ਉੱਨਤੀ ਕੋਆਪਰੇਟਿਵ ਸੁਸਾਇਟੀ ਵੱਲੋਂ ਖੇਤੀਬਾੜੀ ਅਤੇ ਵਾਤਾਵਰਣ ਦੀ ਸੰਭਾਲ ਲਈ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਸੰਸਥਾ ਦੇ ਡਰੋਨ ਵਿੰਗ ਦੇ ਮੁਖੀ ਮਨਦੀਪ ਡੋਗਰਾ ਨੇ ਦੱਸਿਆ ਕਿ ਸੁ
ਉੱਨਤੀ ਕੋਆਪਰੇਟਿਵ ਸੁਸਾਇਟੀ ਵੱਲੋਂ ਖੇਤੀਬਾੜੀ ਅਤੇ ਵਾਤਾਵਰਣ ਦੀ ਸੰਭਾਲ ਲਈ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਸੰਸਥਾ ਦੇ ਡਰੋਨ ਵਿੰਗ ਦੇ ਮੁਖੀ ਮਨਦੀਪ ਡੋਗਰਾ ਨੇ ਦੱਸਿਆ ਕਿ ਸੁਸਾਇਟੀ ਨੇ ਕਿਸਾਨਾਂ ਦੀ ਭਲਾਈ ਅਤੇ ਵਾਤਾਵਰਣ ਦੀ ਬਿਹਤਰੀ ਦੇ ਉਦੇਸ਼ ਨਾਲ ਆਧੁਨਿਕ ਡਰੋਨ ਸੇਵਾਵਾਂ ਸ਼ੁਰੂ ਕੀਤੀਆਂ ਹਨ। ਭਾਰਤ ਵਿੱਚ, Drone ਉਡਾਉਣ ਲਈ ਕਾਨੂੰਨੀ ਲਾਇਸੈਂਸ ਲਾਜ਼ਮੀ ਹੈ। ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਸਾਇਟੀ DGCA ਵੱਲੋਂ ਮਾਨਤਾ ਪ੍ਰਾਪਤ ਰਿਮੋਟ ਪਾਇਲਟ ਟ੍ਰੇਨਿੰਗ ਆਰਗੇਨਾਈਜ਼ੇਸ਼ਨ (RPTO) ਵਜੋਂ ਸਰਟੀਫਾਈਡ ਡਰੋਨ ਪਾਇਲਟ ਤਿਆਰ ਕਰ ਰਹੀ ਹੈ। ਇਸ ਮਕਸਦ ਲਈ ਵਿਸ਼ੇਸ਼ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ।
ਸਮੇਂ ਅਤੇ ਲਾਗਤ ਦੀ ਬੱਚਤ
ਮਨਦੀਪ ਡੋਗਰਾ ਨੇ ਦੱਸਿਆ ਕਿ ਉਹ ਖੇਤੀਬਾੜੀ ਡਰੋਨਾਂ ਦੀ ਵਰਤੋਂ ਬਾਰੇ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਦੇ ਹਨ, ਜਿਸ ਵਿੱਚ ਕਿਸਾਨਾਂ ਨੂੰ ਛਿੜਕਾਅ ਕਰਨ ਦੇ ਤਰੀਕਿਆਂ ਬਾਰੇ ਮੁਫ਼ਤ ਸਿਖਲਾਈ ਦੇਣਾ ਵੀ ਸ਼ਾਮਲ ਹੈ। ਇਸ ਤਕਨੀਕ ਦਾ ਸਭ ਤੋਂ ਵੱਡਾ ਲਾਭ ਸਮੇਂ ਅਤੇ ਖ਼ਰਚੇ ਦੀ ਬੱਚਤ ਹੈ। ਜਿਸ ਖੇਤ ਵਿੱਚ ਹੱਥੀਂ ਸਪਰੇਅ ਕਰਨ ਵਿੱਚ ਢਾਈ ਤੋਂ ਤਿੰਨ ਘੰਟੇ ਲੱਗਦੇ ਹਨ, ਉੱਥੇ ਹੀ 10 ਲੀਟਰ ਦੀ ਟੈਂਕੀ ਵਾਲਾ Drone ਸਿਰਫ਼ ਸਾਢੇ ਛੇ ਮਿੰਟਾਂ ਵਿੱਚ ਇੱਕ ਏਕੜ ਰਕਬੇ ਵਿੱਚ ਸਪਰੇਅ ਮੁਕੰਮਲ ਕਰ ਦਿੰਦਾ ਹੈ। ਇਸ ਨਾਲ ਕਿਸਾਨਾਂ ਦਾ ਕੀਮਤੀ ਸਮਾਂ ਬਚਦਾ ਹੈ ਅਤੇ ਖੇਤੀਬਾੜੀ ਦੀ ਲਾਗਤ ਵਿੱਚ ਕਾਫ਼ੀ ਕਮੀ ਆਉਂਦੀ ਹੈ, ਕਿਉਂਕਿ ਇਸ ਵਿੱਚ ਪਾਣੀ ਅਤੇ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਹੁੰਦੀ ਹੈ।
ਸਿਹਤ ਅਤੇ ਵਾਤਾਵਰਣ ਦੀ ਸੰਭਾਲ
Drone ਤਕਨੀਕ ਦਾ ਦੂਜਾ ਵੱਡਾ ਫ਼ਾਇਦਾ ਇਸ ਦੀ ਸਟੀਕ ਸਪਰੇਅ ਪ੍ਰਣਾਲੀ ਹੈ। ਇਸ ਦੀਆਂ ਬਾਰੀਕ ਨੋਜ਼ਲਾਂ ਰਾਹੀਂ, ਪੌਦਿਆਂ ਦੇ ਪੱਤਿਆਂ ‘ਤੇ ਸਿਰਫ਼ ਓਨੀ ਹੀ ਮਾਤਰਾ ਵਿੱਚ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਹੈ ਜਿੰਨੀ ਲੋੜ ਹੁੰਦੀ ਹੈ। ਇਸ ਦੇ ਉਲਟ, ਹੱਥੀਂ ਕੀਤੀ ਜਾਣ ਵਾਲੀ ਸਪਰੇਅ 20 ਤੋਂ 30 ਗੁਣਾ ਵੱਧ ਹੁੰਦੀ ਹੈ, ਜਿਸ ਨਾਲ ਫ਼ਸਲਾਂ ਦੇ ਨਾਲ-ਨਾਲ ਜ਼ਮੀਨ ਵੀ ਜ਼ਹਿਰੀਲੀ ਹੋ ਜਾਂਦੀ ਹੈ। ਡਰੋਨ ਰਾਹੀਂ ਸਪਰੇਅ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਹੋਵੇਗਾ, ਲੋਕਾਂ ਦੀ ਸਿਹਤ ਸੁਧਰੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ। ਇਹ ਪਹਿਲਕਦਮੀ “ਸਰਬੱਤ ਦਾ ਭਲਾ” ਦੇ ਸੰਕਲਪ ਨੂੰ ਪੂਰਾ ਕਰਦੀ ਹੈ।
ਭਵਿੱਖ ਵਿੱਚ ਰੋਜ਼ਗਾਰ ਦੇ ਮੌਕੇ
ਇਸ ਦੇ ਨਾਲ ਹੀ, ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ Drone ਤਕਨਾਲੋਜੀ ਦੀ ਮੰਗ ਹੋਰ ਤੇਜ਼ੀ ਨਾਲ ਵਧੇਗੀ। ਖੇਤੀਬਾੜੀ ਤੋਂ ਇਲਾਵਾ, ਇਸ ਦੀ ਵਰਤੋਂ ਰੱਖਿਆ ਖੇਤਰ, ਲੌਜਿਸਟਿਕਸ, ਬੁਨਿਆਦੀ ਢਾਂਚੇ ਦੀ ਜਾਂਚ, ਸਰਵੇਖਣ ਅਤੇ ਮੈਪਿੰਗ ਵਿੱਚ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਹੁਣ ਤਾਂ ਪਟਵਾਰੀਆਂ ਵੱਲੋਂ ਜ਼ਮੀਨੀ ਰਜਿਸਟਰੀਆਂ ਅਤੇ ਨਕਸ਼ਿਆਂ ਲਈ ਵੀ ਡਰੋਨਾਂ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ। ਇਸੇ ਕਾਰਨ, ਇਸ ਖੇਤਰ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਰੋਜ਼ਗਾਰ ਅਤੇ ਕਰੀਅਰ ਦੇ ਸੁਨਹਿਰੀ ਮੌਕੇ ਮੌਜੂਦ ਹਨ, ਅਤੇ ਉਨ੍ਹਾਂ ਦੀ ਮਦਦ ਲਈ ਸੰਸਥਾ ਹਮੇਸ਼ਾ ਤਿਆਰ ਹੈ।
ਜੰਗਲਾਂ ਤੋਂ ਡਰੋਨ ਤੱਕ ਸਫ਼ਰ
ਸੁਸਾਇਟੀ ਦੇ ਇਸ ਖੇਤਰ ਵਿੱਚ ਆਉਣ ਦੇ ਪਿਛੋਕੜ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸੰਸਥਾ ਕੁਦਰਤ ਦੀ ਸਾਂਭ-ਸੰਭਾਲ ਲਈ ਜੰਗਲਾਂ ਵਿੱਚ ਸੀਡ-ਬਾਲਸ (ਬੀਜਾਂ ਦੇ ਗੋਲੇ) ਸਪਰੇਅ ਕਰਦੇ ਸੀ। ਇਸ ਕੰਮ ਨੂੰ ਵਧੇਰੇ ਸੁਚਾਰੂ ਅਤੇ ਵੱਡੇ ਪੱਧਰ ‘ਤੇ ਕਰਨ ਲਈ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੰਸਥਾਪਕ ਜੋਤੀ ਸਰੂਪ ਦੇ ਮਨ ਵਿੱਚ ਡਰੋਨਾਂ ਦੀ ਵਰਤੋਂ ਦਾ ਵਿਚਾਰ ਆਇਆ। ਇਸੇ ਸੋਚ ਤੋਂ ਪ੍ਰੇਰਿਤ ਹੋ ਕੇ, ਸੰਸਥਾ ਨੇ Drone ਤਕਨਾਲੋਜੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਅੱਜ ਸੁਸਾਇਟੀ ਇਸ ਰਾਹੀਂ ਕਈ ਬਹੁ-ਮੰਤਵੀ ਸੇਵਾਵਾਂ ਸਫ਼ਲਤਾਪੂਰਵਕ ਨਿਭਾ ਰਹੀ ਹੈ।
COMMENTS