Natural Farming: ਫ਼ਰੀਦਕੋਟ ਦੀ ਵੀਰਪਾਲ ਕੌਰ ਨੇ ਖੇਤ ਤੋਂ ਰਸੋਈ ਤੱਕ ਪਹੁੰਚਾਈ ਸ਼ੁੱਧਤਾ 

Natural Farming: ਫ਼ਰੀਦਕੋਟ ਦੀ ਵੀਰਪਾਲ ਕੌਰ ਨੇ ਖੇਤ ਤੋਂ ਰਸੋਈ ਤੱਕ ਪਹੁੰਚਾਈ ਸ਼ੁੱਧਤਾ 

ਅਜੋਕੇ ਦੌਰ ਵਿੱਚ ਜਦੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨੇ ਜ਼ਮੀਨ ਦੇ ਨਾਲ-ਨਾਲ ਮਨੁੱਖੀ ਸਿਹਤ ਦੋਵਾਂ ਨੂੰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਫ਼ਰੀਦਕੋਟ ਜ਼ਿਲ੍ਹੇ ਦ

ਫੁੱਲਾਂ ਦੀ ਖੇਤੀ: ਹੁਣ ਸਿਰਫ਼ ਅੰਨਦਾਤਾ ਹੀ ਨਹੀਂ, “ਫੁੱਲਦਾਤਾ” ਵੀ ਬਣ ਰਿਹਾ ਹੈ ਪੰਜਾਬ ਦਾ ਕਿਸਾਨ
Date palm cultivation: ਕਿੰਨੂ ਅਤੇ ਨਰਮੇ ਤੋਂ ਬਾਅਦ ਖਜੂਰ ਦੀ ਖੇਤੀ ਨੇ ਮਾਲਵੇ ਦੇ ਕਿਸਾਨਾਂ ਨੂੰ ਦਿੱਤਾ ਮੁਨਾਫ਼ਾ
ਝੋਨੇ ਦਾ ਲਾਹੇਵੰਦ ਬਦਲ: PAU ਵੱਲੋਂ ਕਿਸਾਨਾਂ ਨੂੰ Baby Corn ਦੀ ਖੇਤੀ ਅਪਣਾਉਣ ਦੀ ਸਲਾਹ 

ਅਜੋਕੇ ਦੌਰ ਵਿੱਚ ਜਦੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਨੇ ਜ਼ਮੀਨ ਦੇ ਨਾਲ-ਨਾਲ ਮਨੁੱਖੀ ਸਿਹਤ ਦੋਵਾਂ ਨੂੰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰਮਾਣਾ ਅਲਬੇਲ ਸਿੰਘ ਦੀ ਇੱਕ ਮਹਿਲਾ ਕਿਸਾਨ ਵੀਰਪਾਲ ਕੌਰ ਨੇ ਇੱਕ ਮਿਸਾਲੀ ਰਾਹ ਚੁਣਿਆ ਹੈ। ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਉਨ੍ਹਾਂ ਤੱਕ ਸ਼ੁੱਧ ਅਤੇ ਪੌਸ਼ਟਿਕ ਭੋਜਨ ਪਹੁੰਚਾਉਣ ਦੇ ਉਦੇਸ਼ ਨਾਲ, ਉਨ੍ਹਾਂ ਨੇ (Natural Farming) ਵੱਲ ਕਦਮ ਵਧਾਇਆ। ਉਨ੍ਹਾਂ ਦੀ ਇਹ ਪਹਿਲਕਦਮੀ ਸਿਰਫ਼ ਪਰਿਵਾਰਕ ਸਿਹਤ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਖੇਤ ਵਿੱਚ ਹੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਉਨ੍ਹਾਂ ਵਿੱਚ ਮੁੱਲ-ਵਾਧਾ ਕਰਨ ਰਾਹੀਂ, ਇਹ ਰੋਜ਼ਾਨਾ ਚੰਗੀ ਆਮਦਨ ਦਾ ਇੱਕ ਸਥਿਰ ਜ਼ਰੀਆ ਵੀ ਬਣ ਚੁੱਕੀ ਹੈ।

ਰੱਦੀ ‘ਚੋਂ ਮਿਲੀ ਨਵੀਂ ਸੋਚ

A New Perspective Born from Waste

ਵੀਰਪਾਲ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਰਵਾਇਤੀ ਖੇਤੀਬਾੜੀ ਕਰਦਾ ਸੀ, ਪਰ ਵਧਦੀਆਂ ਬਿਮਾਰੀਆਂ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਅਕਸਰ ਚਿੰਤਾ ਬਣੀ ਰਹਿੰਦੀ ਸੀ। ਬਜ਼ੁਰਗਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਉਹ ਅਕਸਰ ਜ਼ਹਿਰ-ਮੁਕਤ ਖ਼ੁਰਾਕ ਬਾਰੇ ਸੋਚਦੇ ਸਨ। ਇਸੇ ਦਰਮਿਆਨ, ਸਾਲ 2015 ਵਿੱਚ, ਘਰ ਦੀ ਰੱਦੀ ਵਿੱਚੋਂ ਉਨ੍ਹਾਂ ਨੂੰ ਖੇਤੀ ਵਿਰਾਸਤ ਮਿਸ਼ਨ (KVM ਜੈਤੋ) ਦਾ ਇੱਕ ਪੈਂਫਲੇਟ ਮਿਲਿਆ, ਜਿਸ ਨੇ ਉਨ੍ਹਾਂ ਦੀ ਸੋਚ ਨੂੰ ਨਵੀਂ ਦਿਸ਼ਾ ਦਿੱਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਇਸ ਸੰਸਥਾ ਤੋਂ ਰਸਮੀ ਸਿਖਲਾਈ ਹਾਸਲ ਕੀਤੀ ਅਤੇ ਅੱਗੇ ਚੱਲ ਕੇ ਲਗਭਗ ਸਾਢੇ ਤਿੰਨ ਤੋਂ ਚਾਰ ਏਕੜ ਰਕਬੇ ਵਿੱਚ Natural Farming ਕਰਨੀ ਸ਼ੁਰੂ ਕਰ ਦਿੱਤੀ।

ਖੇਤੀ ਵਿਭਿੰਨਤਾ ਰਾਹੀਂ ਖ਼ੁਰਾਕੀ ਸੁਰੱਖਿਆ

Food Security through Agricultural Diversification

ਇਸ ਦੇ ਨਾਲ ਹੀ, ਵੀਰਪਾਲ ਦਾ ਮੁੱਖ ਉਦੇਸ਼ ਆਪਣੀ ਜ਼ਮੀਨ ‘ਤੇ ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੀ ਵੱਧ ਤੋਂ ਵੱਧ ਕਿਸਮਾਂ ਨੂੰ ਪੈਦਾ ਕਰਨਾ ਰਿਹਾ ਹੈ। ਇਸੇ ਸੋਚ ਸਦਕਾ, ਅੱਜ ਕਣਕ ਅਤੇ ਝੋਨੇ ਤੋਂ ਇਲਾਵਾ, ਉਨ੍ਹਾਂ ਦੇ ਖੇਤ ਵਿੱਚ ਦਾਲਾਂ, ਮਿੱਠੇ ਲਈ ਗੰਨਾ ਅਤੇ ਮੌਸਮੀ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਹ ਸਭ ਬਿਨਾਂ ਕਿਸੇ ਰਸਾਇਣਕ ਖਾਦ ਜਾਂ ਕੀਟਨਾਸ਼ਕਾਂ ਦੀ ਵਰਤੋਂ ਦੇ ਤਿਆਰ ਕੀਤੀਆਂ ਜਾਂਦੀਆਂ ਹਨ। 

ਇੰਨਾ ਹੀ ਨਹੀਂ, ਉਨ੍ਹਾਂ ਨੇ ਫਲ ਦੇਣ ਵਾਲੇ ਪੌਦਿਆਂ ਦੀ ਇੱਕ ਛੋਟੀ ਨਰਸਰੀ ਵੀ ਲਗਾਈ ਹੈ, ਜਿਸ ਵਿੱਚ ਆਂਵਲਾ, ਕਰੌਂਦਾ, ਚਕੋਤਰਾ, ਜਾਮੁਨ, ਨਿੰਬੂ ਅਤੇ ਮੁਸੰਮੀ ਵਰਗੇ ਪੌਦੇ ਸ਼ਾਮਲ ਹਨ। ਇਸੇ ਖ਼ੁਰਾਕੀ ਵਿਭਿੰਨਤਾ ਸਦਕਾ, ਵੀਰਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਥਾਲੀ ਦਾ 80 ਫ਼ੀਸਦੀ ਭੋਜਨ ਉਨ੍ਹਾਂ ਦੇ ਆਪਣੇ ਖੇਤ ਵਿੱਚੋਂ ਆਉਂਦਾ ਹੈ, ਜਿਸ ਦੇ ਨਤੀਜੇ ਵਜੋਂ 45 ਸਾਲ ਦੀ ਉਮਰ ਟੱਪਣ ਦੇ ਬਾਵਜੂਦ ਵੀ ਉਨ੍ਹਾਂ ਦਾ ਪੂਰਾ ਪਰਿਵਾਰ ਬਲੱਡ ਪ੍ਰੈਸ਼ਰ (BP) ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਿਆ ਹੋਇਆ ਹੈ।

ਘੱਟ ਝਾੜ ਦੇ ਬਾਵਜੂਦ ਹੌਂਸਲਾ

Staying Resilient Despite Lower Yields

Natural Farming ਦੇ ਸ਼ੁਰੂਆਤੀ ਦੌਰ ਵਿੱਚ ਆਈਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਰਸਾਇਣਕ ਖੇਤੀ ਦੇ ਮੁਕਾਬਲੇ ਇਸ ਵਿੱਚ ਝਾੜ ਘੱਟ ਮਿਲਦਾ ਹੈ। ਜਿੱਥੇ ਰਵਾਇਤੀ ਤਰੀਕੇ ਨਾਲ ਕਣਕ ਦੀ ਕਾਸ਼ਤ ਕਰਨ ‘ਤੇ ਪ੍ਰਤੀ ਏਕੜ ਆਮ ਤੌਰ ‘ਤੇ 60 ਮਣ ਝਾੜ ਮਿਲਦਾ ਹੈ, ਉੱਥੇ ਹੀ ਇਸ ਵਿਧੀ ਰਾਹੀਂ ਸਿਰਫ਼ 25 ਤੋਂ 30 ਮਣ ਝਾੜ ਹੀ ਪ੍ਰਾਪਤ ਹੁੰਦਾ ਹੈ। ਸ਼ੁਰੂਆਤ ਵਿੱਚ, ਫ਼ਸਲ ਦੇ ਘੱਟ ਝਾੜ ਕਾਰਨ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਤਾਅਨਿਆਂ ਕਰਕੇ ਉਨ੍ਹਾਂ ਨੂੰ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪਿਆ, ਪਰ ਆਪਣੇ ਪਰਿਵਾਰ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਜਦੋਂ ਫ਼ਸਲ ਦੇ ਸ਼ੁੱਧ ਸੁਆਦ ਅਤੇ ਖ਼ੁਰਾਕੀ ਗੁਣਾਂ ਦੇ ਨਤੀਜੇ ਸਾਹਮਣੇ ਆਏ, ਤਾਂ ਇਹ ਔਖਾ ਸਫ਼ਰ ਬਹੁਤ ਹੀ ਆਸਾਨ ਅਤੇ ਡੂੰਘੀ ਸੰਤੁਸ਼ਟੀ ਦੇਣ ਵਾਲਾ ਲੱਗਣ ਲੱਗ ਪਿਆ।

ਦੇਸੀ ਗਾਵਾਂ ਦਾ ਵਡਮੁੱਲਾ ਯੋਗਦਾਨ

The Invaluable Contribution of Indigenous Cows

ਪਰਿਵਾਰ ਨੇ 2015 ਵਿੱਚ ਹੀ ਵਿਦੇਸ਼ੀ ਐਚ.ਐਫ਼ ਨਸਲ ਦੀਆਂ ਗਾਵਾਂ ਵੇਚ ਕੇ ਸ਼ੁੱਧ ਸਾਹੀਵਾਲ ਦੇਸੀ ਗਾਵਾਂ ਰੱਖਣ ਦਾ ਵੱਡਾ ਫ਼ੈਸਲਾ ਲਿਆ। ਦੇਸੀ ਗਾਂ ਭਾਵੇਂ ਔਸਤਨ 12 ਤੋਂ 15 ਲੀਟਰ ਦੁੱਧ ਹੀ ਦਿੰਦੀ ਹੈ, ਪਰ ਵੀਰਪਾਲ ਕੌਰ ਨੇ ਇਸ ਨੂੰ ਸਸਤੇ ਭਾਅ ਡੇਅਰੀਆਂ ‘ਤੇ ਵੇਚਣ ਦੀ ਬਜਾਏ ਘਰ ਵਿੱਚ ਹੀ ਮੁੱਲ ਵਾਧਾ ਕਰਨਾ ਸ਼ੁਰੂ ਕੀਤਾ। ਉਹ ਦੁੱਧ ਨੂੰ ਰਵਾਇਤੀ ਮਿੱਟੀ ਦੇ ਭਾਂਡਿਆਂ ਵਿੱਚ ਹੌਲੀ-ਹੌਲੀ ਗਰਮ ਕਰਕੇ ਅਤੇ ਫਿਰ ਉਸਨੂੰ ਰਿੜਕ ਕੇ ‘ਦੇਸੀ ਘਿਓ’ ਤਿਆਰ ਕਰਦੇ ਹਨ। 25 ਲੀਟਰ ਦੁੱਧ ਤੋਂ ਨਿਕਲਿਆ ਇੱਕ ਕਿਲੋਗ੍ਰਾਮ ਸ਼ੁੱਧ ਘਿਓ ਪ੍ਰਾਪਤ ਹੁੰਦਾ ਹੈ, ਜੋ 2,500 ਤੋਂ 2,600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕਦਾ ਹੈ, ਜਿਸ ਨਾਲ ਉਨ੍ਹਾਂ ਦੇ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਜਾਂਦੀ ਹੈ।

ਪ੍ਰੋਸੈਸਿੰਗ ਨਾਲ ਰੋਜ਼ਾਨਾ ਕਮਾਈ

Daily Earnings Through Processing

ਅੱਜ ਵੀਰਪਾਲ ਕੌਰ ਖ਼ੁਦ ਘਰੇਲੂ ਪ੍ਰੋਸੈਸਿੰਗ ਅਤੇ ਪੈਕਿੰਗ ਦਾ ਕੰਮ ਸੰਭਾਲਦੇ ਹਨ, ਜਦਕਿ ਉਨ੍ਹਾਂ ਦਾ ਪਰਿਵਾਰ ਖੇਤ ਦੇ ਬਾਕੀ ਕੰਮਾਂ ਨੂੰ ਬਾਖ਼ੂਬੀ ਸੰਭਾਲ ਰਿਹਾ ਹੈ। ਦਾਲਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਉਹ ਵਟਸਐਪ ਗਰੁੱਪਾਂ ਰਾਹੀਂ ਸ਼ਹਿਰੀ ਪਰਿਵਾਰਾਂ ਨੂੰ ਦੁੱਧ, ਪਨੀਰ, ਖੋਆ, ਪੰਜੀਰੀ ਅਤੇ ਬਿਸਕੁਟ ਵਰਗੇ ਕੁਦਰਤੀ ਉਤਪਾਦ ਸਿੱਧੇ ਸਪਲਾਈ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਦਾ ਮੰਨਣਾ ਹੈ ਕਿ ਆਮ ਕਿਸਾਨ ਛੇ ਮਹੀਨਿਆਂ ਦੀ ਫ਼ਸਲ ‘ਤੇ ਨਿਰਭਰ ਰਹਿੰਦੇ ਹਨ, ਅਕਸਰ ਕਰਜ਼ੇ ਦੇ ਬੋਝ ਹੇਠ ਦੱਬ ਜਾਂਦੇ ਹਨ ਜਾਂ ਆੜ੍ਹਤੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ, ਜਦਕਿ ਇਸ ਮਾਡਲ ਨਾਲ ਉਨ੍ਹਾਂ ਨੂੰ ਰੋਜ਼ਾਨਾ ਆਮਦਨ ਮਿਲਦੀ ਹੈ। ਉਹ ਹਰ ਕਿਸਾਨ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀ ਜ਼ਮੀਨ ਦੇ ਘੱਟੋ-ਘੱਟ ਇੱਕ ਛੋਟੇ ਹਿੱਸੇ ਵਿੱਚ Natural Farming ਜ਼ਰੂਰ ਅਪਣਾਉਣ, ਚਾਹੀਦੀ ਹੈ, ਤਾਂ ਜੋ ਉਨ੍ਹਾਂ ਦੀ ਮਿਹਨਤ ਦੀ ਕਮਾਈ ਹਸਪਤਾਲ ਦੇ ਬਿੱਲਾਂ ‘ਤੇ ਖ਼ਰਚ ਨਾ ਹੋਵੇ।

ਵੀਰਪਾਲ ਕੌਰ ਦਾ ਸਫ਼ਰ ਇਹ ਦਰਸਾਉਂਦਾ ਹੈ ਕਿ Natural Farming ਅਤੇ ਉਤਪਾਦਾਂ ਦੀ ਪ੍ਰੋਸੈਸਿੰਗ ਰਾਹੀਂ, ਕਿਸਾਨ ਨਾ ਸਿਰਫ਼ ਕਰਜ਼ੇ ਅਤੇ ਆੜ੍ਹਤੀਆਂ ਤੋਂ ਮੁਕਤ ਹੋ ਸਕਦੇ ਹਨ, ਸਗੋਂ ਆਪਣੇ ਪਰਿਵਾਰ ਦੀ ਚੰਗੀ ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਟਿਕਾਊ ਭਵਿੱਖ ਵੀ ਯਕੀਨੀ ਬਣਾ ਸਕਦੇ ਹਨ।

COMMENTS

WORDPRESS: 0