ਫੁੱਲਾਂ ਅਤੇ ਦਰੱਖਤਾਂ ਦੀ ਨਰਸਰੀ ਦੇ ਨਾਲ-ਨਾਲ ਸਬਜ਼ੀਆਂ ਦੀ ਨਰਸਰੀ ਦੀ ਮੰਗ ਵੀ ਕਿਸਾਨਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਤਿਆਰ ਬੂਟੇ ਲੈ ਕੇ ਕਿਸਾਨ ਆਪਣੀ ਫਸਲ ਦੀ ਸ਼ੁਰੂਆਤ ਮਜ਼ਬੂਤੀ
ਫੁੱਲਾਂ ਅਤੇ ਦਰੱਖਤਾਂ ਦੀ ਨਰਸਰੀ ਦੇ ਨਾਲ-ਨਾਲ ਸਬਜ਼ੀਆਂ ਦੀ ਨਰਸਰੀ ਦੀ ਮੰਗ ਵੀ ਕਿਸਾਨਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਤਿਆਰ ਬੂਟੇ ਲੈ ਕੇ ਕਿਸਾਨ ਆਪਣੀ ਫਸਲ ਦੀ ਸ਼ੁਰੂਆਤ ਮਜ਼ਬੂਤੀ ਨਾਲ ਕਰ ਸਕਦੇ ਹਨ ਅਤੇ ਨੁਕਸਾਨ ਘੱਟ ਹੁੰਦਾ ਹੈ।
ਅਜਿਹੀ ਹੀ ਇਕ ਸਫਲ ਮਿਸਾਲ ਹਨ ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ਦੇ ਭੁਪਿੰਦਰ ਸਿੰਘ ਗਿੱਲ, ਜਿਨ੍ਹਾਂ ਨੇ ਸੀਡ ਲਾਈਨ ਕੰਪਨੀ ਦੀ ਨੌਕਰੀ ਛੱਡ ਕੇ ਆਪਣੀ ਸਬਜ਼ੀਆਂ ਦੀ ਨਰਸਰੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਫਾਰਮ ਤੋਂ ਤਿਆਰ ਨਰਸਰੀ ਸਿੱਧੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਰਹੀ ਹੈ।
ਕਦੋਂ ਸ਼ੁਰੂ ਕੀਤੀ ਨਰਸਰੀ

ਭੁਪਿੰਦਰ ਸਿੰਘ ਗਿੱਲ ਦੱਸਦੇ ਹਨ ਕਿ ਖੇਤੀ ਨਾਲ ਉਨ੍ਹਾਂ ਦਾ ਰੁਝਾਨ ਸ਼ੁਰੂ ਤੋਂ ਹੀ ਸੀ। ਨੌਕਰੀ ਕਰਦਿਆਂ ਵੀ ਉਹ ਖੇਤੀਬਾੜੀ ਨਾਲ ਜੁੜੇ ਰਹੇ। ਇਸੀ ਰੁਝਾਨ ਦੇ ਚਲਦੇ ਉਨ੍ਹਾਂ ਨੇ 2014 ਵਿੱਚ ਨੌਕਰੀ ਦੇ ਨਾਲ-ਨਾਲ ਨਰਸਰੀ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲਾਂ ਦੇ ਤਜਰਬੇ ਤੋਂ ਬਾਅਦ 2017 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਨੌਕਰੀ ਪੂਰੀ ਤਰ੍ਹਾਂ ਛੱਡ ਕੇ ਨਰਸਰੀ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ।
ਕਿਵੇਂ ਹੋਏ ਸਫ਼ਲ

ਉਨ੍ਹਾਂ ਦੇ ‘ਬਾਬਾ ਬੁੱਢਾ ਨਰਸਰੀ ਫਾਰਮ’ ’ਤੇ ਕਿਸਾਨ ਵੱਡੀ ਗਿਣਤੀ ਵਿੱਚ ਸਬਜ਼ੀਆਂ ਦੀ ਨਰਸਰੀ ਲੈਣ ਆਉਂਦੇ ਹਨ। ਇੱਥੇ ਟਮਾਟਰ, ਗੋਭੀ, ਪਿਆਜ਼ ਸਮੇਤ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੂਟੇ ਤਿਆਰ ਕੀਤੇ ਜਾਂਦੇ ਹਨ। ਕੁਝ ਫਲ, ਜਿਵੇਂ ਪਪੀਤਾ ਆਦਿ ਦੀ ਨਰਸਰੀ ਵੀ ਉਪਲੱਬਧ ਹੈ, ਪਰ ਮੁੱਖ ਤੌਰ ’ਤੇ ਫਾਰਮ ਦੀ ਪਛਾਣ ਸਬਜ਼ੀਆਂ ਦੀ ਵਿਆਪਕ ਵੈਰਾਇਟੀ ਹੈ।

ਉਨ੍ਹਾਂ ਮੁਤਾਬਿਕ ਨਰਸਰੀ ਦੇ ਖੇਤਰ ਵਿੱਚ ਕਾਮਯਾਬ ਹੋਣ ਲਈ ਬੀਜ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਕੰਮ ਬੀਜ ‘ਤੇ ਹੀ ਨਿਰਭਰ ਹੈ। ਕਿਸਾਨ ਚੰਗੇ ਸਿਹਤਮੰਦ ਬੂਟੇ ਲਈ ਹੀ ਆਉਂਦਾ ਹੈ ਅਤੇ ਜੇਕਰ ਬੀਜ ਸਹੀ ਵਰਤਿਆ ਜਾਵੇਗਾ ਤਦੇ ਚੰਗਾ ਬੂਟਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੇ ਖੇਤੀ ਦੇ ਸ਼ੌਕ ਅਤੇ ਫਿਰ ਸੀਡ ਲਾਇਨ ਵਿੱਚ ਨੌਕਰੀ ਨੇ ਉਨ੍ਹਾਂ ਨੂੰ ਚੰਗਾ ਤਜਰਬਾ ਦਿੱਤਾ ਪਰ ਨਵੇਂ ਕਿਸਾਨ ਲਈ ਉਹ ਕਹਿੰਦੇ ਹਨ ਪਹਿਲਾ ਬੀਜ ਦੀ ਸਮਝ ਬਣਾਉਣੀ ਬਹੁਤ ਜ਼ਰੂਰੀ ਹੈ।
ਹਾਈ ਟੈਕ ਨਰਸਰੀ

ਉਨ੍ਹਾਂ ਨੇ ਆਪਣੇ ਫਾਰਮ ਵਿੱਚ ਪੌਲੀ ਹਾਊਸ ਬਣਾਇਆ ਹੋਇਆ ਹੈ। ਅਤੇ ਨਾਲ ਹੀ ਫੁਹਾਰਾ ਸਿਸਟਮ ਅਤੇ ਹੋਰ ਤਕਨੀਕੀ ਪ੍ਰਬੰਧਾਂ ਨਾਲ ਨਰਸਰੀ ਨੂੰ ਬਿਹਤਰ ਅਤੇ ਤਕਨੀਕੀ ਢੰਗ ਨਾਲ ਚਲਾ ਰਹੇ ਹਨ।

ਉਹ ਕਹਿੰਦੇ ਹਨ ਕਿ ਬੀਜ ਦੀ ਲਾਗਤ ਕੀਮਤ ਜਿਆਦਾ ਹੋਣ ਕਰਕੇ ਇਹਨਾਂ ਪ੍ਰਬੰਧਾਂ ਦੀ ਵਰਤੋਂ ਜ਼ਰੂਰੀ ਬਣ ਜਾਂਦੀ ਹੈ। ਬੀਜ ਦਾ ਇੱਕ ਵੀ ਦਾਣਾ ਨਾ ਹੋਣਾ ਨਰਸਰੀ ਲਈ ਨੁਕਸਾਨ ਹੀ ਹੈ। ਤਾਂ ਜਿੰਨੇ ਸੁਚੱਜੇ ਢੰਗ ਨਾਲ ਕੰਮ ਕੀਤਾ ਜਾਵੇਗਾ ਨਰਸਰੀ ਵਿੱਚ ਘਾਟਾ ਘਟੇਗਾ ਅਤੇ ਫੇਲ ਹੋਣ ਦਾ ਖ਼ਤਰਾ ਵੀ ਖਤਮ ਹੋਵੇਗਾ।
ਪਾਣੀ ਦੀ ਦੇਖ ਰੇਖ

ਉਨ੍ਹਾਂ ਮੁਤਾਬਿਕ ਪਾਣੀ ਨਰਸਰੀ ਦੇ ਕੰਮ ਲਈ ਵੱਡਾ ਪਹਿਲੂ ਹੈ। ਕਿਉਂਕਿ ਥੋੜ੍ਹਾ ਵੀ ਵੱਧ ਪਾਣੀ ਬੂਟੇ ਨੂੰ ਖ਼ਤਮ ਕਰ ਦਿੰਦਾ ਹੈ। ਚਾਹੇ ਫਿਰ ਬੂਟਾ ਨਰਸਰੀ ਵਿੱਚ ਹੋਵੇ ਚਾਹੇ ਕਿਸਾਨ ਨੇ ਆਪਣੇ ਖੇਤ ਵਿੱਚ ਲਗਾ ਲਿਆ ਹੋਵੇ। ਇਸ ਕਰਕੇ ਪਾਣੀ ਦੀ ਦੇਖਰੇਖ ਜ਼ਰੂਰੀ ਹੈ। ਇਸ ਨਾਲ ਕਿਸਾਨ ਅਤੇ ਨਰਸਰੀ ਵਾਲਾ ਵੀ ਆਪਣੇ ਘਾਟੇ ਤੋਂ ਬੱਚ ਸਕਦੇ ਹਨ।
ਸਹੀ ਢੰਗ ਨਾਲ ਖੇਤੀ

ਉਨ੍ਹਾਂ ਦੇ ਨਰਸਰੀ ਫਾਰਮ ਵਿੱਚ ਕਈ ਕਾਮੇ 2014 ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਦਰਜਨਾਂ ਦੀ ਗਿਣਤੀ ਵਿੱਚ ਖੇਤੀ ਕਾਮੇ ਕੰਮ ਹਾਸਿਲ ਕਰ ਰਹੇ ਹਨ ਅਤੇ ਉਨ੍ਹਾਂ ਲਈ ਵੀ ਇਹ ਮਾਣ ਵਾਲੀ ਗੱਲ ਹੈ। ਹੁਣ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚੋਂ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨ ਫੋਨ ਰਾਹੀਂ ਸੰਪਰਕ ਕਰਕੇ ਨਰਸਰੀ ਹਾਸਿਲ ਕਰ ਲੈਂਦੇ ਹਨ। ਜਿਸ ਨਾਲ ਕਿਸਾਨਾਂ ਨੂੰ ਘਰ ਬੈਠੇ ਚੰਗੀ ਵੈਰਾਇਟੀ ਮਿਲ ਜਾਂਦੀ ਹੈ। ਲੋਕ ਚੰਗੀ ਚੀਜ਼ ਦੀ ਮੰਗ ਕਰਦੇ ਹਨ ਅਤੇ ਬਿਹਤਰ ਚੀਜ਼ ਲੈਣ ਲਈ ਖੁਦ ਹਿੰਮਤ ਕਰਦੇ ਹਨ। ਉਨ੍ਹਾਂ ਦਾ ਇੱਕੋ ਇੱਕ ਟੀਚਾ ਚੰਗਾ ਉਤਪਾਦਨ ਕਰਨਾ ਹੈ।
COMMENTS