ਅਜਿਹੇ ਸਮੇਂ ਜਦੋਂ ਪੰਜਾਬ ਦੀ ਖੇਤੀਬਾੜੀ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਅਤੇ ਖੇਤੀ ਲਾਗਤਾਂ ਵਿੱਚ ਹੋ ਰਹੇ ਵਾਧੇ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਸੂਬੇ ਦੇ ਕੁਝ ਅਗਾਂਹਵਧੂ ਕ
ਅਜਿਹੇ ਸਮੇਂ ਜਦੋਂ ਪੰਜਾਬ ਦੀ ਖੇਤੀਬਾੜੀ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਅਤੇ ਖੇਤੀ ਲਾਗਤਾਂ ਵਿੱਚ ਹੋ ਰਹੇ ਵਾਧੇ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਸੂਬੇ ਦੇ ਕੁਝ ਅਗਾਂਹਵਧੂ ਕਿਸਾਨਾਂ ਨੇ ਨਵੀਨਤਮ ਸੋਚ ਅਤੇ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਮੁਨਾਫ਼ਾ ਕਮਾਉਣ ਦਾ ਇੱਕ ਨਵਾਂ ਰਾਹ ਤਿਆਰ ਕੀਤਾ ਹੈ। ਅਜਿਹੇ ਹੀ ਨਿਵੇਕਲੇ ਯਤਨਾਂ ਨੂੰ ਉਸ ਸਮੇਂ ਵੱਡੀ ਮਾਨਤਾ ਮਿਲੀ ਜਦੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਵਿਖੇ ਆਯੋਜਿਤ ਦੋ-ਰੋਜ਼ਾ ਪਸ਼ੂ ਪਾਲਣ ਮੇਲੇ ਦੌਰਾਨ ਸੂਬੇ ਦੇ ਤਿੰਨ ਉੱਘੇ ਪਸ਼ੂ ਪਾਲਕਾਂ ਨੂੰ ‘CM Awards’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ, GADVASU ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ PAU ਦੇ ਰਜਿਸਟਰਾਰ ਅਤੇ ਕਾਰਜਕਾਰੀ ਵਾਈਸ-ਚਾਂਸਲਰ ਸੁਖਜੀਤ ਪਾਲ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ, ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਐਵਾਰਡ ਸਿਰਫ਼ ਇੱਕ ਸਨਮਾਨ ਨਹੀਂ, ਸਗੋਂ ਉਨ੍ਹਾਂ ਕਿਸਾਨਾਂ ਦੀ ਦੂਰਅੰਦੇਸ਼ੀ ਦੀ ਪਛਾਣ ਹਨ ਜਿਨ੍ਹਾਂ ਨੇ ਪਸ਼ੂ-ਪਾਲਣ ਦੇ ਖੇਤਰ ਵਿੱਚ ਆਧੁਨਿਕ ਵਿਗਿਆਨਕ ਤਕਨੀਕਾਂ ਅਪਣਾ ਕੇ ਆਪਣੇ ਮੁਨਾਫ਼ੇ ਵਿੱਚ ਚੋਖਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ, ਇਨ੍ਹਾਂ ਪੁਰਸਕਾਰਾਂ ਵਿੱਚ ਯਾਦਗਾਰੀ ਤਖ਼ਤੀ, ਸ਼ਾਲ, ਪ੍ਰਸ਼ੰਸਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਹੈ।
ਬਲਵਿੰਦਰ ਸਿੰਘ: ਡੇਅਰੀ ਫਾਰਮਿੰਗ ‘ਚ ਆਧੁਨਿਕੀਕਰਨ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੌਂਤਰਾ ਦੇ ਵਸਨੀਕ ਬਲਵਿੰਦਰ ਸਿੰਘ (ਸਪੁੱਤਰ ਸੁਰਜੀਤ ਸਿੰਘ) ਨੂੰ ‘ਨਵੀਨਤਮ ਪਸ਼ੂ ਪਾਲਕ’ (ਕੈਟਲ ਕੈਟਾਗਰੀ) ਵਿੱਚ ਮੁੱਖ ਮੰਤਰੀ ਐਵਾਰਡ ਅਤੇ ₹21,000 ਦੀ ਨਕਦ ਰਾਸ਼ੀ ਨਾਲ ਨਾਲ ਨਿਵਾਜਿਆ ਗਿਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਵਿੱਚ ਆਧੁਨਿਕ ਮਸ਼ੀਨੀਕਰਨ, ਉੱਚ-ਮਿਆਰੀ ਬਰੀਡਿੰਗ ਅਤੇ ਸੁਚੱਜੇ ਰਿਕਾਰਡ ਪ੍ਰਬੰਧਨ ਦਾ ਬਿਹਤਰੀਨ ਮਾਡਲ ਕਾਇਮ ਕੀਤਾ ਹੈ। ਉਹਨਾਂ ਦੇ ਫਾਰਮ ਵਿੱਚ ਲਗਭਗ 90 ਗਾਵਾਂ, ਵੱਛੀਆਂ ਅਤੇ ਉੱਤਮ ਨਸਲ ਦੇ ਦੁਧਾਰੂ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 12 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਫਾਰਮ ਵਿੱਚ ਇੱਕ ਆਧੁਨਿਕ ਮਿਲਕਿੰਗ ਪਾਰਲਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਮਨੁੱਖੀ ਸੰਪਰਕ ਤੋਂ ਬਿਨਾਂ ਦੁੱਧ ਚੋਇਆ ਜਾਂਦਾ ਹੈ।
ਰਾਜੇਸ਼ ਗਰਗ: ਵਾਤਾਵਰਣ ਪੱਖੀ ਪੋਲਟਰੀ ਫਾਰਮਿੰਗ
ਸੰਗਰੂਰ ਜ਼ਿਲ੍ਹੇ ਦੇ ਰਾਜੇਸ਼ ਗਰਗ (ਸਪੁੱਤਰ ਚਮਨ ਲਾਲ) ਨੂੰ ‘ਨਵੀਨਤਮ ਪੋਲਟਰੀ ਫਾਰਮਰ’ ਸ਼੍ਰੇਣੀ ਦੇ ਤਹਿਤ ਐਵਾਰਡ ਅਤੇ ₹11,000 ਦੀ ਨਕਦ ਰਾਸ਼ੀ ਦਿੱਤੀ ਗਈ। ਰਾਜੇਸ਼ ਗਰਗ ਦਾ ਪੋਲਟਰੀ ਫਾਰਮ 15 ਏਕੜ ਰਕਬੇ ਵਿੱਚ ਹੈ, ਜਿੱਥੇ ਤਾਪਮਾਨ ਕੰਟਰੋਲ ਸ਼ੈੱਡਾਂ ਵਿੱਚ 4,50,000 ਅੰਡੇ ਦੇਣ ਵਾਲੀਆਂ ਮੁਰਗੀਆਂ ਅਤੇ 2 ਲੱਖ ਚੂਚੇ ਮੌਜੂਦ ਹਨ। ਵਾਤਾਵਰਣ ਅਨੁਕੂਲ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕ ਅਪਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਉਨ੍ਹਾਂ ਨੂੰ ਮਾਨਤਾ ਮਿਲੀ ਹੈ। ਕਾਰੋਬਾਰ ਦੇ ਨਾਲ-ਨਾਲ, ਉਹ ਨੇੜਲੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾ ਕੇ ਸਮਾਜ ਸੇਵਾ ਵੀ ਕਰ ਰਹੇ ਹਨ।
ਜਰਨੈਲ ਸਿੰਘ: ਦੁੱਧ ਪ੍ਰੋਸੈਸਿੰਗ ਦੇ ਮੋਹਰੀ
ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਕਸਬੇ ਦੇ ਵਸਨੀਕ ਜਰਨੈਲ ਸਿੰਘ (ਸਪੁੱਤਰ ਜਸਵੰਤ ਸਿੰਘ) ਨੇ ‘ਪਸ਼ੂ ਉਤਪਾਦਾਂ ਦੀ ਵੈਲਿਊ ਐਡੀਸ਼ਨ’ ਸ਼੍ਰੇਣੀ ਵਿੱਚ ਐਵਾਰਡ ਅਤੇ 11,000 ਰੁਪਏ ਦਾ ਨਕਦ ਇਨਾਮ ਜਿੱਤਿਆ। ਜਰਨੈਲ ਸਿੰਘ ਲਗਭਗ 50,000 ਲੀਟਰ ਦੀ ਰੋਜ਼ਾਨਾ ਸਮਰੱਥਾ ਵਾਲਾ ਦੁੱਧ ਪ੍ਰੋਸੈਸਿੰਗ ਯੂਨਿਟ ਚਲਾਉਂਦੇ ਹਨ। ਉਹ ਸਿਰਫ਼ ਕੱਚਾ ਦੁੱਧ ਵੇਚਣ ਦੀ ਬਜਾਏ, ਉਸ ਤੋਂ ਮਿਆਰੀ ਉਤਪਾਦ, ਮਠਿਆਈਆਂ ਅਤੇ ਹੋਰ ਉਪ-ਉਤਪਾਦ ਨੂੰ ਵਿਗਿਆਨਕ ਤਰੀਕਿਆਂ ਨਾਲ ਤਿਆਰ ਕਰਕੇ ਸਿੱਧੇ ਬਾਜ਼ਾਰ ਵਿੱਚ ਵੇਚਦੇ ਹਨ, ਜਿਸ ਨਾਲ ਮੁਨਾਫ਼ਾ ਕਈ ਗੁਣਾ ਵੱਧ ਜਾਂਦਾ ਹੈ।
ਵਡਮੁੱਲੇ ਯੋਗਦਾਨ ਲਈ ਸਨਮਾਨ
ਇਸ ਸਫ਼ਲਤਾ ਦੇ ਪਿੱਛੇ ਨਾ ਸਿਰਫ਼ ਪਸ਼ੂ ਪਾਲਕਾਂ ਦੀ, ਸਗੋਂ ਇਸ ਖੇਤਰ ਨੂੰ ਮਜ਼ਬੂਤ ਕਰਨ ਵਾਲੇ ਸਮੁੱਚੇ ਢਾਂਚੇ ਦੀ ਵੀ ਅਹਿਮ ਭੂਮਿਕਾ ਰਹੀ ਹੈ। ਇਸੇ ਸੋਚ ਤਹਿਤ, ਪਸ਼ੂ ਖ਼ੁਰਾਕ ਵਿੱਚ ਮਿਆਰੀ ਤਬਦੀਲੀਆਂ ਲਿਆਉਣ ਵਾਲੇ ਅਗਾਂਹਵਧੂ ਕਿਸਾਨ ਅਤੇ ਫੀਡ ਮਿੱਲਰ ਮਨਦੀਪ ਸਿੰਘ ਖੱਟੜਾ ਅਤੇ ਉੱਨਤੀ ਕੋਆਪਰੇਟਿਵ (ਹੁਸ਼ਿਆਰਪੁਰ) ਦੇ ਜਯੋਤੀ ਸਰੂਪ ਦੇ ਵਡਮੁੱਲੇ ਯੋਗਦਾਨ ਦਾ ਵਿਸ਼ੇਸ਼ ਗੌਰਵ ਵਧਾਇਆ ਗਿਆ। ਇਹ ਸਮਾਗਮ ਸਿਰਫ਼ ਇੱਕ ਮੇਲਾ ਜਾਂ ਸਨਮਾਨ ਸਮਾਰੋਹ ਨਹੀਂ, ਸਗੋਂ ਰਵਾਇਤੀ ਖੇਤੀ ਵਿੱਚ ਘਿਰੇ ਕਿਸਾਨਾਂ ਲਈ ਇੱਕ ਉਮੀਦ ਬਣ ਕੇ ਉੱਭਰਿਆ ਹੈ ਜੋ ਕਿ ਦਰਸਾਉਂਦਾ ਹੈ ਕਿ ਨਵੀਨ ਸੋਚ, ਆਧੁਨਿਕ ਤਕਨੀਕ ਅਤੇ ਸਹਾਇਕ ਕਿੱਤਿਆਂ ਨਾਲ ਆਪਣੀ ਧਰਤੀ ‘ਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
COMMENTS