ਪੰਜਾਬ ‘ਚ ਸ਼ਹਿਦ ਮੱਖੀਆਂ ‘ਤੇ Small Hive Beetle ਦਾ ਹਮਲਾ, ਮਾਹਿਰਾਂ ਵੱਲੋਂ ਸੁਝਾਅ ਜਾਰੀ

ਪੰਜਾਬ ‘ਚ ਸ਼ਹਿਦ ਮੱਖੀਆਂ ‘ਤੇ Small Hive Beetle ਦਾ ਹਮਲਾ, ਮਾਹਿਰਾਂ ਵੱਲੋਂ ਸੁਝਾਅ ਜਾਰੀPic Credit: honeybeesuite

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਸਰਵੇਖਣ ਦੌਰਾਨ ਸੂਬੇ ਦੇ ਸ਼ਹਿਦ ਮੱਖੀ ਫਾਰਮਾਂ ‘ਤੇ ਸਮਾਲ ਹਾਈਵ ਬੀਟਲ ਦਾ ਹਮਲਾ ਦੇਖਿਆ ਗਿਆ

Cotton Belt: ਪੰਜਾਬ ਦੀ ਨਰਮਾ ਪੱਟੀ ‘ਤੇ ਵੱਡਾ ਸੰਕਟ, ਮਾਲਵੇ ਦੇ ਖੇਤਾਂ ਵਿੱਚੋਂ ਗ਼ਾਇਬ ਹੋਣ ਲੱਗਾ ‘ਚਿੱਟਾ ਸੋਨਾ’ 
ਕਿਸਾਨਾਂ ‘ਤੇ ਦੋਹਰੀ ਮਾਰ: ਮੰਡੀਆਂ ‘ਚ ਭਿੱਜਿਆ ਅਨਾਜ ਤੇ ਖੇਤਾਂ ‘ਚ ਖੜ੍ਹਾ ਪਾਣੀ, ਕੀ ਸਾਲ ਭਰ ਦੀ ਮਿਹਨਤ ਹੋ ਜਾਵੇਗੀ ਬਰਬਾਦ?
ਟਿਕਾਊ ਭਵਿੱਖ ਲਈ ਡੇਅਰੀ ਫਾਰਮਿੰਗ ਸਿਖਲਾਈ: PAU-KVK ਰੋਪੜ ਦੀ ਪਹਿਲਕਦਮੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਸਰਵੇਖਣ ਦੌਰਾਨ ਸੂਬੇ ਦੇ ਸ਼ਹਿਦ ਮੱਖੀ ਫਾਰਮਾਂ ‘ਤੇ ਸਮਾਲ ਹਾਈਵ ਬੀਟਲ ਦਾ ਹਮਲਾ ਦੇਖਿਆ ਗਿਆ ਹੈ। ਇਹ ਬੀਟਲ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਲਈ ਇੱਕ ਨਵਾਂ ਅਤੇ ਵੱਡਾ ਖ਼ਤਰਾ ਬਣ ਕੇ ਉੱਭਰਿਆ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਸ਼ਹਿਦ ਮੱਖੀ ਪਾਲਕਾਂ ਲਈ ਵਿਸ਼ੇਸ਼ ਨਿਰਦੇਸ਼ ਅਤੇ ਸੁਝਾਅ ਜਾਰੀ ਕੀਤੇ ਹਨ।

ਬੀਟਲ ਦੀ ਪਛਾਣ ਅਤੇ ਜੀਵਨ ਚੱਕਰ

ਇਹ beetle ਆਮ ਤੌਰ ‘ਤੇ ਭੂਰੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਖੰਭ ਪੇਟ ਨੂੰ ਪੂਰੀ ਤਰ੍ਹਾਂ ਨਹੀਂ ਢੱਕਦੇ। ਇਸ ਤੋਂ ਇਲਾਵਾ, ਬੀਟਲਾਂ ਚਿੱਟੇ ਰੰਗ ਦੇ ਛੋਟੇ ਅਤੇ ਲੰਬੂਤਰੇ ਅੰਡੇ ਝੁੰਡ ਵਿੱਚ ਦਿੰਦੀਆਂ ਹਨ। ਬਾਅਦ ਵਿੱਚ, ਅੰਡਿਆਂ ਵਿੱਚੋਂ ਨਿਕਲਣ ਵਾਲੀਆਂ ਸੁੰਡੀਆਂ ਪੂਰੀਆਂ ਵਿਕਸਿਤ ਹੋ ਕੇ ਜ਼ਮੀਨ ਵਿੱਚ ਚਲੀਆਂ ਜਾਂਦੀਆਂ ਹਨ, ਜਿੱਥੇ ਇਹ ਪਿਊਪੇ ਬਣਾਉਂਦੀਆਂ ਹਨ ਅਤੇ ਫਿਰ ਵਿੱਚ ਬਾਲਗ ਬੀਟਲ ਬਣ ਕੇ ਬਾਹਰ ਨਿਕਲਦੀਆਂ ਹਨ।

ਬੀਟਲ ਦੁਆਰਾ ਨੁਕਸਾਨ

ਇਸ ਕੀੜੇ ਦੀਆਂ ਸੁੰਡੀਆਂ ਅਤੇ ਬਾਲਗ ਬੀਟਲ ਦੋਵੇਂ ਹੀ ਸ਼ਹਿਦ ਮੱਖੀਆਂ ਦੇ ਕਟੁੰਬਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ, ਕਿਉਂਕਿ ਇਹ ਬਰੂਡ, ਸ਼ਹਿਦ, ਪਰਾਗ ਅਤੇ ਛੱਤਿਆਂ ਨੂੰ ਖਾ ਕੇ ਨਸ਼ਟ ਕਰ ਦਿੰਦੇ ਹਨ। ਨਾਲ ਹੀ, ਇਹ ਸ਼ਹਿਦ ਵਿੱਚ ਮਲ ਤਿਆਗਣ ਕਰਕੇ ਉਸ ਨੂੰ ਪੂਰੀ ਤਰ੍ਹਾਂ ਖ਼ਰਾਬ ਕਰ ਦਿੰਦੇ ਹਨ, ਜਿਸ ਕਰਕੇ ਉਹ ਵਰਤੋਂ ਯੋਗ ਨਹੀਂ ਰਹਿੰਦਾ। ਇਹ ਬੀਟਲ ਅਤੇ ਸੁੰਡੀਆਂ ਬਚਣ ਲਈ ਹਾਈਵ ਦੇ ਹਨੇਰੇ ਵਾਲੇ ਕੋਨਿਆਂ, ਝੀਥਾਂ ਅਤੇ ਸੈੱਲਾਂ ਵਿੱਚ ਲੁਕ ਕੇ ਰਹਿੰਦੇ ਹਨ।

ਰੋਕਥਾਮ ਅਤੇ ਬਚਾਅ ਦੇ ਸੁਝਾਅ

ਯੂਨੀਵਰਸਿਟੀ ਦੇ ਮਾਹਿਰਾਂ ਨੇ ਇਸ beetle ਦੇ ਫੈਲਾਅ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਸੁਝਾਏ ਹਨ:

  • ਨਿਯਮਿਤ ਨਿਰੀਖਣ: ਆਪਣੇ ਸ਼ਹਿਦ ਮੱਖੀ ਕਟੁੰਬਾਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ।
  • ਜ਼ਾਲੀ ਦੀ ਵਰਤੋਂ: ਛੱਤਿਆਂ ਨੂੰ 4-6 ਮਿਲੀਮੀਟਰ ਵਿਰਲ ਵਾਲੀ ਜ਼ਾਲੀ ਲੱਗੇ ਖਾਲੀ ਹਾਈਵ ਵਿੱਚ ਝਾੜ ਕੇ ਬੀਟਲਾਂ ਨੂੰ ਮੱਖੀਆਂ ਤੋਂ ਵੱਖ ਕਰੋ।
  • ਬੀਟਲਾਂ ਨੂੰ ਨਸ਼ਟ ਕਰਨਾ: ਇਕੱਠੀਆਂ ਕੀਤੀਆਂ ਬੀਟਲਾਂ ਨੂੰ ਅੱਗ ਦੀ ਲਾਟ ਨਾਲ ਜਾਂ ਸਾਬਣ ਵਾਲੇ ਪਾਣੀ ਵਿੱਚ ਡੁਬੋ ਕੇ ਮਾਰ ਦਿਓ।
  • ਫਾਰਮ ਤੋਂ ਦੂਰ ਨਾ ਝਾੜੋ: ਇਹ ਬੀਟਲਾਂ ਕਈ ਕਿਲੋਮੀਟਰ ਉੱਡਣ ਦੀ ਸਮਰੱਥਾ ਰੱਖਦੀਆਂ ਹਨ। ਇਨ੍ਹਾਂ ਨੂੰ ਫਾਰਮ ਤੋਂ ਦੂਰ ਝਾੜਨ ਦੀ ਗ਼ਲਤੀ ਕਦੇ ਨਾ ਕਰੋ, ਨਹੀਂ ਤਾਂ ਇਹ ਦੂਜੇ ਫਾਰਮਾਂ ਤੱਕ ਫੈਲ ਜਾਣਗੀਆਂ।

Beetle ਟਰੈਪ ਦੀ ਵਰਤੋਂ

ਕਟੁੰਬਾਂ ਵਿੱਚ ਬੀਟਲ ਟਰੈਪ ਲਗਾ ਕੇ ਵੀ ਇਨ੍ਹਾਂ ਬੀਟਲਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਇਸ ਲਈ ਟਰੈਪ ਵਿੱਚ 25-30 ਮਿਲੀਲਿਟਰ ਖਾਣ ਵਾਲਾ ਤੇਲ ਅਤੇ 5 ਮਿਲੀਲਿਟਰ ਸੇਬ ਦਾ ਸਿਰਕਾ ਮਿਲਾ ਕੇ ਪਾਓ ਅਤੇ ਹਮਲੇ ਦੇ ਹਿਸਾਬ ਨਾਲ ਪ੍ਰਤੀ ਕਟੁੰਬ 2 ਤੋਂ 4 ਟਰੈਪ ਛੱਤਿਆਂ ਦੇ ਵਿਚਕਾਰ ਟੰਗ ਦਿਓ।

ਗੰਭੀਰ ਹਮਲੇ ਸਮੇਂ ਜ਼ਰੂਰੀ ਕਦਮ

ਜੇਕਰ ਕਿਸੇ ਕਟੁੰਬ ਵਿੱਚ ਸੁੰਡੀਆਂ ਦਾ ਹਮਲਾ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਉਸ ਵਿੱਚੋਂ ਸਾਰੇ ਛੱਤੇ ਬਾਹਰ ਕੱਢ ਕੇ ਹਾਈਵ ਨੂੰ ਅੱਗ ਦਾ ਸੇਕ ਦਿਓ ਅਤੇ ਜ਼ਿਆਦਾ ਖ਼ਰਾਬ ਹੋ ਚੁੱਕੇ ਛੱਤਿਆਂ ਨੂੰ ਪਿਘਲਾ ਕੇ ਮੋਮ ਵੱਖ ਕਰ ਲਵੋ, ਪਰ ਧਿਆਨ ਰੱਖੋ ਕਿ ਇਨ੍ਹਾਂ ਸੁੰਡੀਆਂ ਨੂੰ ਕਦੇ ਵੀ ਖੁੱਲ੍ਹੇ ਵਿੱਚ ਬਾਹਰ ਨਾ ਸੁੱਟੋ। ਨਾਲ ਹੀ, ਸ਼ਹਿਦ ਮੱਖੀਆਂ ਨੂੰ ਖ਼ਰੀਦਣ ਅਤੇ ਵੇਚਣ ਸਮੇਂ ਇਹ ਯਕੀਨੀ ਬਣਾਓ ਕਿ ਕਟੁੰਬਾਂ ਵਿੱਚ ਇਹ ਬੀਟਲ ਜਾਂ ਇਸ ਦੀਆਂ ਸੁੰਡੀਆਂ ਬਿਲਕੁਲ ਮੌਜੂਦ ਨਾ ਹੋਣ। 

ਮਾਹਿਰਾਂ ਨਾਲ ਸੰਪਰਕ 

ਸ਼ਹਿਦ ਮੱਖੀ ਪਾਲਕ ਵਧੇਰੇ ਜਾਣਕਾਰੀ ਅਤੇ ਸਲਾਹ  ਲਈ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ: 

  • ਡਾ. ਜਸਪਾਲ ਸਿੰਘ (8054604967)
  • ਡਾ. ਅਮਿਤ ਚੌਧਰੀ (8283810668)
  • ਡਾ. ਭਾਰਤੀ ਮਹਿੰਦਰੂ (9872259602)

COMMENTS

WORDPRESS: 0