ਕਿਸਾਨਾਂ ‘ਤੇ ਦੋਹਰੀ ਮਾਰ: ਮੰਡੀਆਂ ‘ਚ ਭਿੱਜਿਆ ਅਨਾਜ ਤੇ ਖੇਤਾਂ ‘ਚ ਖੜ੍ਹਾ ਪਾਣੀ, ਕੀ ਸਾਲ ਭਰ ਦੀ ਮਿਹਨਤ ਹੋ ਜਾਵੇਗੀ ਬਰਬਾਦ?

ਕਿਸਾਨਾਂ ‘ਤੇ ਦੋਹਰੀ ਮਾਰ: ਮੰਡੀਆਂ ‘ਚ ਭਿੱਜਿਆ ਅਨਾਜ ਤੇ ਖੇਤਾਂ ‘ਚ ਖੜ੍ਹਾ ਪਾਣੀ, ਕੀ ਸਾਲ ਭਰ ਦੀ ਮਿਹਨਤ ਹੋ ਜਾਵੇਗੀ ਬਰਬਾਦ?Pic Credit: PB-SHABD

ਪੰਜਾਬ ਦਾ ਅੰਨਦਾਤਾ ਇੱਕ ਵਾਰ ਫਿਰ ਕੁਦਰਤ ਦੇ ਕਹਿਰ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨ

ਨਰਮੇ ਦੀ ਖੇਤੀ ਹੇਠ ਰਕਬਾ ਵਧਾਉਣ ਲਈ PAU ਸਰਗਰਮ: ਖ਼ਰੀਫ਼ 2026 ਲਈ ਵਿਸ਼ੇਸ਼ ਰੋਡਮੈਪ ਤਿਆਰ
ਪੰਜਾਬ ‘ਚ ਸਟੋਰੇਜ ਦਾ ਵੱਡਾ ਸੰਕਟ: ਗੋਦਾਮ ਨੱਕੋ-ਨੱਕ ਭਰੇ, ਨਵੀਂ ਫ਼ਸਲ ਸੰਭਾਲਣ ਦੀ ਚਿੰਤਾ 
ਹੁਣ ਨਹੀਂ ਫੈਲੇਗਾ ਝੋਨੇ ‘ਚ ਬੌਣਾਪਣ! PAU ਵੱਲੋਂ ਮਾਹਿਰਾਂ ਨੂੰ ਵਿਸ਼ੇਸ਼ ਔਨਲਾਈਨ ਸਿਖਲਾਈ 

ਪੰਜਾਬ ਦਾ ਅੰਨਦਾਤਾ ਇੱਕ ਵਾਰ ਫਿਰ ਕੁਦਰਤ ਦੇ ਕਹਿਰ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਾਢੀ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਸੁਨਹਿਰੀ ਫ਼ਸਲ ‘ਤੇ ਇਸ ਬੇਮੌਸਮੀ ਮੌਸਮ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਕਿਸਾਨਾਂ ਦੇ ਚਿਹਰਿਆਂ ਤੋਂ ਚਮਕ ਗਾਇਬ ਹੋ ਗਈ ਹੈ।

ਖੇਤਾਂ ਵਿੱਚ ਵਿਛੀ ਫ਼ਸਲ ਅਤੇ ਪਾਣੀ ਦੀ ਮਾਰ

ਬੀਤੀ ਅੱਧੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਅਤੇ ਤੇਜ਼ ਹਨੇਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਧਰਤੀ ‘ਤੇ ਵਿਛਾ ਦਿੱਤਾ ਹੈ। ਜ਼ਿਕਰਯੋਗ ਫ਼ਸਲ ਡਿੱਗਣ ਨਾਲ ਦਾਣਾ ਕਾਲਾ ਪੈਣ ਅਤੇ ਗੁਣਵੱਤਾ ਘਟਣ ਦਾ ਖ਼ਤਰਾ ਵਧ ਗਿਆ ਹੈ। ਕਈ ਨੀਵੇਂ ਇਲਾਕਿਆਂ ਵਿੱਚ ਖੇਤਾਂ ਅੰਦਰ ਪਾਣੀ ਭਰ ਗਿਆ ਹੈ, ਜਿਸ ਕਾਰਨ ਕਣਕ ਦੇ ਸਿੱਟੇ ਸੜਨ ਦਾ ਖ਼ਤਰਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਨਾ ਸਿਰਫ਼ ਵਾਢੀ ਵਿੱਚ ਦੇਰੀ ਕੀਤੀ ਹੈ, ਸਗੋਂ ਝਾੜ ‘ਤੇ ਵੀ ਬਹੁਤ ਮਾੜਾ ਅਸਰ ਪਾਇਆ ਹੈ।

ਮੰਡੀਆਂ ਵਿੱਚ ਕਿਸਾਨਾਂ ਨੂੰ ਦੋਹਰੀ ਮਾਰ

ਕੁਦਰਤ ਦਾ ਕਹਿਰ ਸਿਰਫ਼ ਖੇਤਾਂ ਤੱਕ ਹੀ ਸੀਮਤ ਨਹੀਂ ਹੈ। ਜਿਹੜੇ ਕਿਸਾਨ ਆਪਣੀਆਂ ਫ਼ਸਲਾਂ ਲੈ ਕੇ ਸਥਾਨਕ ਮੰਡੀਆਂ ਵਿੱਚ ਪਹੁੰਚੇ ਹਨ, ਉਨ੍ਹਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ। ਖੁੱਲ੍ਹੇ ਅਸਮਾਨ ਹੇਠ ਸਟੋਰ ਕੀਤੀ ਗਈ ਅਤੇ ਕਟਾਈ ਤੋਂ ਬਾਅਦ ਮੰਡੀਆਂ ਵਿੱਚ ਪਈ ਕਣਕ ਮੀਂਹ ਕਾਰਨ ਭਿੱਜ ਗਈ ਹੈ। ਪ੍ਰਬੰਧਾਂ ਦੀ ਘਾਟ ਕਾਰਨ ਕਈ ਥਾਵਾਂ ‘ਤੇ ਅਨਾਜ ਦੀਆਂ ਬੋਰੀਆਂ ਪਾਣੀ ਵਿੱਚ ਤੈਰਦੀਆਂ ਦੇਖਿਆ ਗਈਆ। ਹੁਣ ਕਿਸਾਨਾਂ ਨੂੰ ਡਰ ਹੈ ਕਿ ਕਣਕ ਵਿੱਚ ਨਮੀ ਵਧਣ ਨਾਲ ਉਨ੍ਹਾਂ ਨੂੰ ਸਹੀ ਭਾਅ ਨਹੀਂ ਮਿਲੇਗਾ।

punjab crop damage
Pic Credit: PB-SHABD

ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਅੰਕੜੇ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਜ ਕੀਤੇ ਗਏ ਮੀਂਹ ਦੇ ਅੰਕੜੇ ਮੌਸਮ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ, ਜਿਸ ਵਿੱਚ ਮੋਹਾਲੀ 35.5 ਐਮਐਮ ਮੀਂਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ। ਇਸ ਤੋਂ ਇਲਾਵਾ, ਬਠਿੰਡਾ ਵਿੱਚ 29.04 ਐਮਐਮ, ਨਵਾਂਸ਼ਹਿਰ ਵਿੱਚ 28.5 ਐਮਐਮ, ਫ਼ਾਜ਼ਿਲਕਾ ਵਿੱਚ 25 ਐਮਐਮ, ਫ਼ਰੀਦਕੋਟ ਵਿੱਚ 22.2 ਐਮਐਮ, ਮਾਨਸਾ ਵਿੱਚ 19.04 ਐਮਐਮ, ਸੰਗਰੂਰ ਵਿੱਚ 14.5 ਐਮਐਮ ਅਤੇ ਫ਼ਿਰੋਜ਼ਪੁਰ ਵਿੱਚ 3 ਐਮਐਮ ਮੀਂਹ ਦਰਜ ਕੀਤਾ ਗਿਆ। 

ਗੁਰਦਾਸਪੁਰ ਵਿੱਚ ਕਿਸਾਨਾਂ ਦੀ ਵਧੀ ਚਿੰਤਾ

ਗੁਰਦਾਸਪੁਰ ਦੇ ਕਿਸਾਨ ਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੀ ਉਮੀਦ ਇਸ ਵਾਰ ਕਣਕ ਦੀ ਫ਼ਸਲ ਤੋਂ ਸੀ। ਪਰ ਹੁਣ ਮੌਸਮ ਦੇ ਬਦਲੇ ਮਿਜ਼ਾਜ ਨੇ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਨਾ ਹੋਇਆ ਤਾਂ ਕਣਕ ਦੇ ਦਾਣੇ ਕਾਲੇ ਪੈ ਜਾਣਗੇ ਅਤੇ ਮੰਡੀਆਂ ਵਿੱਚ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਜਾਵੇਗੀ।

ਭਵਿੱਖ ਦੀ ਚਿੰਤਾ

ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਗਈਆਂ ਹਨ। ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਹ ਬੇਮੌਸਮੀ ਬਾਰਿਸ਼ ਮਾਲੀ ਨੁਕਸਾਨ ਕਰ ਰਹੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਹੁਣ ਸਰਕਾਰ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਅਤੇ ਨੁਕਸਾਨੀਆਂ ਫ਼ਸਲਾਂ ਲਈ ਮੁਆਵਜ਼ੇ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ।

COMMENTS

WORDPRESS: 0