ਸਾਲ 2022 ਦੌਰਾਨ ਉੱਤਰੀ ਭਾਰਤ ਵਿੱਚ ਪਸ਼ੂਆਂ ਦਾ ਭਾਰੀ ਆਰਥਿਕ ਅਤੇ ਜਾਨੀ ਨੁਕਸਾਨ ਕਰਨ ਵਾਲੀ ਭਿਆਨਕ “ਲੰਪੀ ਸਕਿਨ ਬਿਮਾਰੀ” (Lumpy Skin Disease) ਇੱਕ ਵਾਰ ਫਿਰ ਪਸ਼ੂਆਂ, ਖ਼ਾਸ ਕ
ਸਾਲ 2022 ਦੌਰਾਨ ਉੱਤਰੀ ਭਾਰਤ ਵਿੱਚ ਪਸ਼ੂਆਂ ਦਾ ਭਾਰੀ ਆਰਥਿਕ ਅਤੇ ਜਾਨੀ ਨੁਕਸਾਨ ਕਰਨ ਵਾਲੀ ਭਿਆਨਕ “ਲੰਪੀ ਸਕਿਨ ਬਿਮਾਰੀ” (Lumpy Skin Disease) ਇੱਕ ਵਾਰ ਫਿਰ ਪਸ਼ੂਆਂ, ਖ਼ਾਸ ਕਰਕੇ ਗਾਵਾਂ ਵਿੱਚ ਫੈਲ ਰਹੀ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU), ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਜੇ. ਪੀ. ਐੱਸ. ਗਿੱਲ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਡੇਅਰੀ ਫ਼ਾਰਮਾਂ ਉੱਤੇ ਸਫ਼ਾਈ ਅਤੇ ਜੈਵਿਕ ਸੁਰੱਖਿਆ (Biosecurity) ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
ਬਿਮਾਰੀ ਦਾ ਕਾਰਨ ਅਤੇ ਫੈਲਾਅ
ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ Lumpy Skin Disease ਇੱਕ ਵਾਇਰਸ ਜਨਿਤ ਰੋਗ ਹੈ, ਜੋ ਕਿ ‘Capripoxvirus’ ਕਾਰਨ ਹੁੰਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਇਹ ਬਿਮਾਰੀ ਸਿੱਧੇ ਸੰਪਰਕ ਤੋਂ ਇਲਾਵਾ ਮੁੱਖ ਤੌਰ ‘ਤੇ ਮੱਛਰਾਂ, ਚਿੱਚੜਾਂ ਅਤੇ ਖ਼ੂਨ ਚੂਸਣ ਵਾਲੀਆਂ ਮੱਖੀਆਂ ਰਾਹੀਂ ਇੱਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਬੜੀ ਤੇਜ਼ੀ ਨਾਲ ਫੈਲਦੀ ਹੈ।
ਪ੍ਰਮੁੱਖ ਲੱਛਣ ਅਤੇ ਪਛਾਣ
ਡਾ. ਰੰਧਾਵਾ ਦੱਸਦੇ ਹਨ ਕਿ Lumpy Skin Disease ਦੀ ਸ਼ੁਰੂਆਤ ਪਸ਼ੂ ਨੂੰ ਤੇਜ਼ ਬੁਖ਼ਾਰ (ਲਗਭਗ 106 ਡਿਗਰੀ ਫਾਰਨਹੀਟ) ਚੜ੍ਹਨ ਨਾਲ ਹੁੰਦੀ ਹੈ। ਇਸ ਤੋਂ ਬਾਅਦ ਪਸ਼ੂ ਦੇ ਸਰੀਰ ‘ਤੇ 2 ਤੋਂ 5 ਸੈਂਟੀਮੀਟਰ ਤੱਕ ਦੀਆਂ ਸਖ਼ਤ ਗੰਢਾਂ ਬਣ ਜਾਂਦੀਆਂ ਹਨ। ਕਈ ਵਾਰ ਇਹ ਜ਼ਖ਼ਮ ਪਸ਼ੂ ਦੇ ਮੂੰਹ, ਗਲੇ ਅਤੇ ਸਾਹ ਨਾਲੀ ਤੱਕ ਫੈਲ ਜਾਂਦੇ ਹਨ, ਜਿਸ ਨਾਲ ਨਮੂਨੀਆ, ਗਲੇ ਅਤੇ ਲੱਤਾਂ ਵਿੱਚ ਸੋਜਿਸ਼, ਲਿੰਫ ਨੋਡਜ਼ ਦਾ ਵਧਣਾ, ਨੱਕ ਅਤੇ ਅੱਖਾਂ ਵਿੱਚੋਂ ਪਾਣੀ ਵਗਣਾ, ਮੂੰਹ ਵਿੱਚੋਂ ਲਾਰਾਂ ਡਿੱਗਣਾ, ਭੁੱਖ ਨਾ ਲੱਗਣਾ ਅਤੇ ਦੁੱਧ ਉਤਪਾਦਨ ਵਿੱਚ ਭਾਰੀ ਗਿਰਾਵਟ ਆਉਣਾ ਸ਼ਾਮਲ ਹਨ।
ਇਲਾਜ ਅਤੇ ਸਾਂਭ-ਸੰਭਾਲ ਦੇ ਨੁਕਤੇ
ਡਾ. ਰੰਧਾਵਾ ਨੇ ਦੱਸਿਆ ਕਿ ਵਾਇਰਲ ਬਿਮਾਰੀ ਹੋਣ ਕਾਰਨ ਇਸ ਦਾ ਕੋਈ ਸਿੱਧਾ ਪੱਕਾ ਇਲਾਜ ਨਹੀਂ ਹੈ। ਤੇਜ਼ ਬੁਖ਼ਾਰ ਵਾਲੇ ਪਸ਼ੂਆਂ ਨੂੰ ਮਾਹਿਰ ਪਸ਼ੂ ਡਾਕਟਰ ਦੀ ਸਲਾਹ ਨਾਲ ਬੁਖ਼ਾਰ ਘਟਾਉਣ ਵਾਲੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਜੇਕਰ ਬੁਖ਼ਾਰ ਨਾ ਉੱਤਰੇ ਜਾਂ ਪਸ਼ੂ ਨੂੰ ਸਾਹ ਲੈਣ ਵਿੱਚ ਦਿੱਕਤ ਆਵੇ, ਤਾਂ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਨੂੰ ਰੋਕਣ ਲਈ ਡਾਕਟਰੀ ਨਿਗਰਾਨੀ ਹੇਠ ਐਂਟੀਬਾਇਓਟਿਕਸ ਵਰਤਣੇ ਚਾਹੀਦੇ ਹਨ। ਨੇੜਲੇ ਪਸ਼ੂਆਂ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵੈਕਟਰ ਕੰਟਰੋਲ ਰਣਨੀਤੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਪਸ਼ੂਆਂ ਦੀ ਆਵਾਜਾਈ ‘ਤੇ ਰੋਕ ਅਤੇ ਟੀਕਾਕਰਨ
ਵੈਟਰਨਰੀ ਮੈਡੀਸਨ ਵਿਭਾਗ ਦੀ ਮੁਖੀ ਡਾ. ਸੁਸ਼ਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮੌਜੂਦਾ ਹਾਲਾਤ ਦੌਰਾਨ ਬਾਹਰੋਂ ਪਸ਼ੂਆਂ ਦੀ ਖ਼ਰੀਦ-ਵੇਚ ਅਤੇ ਆਵਾਜਾਈ ਤੋਂ ਗੁਰੇਜ਼ ਕੀਤਾ ਜਾਵੇ। ਪਸ਼ੂ ਪਾਲਣ ਵਿਭਾਗ ਵੱਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਵਿੱਚ ਪੂਰਾ ਸਹਿਯੋਗ ਦੇ ਕੇ ਤੰਦਰੁਸਤ ਪਸ਼ੂਆਂ ਨੂੰ ਤੁਰੰਤ ਟੀਕਾ ਲਗਵਾਇਆ ਜਾਵੇ। ਜ਼ਿਕਰਯੋਗ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਬਿਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ । ਇਸ ਲਈ, ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਜਾਂ ਪਾਸਚੁਰਾਈਜ਼ ਕਰਕੇ ਬਿਨਾਂ ਕਿਸੇ ਡਰ ਤੋਂ ਵਰਤਿਆ ਜਾ ਸਕਦਾ ਹੈ।
ਪਸ਼ੂ ਪਾਲਣ ਮੇਲੇ ‘ਚ ਜਾਗਰੂਕਤਾ ਮੁਹਿੰਮ
ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ GADVASU ਵੱਲੋਂ 18 ਅਤੇ 19 ਸਤੰਬਰ 2026 ਨੂੰ ਵਿਸ਼ੇਸ਼ ਪਸ਼ੂ ਪਾਲਣ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਮੁੱਖ ਵਿਸ਼ਾ “ਜੈਵਿਕ ਸੁਰੱਖਿਆ ਨੂੰ ਮਜ਼ਬੂਤ ਕਰੋ-ਪਸ਼ੂਆਂ ਦੀਆਂ ਬਿਮਾਰੀਆਂ ਨੂੰ ਰੋਕੋ” ਰੱਖਿਆ ਗਿਆ ਹੈ, ਜਿੱਥੇ ਪਸ਼ੂ ਪਾਲਕਾਂ ਨੂੰ ਫ਼ਾਰਮ ਪ੍ਰਬੰਧਨ ਅਤੇ ਰੋਗ ਰੋਕਥਾਮ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
COMMENTS