Kinnow orchard: ਅਮਨਪ੍ਰੀਤ ਸਿੰਘ (Amanpreet Singh) ਨੇ ਸਾਲ 2002 ਵਿੱਚ ਸਿਰਫ਼ 4 ਕਿਲੇ ਜ਼ਮੀਨ 'ਤੇ ਕਿੰਨੂਆਂ ਦਾ ਬਾਗ ਲਗਾ ਕੇ ਆਪਣੀ ਬਾਗ਼ਬਾਨੀ ਦਾ ਸਫ਼ਰ ਸ਼ੁਰੂ ਕੀਤਾ ਸੀ। ਉਸ
Kinnow orchard: ਅਮਨਪ੍ਰੀਤ ਸਿੰਘ (Amanpreet Singh) ਨੇ ਸਾਲ 2002 ਵਿੱਚ ਸਿਰਫ਼ 4 ਕਿਲੇ ਜ਼ਮੀਨ ‘ਤੇ ਕਿੰਨੂਆਂ ਦਾ ਬਾਗ ਲਗਾ ਕੇ ਆਪਣੀ ਬਾਗ਼ਬਾਨੀ ਦਾ ਸਫ਼ਰ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨਅਰ ਦੀ ਡਿਗਰੀ ਪੂਰੀ ਕਰ ਚੁੱਕੇ ਸਨ। ਉੱਚ ਸਿੱਖਿਆ ਤੋਂ ਬਾਅਦ ਉਨ੍ਹਾਂ ਅੱਗੇ ਨੌਕਰੀ ਦੇ ਕਈ ਮੌਕੇ ਸਨ, ਪਰ ਖੇਤੀ ਨਾਲ ਜੁੜੀ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਨੂੰ ਵਾਪਸ ਆਪਣੇ ਖੇਤਾਂ ਵਿੱਚ ਲੈ ਆਈ। ਰਵਾਇਤੀ ਖੇਤੀ ਤੋਂ ਵੱਖਰਾ ਕਰਨ ਦੀ ਤਾਂਘ ਉਨ੍ਹਾਂ ਨੂੰ ਬਾਗਬਾਨੀ ਵੱਲ ਪ੍ਰੇਰਿਤ ਕਰ ਗਈ।
ਕਿਵੇਂ ਸ਼ੁਰੂ ਹੋਇਆ ਸਫ਼ਰ
ਮੋਗਾ ਜਿਲ੍ਹੇ ਦੇ ਪਿੰਡ ਹਰੀਏਵਾਲਾ ਦੇ ਵਸਨੀਕ ਅਮਨਪ੍ਰੀਤ ਸਿੰਘ ਨੇ ਸ਼ੁਰੂ ਵਿੱਚ 4 ਕਿਲਿਆਂ ਵਿੱਚ ਕਿੰਨੂਆਂ ਦੇ ਬੂਟੇ ਲਗਾਏ ਅਤੇ ਨਾਲ ਹੀ ਕਣਕ-ਝੋਨਾ ਆਦਿ ਫਸਲਾਂ ਵੀ ਕਰਦੇ ਰਹੇ। ਜਦੋਂ ਉਨ੍ਹਾਂ ਨੇ ਕਿੰਨੂਆਂ ਦੀ ਖੇਤੀ ਦਾ ਫੈਸਲਾ ਕੀਤਾ, ਤਾਂ ਸਭ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਈ। ਰਿਪੋਰਟ ਮੁਤਾਬਕ, ਮਿੱਟੀ ਕਿੰਨੂਆਂ ਲਈ ਸਾਜਗਰ ਨਹੀਂ ਸੀ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਖੇਤ ਦੀ ਮਿੱਟੀ ਵਿੱਚ ਟੋਏ ਪੱਟ ਕੇ ਰੇਤ ਪਾਈ, ਤਾਂ ਜੋ ਖੁਸ਼ਕ ਅਤੇ ਕਿੰਨੂ ਲਈ ਅਨੁਕੂਲ ਵਾਤਾਵਰਣ ਤਿਆਰ ਕੀਤਾ ਜਾ ਸਕੇ।
ਅੱਜ ਮੋਗੇ ਵਿੱਚ ਉਨ੍ਹਾਂ ਦਾ ਬਾਗ ਇਲਾਕੇ ਵਿੱਚ ਪ੍ਰਸਿੱਧ ਹੈ ਅਤੇ ਕਈ ਹੋਰ ਕਿਸਾਨ ਉਨ੍ਹਾਂ ਤੋਂ ਸਲਾਹ ਲੈ ਕੇ ਕਿੰਨੂਆਂ ਦੀ ਖੇਤੀ ਕਰ ਰਹੇ ਹਨ। ਉਹ ਮੰਨਦੇ ਹਨ ਕਿ ਕਿਸਾਨਾਂ ਵਿਚਕਾਰ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਨ ਨਾਲ ਖੇਤੀ ਹੋਰ ਮਜ਼ਬੂਤ ਬਣਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਆਪਰੇਟਿਵ ਪ੍ਰਣਾਲੀ ਕਿਸਾਨਾਂ ਦੀਆਂ ਬਹੁਤ ਸਮੱਸਿਆਵਾਂ ਦਾ ਹੱਲ ਹੈ। ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਆਪਣੀ ਜ਼ਮੀਨ ਆਪਣੇ ਭਰਾ ਨਾਲ ਇਕੱਠੀ ਕਰ ਲਈ ਸੀ, ਜੋ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਇਕ ਵੱਖਰਾ ਉਦਾਹਰਨ ਹੈ।
ਕਿੰਨੂ ਦੀ ਕਾਸ਼ਤ ਕਿਵੇਂ ਹੁੰਦੀ ਹੈ
ਕਿੰਨੂ ਖੁਸ਼ਕ ਇਲਾਕਿਆਂ ਦੀ ਫਸਲ ਹੈ। ਇਹ ਮੁੱਖ ਤੌਰ ’ਤੇ ਅਬੋਹਰ, ਫਾਜ਼ਿਲਕਾ, ਗੰਗਾਨਗਰ (ਰਾਜਸਥਾਨ) ਅਤੇ ਪਾਕਿਸਤਾਨ ਦੇ ਸਰਗੋਧਾ ਖੇਤਰ ਵਿੱਚ ਵੱਧ ਤੌਰ ‘ਤੇ ਹੁੰਦੀ ਹੈ।
ਮਾਨਸੂਨ ਦੀਆਂ ਬਾਰਿਸ਼ਾਂ ਤੋਂ ਬਾਅਦ ਅਗਸਤ ਤੋਂ ਸਤੰਬਰ ਦੇ ਮਹੀਨੇ ਵਿੱਚ ਬੂਟੇ ਲਗਾਏ ਜਾਂਦੇ ਹਨ। ਚਾਰ ਸਾਲਾਂ ਬਾਅਦ ਇਹ ਬੂਟੇ ਫਲ ਦੇਣਾ ਸ਼ੁਰੂ ਕਰਦੇ ਹਨ। ਮਾਰਚ ਵਿੱਚ ਫੁੱਲ ਆਉਂਦੇ ਹਨ, ਨਵੰਬਰ-ਦਸੰਬਰ ਵਿੱਚ ਫਲ ਪੱਕਣ ਲੱਗਦੇ ਹਨ ਅਤੇ ਫਰਵਰੀ-ਮਾਰਚ ਤੱਕ ਫਲ ਚੱਲਦੇ ਹਨ। ਇਕ ਵਾਰ ਲੱਗਿਆ ਬੂਟਾ ਲਗਭਗ 25 ਤੋਂ 30 ਸਾਲ ਤੱਕ ਫਲ ਦਿੰਦਾ ਰਹਿੰਦਾ ਹੈ।
ਮਿਹਨਤ, ਚੁਣੌਤੀਆਂ ਅਤੇ ਦਿੱਕਤਾਂ
ਅਮਨਪ੍ਰੀਤ ਸਿੰਘ ਕਹਿੰਦੇ ਹਨ ਕਿ “ਕਿੰਨੂਆਂ ਦੀ ਖੇਤੀ ਸਾਲ ਭਰ ਦੀ ਜ਼ਿੰਮੇਵਾਰੀ ਹੈ। ਉਹ ਹਾਸੇ ਭਰੇ ਲਹਿਜੇ ਵਿੱਚ ਕਹਿੰਦੇ ਹਨ ਕਿ “ਸਰਦੀਆਂ ਵਿੱਚ ਅਸੀਂ ਵਿਆਹ ਨਹੀਂ ਦੇਖ ਸਕਦੇ, ਕਿਉਂਕਿ ਨਵੰਬਰ ਤੋਂ ਹੀ ਕੰਮ ਦੀ ਸ਼ੁਰੂ ਹੋ ਜਾਂਦਾ ਹੈ।”
ਉਹ ਦੱਸਦੇ ਹਨ ਕਿ ਉਲੀ ਦਾ ਖਤਰਾ ਹਰ ਵੇਲੇ ਰਹਿੰਦਾ ਹੈ, ਇਸ ਲਈ ਉਲੀਨਾਸ਼ਕਾਂ ਦੀ ਸਮੇਂ-ਸਮੇਂ ‘ਤੇ ਵਰਤੋਂ ਕਰਨੀ ਪੈਂਦੀ ਹੈ। ਬਾਗ ਦੀ ਸਾਫ਼-ਸਫ਼ਾਈ, ਨਦੀਨ ਤੇ ਮਿੱਟੀ ਦੀ ਸੰਭਾਲ ਬਿਨਾਂ ਕਿਸੇ ਸੀਜ਼ਨ ਦੇ ਸਾਲ ਭਰ ਜਾਰੀ ਰਹਿੰਦੀ ਹੈ।
ਮਾਰਕਟਿੰਗ ਅਤੇ ਬਾਜ਼ਾਰ ਦੀ ਹਕੀਕਤ
ਉਨ੍ਹਾਂ ਨੇ ਆਪਣੇ ਫਾਰਮ ‘ਤੇ ਹੀ ਗ੍ਰੇਡਿੰਗ ਅਤੇ ਸਾਫ਼-ਸਫਾਈ ਦੀਆਂ ਮਸ਼ੀਨਾਂ ਲਗਾਈਆਂ ਹਨ। ਗ੍ਰੇਡ ਕੀਤੇ ਹੋਏ ਕਿੰਨੂ ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਿੱਚ ਭੇਜੇ ਜਾਂਦੇ ਹਨ।
ਹਾਲਾਂਕਿ ਮਾਰਕਟਿੰਗ ਦੇ ਮਾਮਲੇ ਵਿੱਚ ਉਨ੍ਹਾਂ ਨੇ ਕੁਝ ਨਿਰਾਸ਼ਾਵਾਂ ਵੀ ਜ਼ਾਹਿਰ ਕੀਤੀਆਂ। ਉਹ ਦੱਸਦੇ ਹਨ ਕਿ ਪਹਿਲਾਂ ਪੈਪਸੀ ਕੰਪਨੀ ਨੇ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਪ੍ਰੋਸੈਸਿੰਗ ਪਲਾਂਟ ਲਗਾਏ ਸਨ ਅਤੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਛੋਟੇ ਜਾਂ ਅਧ-ਪੱਕੇ ਕਿੰਨੂ ਵੀ ਖਰੀਦੇ ਜਾਣਗੇ, ਪਰ ਇਹ ਪ੍ਰਣਾਲੀ ਲੰਬੇ ਸਮੇਂ ਤੱਕ ਨਹੀਂ ਚੱਲੀ। ਅੱਜ ਵੀ ਕਿਸਾਨਾਂ ਨੂੰ ਬਾਜ਼ਾਰ ਵਿੱਚ ਸਥਿਰ ਕੀਮਤਾਂ ਅਤੇ ਪ੍ਰੋਸੈਸਿੰਗ ਦੇ ਮੌਕੇ ਦੀ ਘਾਟ ਮਹਿਸੂਸ ਹੁੰਦੀ ਹੈ। ਪੰਜਾਬ ਸਰਕਾਰ ਦਾ ਅਦਾਰਾ ਪੰਜਾਬ ਐਗਰੋ ਨਾਲ ਵੀ ਅਮਨਪ੍ਰੀਤ ਸਿੰਘ ਦਾ ਤਜਰਬਾ ਮਾੜਾ ਹੀ ਰਿਹਾ ਹੈ। ਉਨ੍ਹਾਂ ਮੁਤਾਬਕ ਅਦਾਰਾ ‘ਚਿੱਟਾ ਹਾਥੀ’ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਅਤੇ ਜਮੀਨੀ ਹਕਕੀਤ ਤੋਂ ਕੋਹਾ ਦੂਰ ਬੰਦ ਕਮਰਿਆਂ ਦੀ ਵਾਹ-ਵਾਹੀ ਵਿੱਚ ਵਿਅਸਤ ਹੈ।
ਨਵੀਆਂ ਵੈਰਾਇਟੀਆਂ ਅਤੇ ਉਪਲਬਧੀਆਂ
ਅਮਨਪ੍ਰੀਤ ਸਿੰਘ ਦੇ ਕੋਲ ਇਸ ਵੇਲੇ 50 ਕਿਲਿਆਂ ਦਾ ਕਿੰਨੂ ਬਾਗ ਹੈ। ਇਸ ਨਾਲ ਹੀ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੀ ਨਵੀਂ ਵੈਰਾਇਟੀ “ਲੇਸ ਸੀਡਡ” 28 ਕਿਲਿਆਂ ਵਿੱਚ ਲਗਾਈ ਹੈ, ਜੋ ਅਗਲੇ ਸਾਲ ਫਲ ਦੇਣਾ ਸ਼ੁਰੂ ਕਰੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ “ਖੇਤੀ ਵਿੱਚ ਸਫਲਤਾ ਸਿਰਫ਼ ਮਿਹਨਤ ਨਾਲ ਨਹੀਂ, ਸਹੀ ਗਿਆਨ ਅਤੇ ਸਮੇਂ-ਸਿਰ ਨਵੀਂ ਤਕਨੀਕ ਅਪਣਾਉਣ ਨਾਲ ਮਿਲਦੀ ਹੈ।” ਉਹ ਕਹਿੰਦੇ ਹਨ ਕਿ ਪੁਰਾਣੀ ਕਹਾਵਤ ਹੈ ਕਿ “ਦੱਬ ਕੇ ਵਾਹ ਅਤੇ ਰੱਜ ਕੇ ਖਾ ਪਰ ਅੱਜ ਦਾ ਸਮਾਂ ਮੰਗ ਕਰਦਾ ਹੈ ਅੰਕਲ ਨਾਲ ਵਾਹ ਅਤੇ ਰੱਜ ਕੇ ਖਾ”
ਸਾਲ 2016 ਵਿੱਚ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਦੇ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੇ ਕਿਸਾਨਾਂ ਵਜੋਂ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ ਲਗਾਤਾਰ ਅਗਾਂਹਵਧੂ ਕਿਸਾਨ ਵਜੋਂ ਆਪਣਾ ਖੇਤੀ ਧੰਦਾ ਕਰ ਰਹੇ ਹਨ ਕਈ ਹੋਰ ਕਿਸਾਨਾਂ ਲਈ ਪ੍ਰੇਰਣਾਦਾਇਕ ਮਿਸਾਲ ਬਣੇ ਹੋਏ ਹਨ।
ਹੜ੍ਹਾਂ ਦੀ ਮਾਰ ਝੱਲ ਰਹੇ ਖੇਤਰਾਂ ਲਈ ਵੱਡੀ ਰਾਹਤ: ਵੈਟਨਰੀ ਯੂਨੀਵਰਸਿਟੀ ਵੱਲੋਂ ਪਸ਼ੂ ਭਲਾਈ ਕੈਂਪਾਂ ਦਾ ਆਯੋਜਨ
ਟਰੈਕਟਰ ਦੀ ਵਰਤੋਂ ਕਰਕੇ ਕਟਾਈ ਕੀਤੀ ਜਾਣ ਵਾਲੀ ‘ਪੁੱਤਰ ਵਰਗੀ’ ਫਸਲ, Punjab ਦੇ ਇਸ ਖੇਤਰ ਚੋ ਕਿਸਾਨਾਂ ਦੀ ਅਪੀਲ
COMMENTS