪਾਸ ਕੀਤੀ ਹੈ, ਜਦਕਿ ਕੁਝ ਦੱਖਣੀ ਰਾਜਾਂ ਦੀਆਂ ਖੇਪਾਂ ਕੀਟਨਾਸ਼ਕਾਂ ਦੇ ਜ਼ਿਆਦਾ ਮਾਤਰਾ ਕਾਰਨ ਰੱਦ ਹੋ ਗਈਆਂ ਸਨ। ਜੇਕਰ ਸੂਬਾ ਸਰਕਾਰ ਸਥਾਨਕ ਪੱਧਰ ‘ਤੇ ਪ੍ਰੋਸੈਸਿੰਗ ਯੂਨਿਟ ਅਤੇ ਕੋਲਡ ਸਟੋਰੇਜ ਦੀਆਂ ਸਹੂਲਤਾਂ ਮੁਹੱਈਆ ਕਰਵਾਏ, ਤਾਂ ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਮਿਰਚਾਂ ਦਾ ਨਿਰਯਾਤ ਭਵਿੱਖ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।
COMMENTS