1 ਏਕੜ ਤੋਂ 5500 ਏਕੜ ਤੱਕ ਦਾ ਸਫ਼ਰ: ਜਾਣੋ ਕਿਵੇਂ ਜਲੰਧਰ ਦਾ ਸੰਘਾ ਪਰਿਵਾਰ ਬਣਿਆ ਦੇਸ਼ ਦਾ “Potato King”

1 ਏਕੜ ਤੋਂ 5500 ਏਕੜ ਤੱਕ ਦਾ ਸਫ਼ਰ: ਜਾਣੋ ਕਿਵੇਂ ਜਲੰਧਰ ਦਾ ਸੰਘਾ ਪਰਿਵਾਰ ਬਣਿਆ ਦੇਸ਼ ਦਾ “Potato King”

ਮਿੱਟੀ ‘ਚੋਂ ਸੋਨਾ ਉਗਾਉਣ ਤੋਂ ਲੈ ਕੇ ਸਫਲਤਾ ਦੀ ਨਵੀਂ ਕਹਾਣੀ ਲਿਖਣ ਤੱਕ, ਪੰਜਾਬ ਦੇ ਕਿਸਾਨ ਕਿਸੇ ਤੋਂ ਘੱਟ ਨਹੀਂ! ਜਦੋਂ ਵੀ ਪੰਜਾਬ ਵਿੱਚ ਆਧੁਨਿਕ ਅਤੇ ਅਗਾਂਹਵਧੂ ਖੇਤੀ ਦੀ ਗੱਲ ਹੁ

Baisakhi 2026: ਬੈਸਾਖੀ ਦੇ ਮੌਕੇ ‘ਤੇ ਜਾਣੋ ਕਿ ਕਿਵੇਂ ਟੈਕਨੋਲੋਜੀ ਅਤੇ ਰਿਵਾਇਤ ਪੰਜਾਬ ਵਿੱਚ ਖੇਤੀ ਦੇ ਮਾਇਨੇ ਬਦਲ ਰਹੇ ਹਨ
ਝੋਨੇ-ਕਣਕ ਦਾ ਬਦਲ: Soybean ਬਣੇਗੀ ਪੰਜਾਬ ਦੀ ‘Golden bean’ 
KVK ਵੱਲੋਂ ਕਿਸਾਨਾਂ ਨੂੰ Machinery-Based Paddy Residue Management ਅਪਣਾਉਣ ਲਈ ਕੀਤਾ ਪ੍ਰੇਰਿਤ

ਮਿੱਟੀ ‘ਚੋਂ ਸੋਨਾ ਉਗਾਉਣ ਤੋਂ ਲੈ ਕੇ ਸਫਲਤਾ ਦੀ ਨਵੀਂ ਕਹਾਣੀ ਲਿਖਣ ਤੱਕ, ਪੰਜਾਬ ਦੇ ਕਿਸਾਨ ਕਿਸੇ ਤੋਂ ਘੱਟ ਨਹੀਂ! ਜਦੋਂ ਵੀ ਪੰਜਾਬ ਵਿੱਚ ਆਧੁਨਿਕ ਅਤੇ ਅਗਾਂਹਵਧੂ ਖੇਤੀ ਦੀ ਗੱਲ ਹੁੰਦੀ ਹੈ, ਤਾਂ ਜਲੰਧਰ ਦੇ ਸੰਘਾ ਫਾਰਮ (Sangha Farms) ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਆਲੂ ਉਤਪਾਦਨ ਅਤੇ ਬੀਜ ਤਿਆਰ ਕਰਨ ਦੇ ਖੇਤਰ ਵਿੱਚ ਆਪਣੀ ਖ਼ਾਸ ਪਛਾਣ ਬਣਾਉਣ ਵਾਲੇ ਹਰਜਾਪ ਸਿੰਘ ਸੰਘਾ ਨੂੰ ਪੂਰੇ ਭਾਰਤ ਵਿੱਚ ‘Potato King’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੱਜ, ਸੰਘਾ ਫਾਰਮਜ਼ ਦੇ ਆਲੂ ਅਤੇ ਇਸ ਦੇ ਬੀਜ ਨਾ ਸਿਰਫ ਪੂਰੇ ਭਾਰਤ ਵਿੱਚ, ਸਗੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਪਲਾਈ ਹੁੰਦੇ ਹਨ।

1960 ਤੋਂ ਸ਼ੁਰੂ ਹੋਇਆ ਖੇਤੀ ਦਾ ਸਫ਼ਰ

The journey of farming started in 1960

ਹਰਜਾਪ ਸਿੰਘ ਸੰਘਾ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਇਹ ਸਫ਼ਰ ਸਾਲ 1960 ਵਿੱਚ ਉਨ੍ਹਾਂ ਦੇ ਦਾਦਾ ਜੀ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਸਿੱਖਿਆ ਨੂੰ ਹਮੇਸ਼ਾ ਪਹਿਲ ਦਿੱਤੀ ਗਈ। ਉਨ੍ਹਾਂ ਦੇ ਪੜਦਾਦਾ ਜੀ ਇੱਕ ਡਾਕਟਰ ਸਨ, ਜਦਕਿ ਉਨ੍ਹਾਂ ਦੇ ਦਾਦਾ ਜੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ BSC ਐਗਰੀਕਲਚਰ ਅਤੇ ਫਿਰ ਦਿੱਲੀ ਦੇ ਪ੍ਰਸਿੱਧ ‘ਪੂਸਾ ਇੰਸਟੀਟਿਊਟ’ ਤੋਂ MSC ਐਗਰੀਕਲਚਰ ਦੀ ਡਿਗਰੀ ਹਾਸਲ ਕੀਤੀ।

ਉਸ ਸਮੇਂ, ਜਲੰਧਰ (ਦੁਆਬੇ) ਦੇ ਇਲਾਕੇ ਵਿੱਚ ਬੰਬ ਟਿੱਬੇ ਹੁੰਦੇ ਸਨ ਅਤੇ ਮੁੱਖ ਤੌਰ ‘ਤੇ ਮੂੰਗਫਲੀ ਹੁੰਦੀ ਸੀ। ਦਾਦਾ ਜੀ ਦੇ ਇੱਕ ਪ੍ਰੋਫੈਸਰ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਇੱਥੋਂ ਦਾ ਮੌਸਮ ਅਤੇ ਮਿੱਟੀ ਦੀ ਗੁਣਵੱਤਾ ਪਹਾੜਾਂ ਵਰਗੀ ਹੈ, ਇਸ ਲਈ ਇੱਥੇ ਪਹਾੜਾਂ ਦੀ ਮੁੱਖ ਫ਼ਸਲ ਆਲੂ ਦੀ ਖੇਤੀ ਕੀਤੀ ਜਾ ਸਕਦੀ ਹੈ। ਇੱਥੋਂ ਹੀ, ਆਪਣੇ ਪਿਤਾ ਤੋਂ ਸਿਰਫ਼ 1 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਸ਼ੁਰੂ ਕੀਤਾ ਗਿਆ ਇਹ ਤਜ਼ਰਬਾ ਅੱਜ ਇੱਕ ਵੱਡਾ ਸਫ਼ਲ ਕਾਰੋਬਾਰ ਬਣ ਚੁੱਕਾ ਹੈ।

5500 ਏਕੜ ਖੇਤੀ ਅਤੇ ਵੱਡਾ ਨੈੱਟਵਰਕ

5500 acres of farming and a large network

ਅੱਜ, ਸੰਘਾ ਪਰਿਵਾਰ ਲਗਭਗ 5500 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰ ਰਿਹਾ ਹੈ। ਉਨ੍ਹਾਂ ਦਾ ਮੁੱਖ ਹੈੱਡਕੁਆਰਟਰ ਦੋਆਬਾ ਵਿੱਚ ਹੈ ਅਤੇ ਜਲੰਧਰ ਦੇ ਪਿੰਡ ਕਾਦੀਆਂ ਵਿੱਚ ਰਿਹਾਇਸ਼ ਹੈ। ਉਹਨਾਂ ਦੇ ਕੰਮਕਾਜ ਦੇ 13 ਮੁੱਖ ਖੇਤਰ ਹਨ, ਜੋ ਸਿੱਧਵਾਂ ਬੇਟ ਤੋਂ ਲੈ ਕੇ ਢਿੱਲਵਾਂ ਤੱਕ ਫੈਲੇ ਹੋਏ ਹਨ। ਇੰਨੇ ਵੱਡੇ ਪੱਧਰ ‘ਤੇ ਖੇਤੀ ਦੀ ਸੰਭਾਲ ਲਈ ਉਹਨਾਂ ਕੋਲ ਲਗਭਗ 300 ਟਰੈਕਟਰ ਅਤੇ ਆਧੁਨਿਕ ਖੇਤੀ ਸੰਦ ਹਨ। ਇਸ ਤੋਂ ਇਲਾਵਾ, ਵੱਡੀ ਗਿਣਤੀ ਵਿੱਚ ਪੱਕੇ ਅਤੇ ਸੀਜ਼ਨਲ ਮਜ਼ਦੂਰ ਉਹਨਾਂ ਦੇ ਵੱਖ-ਵੱਖ ਡੇਰਿਆਂ ‘ਤੇ ਕੰਮ ਕਰਦੇ ਹਨ।

350 ਤੋਂ ਵੱਧ ਆਲੂਆਂ ਦੀਆਂ ਕਿਸਮਾਂ ਅਤੇ ਟਿਸ਼ੂ ਕਲਚਰ ਲੈਬ

More than 350 varieties of potatoes and tissue culture lab

ਸੰਘਾ ਫਾਰਮਜ਼ ਦਾ ਮੁੱਖ ਕੰਮ ਆਲੂ ਵੇਚਣ ਨਾਲੋਂ ਵੀ ਵੱਧ ਆਲੂ ਦਾ ਮਿਆਰੀ ਬੀਜ (Potato Seed) ਤਿਆਰ ਕਰਨਾ ਹੈ। ਉਹਨਾਂ ਕੋਲ ਆਲੂ ਦੀਆਂ ਲਗਭਗ 350 ਕਿਸਮਾਂ ਹਨ, ਜੋ ਕਮਰਸ਼ੀਅਲ ਪੱਧਰ ‘ਤੇ ਵੇਚਿਆ ਜਾਂਦਾ ਹੈ। ਇਹ ਬੀਜ ਪੰਜਾਬ ਤੋਂ ਇਲਾਵਾ ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਅਤੇ ਅਸਾਮ ਤੱਕ ਜਾਂਦਾ ਹੈ। ਬੀਜ ਤਿਆਰ ਕਰਨ ਦੀ ਪ੍ਰਕਿਰਿਆ ਬਹੁਤ ਹੀ ਵਿਗਿਆਨਕ ਹੈ:

ਟਿਸ਼ੂ ਕਲਚਰ ਲੈਬ: ਸਭ ਤੋਂ ਪਹਿਲਾਂ ਲੈਬ ਵਿੱਚ ਬਿਮਾਰੀ-ਰਹਿਤ ਪੌਦੇ ਤਿਆਰ ਕੀਤੇ ਜਾਂਦੇ ਹਨ।
ਨੈੱਟ ਹਾਊਸ ਅਤੇ ਫੀਲਡ ਟ੍ਰਾਇਲ: ਇਸ ਤੋਂ ਬਾਅਦ ਨੈੱਟ ਹਾਊਸ ਅਤੇ ਫਿਰ ਖੇਤਾਂ ਵਿੱਚ ਟ੍ਰਾਇਲ ਹੁੰਦੇ ਹਨ।
4 ਸਾਲ ਦਾ ਸਮਾਂ: ਅੱਜ ਬਾਜ਼ਾਰ ਵਿੱਚ ਵਿਕਣ ਵਾਲੇ ਬੀਜ ਨੂੰ ਪੈਦਾ ਕਰਨ ਲਈ ਘੱਟੋ-ਘੱਟ 4 ਸਾਲ ਦੀ ਸਖ਼ਤ ਮਿਹਨਤ ਅਤੇ ਵਿਗਿਆਨਕ ਪ੍ਰਕਿਰਿਆ ਲੱਗਦੀ ਹੈ।

ਹਰਜਾਪ ਸਿੰਘ ਦੱਸਦੇ ਹਨ ਕਿ ਬਾਜ਼ਾਰ ਵਿੱਚ ਵੱਖ-ਵੱਖ ਮਾਰਕੀਟਾਂ ਦੀ ਮੰਗ ਵੱਖਰੀ ਹੁੰਦੀ ਹੈ- ਕੁਝ ਨੂੰ ਚਿੱਟੇ ਆਲੂ, ਕੁਝ ਨੂੰ ਲਾਲ ਆਲੂ, ਅਤੇ ਫਰੈਂਚ ਫ੍ਰਾਈਜ਼/ਚਿਪਸ ਬਣਾਉਣ ਵਾਲੀਆਂ ਕੰਪਨੀਆਂ (ਜਿਵੇਂ ਲੇਡੀ ਰੋਜ਼ੈਟਾ, ਚਿਪਸੋਨਾ ਆਦਿ) ਲਈ ਹਾਈ-ਕਾਰਬੋਹਾਈਡ੍ਰੇਟ ਵਾਲੀਆਂ ਕਿਸਮਾਂ ਦੀ ਲੋੜ ਹੁੰਦੀ ਹੈ।

ਮੂਲ ਸਿਧਾਂਤ: “ਕੁਆਲਿਟੀ ਨਾਲ ਕਦੇ ਸਮਝੌਤਾ ਨਹੀਂ”

ਖੇਤੀ ਵਿੱਚ ਸਫ਼ਲਤਾ ਦਾ ਸਭ ਤੋਂ ਵੱਡਾ ਸਿਧਾਂਤ ਦੱਸਦਿਆਂ ਹਰਜਾਪ ਸਿੰਘ ਨੇ ਆਪਣੇ ਦਾਦਾ ਜੀ ਦੀ ਦਿੱਤੀ ਇੱਕ ਬਹੁਤ ਹੀ ਕੀਮਤੀ ਨਸੀਹਤ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਖੇਤੀਬਾੜੀ ਵਿੱਚ ਨਵੇਂ ਆਏ ਸਨ, ਤਾਂ ਇੱਕ ਸਾਲ ਮੰਦਾ ਹੋਣ ਕਰਕੇ ਉਹਨਾਂ ਨੇ ਆਪਣੇ ਦਾਦਾ ਜੀ ਨੂੰ ਸੁਝਾਅ ਦਿੱਤਾ ਕਿ ਆਲੂ ਵੇਚਣ ਦੀ ਬਜਾਏ, ਉਸ ਨੂੰ ਦੁਬਾਰਾ ਬੀਜ ਲੈਂਦੇ ਹਾਂ ਤਾਂ ਜੋ ਅਗਲੇ ਸਾਲ ਮਹਿੰਗਾ ਵੇਚ ਸਕੀਏ।

ਜ਼ਿਕਰਯੋਗ, ਉਹਨਾਂ ਦੇ ਦਾਦਾ ਜੀ ਨੇ ਬਹੁਤ ਪਿਆਰ ਨਾਲ ਸਮਝਾਇਆ “ਜੇਕਰ ਤੁਸੀਂ ਆਪਣੇ ਨੁਕਸਾਨ ਤੋਂ ਬਚਣ ਲਈ ਖ਼ਰਾਬ ਜਾਂ ਘੱਟ ਕੁਆਲਿਟੀ ਦਾ ਮਾਲ ਗਾਹਕ ਨੂੰ ਵੇਚ ਦਿੱਤਾ, ਤਾਂ ਉਹ ਇੱਕ ਵਾਰ ਤਾਂ ਲੈ ਲਵੇਗਾ, ਪਰ ਉਸ ਦਾ ਭਰੋਸਾ ਟੁੱਟ ਜਾਵੇਗਾ। ਲਾਗੇ ਦੇ ਫ਼ਾਇਦੇ ਨਾਲੋਂ ਦੂਰ ਦਾ ਨੁਕਸਾਨ ਦੇਖਣਾ ਚਾਹੀਦਾ ਹੈ।” ਸੰਘਾ ਪਰਿਵਾਰ ਨੇ ਜ਼ਿਆਦਾ ਕਮਾਈ ਦੇ ਚੱਕਰ ਵਿੱਚ ਆਪਣੀ ਕੁਆਲਿਟੀ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ।

ਖੇਤੀਬਾੜੀ: ‘High Risk, High Reward’ ਦਾ ਕਾਰੋਬਾਰ

Agriculture A ‘High Risk High Reward business

ਹਰਜਾਪ ਸਿੰਘ ਕਹਿੰਦੇ ਹਨ ਕਿ ਖੇਤੀ ਇੱਕ ਬਹੁਤ ਹੀ ਦਲੇਰੀ ਵਾਲਾ ਕੰਮ ਹੈ। ਇਹ ‘High Risk, High Reward’ (ਵੱਡਾ ਖ਼ਤਰਾ, ਵੱਡਾ ਮੁਨਾਫ਼ਾ) ਵਾਲਾ ਕਾਰੋਬਾਰ ਹੈ, ਜਿੱਥੇ ਖੁੱਲ੍ਹੇ ਅਸਮਾਨ ਹੇਠ ਫ਼ਸਲ ਉਗਾਈ ਜਾਂਦੀ ਹੈ। ਮੀਂਹ, ਗੜੇਮਾਰੀ, ਜਾਂ ਖ਼ਰਾਬ ਮੌਸਮ ਨਾਲ ਪੂਰੀ ਦੀ ਪੂਰੀ ਫ਼ਸਲ ਤਬਾਹ ਹੋ ਸਕਦੀ ਹੈ, ਇਸ ਲਈ ਕਿਸਾਨ ਦਾ ਪਰਮਾਤਮਾ ‘ਤੇ ਅਟੁੱਟ ਵਿਸ਼ਵਾਸ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ। ਦੁਆਬੇ ਦੇ ਕਿਸਾਨਾਂ ਨੇ ਸਬਜ਼ੀਆਂ, ਮੱਕੀ, ਸਾਈਲੇਜ, ਅਤੇ ਤਰਬੂਜ਼ ਵਰਗੀਆਂ ਫ਼ਸਲਾਂ ਬੀਜ ਕੇ ਇਹ ਸਾਬਤ ਕੀਤਾ ਹੈ ਕਿ ਵਿਗਿਆਨਕ ਤਰੀਕੇ ਨਾਲ ਕੀਤੀ ਖੇਤੀ ਹਮੇਸ਼ਾ ਲਾਹੇਵੰਦ ਹੁੰਦੀ ਹੈ।

ਨੌਜਵਾਨਾਂ ਲਈ ਸੁਨੇਹਾ: ਵਿਦੇਸ਼ਾਂ ਦੀ ਥਾਂ ਵਤਨ ‘ਚ ਬਣੋ ਸਫ਼ਲ

Be successful at home instead of abroad

ਅੱਜ-ਕੱਲ੍ਹ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ‘ਤੇ ਬੋਲਦਿਆਂ ਹਰਜਾਪ ਸਿੰਘ ਨੇ ਕਿਹਾ ਕਿ ਜੋ ਨੌਜਵਾਨ 25-30 ਲੱਖ ਰੁਪਏ ਲਗਾ ਕੇ ਵਿਦੇਸ਼ ਜਾ ਰਹੇ ਹਨ ਅਤੇ ਉੱਥੇ ਜਾ ਕੇ ਡਰਾਈਵਿੰਗ, ਕਲੀਨਿੰਗ ਜਾਂ ਸ਼ਟਰਿੰਗ ਵਰਗੀ ਸਖ਼ਤ ਮਿਹਨਤ ਕਰਦੇ ਹਨ, ਜੇਕਰ ਉਹੀ ਪੈਸਾ ਅਤੇ ਮਿਹਨਤ ਉਹ ਆਪਣੇ ਵਤਨ ਵਿੱਚ ਲਗਾਉਣ ਤਾਂ ਇੱਥੇ ਵੀ ਸੈਂਕੜੇ ਕਾਰੋਬਾਰ ਖੜ੍ਹੇ ਕੀਤੇ ਜਾ ਸਕਦੇ ਹਨ। ਸਰਕਾਰ ਦੀਆਂ ਕਈ ਸਕੀਮਾਂ ਜਿਵੇਂ ਐਗਰੀ ਇਨਫਰਾ ਫੰਡ (AIF), ਨੈਸ਼ਨਲ ਹੌਰਟੀਕਲਚਰ ਮਿਸ਼ਨ ਆਦਿ ਅਧੀਨ ਖੇਤੀਬਾੜੀ ਅਤੇ ਸਬਜ਼ੀਆਂ ਦੇ ਪ੍ਰੋਜੈਕਟਾਂ ਲਈ ਘੱਟ ਵਿਆਜ ਦਰਾਂ ‘ਤੇ ਕਰੋੜਾਂ ਰੁਪਏ ਦੇ ਲੋਨ ਉਪਲੱਬਧ ਹਨ।

ਭਵਿੱਖ ਦੀਆਂ ਯੋਜਨਾਵਾਂ

ਆਉਣ ਵਾਲੇ ਸਮੇਂ ਵਿੱਚ, ਸੰਘਾ ਫਾਰਮਜ਼ ਖੇਤੀਬਾੜੀ ਵਿੱਚ ਆਧੁਨਿਕ ਤਕਨਾਲੋਜੀਆਂ ਜਿਵੇਂ ਸੈਂਸਰ-ਬੇਸਡ ਐਪਲੀਕੇਸ਼ਨਾਂ, ਹਾਈਡ੍ਰੋਪੋਨਿਕਸ, ਐਕਵਾਪੋਨਿਕਸ ਅਤੇ ਵਰਟੀਕਲ ਫਾਰਮਿੰਗ ਵਰਗੇ ਨਵੇਂ ਪ੍ਰਯੋਗ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰਜਾਪ ਸਿੰਘ ਦਾ ਮੰਨਣਾ ਹੈ ਕਿ ਖੇਤੀਬਾੜੀ ਦਾ ਭਵਿੱਖ ਘੱਟ ਜ਼ਮੀਨ ਅਤੇ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਉਤਪਾਦਨ ਪ੍ਰਾਪਤ ਕਰਨਾ ਹੈ। ਜੇਕਰ ਇਜ਼ਰਾਈਲ ਜਾਂ ਦੁਬਈ ਵਰਗੇ ਮਾਰੂਥਲ ਦੇਸ਼ ਤਕਨਾਲੋਜੀ ਨਾਲ ਸ਼ਾਨਦਾਰ ਖੇਤੀ ਕਰ ਸਕਦੇ ਹਨ, ਤਾਂ ਪੰਜਾਬ ਵਰਗਾ ਉਪਜਾਊ ਸੂਬਾ ਦੁਨੀਆ ਵਿੱਚ ਸਿਖਰ ‘ਤੇ ਆ ਸਕਦਾ ਹੈ।

ਹਰਜਾਪ ਸਿੰਘ ਸੰਘਾ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਜੇਕਰ ਖੇਤੀਬਾੜੀ ਰਵਾਇਤੀ ਢੰਗ ਦੀ ਬਜਾਏ ਵਿਗਿਆਨਕ ਸੋਚ, ਆਧੁਨਿਕ ਤਕਨਾਲੋਜੀ ਅਤੇ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਇਹ ਦੁਨੀਆ ਦਾ ਸਭ ਤੋਂ ਵੱਧ ਲਾਹੇਵੰਦ ਅਤੇ ਪ੍ਰਮੁੱਖ ਕਾਰੋਬਾਰ ਬਣ ਸਕਦਾ ਹੈ।

COMMENTS

WORDPRESS: 0