ਪੰਜਾਬ ਵਿੱਚ ਖੇਤੀਬਾੜੀ ਦੇ ਰਵਾਇਤੀ ਤਰੀਕਿਆਂ, ਖ਼ਾਸ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਨਾ ਅਤੇ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ
ਪੰਜਾਬ ਵਿੱਚ ਖੇਤੀਬਾੜੀ ਦੇ ਰਵਾਇਤੀ ਤਰੀਕਿਆਂ, ਖ਼ਾਸ ਕਰਕੇ ਝੋਨੇ ਦੀ ਪਰਾਲੀ ਨੂੰ ਸਾੜਨਾ ਅਤੇ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਵਰਤੋਂ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਅਜਿਹੇ ਗੰਭੀਰ ਹਾਲਾਤਾਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਨਵੇਂ ਯਤਨ ਸ਼ੁਰੂ ਕੀਤੇ ਗਏ ਹਨ। ਇਸੇ ਯਤਨ ਤਹਿਤ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮਾਨਵ ਵਿਕਾਸ ਸੰਸਥਾਨ (MVS) ਵੱਲੋਂ ‘The Nature Conservancy’ (TNC) ਦੇ ਸਹਿਯੋਗ ਨਾਲ ‘Project Prana’ ਚਲਾਇਆ ਜਾ ਰਿਹਾ ਹੈ।
‘ਕਿਸਾਨ ਆਫ਼ ਇੰਡੀਆ ਪੰਜਾਬੀ’ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਮਾਨਵ ਵਿਕਾਸ ਸੰਸਥਾਨ ਦੇ ਪ੍ਰੋਜੈਕਟ ਕੋਆਰਡੀਨੇਟਰ ਅਕਸ਼ੇ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪੰਜਾਬ ਦੀ ਹਵਾ, ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨਾ ਅਤੇ ਰੀਜਨਰੇਟਿਵ ਖੇਤੀ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ ਹੈ।
ਕੀ ਹੈ ‘Project Prana’?
ਮਾਨਵ ਵਿਕਾਸ ਸੰਸਥਾਨ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਦਾ ਨਾਅਰਾ “ਟੂ ਪ੍ਰਮੋਟ ਰੀਜਨਰੇਟਿਵ ਐਗਰੀਕਲਚਰ ਐਂਡ ਨੋ ਬਰਨ ਐਗਰੀਕਲਚਰ” (ਰੀਜਨਰੇਟਿਵ ਖੇਤੀ ਅਤੇ ਬਿਨਾਂ ਅੱਗ ਲਗਾਏ ਖੇਤੀ ਨੂੰ ਉਤਸ਼ਾਹਿਤ ਕਰਨਾ) ਹੈ। ਇਹ ਪ੍ਰੋਜੈਕਟ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਭਰ ਵਿੱਚ ਸਰਗਰਮੀ ਨਾਲ ਚੱਲ ਰਿਹਾ ਹੈ। MVS ਇੱਕ ਗ਼ੈਰ-ਸਰਕਾਰੀ ਸੰਗਠਨ (NGO) ਵਜੋਂ ਕੰਮ ਕਰ ਰਹੀ ਹੈ, ਜਿਸ ਵਿੱਚ TNC ਮੁੱਖ ਫੰਡਿੰਗ ਭਾਈਵਾਲ ਹੈ ਅਤੇ ਮਾਨਵ ਵਿਕਾਸ ਸੰਸਥਾਨ ਇਸ ਪ੍ਰੋਜੈਕਟ ਨੂੰ ਪੂਰੇ ਸੂਬੇ ਵਿੱਚ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਿਹਾ ਹੈ।
ਨਾਲ ਹੀ, ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰੋਜੈਕਟ ਦਾ ਮਕਸਦ ਕਿਸਾਨਾਂ ਨੂੰ ਅਜਿਹੀਆਂ ਤਕਨੀਕਾਂ ਨਾਲ ਜੋੜਨਾ ਹੈ ਜਿਸ ਨਾਲ ਖੇਤੀ ਲਾਗਤ ਘਟੇ ਅਤੇ ਕੁਦਰਤੀ ਸਰੋਤਾਂ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਇਸ ਪ੍ਰੋਜੈਕਟ ਅਧੀਨ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (DSR), AWD ਪਾਈਪ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪਰਾਲੀ ਪ੍ਰਬੰਧਨ ਅਤੇ ਨਵੀਆਂ ਤਕਨੀਕਾਂ
ਅਕਸ਼ੇ ਕੁਮਾਰ ਨੇ ਦੱਸਿਆ ਕਿ Project Prana ਰਾਹੀਂ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਸਿੱਧੇ ਖੇਤਾਂ ਵਿੱਚ ਹੀ ਸੰਭਾਲਣ ਦੇ ਤਰੀਕੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਖੇਤੀਬਾੜੀ ਵਿਭਿੰਨਤਾ ਨਾਲ ਜੋੜਨ ਲਈ ਬਾਗ਼ਬਾਨੀ ਅਤੇ ਪੌਪਲਰ ਵਰਗੇ ਦਰੱਖਤਾਂ ਦੀ ਕਾਸ਼ਤ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਦਿਸ਼ਾ-ਨਿਰਦੇਸ਼ ਅਤੇ ਸਿਫ਼ਾਰਸ਼ ਕਿਸਾਨ ਮੇਲਿਆਂ, ਪਿੰਡ ਪੱਧਰੀ ਕੈਂਪਾਂ ਅਤੇ ਨਿਰੰਤਰ ਮੀਟਿੰਗਾਂ ਰਾਹੀਂ ਸਾਂਝੇ ਕੀਤੇ ਜਾਂਦੇ ਹਨ। ਮਿੱਟੀ ਦੀ ਉਪਜਾਊ ਸ਼ਕਤੀ ਦੀ ਜਾਂਚ ਲਈ ਵਿਸ਼ੇਸ਼ ‘ਸੋਇਲ ਟੈਸਟਿੰਗ ਲੈਬ’ ਵੀ ਸਥਾਪਤ ਕੀਤੀ ਗਈ ਹੈ।
ਜ਼ਿਕਰਯੋਗ, ਇਸ ਸਾਲ ਸੰਸਥਾ ਵੱਲੋਂ ਮਿੱਟੀ ਵਿੱਚ ਜੈਵਿਕ ਕਾਰਬਨ ਵਧਾਉਣ ਲਈ ਬਾਇਓਚਾਰ ਦੇ ਪਲੌਟ ਵੀ ਲਗਾਏ ਗਏ ਹਨ। ਅਕਸ਼ੇ ਕੁਮਾਰ ਦੇ ਮੁਤਾਬਕ ਪਿਛਲੇ ਚਾਰ ਸਾਲਾਂ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਵਾਤਾਵਰਣ-ਪੱਖੀ ਸਕਾਰਾਤਮਕ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ।
AWD ਪਾਈਪ: ਪਾਣੀ ਦੀ ਬੱਚਤ
ਮਾਨਵ ਵਿਕਾਸ ਸੰਸਥਾਨ (MVS) ਵੱਲੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਬਤੌਰ ਪ੍ਰੋਜੈਕਟ ਐਸੋਸੀਏਟ ਸੇਵਾਵਾਂ ਨਿਭਾ ਰਹੀ ਅਰਸ਼ਦੀਪ ਕੌਰ ਨੇ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਉਹ ਮਿੱਟੀ, ਪਾਣੀ ਅਤੇ ਹਵਾ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਖੇਤੀ ਜੰਗਲਾਤ (ਐਗਰੋ-ਫੌਰੈਸਟਰੀ) ਤਹਿਤ ਨਾਸ਼ਪਤੀ ਅਤੇ ਪੌਪਲਰ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਹਨ।
ਪਾਣੀ ਦੇ ਪ੍ਰਬੰਧਨ ਬਾਰੇ ਗੱਲ ਕਰਦਿਆਂ ਅਰਸ਼ਦੀਪ ਕੌਰ ਨੇ ਦੱਸਿਆ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਦੀ ਬੱਚਤ ਲਈ ‘ਅਲਟਰਨੇਟ ਵੈੱਟਿੰਗ ਐਂਡ ਡਰਾਇੰਗ’ (AWD) ਪਾਈਪ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਇਹ ਇੱਕ ਤੋਂ ਡੇਢ ਫੁੱਟ ਲੰਬੀ ਪਲਾਸਟਿਕ ਦੀ ਪਾਈਪ ਹੁੰਦੀ ਹੈ, ਜਿਸ ਵਿੱਚ ਛੇਕ ਕੀਤੇ ਹੁੰਦੇ ਹਨ। ਇਸ ਪਾਈਪ ਦਾ ਲਗਭਗ 8 ਇੰਚ ਹਿੱਸਾ ਮਿੱਟੀ ਦੇ ਅੰਦਰ ਦਬਾਇਆ ਜਾਂਦਾ ਹੈ ਅਤੇ ਉੱਪਰਲਾ 2 ਇੰਚ ਹਿੱਸਾ ਪਾਣੀ ਦੇ ਪੱਧਰ ਦੀ ਨਿਗਰਾਨੀ ਲਈ ਬਾਹਰ ਰੱਖਿਆ ਜਾਂਦਾ ਹੈ। ਖੇਤ ਵਿੱਚ ਪਾਈਪ ਲਗਾਉਣ ਤੋਂ ਬਾਅਦ, ਇਸ ਦੇ ਅੰਦਰਲੀ ਮਿੱਟੀ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।
ਪਾਈਪ ਲਗਾਉਣ ਦਾ ਤਰੀਕਾ ਅਤੇ ਫ਼ਾਇਦੇ
ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਅਰਸ਼ਦੀਪ ਕੌਰ ਨੇ ਦੱਸਿਆ ਕਿ ਇਹ ਪਾਈਪ ਖੇਤ ਦੀ ਵੱਟ ਤੋਂ ਘੱਟੋ-ਘੱਟ ਡੇਢ ਤੋਂ ਦੋ ਫੁੱਟ ਜਾਂ ਇਸ ਤੋਂ ਵੱਧ ਦੂਰੀ ‘ਤੇ ਲਗਾਈ ਜਾਣੀ ਚਾਹੀਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਖੇਤ ਪੂਰੀ ਤਰ੍ਹਾਂ ਪੱਧਰਾ ਹੋਣਾ ਚਾਹੀਦਾ ਹੈ, ਤਾਂ ਜੋ ਪਾਈਪ ਦੇ ਅੰਦਰਲਾ ਪਾਣੀ ਦਾ ਪੱਧਰ ਪੂਰੇ ਖੇਤ ਵਿੱਚ ਨਮੀ ਦੀ ਸਥਿਤੀ ਨੂੰ ਸਹੀ ਢੰਗ ਨਾਲ ਦਰਸਾ ਸਕੇ।
ਇਸ ਤਕਨੀਕ ਦੇ ਲਾਭ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਖੇਤ ਵਿੱਚ ਹਰ ਸਮੇਂ ਪਾਣੀ ਖੜ੍ਹਾ ਰੱਖਣ ਨਾਲ ਨਮੀ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਝੋਨੇ ਵਿੱਚ ਗਾਲਾ ਅਤੇ ਉੱਲੀ ਰੋਗ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। AWD ਪਾਈਪ ਰਾਹੀਂ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਂਦਾ ਹੈ, ਜਿਸ ਨਾਲ ਫ਼ਸਲ ਉੱਲੀ ਰੋਗਾਂ ਤੋਂ ਬਚੀ ਰਹਿੰਦੀ ਹੈ। ਨਤੀਜੇ ਵਜੋਂ, ਕਿਸਾਨਾਂ ਦਾ ਮਹਿੰਗੀਆਂ ਉੱਲੀਨਾਸ਼ਕ ਦਵਾਈਆਂ ‘ਤੇ ਹੋਣ ਵਾਲਾ ਖ਼ਰਚਾ ਬੱਚਦਾ ਹੈ ਅਤੇ ਘੱਟ ਲਾਗਤ ਵਿੱਚ ਵੱਧ ਝਾੜ ਪ੍ਰਾਪਤ ਹੁੰਦਾ ਹੈ।
‘Project Prana’ ਅੱਜ ਪੰਜਾਬ ਦੀ ਖੇਤੀਬਾੜੀ ਨੂੰ ਮੁੜ ਰਾਹ ‘ਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦਰਅਸਲ, ਅਕਸ਼ੇ ਕੁਮਾਰ ਅਤੇ ਅਰਸ਼ਦੀਪ ਕੌਰ ਵਰਗੇ ਜ਼ਮੀਨੀ ਪੱਧਰ ‘ਤੇ ਜੁੜੇ ਮਾਹਿਰਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਖੇਤੀਬਾੜੀ ਵਿੱਚ ਸਿਰਫ਼ ਪੈਦਾਵਾਰ ਹੀ ਅਹਿਮ ਨਹੀਂ, ਸਗੋਂ ਧਰਤੀ ਅਤੇ ਵਾਤਾਵਰਣ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਜੇਕਰ ਕਿਸਾਨ ਇਹਨਾਂ ਨਵੀਆਂ ਤਕਨੀਕਾਂ ਨੂੰ ਅਪਣਾਉਣਗੇ ਤਾਂ ਹੀ ਪੰਜਾਬ ਦਾ ਭਵਿੱਖ ਹਰਿਆ-ਭਰਿਆ ਅਤੇ ਖ਼ੁਸ਼ਹਾਲ ਬਣਿਆ ਰਹੇਗਾ।
COMMENTS