ਪੀਏਯੂ ਦੀ ਪਹਿਲ: ਬਖੋਪੀਰ ‘ਚ ਫ਼ਸਲੀ ਰਹਿੰਦ-ਖੂੰਹਦ ਨਾ ਸਾੜਨ ਅਤੇ ਮਿੱਟੀ ਪਰਖ ਕਰਵਾਉਣ ਬਾਰੇ ਲਗਾਇਆ ਜਾਗਰੂਕਤਾ ਕੈਂਪ 

ਪੀਏਯੂ ਦੀ ਪਹਿਲ: ਬਖੋਪੀਰ ‘ਚ ਫ਼ਸਲੀ ਰਹਿੰਦ-ਖੂੰਹਦ ਨਾ ਸਾੜਨ ਅਤੇ ਮਿੱਟੀ ਪਰਖ ਕਰਵਾਉਣ ਬਾਰੇ ਲਗਾਇਆ ਜਾਗਰੂਕਤਾ ਕੈਂਪ Pic Credit: PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਜੀ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਖੇਤੀ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਜ

ਬੌਣੇ ਵਾਇਰਸ ਅਤੇ ਹਲਦੀ ਰੋਗ ਤੋਂ ਪ੍ਰਭਾਵਿਤ ਖੇਤਾਂ ਦਾ ਪਰਾਲੀ ਪ੍ਰਬੰਧਨ
ਟਰੈਕਟਰ ਦੀ ਵਰਤੋਂ ਕਰਕੇ ਕਟਾਈ ਕੀਤੀ ਜਾਣ ਵਾਲੀ ‘ਪੁੱਤਰ ਵਰਗੀ’ ਫਸਲ, Punjab ਦੇ ਇਸ ਖੇਤਰ ਚੋ ਕਿਸਾਨਾਂ ਦੀ ਅਪੀਲ
Punjab ਦੇ ਹੜ੍ਹ ਪ੍ਰਭਾਵਿਤ 5 ਪਿੰਡਾਂ ‘ਚ ਫ਼ਸਲ ਪ੍ਰਬੰਧਨ ਲਈ ‘ਯੰਗ ਇਨੋਵੇਟਿਵ ਫਾਰਮਰਜ਼’ ਦਾ ਉਪਰਾਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਜੀ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਖੇਤੀ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਤਹਿਤ ਬਲਾਕ ਭਵਾਨੀਗੜ੍ਹ ਦੇ ਪਿੰਡ ਬਖੋਪੀਰ ਵਿਖੇ ਇੱਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਨਾ ਲਗਾਉਣ ਅਤੇ ਮਿੱਟੀ ਪਰਖ ਅਧਾਰਤ ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਸਿੱਖਿਅਤ ਕਰਨਾ ਸੀ। ਇਸ ਕੈਂਪ ‘ਚ ਪਿੰਡ ਦੇ 30 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਸ ਕੈਂਪ ਦੌਰਾਨ, ਡਾ: ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਮਾਹਿਰ (ਭੂਮੀ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਵਾਤਾਵਰਣ ਅਤੇ ਮਨੁੱਖੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਨਾਈਟ੍ਰੋਜਨ ਅਤੇ ਗੰਧਕ ਵਰਗੇ ਪੌਸ਼ਟਿਕ ਤੱਤਾਂ ਦਾ ਪੂਰੀ ਤਰ੍ਹਾਂ ਨੁਕਸਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਅਤੇ ਨਾਈਟ੍ਰਿਕ ਆਕਸਾਈਡ ਵਰਗੀਆਂ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਵਾਤਾਵਰਣ ‘ਚ ਚਲੀਆਂ ਜਾਂਦੀਆਂ ਹਨ, ਜੋ ਮਨੁੱਖਾਂ ਅਤੇ ਜਾਨਵਰਾਂ ਲਈ ਘਾਤਕ ਹਨ। ਇਨ੍ਹਾਂ ਗੈਸਾਂ ਕਾਰਨ ਸੜਕ ਦੁਰਘਟਨਾਵਾਂ ‘ਚ ਵਾਧਾ ਅਤੇ ਪੰਛੀਆਂ ਦਾ ਮਰਨਾ ਵੀ ਦੇਖਿਆ ਜਾਂਦਾ ਹੈ।

ਡਾ. ਅਸ਼ੋਕ ਕੁਮਾਰ ਨੇ ਅੰਕੜਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਸਿਰਫ਼ 1 ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਗੰਧਕ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ‘ਚ ਹੀ ਪ੍ਰਬੰਧਨ ਲਈ ਆਧੁਨਿਕ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਘੱਟ ਕੀਮਤ ਵਾਲੀਆਂ ਸਰਫੇਸ ਸੀਡਰ ਮਸ਼ੀਨਾਂ ਦੀ ਵਰਤੋਂ ਕਰਕੇ ਕਣਕ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ।

ਇਸ ਦੌਰਾਨ, ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਆਉਣ ਵਾਲੀਆਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਆਪਣੇ ਖੇਤ ਦੀ ਮਿੱਟੀ ਪਰਖ ਰਿਪੋਰਟ ਦੇ ਆਧਾਰ ‘ਤੇ ਹੀ ਕਰਨ ਲਈ ਪ੍ਰੇਰਿਤ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਅਤੇ ਬਰਸੀਮ ‘ਚ ਮੈਂਗਨੀਜ਼ ਦੀ ਘਾਟ ਅਤੇ ਕਣਕ ‘ਚ ਜ਼ਿੰਕ ਤੇ ਸਲਫਰ ਦੀ ਘਾਟ ਵਰਗੇ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਘਾਟ ਦੇ ਲੱਛਣਾਂ ਬਾਰੇ ਵੀ ਜਾਣੂ ਕਰਵਾਇਆ। ਮਿੱਟੀ ਦੀ ਜੈਵਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਕਿਸਾਨਾਂ ਨੂੰ ਬਾਇਓ-ਫਰਟੀਲਾਈਜ਼ਰ ਕੰਸੋਰਸ਼ੀਅਮ ਨਾਲ ਕਣਕ ਦੇ ਬੀਜ ਦੀ ਸੋਧ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਪੀ.ਏ.ਯੂ. ਲੁਧਿਆਣਾ ਵੱਲੋਂ ਕੈਂਪ ‘ਚ ਆਏ ਕਿਸਾਨਾਂ ਨੂੰ ਕਣਕ (ਪੀ ਬੀ ਡਬਲਯੂ 872) ਅਤੇ ਛੋਲਿਆਂ ਦੀਆਂ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਵਿਕਰੀ ਲਈ ਕੇਂਦਰ ‘ਤੇ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਗਈ। ਪਸ਼ੂਆਂ ਦੀ ਚੰਗੀ ਸਿਹਤ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ, ਬਾਈਪਾਸ ਫੈਟ, ਪ੍ਰੀ-ਮਿਕਸ, ਪੀਏਯੂ ਸਾਹਿਤ ਸਮੇਤ ਸਬਜ਼ੀਆਂ ਦੀਆਂ ਕਿੱਟਾਂ, ਮਟਰ ਅਤੇ ਛੋਲੇ ਦੇ ਬੀਜ ਵੀ ਵੇਚੇ ਗਏ।

ਇਸ ਤੋਂ ਇਲਾਵਾ, ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਜਿਵੇਂ ਕਿ ਕਣਕ ‘ਚ ਮੈਂਗਨੀਜ਼ ਦੀ ਘਾਟ ਦਾ ਪ੍ਰਬੰਧਨ ਅਤੇ ਮਿੱਟੀ ਪਰਖ ਰਿਪੋਰਟ ਦੀ ਵਿਆਖਿਆ ਆਦਿ ਦੇ ਜਵਾਬ ਦਿੱਤੇ ਗਏ। ਕੈਂਪ ਦੇ ਅੰਤ ‘ਚ, ਸ: ਹਰਮਨਪ੍ਰੀਤ ਸਿੰਘ, ਸ: ਬਲਜਿੰਦਰ ਸਿੰਘ ਅਤੇ ਪਿੰਡ ਦੇ ਹੋਰ ਅਗਾਂਹਵਧੂ ਕਿਸਾਨਾਂ ਨੇ ਇਸ ਮਹੱਤਵਪੂਰਨ ਜਾਗਰੂਕਤਾ ਕੈਂਪ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਇਹ ਕੈਂਪ ਖੇਤੀਬਾੜੀ ਦੇ ਆਧੁਨਿਕ ਅਤੇ ਵਾਤਾਵਰਨ ਪੱਖੀ ਤਰੀਕਿਆਂ ਨੂੰ ਅਪਣਾਉਣ ਵੱਲ ਇੱਕ ਸਾਰਥਕ ਕਦਮ ਸਾਬਤ ਹੋਇਆ।

COMMENTS

WORDPRESS: 0